- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੱਚੇ ਕਿਸੇ ਵੀ ਦੇਸ਼ ਤੇ ਸਮਾਜ ਦਾ ਭਵਿੱਖ ਹੁੰਦੇ ਹਨ। ਉਨ੍ਹਾਂ ਦੀ ਸਿੱਖਿਆ ਤੇ ਸੰਸਕਾਰ ਹੀ ਮਜ਼ਬੂਤ ਸਮਾਜ ਦੀ ਨੀਂਹ ਰੱਖਦੇ ਹਨ। ਬੱਚੇ ਦੀ ਸਿੱਖਿਆ ਕੇਵਲ ਸਕੂਲ ਤੱਕ ਸੀਮਤ ਨਹੀਂ ਹੁੰਦੀ ਸਗੋਂ ਇਸ ’ਚ ਪਰਿਵਾਰ, ਘਰ ਦਾ ਮਾਹੌਲ, ਸਮਾਜ ਤੇ ਆਲੇ-ਦੁਆਲੇ ਦਾ ਵਾਤਾਵਰਣ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।

ਬੱਚੇ ਕਿਸੇ ਵੀ ਦੇਸ਼ ਤੇ ਸਮਾਜ ਦਾ ਭਵਿੱਖ ਹੁੰਦੇ ਹਨ। ਉਨ੍ਹਾਂ ਦੀ ਸਿੱਖਿਆ ਤੇ ਸੰਸਕਾਰ ਹੀ ਮਜ਼ਬੂਤ ਸਮਾਜ ਦੀ ਨੀਂਹ ਰੱਖਦੇ ਹਨ। ਬੱਚੇ ਦੀ ਸਿੱਖਿਆ ਕੇਵਲ ਸਕੂਲ ਤੱਕ ਸੀਮਤ ਨਹੀਂ ਹੁੰਦੀ ਸਗੋਂ ਇਸ ’ਚ ਪਰਿਵਾਰ, ਘਰ ਦਾ ਮਾਹੌਲ, ਸਮਾਜ ਤੇ ਆਲੇ-ਦੁਆਲੇ ਦਾ ਵਾਤਾਵਰਣ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਸਕੂਲ ਬੱਚੇ ਨੂੰ ਗਿਆਨ ਪ੍ਰਦਾਨ ਕਰਦਾ ਹੈ ਪਰ ਉਸ ਗਿਆਨ ਨੂੰ ਸਮਝਣ, ਅਪਣਾਉਣ ਤੇ ਜੀਵਨ ’ਚ ਲਾਗੂ ਕਰਨ ਲਈ ਘਰ ਦਾ ਸਹਿਯੋਗ ਬਹੁਤ ਜ਼ਰੂਰੀ ਹੁੰਦਾ ਹੈ। ਇਕ ਚੰਗਾ ਘਰੇਲੂ ਮਾਹੌਲ ਬੱਚੇ ਦੀ ਪੜ੍ਹਾਈ ’ਚ ਰੁਚੀ ਪੈਦਾ ਕਰਦਾ ਹੈ, ਜਦੋਂਕਿ ਨਾਂਹ-ਪੱਖੀ ਮਾਹੌਲ ਉਸ ਦੀ ਪੜ੍ਹਾਈ ਤੇ ਸ਼ਖ਼ਸੀਅਤ ਦੇ ਵਿਕਾਸ ਨੂੰ ਪ੍ਰਭਾਵਿਤ ਕਰ ਸਕਦਾ ਹੈ।
ਪਹਿਲੀ ਪਾਠਸ਼ਾਲਾ
ਘਰ ਬੱਚੇ ਦੀ ਪਹਿਲੀ ਪਾਠਸ਼ਾਲਾ ਹੁੰਦਾ ਹੈ। ਜਨਮ ਤੋਂ ਬਾਅਦ ਬੱਚਾ ਸਭ ਤੋਂ ਪਹਿਲਾਂ ਆਪਣੇ ਮਾਪਿਆਂ ਤੇ ਪਰਿਵਾਰਕ ਮੈਂਬਰਾਂ ਤੋਂ ਹੀ ਸਿੱਖਦਾ ਹੈ। ਉਹ ਬੋਲਣਾ, ਤੁਰਨਾ, ਆਦਰ-ਸਤਿਕਾਰ ਕਰਨਾ ਤੇ ਹੋਰ ਬਹੁਤ ਸਾਰੀਆਂ ਆਦਤਾਂ ਘਰ ਤੋਂ ਹੀ ਸਿੱਖਦਾ ਹੈ। ਇਸ ਲਈ ਘਰ ਦਾ ਮਾਹੌਲ ਬੱਚੇ ਦੀ ਸਿੱਖਿਆ ਦਾ ਬੁਨਿਆਦੀ ਆਧਾਰ ਹੁੰਦਾ ਹੈ। ਜੇ ਘਰ ’ਚ ਸਿੱਖਿਆ ਪ੍ਰਤੀ ਸਤਿਕਾਰ ਤੇ ਉਤਸ਼ਾਹ ਦਾ ਮਾਹੌਲ ਹੋਵੇ ਤਾਂ ਬੱਚੇ ਵੀ ਪੜ੍ਹਾਈ ਵੱਲ ਆਕਰਸ਼ਿਤ ਹੁੰਦੇ ਹਨ।
ਮਾਪਿਆਂ ਦੀ ਭੂਮਿਕਾ
ਬੱਚਿਆਂ ਦੀ ਪੜ੍ਹਾਈ ’ਚ ਮਾਪਿਆਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ। ਮਾਪੇ ਬੱਚਿਆਂ ਦੇ ਪਹਿਲੇ ਅਧਿਆਪਕ ਹੁੰਦੇ ਹਨ। ਜਦੋਂ ਮਾਪੇ ਬੱਚਿਆਂ ਦੀ ਪੜ੍ਹਾਈ ਵਿਚ ਦਿਲਚਸਪੀ ਲੈਂਦੇ ਹਨ, ਉਨ੍ਹਾਂ ਦਾ ਹੋਮਵਰਕ ਚੈੱਕ ਕਰਦੇ ਹਨ, ਸਕੂਲ ਦੀਆਂ ਗਤੀਵਿਧੀਆਂ ਬਾਰੇ ਪੁੱਛਦੇ ਹਨ ਤੇ ਉਨ੍ਹਾਂ ਨੂੰ ਪ੍ਰੇਰਿਤ ਕਰਦੇ ਹਨ ਤਾਂ ਬੱਚਿਆਂ ’ਚ ਪੜ੍ਹਨ ਦੀ ਲਗਨ ਵਧਦੀ ਹੈ। ਮਾਪਿਆਂ ਦਾ ਹੌਸਲਾ ਬੱਚਿਆਂ ਨੂੰ ਅੱਗੇ ਵਧਣ ਲਈ ਪ੍ਰੇਰਿਤ ਕਰਦਾ ਹੈ। ਜੇ ਮਾਪੇ ਬੱਚਿਆਂ ਦੀਆਂ ਛੋਟੀਆਂ-ਛੋਟੀਆਂ ਪ੍ਰਾਪਤੀਆਂ ਦੀ ਵੀ ਸ਼ਲਾਘਾ ਕਰਨ ਤਾਂ ਬੱਚਿਆਂ ਦਾ ਆਤਮ-ਵਿਸ਼ਵਾਸ ਵਧਦਾ ਹੈ।
ਅਨੁਕੂਲ ਵਾਤਾਵਰਣ
ਘਰ ਵਿਚ ਸ਼ਾਂਤ ਤੇ ਅਨੁਕੂਲ ਮਾਹੌਲ ਵੀ ਬੱਚਿਆਂ ਦੀ ਪੜ੍ਹਾਈ ਲਈ ਬਹੁਤ ਜ਼ਰੂਰੀ ਹੈ। ਜੇ ਘਰ ’ਚ ਲੜਾਈ-ਝਗੜੇ, ਤਣਾਅ ਜਾਂ ਹਰ ਸਮੇਂ ਸ਼ੋਰ-ਸ਼ਰਾਬਾ ਰਹੇ ਤਾਂ ਬੱਚੇ ਦਾ ਧਿਆਨ ਪੜ੍ਹਾਈ ਵਿਚ ਨਹੀਂ ਲੱਗਦਾ। ਇਸ ਦੇ ਉਲਟ ਜੇ ਘਰ ’ਚ ਪਿਆਰ, ਸਹਿਯੋਗ ਤੇ ਸ਼ਾਂਤੀ ਦਾ ਮਾਹੌਲ ਹੋਵੇ ਤਾਂ ਬੱਚਾ ਮਨ ਲਾ ਕੇ ਪੜ੍ਹ ਸਕਦਾ ਹੈ। ਸ਼ਾਂਤ ਮਾਹੌਲ ਬੱਚੇ ਦੀ ਇਕਾਗਰਤਾ ਵਧਾਉਂਦਾ ਹੈ ਤੇ ਉਸ ਦੀ ਸਿੱਖਣ ਦੀ ਸਮਰੱਥਾ ਨੂੰ ਮਜ਼ਬੂਤ ਕਰਦਾ ਹੈ।
ਪੜ੍ਹਾਈ ਲਈ ਉਚਿਤ ਸਹੂਲਤਾਂ ਦਾ ਹੋਣਾ ਵੀ ਜ਼ਰੂਰੀ ਹੈ। ਹਰ ਬੱਚੇ ਨੂੰ ਘਰ ਵਿਚ ਪੜ੍ਹਨ ਲਈ ਅਜਿਹੀ ਜਗ੍ਹਾ ਮਿਲਣੀ ਚਾਹੀਦੀ ਹੈ, ਜਿੱਥੇ ਉਹ ਬਿਨਾਂ ਕਿਸੇ ਰੁਕਾਵਟ ਦੇ ਪੜ੍ਹ ਸਕੇ। ਚੰਗੀ ਰੌਸ਼ਨੀ, ਸਾਫ਼-ਸੁਥਰਾ ਮਾਹੌਲ ਤੇ ਲੋੜੀਂਦੀਆਂ ਕਿਤਾਬਾਂ ਤੇ ਸਿੱਖਣ ਸਮੱਗਰੀ ਬੱਚਿਆਂ ਨੂੰ ਪੜ੍ਹਾਈ ਵਿਚ ਮਦਦ ਕਰਦੀਆਂ ਹਨ। ਇਹ ਲਾਜ਼ਮੀ ਨਹੀਂ ਕਿ ਘਰ ਬਹੁਤ ਵੱਡਾ ਹੋਵੇ ਸਗੋਂ ਮਹੱਤਵਪੂਰਨ ਇਹ ਹੈ ਕਿ ਬੱਚੇ ਨੂੰ ਪੜ੍ਹਨ ਲਈ ਸੁਖਾਵਾਂ ਮਾਹੌਲ ਮਿਲੇ।
ਪੜ੍ਹਨ ਦੀ ਸੰਸਕ੍ਰਿਤੀ
ਘਰ ਵਿਚ ਪੜ੍ਹਨ ਦੀ ਸੰਸਕ੍ਰਿਤੀ ਬੱਚਿਆਂ ਉੱਤੇ ਡੂੰਘਾ ਪ੍ਰਭਾਵ ਪਾਉਂਦੀ ਹੈ। ਜੇ ਮਾਪੇ ਖ਼ੁਦ ਅਖ਼ਬਾਰ, ਕਿਤਾਬਾਂ ਜਾਂ ਰਸਾਲੇ ਪੜ੍ਹਦੇ ਹਨ ਤਾਂ ਬੱਚੇ ਵੀ ਉਨ੍ਹਾਂ ਤੋਂ ਪ੍ਰੇਰਿਤ ਹੁੰਦੇ ਹਨ। ਬੱਚੇ ਆਪਣੇ ਵੱਡਿਆਂ ਦੀ ਨਕਲ ਕਰਦੇ ਹਨ। ਇਸ ਲਈ ਜੇ ਘਰ ’ਚ ਗਿਆਨ ਅਤੇ ਪੜ੍ਹਨ ਨੂੰ ਮਹੱਤਵ ਦਿੱਤਾ ਜਾਵੇ ਤਾਂ ਬੱਚਿਆਂ ਵਿਚ ਵੀ ਪੜ੍ਹਨ ਦੀ ਆਦਤ ਵਿਕਸਿਤ ਹੁੰਦੀ ਹੈ। ਕਿਤਾਬਾਂ ਨਾਲ ਦੋਸਤੀ ਬੱਚਿਆਂ ਦੀ ਕਲਪਨਾ ਸ਼ਕਤੀ, ਭਾਸ਼ਾ ਤੇ ਗਿਆਨ ਨੂੰ ਵਧਾਉਂਦੀ ਹੈ।
ਸਮੇਂ ਦੀ ਪਾਬੰਦੀ ਸਫਲਤਾ ਦੀ ਨਿਸ਼ਾਨੀ
ਸਮੇਂ ਦੀ ਪਾਬੰਦੀ ਤੇ ਨਿਯਮਿਤ ਰੁਟੀਨ ਵੀ ਪੜ੍ਹਾਈ ਵਿਚ ਸਫਲਤਾ ਦਾ ਮਹੱਤਵਪੂਰਨ ਹਿੱਸਾ ਹਨ। ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਲਈ ਪੜ੍ਹਾਈ, ਖੇਡਾਂ, ਆਰਾਮ ਤੇ ਹੋਰ ਗਤੀਵਿਧੀਆਂ ਦੀ ਸੰਤੁਲਿਤ ਸਮਾਂ-ਸਾਰਣੀ ਬਣਾਉਣ। ਨਿਯਮਿਤ ਸਮੇਂ ਉੱਤੇ ਪੜ੍ਹਨ ਦੀ ਆਦਤ ਬੱਚਿਆਂ ਵਿਚ ਅਨੁਸ਼ਾਸਨ ਪੈਦਾ ਕਰਦੀ ਹੈ। ਅਨੁਸ਼ਾਸਿਤ ਜੀਵਨ ਬੱਚਿਆਂ ਨੂੰ ਆਪਣੇ ਟੀਚਿਆਂ ਤੱਕ ਪਹੁੰਚਣ ’ਚ ਮਦਦ ਕਰਦਾ ਹੈ।
ਤਕਨਾਲੋਜੀ ਦੀ ਸਹੀ ਵਰਤੋਂ
ਅੱਜ ਦੇ ਸਮੇਂ ਵਿਚ ਮੋਬਾਈਲ, ਟੈਲੀਵਿਜ਼ਨ ਤੇ ਹੋਰ ਡਿਜੀਟਲ ਸਾਧਨ ਬੱਚਿਆਂ ਦਾ ਧਿਆਨ ਪੜ੍ਹਾਈ ਤੋਂ ਭਟਕਾ ਸਕਦੇ ਹਨ। ਇਸ ਲਈ ਮਾਪਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਬੱਚਿਆਂ ਦੇ ਸਕਰੀਨ ਸਮੇਂ ਉੱਤੇ ਨਿਗਰਾਨੀ ਰੱਖਣ। ਜੇ ਤਕਨਾਲੋਜੀ ਦਾ ਸਹੀ ਢੰਗ ਨਾਲ ਇਸਤੇਮਾਲ ਕੀਤਾ ਜਾਵੇ ਤਾਂ ਇਹ ਸਿੱਖਿਆ ਲਈ ਬਹੁਤ ਲਾਭਦਾਇਕ ਹੋ ਸਕਦਾ ਹੈ। ਸਿੱਖਿਆ ਸਬੰਧੀ ਵੀਡੀਓ, ਆਨਲਾਈਨ ਕੋਰਸ ਤੇ ਡਿਜੀਟਲ ਲਾਇਬ੍ਰੇਰੀਆਂ ਬੱਚਿਆਂ ਦੇ ਗਿਆਨ ’ਚ ਵੱਡਮੁੱਲਾ ਵਾਧਾ ਕਰ ਸਕਦੀਆਂ ਹਨ।
ਮਾਨਸਿਕ ਸਿਹਤ
ਬੱਚਿਆਂ ਦੀ ਮਾਨਸਿਕ ਸਿਹਤ ਵੀ ਪੜ੍ਹਾਈ ਨਾਲ ਡੂੰਘਾ ਸਬੰਧ ਰੱਖਦੀ ਹੈ। ਜੇ ਘਰ ’ਚ ਬੱਚੇ ਨੂੰ ਪਿਆਰ, ਸੁਰੱਖਿਆ ਤੇ ਸਨਮਾਨ ਮਿਲੇ ਤਾਂ ਉਹ ਖ਼ੁਸ਼ ਤੇ ਆਤਮ-ਵਿਸ਼ਵਾਸੀ ਬਣਦਾ ਹੈ। ਅਜਿਹੇ ਬੱਚੇ ਪੜ੍ਹਾਈ ਵਿਚ ਵਧੀਆ ਪ੍ਰਦਰਸ਼ਨ ਕਰਦੇ ਹਨ। ਜੇ ਬੱਚੇ ਉੱਤੇ ਬੇਲੋੜਾ ਦਬਾਅ ਪਾਇਆ ਜਾਵੇ ਜਾਂ ਉਸ ਦੀ ਹਰ ਸਮੇਂ ਦੂਜਿਆਂ ਨਾਲ ਤੁਲਨਾ ਕੀਤੀ ਜਾਵੇ ਤਾਂ ਉਸ ਦਾ ਮਨੋਬਲ ਘਟ ਸਕਦਾ ਹੈ। ਇਸ ਲਈ ਮਾਪਿਆਂ ਨੂੰ ਬੱਚਿਆਂ ਦੀਆਂ ਯੋਗਤਾਵਾਂ ਨੂੰ ਸਮਝਦਿਆਂ ਉਨ੍ਹਾਂ ਨੂੰ ਹੌਸਲਾ ਦੇਣਾ ਚਾਹੀਦਾ ਹੈ।
ਚਰਿੱਤਰ ਨਿਰਮਾਣ ’ਚ ਭੂਮਿਕਾ
ਘਰ ਦਾ ਮਾਹੌਲ ਬੱਚਿਆਂ ਦੇ ਚਰਿੱਤਰ ਨਿਰਮਾਣ ’ਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਸੱਚਾਈ, ਮਿਹਨਤ, ਇਮਾਨਦਾਰੀ, ਸਹਿਯੋਗ ਤੇ ਅਨੁਸ਼ਾਸਨ ਵਰਗੇ ਗੁਣ ਬੱਚੇ ਘਰ ਤੋਂ ਹੀ ਸਿੱਖਦੇ ਹਨ। ਇਹ ਗੁਣ ਉਨ੍ਹਾਂ ਨੂੰ ਪੜ੍ਹਾਈ ਤੇ ਜੀਵਨ ਦੇ ਹਰ ਖੇਤਰ ਵਿਚ ਸਫਲ ਬਣਾਉਂਦੇ ਹਨ। ਅਧਿਆਪਕਾਂ ਤੇ ਮਾਪਿਆਂ ਵਿਚਕਾਰ ਸਹਿਯੋਗ ਵੀ ਬਹੁਤ ਜ਼ਰੂਰੀ ਹੈ। ਜਦੋਂ ਮਾਪੇ ਸਕੂਲ ਨਾਲ ਸੰਪਰਕ ਵਿਚ ਰਹਿੰਦੇ ਹਨ ਤੇ ਅਧਿਆਪਕਾਂ ਨਾਲ ਬੱਚੇ ਦੀ ਪ੍ਰਗਤੀ ਬਾਰੇ ਗੱਲਬਾਤ ਕਰਦੇ ਹਨ ਤਾਂ ਬੱਚੇ ਦੀਆਂ ਲੋੜਾਂ ਨੂੰ ਬਿਹਤਰ ਢੰਗ ਨਾਲ ਸਮਝਿਆ ਜਾ ਸਕਦਾ ਹੈ। ਇਹ ਸਾਂਝੀ ਕੋਸ਼ਿਸ਼ ਬੱਚੇ ਦੇ ਸਰਬਪੱਖੀ ਵਿਕਾਸ ’ਚ ਮਦਦ ਕਰਦੀ ਹੈ।
ਮਿਹਨਤ ਦਾ ਮਹੱਤਵ ਸਮਝਣਾ
ਪਿੰਡਾਂ ਤੇ ਸ਼ਹਿਰਾਂ ਦੋਵਾਂ ’ਚ ਇਹ ਜ਼ਰੂਰੀ ਹੈ ਕਿ ਮਾਪੇ ਬੱਚਿਆਂ ਨੂੰ ਸਿੱਖਿਆ ਦਾ ਮਹੱਤਵ ਸਮਝਾਉਣ। ਕਈ ਵਾਰ ਆਰਥਿਕ ਮੁਸ਼ਕਲਾਂ ਦੇ ਬਾਵਜੂਦ ਮਾਪੇ ਆਪਣੇ ਬੱਚਿਆਂ ਦੀ ਪੜ੍ਹਾਈ ਲਈ ਹਰ ਸੰਭਵ ਯਤਨ ਕਰਦੇ ਹਨ। ਅਜਿਹੀ ਕੁਰਬਾਨੀ ਤੇ ਸਹਿਯੋਗ ਬੱਚਿਆਂ ਲਈ ਪ੍ਰੇਰਣਾ ਦਾ ਸਰੋਤ ਬਣਦਾ ਹੈ। ਬੱਚੇ ਜਦੋਂ ਆਪਣੇ ਮਾਪਿਆਂ ਦੀ ਮਿਹਨਤ ਨੂੰ ਸਮਝਦੇ ਹਨ ਤਾਂ ਉਹ ਵੀ ਪੜ੍ਹਾਈ ਪ੍ਰਤੀ ਹੋਰ ਜ਼ਿੰਮੇਵਾਰ ਬਣਦੇ ਹਨ।
ਅੱਜ ਦੇ ਮੁਕਾਬਲੇ ਭਰੇ ਯੁੱਗ ’ਚ ਸਿਰਫ਼ ਸਕੂਲੀ ਸਿੱਖਿਆ ਹੀ ਕਾਫ਼ੀ ਨਹੀਂ ਹੈ। ਬੱਚਿਆਂ ਨੂੰ ਰਚਨਾਤਮਿਕ ਸੋਚ, ਸਮੱਸਿਆ ਹੱਲ ਕਰਨ ਦੀ ਯੋਗਤਾ ਤੇ ਨੈਤਿਕ ਕਦਰਾਂ ਦੀ ਵੀ ਲੋੜ ਹੈ। ਇਹ ਸਭ ਗੁਣ ਘਰ ਅਤੇ ਸਕੂਲ ਦੇ ਸਾਂਝੇ ਯਤਨਾਂ ਨਾਲ ਹੀ ਵਿਕਸਿਤ ਹੋ ਸਕਦੇ ਹਨ। ਘਰ ਦਾ ਸਕਾਰਾਤਮਿਕ ਮਾਹੌਲ ਬੱਚਿਆਂ ਵਿੱਚ ਸਵੈ-ਅਧਿਐਨ ਦੀ ਆਦਤ ਪੈਦਾ ਕਰਦਾ ਹੈ ਅਤੇ ਉਨ੍ਹਾਂ ਨੂੰ ਜੀਵਨ ਭਰ ਸਿੱਖਣ ਲਈ ਪ੍ਰੇਰਿਤ ਕਰਦਾ ਹੈ।
ਇਸ ਲਈ ਬੱਚਿਆਂ ਦੀ ਪੜ੍ਹਾਈ ਵਿਚ ਘਰ ਦੇ ਮਾਹੌਲ ਦਾ ਯੋਗਦਾਨ ਬੇਹੱਦ ਮਹੱਤਵਪੂਰਨ ਹੈ। ਘਰ ਹੀ ਉਹ ਥਾਂ ਹੈ, ਜਿੱਥੇ ਬੱਚੇ ਦੇ ਸੁਪਨਿਆਂ ਨੂੰ ਉਡਾਣ ਮਿਲਦੀ ਹੈ। ਪਿਆਰ ਭਰਿਆ ਮਾਹੌਲ, ਮਾਪਿਆਂ ਦਾ ਸਹਿਯੋਗ, ਅਨੁਸ਼ਾਸਨ, ਪੜ੍ਹਨ ਦੀ ਸੰਸਕ੍ਰਿਤੀ ਅਤੇ ਸਿੱਖਿਆ ਪ੍ਰਤੀ ਸਕਾਰਾਤਮਿਕ ਸੋਚ ਬੱਚੇ ਦੀ ਸਫਲਤਾ ਦੀ ਮਜ਼ਬੂਤ ਨੀਂਹ ਰੱਖਦੇ ਹਨ। ਜੇ ਹਰ ਪਰਿਵਾਰ ਆਪਣੇ ਬੱਚਿਆਂ ਲਈ ਅਜਿਹਾ ਮਾਹੌਲ ਤਿਆਰ ਕਰੇ ਤਾਂ ਨਾ ਸਿਰਫ਼ ਬੱਚੇ ਪੜ੍ਹਾਈ ਵਿੱਚ ਸਫਲ ਹੋਣਗੇ ਸਗੋਂ ਜ਼ਿੰਮੇਵਾਰ ਤੇ ਤਰੱਕੀਸ਼ੀਲ ਸਮਾਜ ਦੀ ਸਿਰਜਣਾ ਵੀ ਕਰਨਗੇ।
- ਬੇਅੰਤ ਸਿੰਘ ਮਲੂਕਾ