- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੌਜੂਦਾ ਸਿੱਖਿਆ ਪ੍ਰਣਾਲੀ ਗਿਆਨ, ਹੁਨਰ ਤੇ ਨਵੀਨਤਾ ਦੇ ਨਵੇਂ ਰਾਹ ਖੋਲ੍ਹ ਰਹੀ ਹੈ ਪਰ ਇਸ ਦੇ ਨਾਲ-ਨਾਲ ਇਹ ਅਜਿਹੀ ਹਕੀਕਤ ਵੀ ਸਾਡੇ ਸਾਹਮਣੇ ਲਿਆ ਰਹੀ ਹੈ, ਜਿਸ ਨੂੰ ਅਣਡਿੱਠਾ ਨਹੀਂ ਕੀਤਾ ਜਾ ਸਕਦਾ। ਅੰਕਾਂ, ਰੈਂਕਾਂ ਤੇ ਸਫਲਤਾ ਦੀ ਲਗਾਤਾਰ ਦੌੜ ਨੇ ਬਹੁਤ ਸਾਰੇ ਵਿਦਿਆਰਥੀਆਂ ਦੇ ਬਚਪਨ ਦੀ ਸਹਿਜਤਾ, ਮਾਨਸਿਕ ਸ਼ਾਂਤੀ ਤੇ ਭਾਵਨਾਤਮਿਕ ਸੰਤੁਲਨ ਨੂੰ ਪ੍ਰਭਾਵਿਤ ਕੀਤਾ ਹੈ।

ਮੌਜੂਦਾ ਸਿੱਖਿਆ ਪ੍ਰਣਾਲੀ ਗਿਆਨ, ਹੁਨਰ ਤੇ ਨਵੀਨਤਾ ਦੇ ਨਵੇਂ ਰਾਹ ਖੋਲ੍ਹ ਰਹੀ ਹੈ ਪਰ ਇਸ ਦੇ ਨਾਲ-ਨਾਲ ਇਹ ਅਜਿਹੀ ਹਕੀਕਤ ਵੀ ਸਾਡੇ ਸਾਹਮਣੇ ਲਿਆ ਰਹੀ ਹੈ, ਜਿਸ ਨੂੰ ਅਣਡਿੱਠਾ ਨਹੀਂ ਕੀਤਾ ਜਾ ਸਕਦਾ। ਅੰਕਾਂ, ਰੈਂਕਾਂ ਤੇ ਸਫਲਤਾ ਦੀ ਲਗਾਤਾਰ ਦੌੜ ਨੇ ਬਹੁਤ ਸਾਰੇ ਵਿਦਿਆਰਥੀਆਂ ਦੇ ਬਚਪਨ ਦੀ ਸਹਿਜਤਾ, ਮਾਨਸਿਕ ਸ਼ਾਂਤੀ ਤੇ ਭਾਵਨਾਤਮਿਕ ਸੰਤੁਲਨ ਨੂੰ ਪ੍ਰਭਾਵਿਤ ਕੀਤਾ ਹੈ। ਸਿੱਖਿਆ ਦਾ ਉਦੇਸ਼ ਕੇਵਲ ਪ੍ਰੀਖਿਆਵਾਂ ਵਿਚ ਸਫਲਤਾ ਹਾਸਲ ਕਰਨਾ ਨਹੀਂ ਸਗੋਂ ਅਜਿਹੇ ਵਿਅਕਤੀ ਦਾ ਨਿਰਮਾਣ ਕਰਨਾ ਹੈ, ਜੋ ਜੀਵਨ ਦੀਆਂ ਚੁਣੌਤੀਆਂ ਦਾ ਸਾਹਸ, ਸੰਜਮ ਤੇ ਆਤਮ-ਵਿਸ਼ਵਾਸ ਨਾਲ ਸਾਹਮਣਾ ਕਰ ਸਕੇ।
ਬੱਚਿਆਂ ਨੂੰ ਅੰਦਰੋਂ ਤੋੜ ਰਿਹਾ ਉਮੀਦਾਂ ਦਾ ਬੋਝ
ਅੱਜ ਨੌਵੀਂ ਜਮਾਤ ਤੋਂ ਲੈ ਕੇ ਉੱਚ ਸਿੱਖਿਆ ਤੱਕ ਦਾ ਪੜਾਅ ਵਿਦਿਆਰਥੀਆਂ ਲਈ ਬਹੁਤ ਸੰਵੇਦਨਸ਼ੀਲ ਬਣ ਚੁੱਕਿਆ ਹੈ। ਕਰੀਅਰ ਦੀ ਚਿੰਤਾ, ਸਮਾਜਿਕ ਤੁਲਨਾ, ਮੁਕਾਬਲੇ ਦਾ ਵਧਦਾ ਦਬਾਅ ਤੇ ਉਮੀਦਾਂ ਦਾ ਬੋਝ ਕਈ ਬੱਚਿਆਂ ਨੂੰ ਅੰਦਰੋਂ ਤੋੜ ਰਿਹਾ ਹੈ। ਅਸੀਂ ਅਕਸਰ ਉਨ੍ਹਾਂ ਦੀਆਂ ਪ੍ਰਾਪਤੀਆਂ ਨੂੰ ਮਾਪਦੇ ਹਾਂ ਪਰ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਸਮਝਣ ਲਈ ਸਮਾਂ ਨਹੀਂ ਕੱਢਦੇ। ਜਦੋਂ ਬੱਚੇ ਨੂੰ ਲੱਗਣ ਲੱਗ ਪੈਂਦਾ ਹੈ ਕਿ ਉਸ ਦੀ ਪਛਾਣ ਸਿਰਫ਼ ਉਸ ਦੇ ਅੰਕਾਂ ਨਾਲ ਹੈ ਤਾਂ ਅਸਫਲਤਾ ਦਾ ਇਕ ਪਲ ਵੀ ਉਸ ਨੂੰ ਜੀਵਨ ਦੀ ਪੂਰੀ ਹਾਰ ਜਾਪਣ ਲੱਗਦਾ ਹੈ।
ਮਾਪਿਆਂ ਦਾ ਸੰਘਰਸ਼
ਬਦਲਦੇ ਸਮਾਜਿਕ ਤੇ ਆਰਥਿਕ ਢਾਂਚੇ ਵਿੱਚ ਮਾਪਿਆਂ ਦਾ ਸੰਘਰਸ਼ ਵੀ ਘੱਟ ਨਹੀਂ। ਉਹ ਆਪਣੇ ਬੱਚਿਆਂ ਨੂੰ ਵਧੀਆ ਭਵਿੱਖ ਦੇਣ ਲਈ ਦਿਨ-ਰਾਤ ਮਿਹਨਤ ਕਰਦੇ ਹਨ ਪਰ ਜੀਵਨ ਦੀ ਇਸ ਦੌੜ ਵਿਚ ਕਈ ਵਾਰ ਬੱਚਿਆਂ ਨੂੰ ਸਭ ਤੋਂ ਵੱਧ ਲੋੜੀਂਦੀ ਚੀਜ਼ ਸਮਾਂ, ਸੰਵਾਦ ਤੇ ਭਾਵਨਾਤਮਿਕ ਸਹਾਰਾ ਉਨ੍ਹਾਂ ਤੋਂ ਦੂਰ ਹੋ ਜਾਂਦੀ ਹੈ। ਬੱਚੇ ਮਹਿੰਗੀਆਂ ਸਹੂਲਤਾਂ ਨਾਲੋਂ ਵੱਧ ਆਪਣੇ ਮਾਪਿਆਂ ਦੀ ਹਾਜ਼ਰੀ, ਭਰੋਸੇ ਤੇ ਹੌਸਲੇ ਦੀ ਉਡੀਕ ਕਰਦੇ ਹਨ। ਜਦੋਂ ਇਹ ਸਹਾਰਾ ਨਹੀਂ ਮਿਲਦਾ ਤਾਂ ਇਕੱਲੇਪਣ, ਤਣਾਅ ਅਤੇ ਨਿਰਾਸ਼ਾ ਹੌਲੀ-ਹੌਲੀ ਉਨ੍ਹਾਂ ਦੀ ਸੋਚ ’ਤੇ ਹਾਵੀ ਹੋਣ ਲੱਗਦੇ ਹਨ। ਇਹ ਵੀ ਇੱਕ ਹਕੀਕਤ ਹੈ ਕਿ ਅੱਜ ਬਹੁਤ ਸਾਰੇ ਵਿਦਿਆਰਥੀ ਆਪਣੇ ਸੁਪਨਿਆਂ ਨਾਲੋਂ ਵੱਧ ਦੂਜਿਆਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਵਿਚ ਲੱਗੇ ਹੋਏ ਹਨ। ਜਦੋਂ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਉਨ੍ਹਾਂ ਉਮੀਦਾਂ ’ਤੇ ਖਰੇ ਨਹੀਂ ਉਤਰ ਸਕੇ ਤਾਂ ਉਹ ਆਪਣੇ ਆਪ ਨੂੰ ਅਸਫਲ ਮੰਨਣ ਲੱਗ ਪੈਂਦੇ ਹਨ। ਅਜਿਹੇ ਸਮੇਂ ਵਿਚ ਕੁਝ ਵਿਦਿਆਰਥੀ ਨਿਰਾਸ਼ਾ ਵਿਚ ਅਜਿਹੇ ਫ਼ੈਸਲੇ ਵੀ ਲੈ ਬੈਠਦੇ ਹਨ, ਜਿਨ੍ਹਾਂ ਨਾਲ ਇਕ ਪਰਿਵਾਰ ਹੀ ਨਹੀਂ ਸਗੋਂ ਪੂਰਾ ਸਮਾਜ ਡੂੰਘੇ ਦੁੱਖ ਵਿਚ ਡੁੱਬ ਜਾਂਦਾ ਹੈ। ਹਰ ਅਜਿਹੀ ਘਟਨਾ ਸਾਡੇ ਲਈ ਚਿਤਾਵਨੀ ਹੈ ਕਿ ਸਾਨੂੰ ਸਿੱਖਿਆ ਦੇ ਅਰਥ ਨੂੰ ਮੁੜ ਸਮਝਣ ਦੀ ਲੋੜ ਹੈ।
ਰਾਸ਼ਟਰੀ ਸਿੱਖਿਆ ਨੀਤੀ–2020
ਖ਼ੁਸ਼ੀ ਦੀ ਗੱਲ ਹੈ ਕਿ ਰਾਸ਼ਟਰੀ ਸਿੱਖਿਆ ਨੀਤੀ–2020 ਨੇ ਇਸ ਦਿਸ਼ਾ ’ਚ ਨਵੀਂ ਸੋਚ ਪੇਸ਼ ਕੀਤੀ ਹੈ। ਇਸ ਵਿਚ ਰਟਨ-ਕੇਂਦਰਿਤ ਸਿੱਖਿਆ ਦੀ ਥਾਂ ਸਮਝ, ਰਚਨਾਤਮਕਿਤਾ, ਜੀਵਨ-ਕੌਸ਼ਲ, ਲਚਕੀਲੇਪਣ, ਮਾਨਸਿਕ ਸਿਹਤ ਅਤੇ ਵਿਦਿਆਰਥੀ ਦੇ ਸਰਵਪੱਖੀ ਵਿਕਾਸ ਨੂੰ ਵਿਸ਼ੇਸ਼ ਮਹੱਤਵ ਦਿੱਤਾ ਗਿਆ ਹੈ। ਇਹ ਨੀਤੀ ਸਿੱਖਿਆ ਨੂੰ ਮਨੁੱਖ-ਕੇਂਦਰਿਤ ਬਣਾਉਣ ਦਾ ਮਹੱਤਵਪੂਰਨ ਯਤਨ ਹੈ। ਹਾਲਾਂਕਿ ਇਸ ਦੀ ਭਾਵਨਾ ਅਜੇ ਹਰ ਸਕੂਲ ਅਤੇ ਹਰ ਵਿਦਿਆਰਥੀ ਤੱਕ ਪੂਰੀ ਤਰ੍ਹਾਂ ਨਹੀਂ ਪਹੁੰਚ ਸਕੀ। ਉਮੀਦ ਹੈ ਕਿ ਆਉਣ ਵਾਲੇ ਸਮੇਂ ’ਚ ਇਸ ਦਾ ਪ੍ਰਭਾਵੀ ਤੇ ਇਮਾਨਦਾਰਾ ਨਾਲ ਲਾਗੂ ਕਰਨਾ ਸਿੱਖਿਆ ਨੂੰ ਅੰਕਾਂ ਦੀ ਦੌੜ ਤੋਂ ਕੱਢ ਕੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਵੱਲ ਲਿਜਾਵੇਗਾ। ਹੁਣ ਸਮਾਂ ਆ ਗਿਆ ਹੈ ਕਿ ਸਕੂਲਾਂ ਵਿਚ ਮਨੋਵਿਗਿਆਨਕ ਸਲਾਹ-ਮਸ਼ਵਰੇ, ਜੀਵਨ-ਕੌਸ਼ਲ ਸਿੱਖਿਆ, ਭਾਵਨਾਤਮਕ ਸਾਖਰਤਾ ਤੇ ਸਕਾਰਾਤਮਕ ਪ੍ਰੇਰਣਾ ਨੂੰ ਸਿੱਖਿਆ ਦਾ ਲਾਜ਼ਮੀ ਹਿੱਸਾ ਬਣਾਇਆ ਜਾਵੇ। ਅਧਿਆਪਕਾਂ ਦੀ ਭੂਮਿਕਾ ਕੇਵਲ ਪਾਠ ਪੜ੍ਹਾਉਣ ਤਕ ਸੀਮਤ ਨਹੀਂ ਰਹਿ ਸਕਦੀ, ਉਨ੍ਹਾਂ ਨੂੰ ਬੱਚਿਆਂ ਦੇ ਮਨ ਨੂੰ ਪੜ੍ਹਨ ਵਾਲਾ ਮਾਰਗ-ਦਰਸ਼ਕ ਵੀ ਬਣਨਾ ਪਵੇਗਾ। ਇਸੇ ਤਰ੍ਹਾਂ ਮਾਪਿਆਂ ਨੂੰ ਵੀ ਆਪਣੇ ਬੱਚਿਆਂ ਦੀ ਤੁਲਨਾ ਕਰਨ ਦੀ ਬਜਾਏ ਉਨ੍ਹਾਂ ਦੀ ਸਮਰੱਥਾ, ਰੁਚੀ ਤੇ ਭਾਵਨਾਵਾਂ ਨੂੰ ਸਮਝਣਾ ਹੋਵੇਗਾ।
ਮੌਕਿਆਂ ਦਾ ਨਾਂ ਹੈ ਜ਼ਿੰਦਗੀ
ਹਰ ਬੱਚੇ ਨੂੰ ਇਹ ਵਿਸ਼ਵਾਸ ਮਿਲਣਾ ਚਾਹੀਦਾ ਹੈ ਕਿ ਇਕ ਪ੍ਰੀਖਿਆ, ਇਕ ਨਤੀਜਾ ਜਾਂ ਇਕ ਅਸਫਲਤਾ ਉਸ ਦੀ ਪੂਰੀ ਜ਼ਿੰਦਗੀ ਦਾ ਫ਼ੈਸਲਾ ਨਹੀਂ ਕਰਦੀ। ਜ਼ਿੰਦਗੀ ਮੌਕਿਆਂ ਦਾ ਨਾਂ ਹੈ ਅਤੇ ਹਰ ਵਿਅਕਤੀ ਦੀ ਮੰਜ਼ਿਲ ਵੱਖਰੀ ਹੋ ਸਕਦੀ ਹੈ। ਅਸਲ ਸਿੱਖਿਆ ਉਹੀ ਹੈ, ਜੋ ਬੱਚੇ ਨੂੰ ਡਿੱਗਣ ਤੋਂ ਬਾਅਦ ਦੁਬਾਰਾ ਖੜ੍ਹਾ ਹੋਣਾ ਸਿਖਾਵੇ, ਨਾ ਕਿ ਡਿੱਗਣ ਦੇ ਡਰ ਵਿਚ ਜਿਊਣਾ।
ਜੇ ਅਸੀਂ ਆਪਣੇ ਬੱਚਿਆਂ ਨੂੰ ਇਹ ਯਕੀਨ ਦਿਵਾ ਸਕੀਏ ਕਿ ਜ਼ਿੰਦਗੀ ਹਰ ਹਾਲ ਵਿਚ ਅਨਮੋਲ ਹੈ, ਹਰ ਔਖਾ ਸਮਾਂ ਲੰਘ ਜਾਂਦਾ ਹੈ ਤੇ ਹਰ ਅਸਫਲਤਾ ਆਪਣੇ ਅੰਦਰ ਨਵੀਂ ਸਿੱਖ ਛੁਪਾਈ ਬੈਠੀ ਹੁੰਦੀ ਹੈ, ਤਾਂ ਅਸੀਂ ਸੱਚੇ ਅਰਥਾਂ ਵਿਚ ਸਿੱਖਿਆ ਦਾ ਮਕਸਦ ਪੂਰਾ ਕਰ ਸਕਾਂਗੇ। ਆਓ ਅਸੀਂ ਅਜਿਹੀ ਸਿੱਖਿਆ ਪ੍ਰਣਾਲੀ ਦੀ ਸਿਰਜਣਾ ਕਰੀਏ, ਜਿੱਥੇ ਬੱਚਿਆਂ ਦੀ ਪਛਾਣ ਉਨ੍ਹਾਂ ਦੇ ਅੰਕਾਂ ਨਾਲ ਨਹੀਂ ਸਗੋਂ ਉਨ੍ਹਾਂ ਦੇ ਚਰਿੱਤਰ, ਚਿੰਤਨ, ਸੰਵੇਦਨਸ਼ੀਲਤਾ ਤੇ ਮਨੁੱਖਤਾ ਨਾਲ ਹੋਵੇ ਕਿਉਂਕਿ ਆਖ਼ਰਕਾਰ ਅੰਕਾਂ ਦੀ ਨਹੀਂ ਜ਼ਿੰਦਗੀ ਦੀ ਜਿੱਤ ਹੀ ਸਭ ਤੋਂ ਵੱਡੀ ਜਿੱਤ ਹੁੰਦੀ ਹੈ।
- ਜਗਜੀਤ ਸਿੰਘ
ਸਇੰਸ ਮਾਸਟਰ
ਸਰਕਾਰੀ ਹਾਈ ਸਕੂਲ, ਰਾਏਪੁਰ।