- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਸੰਭਵ ਅਜਿਹਾ ਸ਼ਬਦ ਹੈ, ਜੋ ਸੁਣਨ ’ਚ ਤਾਂ ਬਹੁਤ ਵੱਡਾ ਲੱਗਦਾ ਹੈ ਪਰ ਅਸਲ ਵਿਚ ਇਹ ਸਿਰਫ਼ ਮਨੁੱਖ ਦੇ ਮਨ ਦਾ ਡਰ ਹੁੰਦਾ ਹੈ। ਜਿਸ ਬੱਚੇ ਦੇ ਮਨ ’ਚ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਦਾ ਹੌਸਲਾ, ਮਿਹਨਤ ਕਰਨ ਦਾ ਜਜ਼ਬਾ ਤੇ ਹਰ ਵਾਰ ਡਿੱਗ ਕੇ ਦੁਬਾਰਾ ਖੜ੍ਹੇ ਹੋਣ ਦੀ ਹਿੰਮਤ ਹੋਵੇ, ਉਸ ਲਈ ਜ਼ਿੰਦਗੀ ਵਿਚ ਕੁਝ ਵੀ ਅਸੰਭਵ ਨਹੀਂ ਰਹਿੰਦਾ।

ਅਸੰਭਵ ਅਜਿਹਾ ਸ਼ਬਦ ਹੈ, ਜੋ ਸੁਣਨ ’ਚ ਤਾਂ ਬਹੁਤ ਵੱਡਾ ਲੱਗਦਾ ਹੈ ਪਰ ਅਸਲ ਵਿਚ ਇਹ ਸਿਰਫ਼ ਮਨੁੱਖ ਦੇ ਮਨ ਦਾ ਡਰ ਹੁੰਦਾ ਹੈ। ਜਿਸ ਬੱਚੇ ਦੇ ਮਨ ’ਚ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਦਾ ਹੌਸਲਾ, ਮਿਹਨਤ ਕਰਨ ਦਾ ਜਜ਼ਬਾ ਤੇ ਹਰ ਵਾਰ ਡਿੱਗ ਕੇ ਦੁਬਾਰਾ ਖੜ੍ਹੇ ਹੋਣ ਦੀ ਹਿੰਮਤ ਹੋਵੇ, ਉਸ ਲਈ ਜ਼ਿੰਦਗੀ ਵਿਚ ਕੁਝ ਵੀ ਅਸੰਭਵ ਨਹੀਂ ਰਹਿੰਦਾ। ਹਰ ਵੱਡੀ ਸਫਲਤਾ ਦੀ ਸ਼ੁਰੂਆਤ ਛੋਟੇ ਜਿਹੇ ਕਦਮ ਨਾਲ ਹੁੰਦੀ ਹੈ। ਅੱਜ ਜੋ ਬੱਚਾ ਸਕੂਲ ਦੀ ਕਲਾਸ ’ਚ ਬੈਠ ਕੇ ਵੱਡੇ ਸੁਪਨੇ ਦੇਖ ਰਿਹਾ ਹੈ, ਉਹੀ ਕੱਲ੍ਹ ਦਾ ਵਿਗਿਆਨੀ, ਡਾਕਟਰ, ਅਧਿਆਪਕ, ਖਿਡਾਰੀ, ਲੇਖਕ, ਇੰਜੀਨੀਅਰ ਜਾਂ ਦੇਸ਼ ਦਾ ਆਗੂ ਬਣ ਸਕਦਾ ਹੈ।
ਯੋਗਤਾ ਨੂੰ ਪਛਾਣੇ ਬੱਚਾ
ਹਰ ਬੱਚੇ ’ਚ ਅੰਦਰ ਕੋਈ ਨਾ ਕੋਈ ਵਿਸ਼ੇਸ਼ ਯੋਗਤਾ ਲੁਕੀ ਹੁੰਦੀ ਹੈ। ਕੋਈ ਪੜ੍ਹਾਈ ਵਿਚ ਤੇਜ਼ ਹੁੰਦਾ ਹੈ, ਕੋਈ ਖੇਡਾਂ, ਕੋਈ ਚਿੱਤਰਕਲਾ, ਕੋਈ ਗਾਇਕੀ ਤੇ ਕੋਈ ਨਵੀਆਂ ਚੀਜ਼ਾਂ ਬਣਾਉਣ ਵਿਚ। ਲੋੜ ਸਿਰਫ਼ ਇਸ ਗੱਲ ਦੀ ਹੈ ਕਿ ਬੱਚਾ ਆਪਣੀ ਯੋਗਤਾ ਨੂੰ ਪਛਾਣੇ ਤੇ ਉਸ ਨੂੰ ਨਿਖਾਰਨ ਲਈ ਲਗਾਤਾਰ ਕੋਸ਼ਿਸ਼ ਕਰੇ। ਜੇ ਕੋਈ ਬੱਚਾ ਪਹਿਲੀ ਵਾਰ ਅਸਫਲ ਹੋ ਜਾਂਦਾ ਹੈ ਤਾਂ ਇਸ ਦਾ ਇਹ ਮਤਲਬ ਨਹੀਂ ਕਿ ਉਹ ਕਦੇ ਸਫਲ ਨਹੀਂ ਹੋ ਸਕਦਾ। ਅਸਫਲਤਾ ਤਾਂ ਸਫਲਤਾ ਦੀ ਪਹਿਲੀ ਪੌੜੀ ਹੁੰਦੀ ਹੈ।
ਵਾਰ-ਵਾਰ ਕਰੋ ਕੋਸ਼ਿਸ਼
ਅਸੀਂ ਜਦੋਂ ਛੋਟੇ ਬੱਚੇ ਨੂੰ ਤੁਰਨਾ ਸਿੱਖਦੇ ਦੇਖਦੇ ਹਾਂ ਤਾਂ ਉਹ ਕਈ ਵਾਰ ਡਿੱਗਦਾ ਹੈ। ਜੇ ਉਹ ਪਹਿਲੀ ਵਾਰ ਡਿੱਗ ਕੇ ਬੈਠ ਜਾਵੇ ਤੇ ਦੁਬਾਰਾ ਕੋਸ਼ਿਸ਼ ਹੀ ਨਾ ਕਰੇ ਤਾਂ ਉਹ ਕਦੇ ਤੁਰਨਾ ਨਹੀਂ ਸਿੱਖ ਸਕੇਗਾ। ਉਹ ਹਰ ਵਾਰ ਉੱਠਦਾ ਹੈ, ਫਿਰ ਤੁਰਨ ਦੀ ਕੋਸ਼ਿਸ਼ ਕਰਦਾ ਹੈ ਤੇ ਇਕ ਦਿਨ ਦੌੜਨਾ ਵੀ ਸਿੱਖ ਜਾਂਦਾ ਹੈ। ਇਹੀ ਜ਼ਿੰਦਗੀ ਦਾ ਸਭ ਤੋਂ ਵੱਡਾ ਸਬਕ ਹੈ ਕਿ ਵਾਰ-ਵਾਰ ਕੋਸ਼ਿਸ਼ ਕਰਨ ਵਾਲਿਆਂ ਲਈ ਕੁਝ ਵੀ ਅਸੰਭਵ ਨਹੀਂ ਰਹਿੰਦਾ। ਸਕੂਲ ’ਚ ਵੀ ਬਹੁਤ ਸਾਰੇ ਬੱਚੇ ਕਿਸੇ ਵਿਸ਼ੇ ਤੋਂ ਡਰਦੇ ਹਨ। ਕਿਸੇ ਨੂੰ ਗਣਿਤ ਔਖਾ ਲੱਗਦਾ ਹੈ, ਕਿਸੇ ਨੂੰ ਅੰਗਰੇਜ਼ੀ, ਕਿਸੇ ਨੂੰ ਵਿਗਿਆਨ ਪਰ ਜੇ ਉਹ ਰੋਜ਼ ਥੋੜ੍ਹਾ-ਥੋੜ੍ਹਾ ਸਮਾਂ ਦੇ ਕੇ ਅਭਿਆਸ ਕਰਨ, ਅਧਿਆਪਕਾਂ ਤੋਂ ਪੁੱਛਣ ਤੇ ਹਿੰਮਤ ਨਾ ਹਾਰਨ ਤਾਂ ਉਹੀ ਵਿਸ਼ਾ ਉਨ੍ਹਾਂ ਦਾ ਮਨਪਸੰਦ ਵਿਸ਼ਾ ਬਣ ਸਕਦਾ ਹੈ। ਮਿਹਨਤ ਤੇ ਅਭਿਆਸ ਉਹ ਚਾਬੀ ਹਨ, ਜੋ ਹਰ ਔਖੇ ਤਾਲੇ ਨੂੰ ਖੋਲ੍ਹ ਦਿੰਦੇ ਹਨ।
ਨਹੀਂ ਚਾਹੀਦੀ ਹਿੰਮਤ ਹਾਰਨੀ
ਅੱਜ ਦੁਨੀਆ ਦੇ ਜਿੰਨੇ ਵੀ ਮਹਾਨ ਵਿਅਕਤੀ ਹੋਏ ਹਨ, ਉਨ੍ਹਾਂ ਵਿੱਚੋਂ ਕੋਈ ਵੀ ਜਨਮ ਤੋਂ ਮਹਾਨ ਨਹੀਂ ਸੀ। ਉਨ੍ਹਾਂ ਨੇ ਵੀ ਆਪਣੇ ਜੀਵਨ ਵਿਚ ਮੁਸ਼ਕਲਾਂ ਦਾ ਸਾਹਮਣਾ ਕੀਤਾ, ਕਈ ਵਾਰ ਅਸਫਲ ਹੋਏ, ਲੋਕਾਂ ਦੀਆਂ ਗੱਲਾਂ ਸੁਣੀਆਂ ਪਰ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ। ਉਹ ਆਪਣੇ ਟੀਚੇ ਵੱਲ ਵਧਦੇ ਰਹੇ ਤੇ ਆਖ਼ਰਕਾਰ ਸਫਲਤਾ ਨੇ ਉਨ੍ਹਾਂ ਦੇ ਕਦਮ ਚੁੰਮੇ। ਇਸ ਲਈ ਬੱਚਿਆਂ ਨੂੰ ਵੀ ਇਹ ਗੱਲ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ ਕਿ ਸਫਲਤਾ ਦਾ ਕੋਈ ਛੋਟਾ ਰਸਤਾ ਨਹੀਂ ਹੁੰਦਾ। ਇਸ ਲਈ ਮਿਹਨਤ, ਧੀਰਜ ਤੇ ਲਗਨ ਦੀ ਲੋੜ ਹੁੰਦੀ ਹੈ।
ਸਿੱਖਣ ਦੇ ਹੁੰਦੇ ਬੇਅੰਤ ਮੌਕੇ
ਅੱਜ ਦੇ ਸਮੇਂ ’ਚ ਬੱਚਿਆਂ ਕੋਲ ਸਿੱਖਣ ਦੇ ਬੇਅੰਤ ਮੌਕੇ ਹਨ। ਕਿਤਾਬਾਂ, ਲਾਇਬ੍ਰੇਰੀਆਂ, ਇੰਟਰਨੈੱਟ, ਵਿਗਿਆਨ ਪ੍ਰਦਰਸ਼ਨੀਆਂ, ਖੇਡ ਅਕਾਦਮੀਆਂ ਤੇ ਹੋਰ ਬਹੁਤ ਸਾਰੇ ਸਾਧਨ ਉਨ੍ਹਾਂ ਨੂੰ ਆਪਣੀ ਯੋਗਤਾ ਨਿਖਾਰਨ ਦਾ ਮੌਕਾ ਦਿੰਦੇ ਹਨ। ਜੇ ਬੱਚੇ ਆਪਣਾ ਸਮਾਂ ਮੋਬਾਈਲ ਦੀਆਂ ਬੇਲੋੜੀਆਂ ਖੇਡਾਂ ਜਾਂ ਸੋਸ਼ਲ ਮੀਡੀਆ ’ਤੇ ਬਰਬਾਦ ਕਰਨ ਦੀ ਥਾਂ ਨਵੀਆਂ ਗੱਲਾਂ ਸਿੱਖਣ ਵਿਚ ਲਗਾਉਣ ਤਾਂ ਉਹ ਬਹੁਤ ਕੁਝ ਹਾਸਿਲ ਕਰ ਸਕਦੇ ਹਨ। ਇੱਕ ਛੋਟਾ ਜਿਹਾ ਬੀਜ ਜਦੋਂ ਮਿੱਟੀ ’ਚ ਬੀਜਿਆ ਜਾਂਦਾ ਹੈ ਤਾਂ ਉਹ ਤੁਰੰਤ ਰੁੱਖ ਨਹੀਂ ਬਣ ਜਾਂਦਾ। ਉਸ ਨੂੰ ਪਾਣੀ, ਧੁੱਪ, ਹਵਾ ਤੇ ਸਮੇਂ ਦੀ ਲੋੜ ਹੁੰਦੀ ਹੈ। ਹੌਲੀ-ਹੌਲੀ ਉਹ ਪੌਦਾ ਬਣਦਾ ਹੈ ਅਤੇ ਫਿਰ ਇਕ ਦਿਨ ਵੱਡਾ ਰੁੱਖ ਬਣ ਕੇ ਸਭ ਨੂੰ ਛਾਂ ਤੇ ਫਲ ਦਿੰਦਾ ਹੈ। ਇਸੇ ਤਰ੍ਹਾਂ ਬੱਚਿਆਂ ਨੂੰ ਸਫਲਤਾ ਵੀ ਇਕ ਦਿਨ ’ਚ ਨਹੀਂ ਮਿਲਦੀ। ਇਸ ਲਈ ਰੋਜ਼ਾਨਾ ਮਿਹਨਤ, ਅਨੁਸ਼ਾਸਨ ਤੇ ਸਬਰ ਦੀ ਲੋੜ ਹੁੰਦੀ ਹੈ।
ਦੂਜਿਆਂ ਨਾਲ ਨਾ ਕਰੋ ਤੁਲਨਾ
ਕਈ ਵਾਰ ਬੱਚੇ ਦੂਜਿਆਂ ਨਾਲ ਆਪਣੀ ਤੁਲਨਾ ਕਰ ਕੇ ਨਿਰਾਸ਼ ਹੋ ਜਾਂਦੇ ਹਨ। ਉਹ ਸੋਚਦੇ ਹਨ ਕਿ ਉਨ੍ਹਾਂ ਦਾ ਦੋਸਤ ਉਨ੍ਹਾਂ ਨਾਲੋਂ ਜ਼ਿਆਦਾ ਹੁਸ਼ਿਆਰ ਹੈ ਜਾਂ ਕਿਸੇ ਹੋਰ ਬੱਚੇ ਨੂੰ ਜ਼ਿਆਦਾ ਇਨਾਮ ਮਿਲਦੇ ਹਨ ਪਰ ਹਰ ਬੱਚਾ ਵੱਖਰਾ ਹੁੰਦਾ ਹੈ। ਹਰ ਕਿਸੇ ਦੀ ਆਪਣੀ ਰਫ਼ਤਾਰ, ਯੋਗਤਾ ਅਤੇ ਆਪਣੀ ਮੰਜ਼ਿਲ ਹੁੰਦੀ ਹੈ। ਇਸ ਲਈ ਦੂਜਿਆਂ ਨਾਲ ਤੁਲਨਾ ਕਰਨ ਦੀ ਬਜਾਏ ਖ਼ੁਦ ਨੂੰ ਹਰ ਦਿਨ ਪਹਿਲਾਂ ਨਾਲੋਂ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਹਾਂ-ਪੱਖੀ ਸੋਚ ਅੱਗ ਵਧਣ ਦੀ ਦਿੰਦੀ ਤਾਕਤ
ਸਕਾਰਾਤਮਿਕ ਸੋਚ ਵੀ ਸਫਲਤਾ ਦੀ ਕੁੰਜੀ ਹੈ। ਜੇ ਕੋਈ ਬੱਚਾ ਹਰ ਕੰਮ ਤੋਂ ਪਹਿਲਾਂ ਹੀ ਸੋਚ ਲਵੇ ਕਿ ਉਹ ਨਹੀਂ ਕਰ ਸਕਦਾ, ਤਾਂ ਉਸ ਲਈ ਕੰਮ ਹੋਰ ਵੀ ਔਖਾ ਹੋ ਜਾਵੇਗਾ। ਜੇ ਉਹ ਇਹ ਸੋਚੇ ਕਿ ਮੈਂ ਕੋਸ਼ਿਸ਼ ਕਰਾਂਗਾ ਤੇ ਇਕ ਦਿਨ ਜ਼ਰੂਰ ਸਫਲ ਹੋਵਾਂਗਾ, ਤਾਂ ਉਸ ਅੰਦਰ ਨਵੀਂ ਊਰਜਾ ਪੈਦਾ ਹੋਵੇਗੀ। ਹਾਂ-ਪੱਖੀ ਸੋਚ ਇਨਸਾਨ ਨੂੰ ਹਰ ਔਖੀ ਘੜੀ ’ਚ ਅੱਗੇ ਵਧਣ ਦੀ ਤਾਕਤ ਦਿੰਦੀ ਹੈ। ਮਾਪਿਆਂ ਤੇ ਅਧਿਆਪਕਾਂ ਦੀ ਭੂਮਿਕਾ ਵੀ ਬੱਚਿਆਂ ਦੀ ਸਫਲਤਾ ’ਚ ਮਹੱਤਵਪੂਰਨ ਹੁੰਦੀ ਹੈ। ਜਦੋਂ ਉਹ ਬੱਚਿਆਂ ਨੂੰ ਹੌਸਲਾ ਦਿੰਦੇ ਹਨ, ਉਨ੍ਹਾਂ ਦੀਆਂ ਛੋਟੀਆਂ-ਛੋਟੀਆਂ ਸਫਲਤਾਵਾਂ ਦੀ ਸ਼ਲਾਘਾ ਕਰਦੇ ਹਨ ਤੇ ਗ਼ਲਤੀਆਂ ਤੋਂ ਸਿੱਖਣ ਦੀ ਪ੍ਰੇਰਣਾ ਦਿੰਦੇ ਹਨ ਤਾਂ ਬੱਚਿਆਂ ਦਾ ਆਤਮ-ਵਿਸ਼ਵਾਸ ਵਧਦਾ ਹੈ। ਜਿਨ੍ਹਾਂ ਬੱਚਿਆਂ ਨੂੰ ਆਪਣੇ ਪਰਿਵਾਰ ਤੇ ਅਧਿਆਪਕਾਂ ਦਾ ਸਹਿਯੋਗ ਮਿਲਦਾ ਹੈ, ਉਹ ਹਰ ਚੁਣੌਤੀ ਦਾ ਸਾਹਮਣਾ ਹੋਰ ਦ੍ਰਿੜਤਾ ਨਾਲ ਕਰਦੇ ਹਨ।
ਸਮੇਂ ਦੀ ਕਰੋ ਕਦਰ
ਸਮੇਂ ਦੀ ਕਦਰ ਕਰਨਾ ਵੀ ਬਹੁਤ ਜ਼ਰੂਰੀ ਹੈ। ਜੋ ਬੱਚੇ ਸਮੇਂ ਦੀ ਸਹੀ ਵਰਤੋਂ ਕਰਦੇ ਹਨ, ਉਹ ਪੜ੍ਹਾਈ, ਖੇਡਾਂ ਅਤੇ ਹੋਰ ਗਤੀਵਿਧੀਆਂ ਵਿਚ ਸੰਤੁਲਨ ਬਣਾਈ ਰੱਖਦੇ ਹਨ। ਸਮੇਂ ਦਾ ਸਹੀ ਪ੍ਰਬੰਧ ਉਨ੍ਹਾਂ ਨੂੰ ਤਣਾਅ ਤੋਂ ਵੀ ਬਚਾਉਂਦਾ ਹੈ ਤੇ ਉਹ ਆਪਣੇ ਟੀਚਿਆਂ ਵੱਲ ਆਸਾਨੀ ਨਾਲ ਅੱਗੇ ਵਧਦੇ ਹਨ। ਜੇ ਕਿਸੇ ਮੁਕਾਬਲੇ ’ਚ ਇਨਾਮ ਨਾ ਮਿਲੇ ਤਾਂ ਦੁਖੀ ਹੋਣ ਦੀ ਬਜਾਏ ਇਹ ਸੋਚਣਾ ਚਾਹੀਦਾ ਹੈ ਕਿ ਅਗਲੀ ਵਾਰ ਹੋਰ ਚੰਗੀ ਤਿਆਰੀ ਕਿਵੇਂ ਕੀਤੀ ਜਾ ਸਕਦੀ ਹੈ। ਹਰ ਅਸਫਲਤਾ ਸਾਨੂੰ ਕੋਈ ਨਾ ਕੋਈ ਨਵਾਂ ਸਬਕ ਸਿਖਾ ਕੇ ਜਾਂਦੀ ਹੈ।
ਸੱਚੇ ਦਿਲੋਂ ਕਰੋ ਮਿਹਨਤ
ਅੱਜ ਦੇ ਬੱਚੇ ਹੀ ਭਵਿੱਖ ਨਿਰਮਾਤਾ ਹਨ। ਜੇ ਉਹ ਛੋਟੀ ਉਮਰ ਤੋਂ ਹੀ ਵੱਡੇ ਸੁਪਨੇ ਦੇਖਣ, ਇਮਾਨਦਾਰੀ ਨਾਲ ਮਿਹਨਤ ਕਰਨ, ਆਪਣੇ ਮਾਪਿਆਂ ਤੇ ਅਧਿਆਪਕਾਂ ਦਾ ਸਤਿਕਾਰ ਕਰਨ ਅਤੇ ਹਰ ਰੋਜ਼ ਕੁਝ ਨਵਾਂ ਸਿੱਖਣ ਦੀ ਆਦਤ ਪਾ ਲੈਣ, ਤਾਂ ਉਨ੍ਹਾਂ ਲਈ ਕੋਈ ਵੀ ਮੰਜ਼ਿਲ ਦੂਰ ਨਹੀਂ ਰਹੇਗੀ। ਦੁਨੀਆ ਉਨ੍ਹਾਂ ਦੀ ਉਡੀਕ ਕਰ ਰਹੀ ਹੈ। ਸਿਰਫ਼ ਲੋੜ ਹੈ ਪਹਿਲਾ ਕਦਮ ਚੁੱਕਣ ਦੀ। ਆਓ ਅਸੀਂ ਸਾਰੇ ਇਹ ਵਾਅਦਾ ਕਰੀਏ ਕਿ ਕਿਸੇ ਵੀ ਮੁਸ਼ਕਲ ਨੂੰ ਦੇਖ ਕੇ ਘਬਰਾਵਾਂਗੇ ਨਹੀਂ ਸਗੋਂ ਹਿੰਮਤ, ਮਿਹਨਤ ਅਤੇ ਆਤਮ-ਵਿਸ਼ਵਾਸ ਨਾਲ ਉਸ ਦਾ ਸਾਹਮਣਾ ਕਰਾਂਗੇ। ਯਾਦ ਰੱਖੋ, ਜੋ ਬੱਚਾ ਆਪਣੇ ਸੁਪਨਿਆਂ ’ਤੇ ਵਿਸ਼ਵਾਸ ਕਰਦਾ ਹੈ, ਉਹ ਇਕ ਦਿਨ ਉਨ੍ਹਾਂ ਨੂੰ ਹਕੀਕਤ ਵਿਚ ਬਦਲ ਕੇ ਦਿਖਾਉਂਦਾ ਹੈ। ਜ਼ਿੰਦਗੀ ਹਰ ਉਸ ਇਨਸਾਨ ਦਾ ਸਾਥ ਦਿੰਦੀ ਹੈ, ਜੋ ਹਾਰ ਨਹੀਂ ਮੰਨਦਾ। ਇਸ ਲਈ ਹਮੇਸ਼ਾ ਆਪਣੇ ਮਨ ਵਿਚ ਇਹ ਵਿਸ਼ਵਾਸ ਰੱਖੋ, ‘ਜ਼ਿੰਦਗੀ ਵਿਚ ਕੁਝ ਵੀ ਅਸੰਭਵ ਨਹੀਂ, ਜੇ ਇਰਾਦੇ ਮਜ਼ਬੂਤ ਹੋਣ ਤੇ ਮਿਹਨਤ ਸੱਚੇ ਦਿਲੋਂ ਕੀਤੀ ਜਾਵੇ।’
- ਰਿਤੂ ਪਾਲ
ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਬੋਲੀਨਾ,ਜਲੰਧਰ।