
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਹਰ ਸਵੇਰ ਜਦੋਂ ਮੈਂ ਸਕੂਲ ਦੇ ਗੇਟ ਅੰਦਰ ਕਦਮ ਰੱਖਦੀ ਹਾਂ ਤਾਂ ਨਿੱਕੇ-ਨਿੱਕੇ ਬੱਚਿਆਂ ਦੀਆਂ ਕਿਲਕਾਰੀਆਂ ਮੇਰਾ ਸਵਾਗਤ ਕਰਦੀਆਂ ਹਨ। ਕੋਈ ਆਪਣਾ ਬੈਗ ਸੰਭਾਲਦਾ ਹੋਇਆ ਦੌੜ ਰਿਹਾ ਹੁੰਦਾ ਹੈ, ਕੋਈ ਆਪਣੇ ਦੋਸਤ ਨੂੰ ਲੱਭ ਰਿਹਾ ਹੁੰਦਾ ਹੈ ਤੇ ਕੋਈ ਦੂਰੋਂ ਹੀ ਮੁਸਕਰਾ ਕੇ ‘ਸਤਿ ਸ੍ਰੀ ਅਕਾਲ ਮੈਡਮ ਜੀ’ ਕਹਿੰਦਾ ਹੈ। ਇਨ੍ਹਾਂ ਮਾਸੂਮ ਚਿਹਰਿਆਂ ਨੂੰ ਵੇਖ ਕੇ ਹਰ ਰੋਜ਼ ਇਹ ਅਹਿਸਾਸ ਹੋਰ ਵੀ ਡੂੰਘਾ ਹੋ ਜਾਂਦਾ ਹੈ ਕਿ ਪ੍ਰਾਇਮਰੀ ਸਕੂਲ ਸਿਰਫ਼ ਪੜ੍ਹਾਈ ਦੀ ਥਾਂ ਨਹੀਂ ਸਗੋਂ ਜ਼ਿੰਦਗੀ ਦੀ ਪਹਿਲੀ ਪਾਠਸ਼ਾਲਾ ਹੈ।

ਹਰ ਸਵੇਰ ਜਦੋਂ ਮੈਂ ਸਕੂਲ ਦੇ ਗੇਟ ਅੰਦਰ ਕਦਮ ਰੱਖਦੀ ਹਾਂ ਤਾਂ ਨਿੱਕੇ-ਨਿੱਕੇ ਬੱਚਿਆਂ ਦੀਆਂ ਕਿਲਕਾਰੀਆਂ ਮੇਰਾ ਸਵਾਗਤ ਕਰਦੀਆਂ ਹਨ। ਕੋਈ ਆਪਣਾ ਬੈਗ ਸੰਭਾਲਦਾ ਹੋਇਆ ਦੌੜ ਰਿਹਾ ਹੁੰਦਾ ਹੈ, ਕੋਈ ਆਪਣੇ ਦੋਸਤ ਨੂੰ ਲੱਭ ਰਿਹਾ ਹੁੰਦਾ ਹੈ ਤੇ ਕੋਈ ਦੂਰੋਂ ਹੀ ਮੁਸਕਰਾ ਕੇ ‘ਸਤਿ ਸ੍ਰੀ ਅਕਾਲ ਮੈਡਮ ਜੀ’ ਕਹਿੰਦਾ ਹੈ। ਇਨ੍ਹਾਂ ਮਾਸੂਮ ਚਿਹਰਿਆਂ ਨੂੰ ਵੇਖ ਕੇ ਹਰ ਰੋਜ਼ ਇਹ ਅਹਿਸਾਸ ਹੋਰ ਵੀ ਡੂੰਘਾ ਹੋ ਜਾਂਦਾ ਹੈ ਕਿ ਪ੍ਰਾਇਮਰੀ ਸਕੂਲ ਸਿਰਫ਼ ਪੜ੍ਹਾਈ ਦੀ ਥਾਂ ਨਹੀਂ ਸਗੋਂ ਜ਼ਿੰਦਗੀ ਦੀ ਪਹਿਲੀ ਪਾਠਸ਼ਾਲਾ ਹੈ। ਅਧਿਆਪਕਾ ਹੋਣ ਨਾਤੇ ਮੈਂ ਇਕ ਗੱਲ ਬਹੁਤ ਨੇੜਿਓਂ ਮਹਿਸੂਸ ਕੀਤੀ ਹੈ ਕਿ ਬੱਚੇ ਕਿਤਾਬਾਂ ਤੋਂ ਪਹਿਲਾਂ ਇਨਸਾਨਾਂ ਨੂੰ ਪੜ੍ਹਦੇ ਹਨ। ਉਹ ਸਾਡੇ ਚਿਹਰੇ ਦੀ ਮੁਸਕਰਾਹਟ, ਸਾਡੇ ਬੋਲਣ ਦੇ ਢੰਗ ਤੇ ਸਾਡੇ ਵਿਹਾਰ ਤੋਂ ਸਿੱਖਦੇ ਹਨ। ਸ਼ਾਇਦ ਇਸੇ ਲਈ ਅਧਿਆਪਕ ਦੀ ਸ਼ਖ਼ਸੀਅਤ ਬੱਚਿਆਂ ਲਈ ਸਭ ਤੋਂ ਪਹਿਲੀ ਪਾਠ-ਪੁਸਤਕ ਬਣ ਜਾਂਦੀ ਹੈ।
ਆਪਣੇਪਣ ਦੀ ਹੁੰਦੀ ਲੋੜ
ਮੈਨੂੰ ਆਪਣੀ ਜਮਾਤ ਦਾ ਇਕ ਬੱਚਾ ਅੱਜ ਵੀ ਯਾਦ ਹੈ। ਉਹ ਹਰ ਰੋਜ਼ ਚੁੱਪਚਾਪ ਆ ਕੇ ਪਿਛਲੀ ਕਤਾਰ ’ਚ ਬੈਠ ਜਾਂਦਾ ਸੀ। ਨਾ ਕਿਸੇ ਨਾਲ ਗੱਲ ਕਰਦਾ, ਨਾ ਹੀ ਕਿਸੇ ਗਤੀਵਿਧੀ ਵਿਚ ਹਿੱਸਾ ਲੈਂਦਾ। ਇਕ ਦਿਨ ਮੈਂ ਉਸ ਨੂੰ ਪੜ੍ਹਾਈ ਦੀ ਥਾਂ ਉਸ ਦੇ ਮਨ ਦੀ ਗੱਲ ਪੁੱਛੀ। ਫਿਰ ਇਹ ਸਿਲਸਿਲਾ ਹਰ ਰੋਜ਼ ਦੇ ਦੋ-ਚਾਰ ਮਿੰਟਾਂ ਦਾ ਬਣ ਗਿਆ। ਮੈਂ ਉਸ ਦੀ ਹਰ ਛੋਟੀ ਕੋਸ਼ਿਸ਼ ਦੀ ਸ਼ਲਾਘਾ ਕਰਨੀ ਸ਼ੁਰੂ ਕੀਤੀ। ਕੁਝ ਹਫ਼ਤਿਆਂ ਬਾਅਦ ਉਹੀ ਬੱਚਾ ਕਲਾਸ ’ਚ ਸਭ ਤੋਂ ਪਹਿਲਾਂ ਹੱਥ ਚੁੱਕ ਕੇ ਜਵਾਬ ਦੇਣ ਲੱਗ ਪਿਆ। ਉਸ ਦਿਨ ਮੈਨੂੰ ਮਹਿਸੂਸ ਹੋਇਆ ਕਿ ਕਈ ਵਾਰ ਬੱਚਿਆਂ ਨੂੰ ਕਿਤਾਬਾਂ ਨਾਲੋਂ ਪਹਿਲਾਂ ਮੁਸਕਾਨ ਤੇ ਆਪਣੇਪਣ ਦੀ ਲੋੜ ਹੁੰਦੀ ਹੈ।
ਕੋਸ਼ਿਸ਼ਾਂ ਦੀ ਕਰੋ ਤਾਰੀਫ਼
ਇਕ ਹੋਰ ਘਟਨਾ ਮੇਰੇ ਮਨ ’ਚ ਅੱਜ ਵੀ ਤਾਜ਼ਾ ਹੈ। ਸਾਲ ਦੀ ਸ਼ੁਰੂਆਤ ਵਿਚ ਇਕ ਨਿੱਕੀ ਜਿਹੀ ਵਿਦਿਆਰਥਣ ਸਵੇਰ ਦੀ ਸਭਾ ’ਚ ਜਾਣ ਤੋਂ ਬਹੁਤ ਡਰਦੀ ਸੀ। ਉਹ ਕਵਿਤਾ ਤਾਂ ਯਾਦ ਕਰ ਲੈਂਦੀ ਸੀ ਪਰ ਮੰਚ ’ਤੇ ਖੜ੍ਹਨ ਦੀ ਹਿੰਮਤ ਨਹੀਂ ਜੁਟਾ ਸਕਦੀ ਸੀ। ਮੈਂ ਉਸ ਨੂੰ ਕਦੇ ਮਜਬੂਰ ਨਹੀਂ ਕੀਤਾ। ਹਰ ਰੋਜ਼ ਥੋੜ੍ਹਾ-ਥੋੜ੍ਹਾ ਹੌਸਲਾ ਦਿੱਤਾ, ਉਸ ਦੀਆਂ ਕੋਸ਼ਿਸ਼ਾਂ ਦੀ ਤਾਰੀਫ਼ ਕੀਤੀ। ਇਕ ਦਿਨ ਉਹ ਖ਼ੁਦ ਮੇਰੇ ਕੋਲ ਆਈ ਤੇ ਕਹਿੰਦੀ, ‘ਮੈਡਮ ਜੀ ਅੱਜ ਮੈਂ ਕਵਿਤਾ ਸੁਣਾਵਾਂਗੀ।’ ਜਦੋਂ ਉਸ ਨੇ ਪੂਰੇ ਵਿਸ਼ਵਾਸ ਨਾਲ ਆਪਣੀ ਕਵਿਤਾ ਸੁਣਾਈ ਤਾਂ ਤਾਲੀਆਂ ਦੀ ਗੂੰਜ ਨਾਲੋਂ ਵੱਧ ਉਸ ਦੇ ਚਿਹਰੇ ’ਤੇ ਖ਼ੁਸ਼ੀ ਨਜ਼ਰ ਆ ਰਹੀ ਸੀ। ਉਸ ਦਿਨ ਮੈਨੂੰ ਯਕੀਨ ਹੋ ਗਿਆ ਕਿ ਹੌਸਲਾ ਅਫ਼ਜ਼ਾਈ ਬੱਚੇ ਦੀ ਸਭ ਤੋਂ ਵੱਡੀ ਤਾਕਤ ਬਣ ਸਕਦੀ ਹੈ।
ਡਾਂਟਣ ਦੀ ਬਜਾਏ ਪਿਆਰ ਨਾਲ ਸਮਝਾਓ
ਅਧਿਆਪਕ ਜੀਵਨ ਨੇ ਮੈਨੂੰ ਇਕ ਹੋਰ ਅਨਮੋਲ ਸਬਕ ਸਿਖਾਇਆ ਹੈ। ਜਦੋਂ ਕਿਸੇ ਬੱਚੇ ਨੂੰ ਗ਼ਲਤੀ ਕਰਨ ’ਤੇ ਡਾਂਟਣ ਦੀ ਬਜਾਏ ਪਿਆਰ ਨਾਲ ਸਮਝਾਇਆ ਜਾਂਦਾ ਹੈ ਤਾਂ ਉਹ ਆਪਣੀ ਗ਼ਲਤੀ ਨੂੰ ਮੰਨਣ ਤੇ ਸੁਧਾਰਨ ਲਈ ਖ਼ੁਦ ਤਿਆਰ ਹੋ ਜਾਂਦਾ ਹੈ। ਪਿਆਰ ਦੀ ਭਾਸ਼ਾ ਉਹ ਸਮਝ ਲੈਂਦਾ ਹੈ, ਜਿਸ ਨੂੰ ਕਈ ਵਾਰ ਸਖ਼ਤੀ ਵੀ ਨਹੀਂ ਸਮਝਾ ਸਕਦੀ। ਇਹੀ ਭਰੋਸਾ ਅਧਿਆਪਕ ਤੇ ਵਿਦਿਆਰਥੀ ਦੇ ਰਿਸ਼ਤੇ ਨੂੰ ਮਜ਼ਬੂਤ ਬਣਾਉਂਦਾ ਹੈ।
ਆਤਮ-ਵਿਸ਼ਵਾਸ ਦੀ ਲੋੜ
ਅੱਜ ਜਦੋਂ ਅਸੀਂ ਸਿੱਖਿਆ ਨੂੰ ਅਕਸਰ ਪ੍ਰੀਖਿਆਵਾਂ ਤੇ ਅੰਕਾਂ ਨਾਲ ਜੋੜ ਕੇ ਦੇਖਦੇ ਹਾਂ ਤਾਂ ਲੱਗਦਾ ਹੈ ਕਿ ਸਾਨੂੰ ਇਕ ਵਾਰ ਫਿਰ ਆਪਣੇ ਬਚਪਨ ਵੱਲ ਮੁੜ ਕੇ ਦੇਖਣ ਦੀ ਲੋੜ ਹੈ। ਬੱਚਿਆਂ ਨੂੰ ਸਿਰਫ਼ ਚੰਗੇ ਨੰਬਰ ਹੀ ਨਹੀਂ, ਚੰਗੇ ਸੰਸਕਾਰ, ਹਮਦਰਦੀ, ਇਮਾਨਦਾਰੀ ਤੇ ਆਤਮ-ਵਿਸ਼ਵਾਸ ਦੀ ਵੀ ਲੋੜ ਹੈ। ਇਹ ਗੁਣ ਕਿਤਾਬਾਂ ਨਾਲੋਂ ਵੱਧ ਅਧਿਆਪਕਾਂ ਦੇ ਵਿਹਾਰ ਤੇ ਸਕੂਲ ਦੇ ਮਾਹੌਲ ਤੋਂ ਸਿੱਖੇ ਜਾਂਦੇ ਹਨ। ਮੇਰਾ ਪੱਕਾ ਵਿਸ਼ਵਾਸ ਹੈ ਕਿ ਇਕ ਪ੍ਰਾਇਮਰੀ ਅਧਿਆਪਕ ਦੀ ਸਭ ਤੋਂ ਵੱਡੀ ਉਪਲੱਬਧੀ ਇਹ ਨਹੀਂ ਕਿ ਉਸ ਦੇ ਵਿਦਿਆਰਥੀ ਸੌ ਵਿੱਚੋਂ ਸੌ ਅੰਕ ਲੈ ਆਉਣ। ਅਸਲ ਉਪਲੱਬਧੀ ਤਾਂ ਉਹ ਹੈ ਜਦੋਂ ਕੋਈ ਡਰਿਆ ਹੋਇਆ ਬੱਚਾ ਆਤਮ-ਵਿਸ਼ਵਾਸ ਨਾਲ ਬੋਲਣਾ ਸਿੱਖ ਜਾਵੇ, ਜਦੋਂ ਕੋਈ ਬੱਚਾ ਆਪਣੀ ਖ਼ੁਸ਼ੀ ਦੂਜਿਆਂ ਨਾਲ ਸਾਂਝੀ ਕਰੇ, ਜਦੋਂ ਉਹ ਆਪਣੇ ਸਕੂਲ ਨੂੰ ਆਪਣਾ ਘਰ ਸਮਝ ਕੇ ਉਸ ਦੀ ਸੰਭਾਲ ਕਰੇ ਤੇ ਜਦੋਂ ਉਸ ਦੇ ਚਿਹਰੇ ’ਤੇ ਖਿੜੀ ਮੁਸਕਾਨ ਦੱਸੇ ਕਿ ਉਹ ਸਕੂਲ ਆ ਕੇ ਖ਼ੁਸ਼ ਹੈ।
ਆਓ ਅਸੀਂ ਅਜਿਹੇ ਸਕੂਲ ਬਣਾਈਏ, ਜਿੱਥੇ ਬੱਚਿਆਂ ਦਾ ਹਾਸਾ ਸਭ ਤੋਂ ਵੱਡੀ ਪ੍ਰਾਪਤੀ ਹੋਵੇ, ਜਿੱਥੇ ਡਰ ਦੀ ਥਾਂ ਭਰੋਸਾ ਹੋਵੇ, ਤੁਲਨਾ ਦੀ ਥਾਂ ਪ੍ਰੇਰਣਾ ਹੋਵੇ ਤੇ ਅੰਕਾਂ ਤੋਂ ਪਹਿਲਾਂ ਇਨਸਾਨੀਅਤ ਨੂੰ ਮਹੱਤਵ ਦਿੱਤਾ ਜਾਵੇ। ਜਦੋਂ ਬੱਚੇ ਖ਼ੁਸ਼ ਹੋ ਕੇ ਸਿੱਖਦੇ ਹਨ, ਉਦੋਂ ਹੀ ਸਿੱਖਿਆ ਆਪਣੇ ਅਸਲ ਮਕਸਦ ਨੂੰ ਪੂਰਾ ਕਰਦੀ ਹੈ। ਇਕ ਅਧਿਆਪਕਾ ਵਜੋਂ ਮੇਰੇ ਲਈ ਹਰ ਉਹ ਮੁਸਕਾਨ, ਜੋ ਕਿਸੇ ਬੱਚੇ ਦੇ ਚਿਹਰੇ ’ਤੇ ਮੇਰੇ ਕਾਰਨ ਖਿੜਦੀ ਹੈ, ਕਿਸੇ ਵੀ ਸਨਮਾਨ ਜਾਂ ਇਨਾਮ ਨਾਲੋਂ ਕਿਤੇ ਵੱਧ ਕੀਮਤੀ ਹੈ।
- ਸਤਿੰਦਰ ਦੀਪ ਕੌਰ