- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੱਜ ਦਾ ਯੁੱਗ ਵਿਗਿਆਨ ਤੇ ਤਕਨਾਲੋਜੀ ਦਾ ਯੁੱਗ ਹੈ। ਮੋਬਾਈਲ ਮਨੁੱਖੀ ਜੀਵਨ ਦਾ ਅਹਿਮ ਹਿੱਸਾ ਬਣ ਚੁੱਕਿਆ ਹੈ। ਇਸ ਨੇ ਸੰਚਾਰ, ਸਿੱਖਿਆ, ਬੈਂਕਿੰਗ, ਵਪਾਰ ਤੇ ਮਨੋਰੰਜਨ ਦੇ ਖੇਤਰ ਵਿਚ ਕ੍ਰਾਂਤੀ ਲਿਆ ਦਿੱਤੀ ਹੈ ਪਰ ਜਿੱਥੇ ਮੋਬਾਇਲ ਦੀ ਸਹੀ ਵਰਤੋਂ ਬਹੁਤ ਲਾਭਦਾਇਕ ਹੈ, ਉੱਥੇ ਇਸ ਦੀ ਜ਼ਿਆਦਾ ਵਰਤੋਂ ਖ਼ਾਸ ਕਰਕੇ ਬੱਚਿਆਂ ਲਈ ਚਿੰਤਾ ਦਾ ਵਿਸ਼ਾ ਬਣ ਗਈ ਹੈ।

ਅੱਜ ਦਾ ਯੁੱਗ ਵਿਗਿਆਨ ਤੇ ਤਕਨਾਲੋਜੀ ਦਾ ਯੁੱਗ ਹੈ। ਮੋਬਾਈਲ ਮਨੁੱਖੀ ਜੀਵਨ ਦਾ ਅਹਿਮ ਹਿੱਸਾ ਬਣ ਚੁੱਕਿਆ ਹੈ। ਇਸ ਨੇ ਸੰਚਾਰ, ਸਿੱਖਿਆ, ਬੈਂਕਿੰਗ, ਵਪਾਰ ਤੇ ਮਨੋਰੰਜਨ ਦੇ ਖੇਤਰ ਵਿਚ ਕ੍ਰਾਂਤੀ ਲਿਆ ਦਿੱਤੀ ਹੈ ਪਰ ਜਿੱਥੇ ਮੋਬਾਇਲ ਦੀ ਸਹੀ ਵਰਤੋਂ ਬਹੁਤ ਲਾਭਦਾਇਕ ਹੈ, ਉੱਥੇ ਇਸ ਦੀ ਜ਼ਿਆਦਾ ਵਰਤੋਂ ਖ਼ਾਸ ਕਰਕੇ ਬੱਚਿਆਂ ਲਈ ਚਿੰਤਾ ਦਾ ਵਿਸ਼ਾ ਬਣ ਗਈ ਹੈ। ਅੱਜ ਬਹੁਤ ਸਾਰੇ ਬੱਚੇ ਆਪਣਾ ਵਧੇਰੇ ਸਮਾਂ ਮੋਬਾਈਲ ’ਤੇ ਗੇਮਾਂ ਖੇਡਣ, ਵੀਡੀਓ ਦੇਖਣ ਜਾਂ ਸੋਸ਼ਲ ਮੀਡੀਆ ਵਰਤਣ ਵਿਚ ਬਿਤਾਉਂਦੇ ਹਨ। ਇਸ ਦਾ ਸਿੱਧਾ ਪ੍ਰਭਾਵ ਉਨ੍ਹਾਂ ਦੀ ਪੜ੍ਹਾਈ, ਸਿਹਤ ਤੇ ਵਿਹਾਰ ’ਤੇ ਪੈਂਦਾ ਹੈ। ਜੇ ਅਸੀਂ ਚਾਹੁੰਦੇ ਹਾਂ ਕਿ ਬੱਚੇ ਭਵਿੱਖ ਵਿਚ ਮੋਬਾਈਲ ਦੇ ਮਾਰੂ ਪ੍ਰਭਾਵ ਤੋਂ ਬਚਣ ਤਾਂ ਸਿਰਫ਼ ਬੱਚੇ ਨੂੰ ਮੋਬਾਈਲ ਤੋਂ ਇਕਦਮ ਪਾਸੇ ਕਰ ਦੇਣਾ ਹੀ ਠੀਕ ਹੱਲ ਨਹੀਂ ਹੈ। ਇਸ ਦੀ ਬਜਾਏ ਸਾਨੂੰ ਪੜ੍ਹਾਈ ਨੂੰ ਇੰਨੀ ਰੌਚਕ ਤੇ ਮਨੋਰੰਜਕ ਬਣਾਉਣਾ ਪਵੇਗਾ ਕਿ ਬੱਚਿਆਂ ਦਾ ਧਿਆਨ ਆਪਣੇ ਆਪ ਸਿੱਖਣ ਪ੍ਰਕਿਰਿਆ ਵੱਲ ਖਿੱਚਿਆ ਜਾਵੇ।
ਮਾਪਿਆਂ ਦੀ ਜ਼ਿੰਮੇਵਾਰੀ
ਬੱਚਿਆਂ ਦੀਆਂ ਆਦਤਾਂ ਬਣਾਉਣ ’ਚ ਮਾਪਿਆਂ ਦੀ ਸਭ ਤੋਂ ਵੱਧ ਭੂਮਿਕਾ ਹੁੰਦੀ ਹੈ। ਜੇ ਮਾਪੇ ਆਪ ਹਰ ਵੇਲੇ ਮੋਬਾਈਲ ’ਚ ਰੁੱਝੇ ਰਹਿਣਗੇ ਤਾਂ ਬੱਚੇ ਵੀ ਉਹੀ ਸਿੱਖਣਗੇ। ਇਸ ਲਈ ਮਾਪਿਆਂ ਨੂੰ ਘਰ ਵਿਚ ਮੋਬਾਈਲ ਦੀ ਵਰਤੋਂ ਲਈ ਨਿਯਮ ਬਣਾਉਣੇ ਚਾਹੀਦੇ ਹਨ। ਖਾਣੇ ਵੇਲੇ, ਪੜ੍ਹਾਈ ਵੇਲੇ ਅਤੇ ਪਰਿਵਾਰ ਨਾਲ ਬੈਠਣ ਵੇਲੇ ਮੋਬਾਈਲ ਦੀ ਵਰਤੋਂ ਤੋਂ ਬਚਣਾ ਚਾਹੀਦਾ ਹੈ। ਮਾਪਿਆਂ ਨੂੰ ਬੱਚਿਆਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ, ਕਹਾਣੀਆਂ ਸੁਣਾਉਣੀਆਂ ਚਾਹੀਦੀਆਂ ਹਨ, ਉਨ੍ਹਾਂ ਨਾਲ ਖੇਡਣਾ ਚਾਹੀਦਾ ਹੈ ਤੇ ਕਿਤਾਬਾਂ ਪੜ੍ਹਨ ਦੀ ਆਦਤ ਪੈਦਾ ਕਰਨੀ ਚਾਹੀਦੀ ਹੈ। ਜਦੋਂ ਬੱਚਿਆਂ ਨੂੰ ਘਰ ਵਿਚ ਪਿਆਰ, ਸਮਾਂ ਅਤੇ ਸਹੀ ਮਾਰਗ-ਦਰਸ਼ਨ ਮਿਲੇਗਾ ਤਾਂ ਉਹ ਮੋਬਾਈਲ ਵੱਲ ਘੱਟ ਆਕਰਸ਼ਿਤ ਹੋਣਗੇ।
ਅਧਿਆਪਕਾਂ ਦੀ ਭੂਮਿਕਾ
ਸਕੂਲ ਬੱਚਿਆਂ ਦੇ ਸਰਬਪੱਖੀ ਵਿਕਾਸ ਦਾ ਕੇਂਦਰ ਹੁੰਦਾ ਹੈ। ਅਧਿਆਪਕਾਂ ਨੂੰ ਅਜਿਹਾ ਮਾਹੌਲ ਤਿਆਰ ਕਰਨਾ ਚਾਹੀਦਾ ਹੈ, ਜਿੱਥੇ ਬੱਚੇ ਖ਼ੁਸ਼ੀ-ਖ਼ੁਸ਼ੀ ਸਿੱਖਣ। ਜੇ ਪੜ੍ਹਾਈ ਸਿਰਫ਼ ਕਿਤਾਬਾਂ ਤੱਕ ਸੀਮਤ ਰਹੇਗੀ ਤਾਂ ਬੱਚਿਆਂ ਦੀ ਦਿਲਚਸਪੀ ਘੱਟ ਰਹੇਗੀ। ਅਧਿਆਪਕਾਂ ਨੂੰ ਗਤੀਵਿਧੀ-ਆਧਾਰਿਤ ਸਿੱਖਿਆ, ਸਮੂਹ ਕਾਰਜ, ਪ੍ਰਯੋਗ, ਚਿੱਤਰ, ਚਾਰਟ, ਕਹਾਣੀਆਂ, ਗੀਤ, ਨਾਟਕ ਤੇ ਖੇਡਾਂ ਰਾਹੀਂ ਪੜ੍ਹਾਉਣਾ ਚਾਹੀਦਾ ਹੈ। ਜਦੋਂ ਬੱਚੇ ਖੇਡ-ਖੇਡ ਵਿਚ ਸਿੱਖਦੇ ਹਨ ਤਾਂ ਉਹ ਪਾਠ ਨੂੰ ਲੰਬੇ ਸਮੇਂ ਤੱਕ ਯਾਦ ਰੱਖਦੇ ਹਨ।
ਪੜ੍ਹਾਈ ਨੂੰ ਰੌਚਕ ਕਿਵੇਂ ਬਣਾਇਆ ਜਾਵੇ
ਬੱਚਿਆਂ ਦੀ ਉਮਰ ਤੇ ਰੁਚੀ ਅਨੁਸਾਰ ਪੜ੍ਹਾਉਣ ਦੀਆਂ ਵਿਧੀਆਂ ਬਦਲਣੀਆਂ ਚਾਹੀਦੀਆਂ ਹਨ। ਛੋਟੇ ਬੱਚਿਆਂ ਨੂੰ ਰੰਗ-ਬਿਰੰਗੀਆਂ ਤਸਵੀਰਾਂ, ਕਹਾਣੀਆਂ, ਗੀਤਾਂ ਤੇ ਖਿਡੌਣਿਆਂ ਰਾਹੀਂ ਸਿੱਖਿਆ ਦਿੱਤੀ ਜਾ ਸਕਦੀ ਹੈ। ਗਣਿਤ ਨੂੰ ਖੇਡਾਂ ਤੇ ਗਤੀਵਿਧੀਆਂ ਨਾਲ, ਭਾਸ਼ਾ ਨੂੰ ਕਹਾਣੀਆਂ ਤੇ ਕਵਿਤਾਵਾਂ ਨਾਲ ਅਤੇ ਵਿਗਿਆਨ ਨੂੰ ਛੋਟੇ-ਛੋਟੇ ਪ੍ਰਯੋਗਾਂ ਨਾਲ ਪੜ੍ਹਾਇਆ ਜਾ ਸਕਦਾ ਹੈ। ਸਕੂਲਾਂ ਵਿਚ ਲਾਇਬ੍ਰੇਰੀ, ਸਾਇੰਸ ਪਾਰਕ, ਗਣਿਤ ਪਾਰਕ ਤੇ ਪੰਜਾਬੀ ਭਾਸ਼ਾ ਅਤੇ ਸੁੰਦਰ ਲਿਖਾਈ ਪਾਰਕ ਆਦਿ ਤਿਆਰ ਕੀਤੇ ਜਾਣ, ਤਾਂ ਜੋ ਬੱਚੇ ਵਿਸ਼ੇ ਵਾਈਜ਼ ਵਿਹਾਰਕ ਸਿੱਖਿਆ ਗ੍ਰਹਿਣ ਕਰ ਸਕਣ। ਬੱਚਿਆਂ ਨੂੰ ਚਿੱਤਰਕਲਾ, ਲੇਖ ਲਿਖਣ, ਭਾਸ਼ਣ, ਕਵਿਤਾ, ਨਾਟਕ ਤੇ ਸੱਭਿਆਚਾਰਕ ਗਤੀਵਿਧੀਆਂ ਵਿਚ ਭਾਗ ਲੈਣ ਦੇ ਵੀ ਬਾਰਬਰ ਮੌਕੇ ਦਿੱਤੇ ਜਾਣੇ ਚਾਹੀਦੇ ਹਨ।
ਪੜ੍ਹਨ ਦੀ ਆਦਤ ਕਰੋ ਵਿਕਸਿਤ
ਕਿਤਾਬਾਂ ਮਨੁੱਖ ਦੀਆਂ ਸਭ ਤੋਂ ਵਧੀਆ ਮਿੱਤਰ ਹੁੰਦੀਆਂ ਹਨ। ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਕਹਾਣੀਆਂ, ਬਾਲ ਸਾਹਿਤ, ਪ੍ਰੇਰਨਾਦਾਇਕ ਜੀਵਨੀਆਂ ਤੇ ਗਿਆਨਵਰਧਕ ਪੁਸਤਕਾਂ ਪੜ੍ਹਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਰੋਜ਼ਾਨਾ ਕੁਝ ਸਮਾਂ ਪੜ੍ਹਨ ਲਈ ਨਿਰਧਾਰਤ ਕੀਤਾ ਜਾਵੇ। ਇਸ ਨਾਲ ਭਾਸ਼ਾ, ਕਲਪਨਾ-ਸ਼ਕਤੀ ਤੇ ਸੋਚਣ ਦੀ ਸਮਰੱਥਾ ’ਚ ਵਾਧਾ ਹੁੰਦਾ ਹੈ।
ਸਮੇਂ ਦੀ ਸਹੀ ਯੋਜਨਾ
ਬੱਚਿਆਂ ਲਈ ਇਕ ਸੰਤੁਲਿਤ ਸਮਾਂ-ਸਾਰਣੀ ਬਣਾਈ ਜਾਵੇ, ਜਿਸ ਵਿਚ ਪੜ੍ਹਾਈ, ਖੇਡ, ਆਰਾਮ, ਪਰਿਵਾਰ ਤੇ ਮਨੋਰੰਜਨ ਲਈ ਵੱਖ-ਵੱਖ ਸਮਾਂ ਹੋਵੇ। ਜੇ ਮੋਬਾਈਲ ਦੀ ਲੋੜ ਪਵੇ ਤਾਂ ਉਸ ਦੀ ਵਰਤੋਂ ਵੀ ਸੀਮਤ ਤੇ ਨਿਗਰਾਨੀ ਹੇਠ ਹੋਣੀ ਚਾਹੀਦੀ ਹੈ।
ਇਨਾਮ ਤੇ ਹੌਸਲਾ-ਅਫ਼ਜ਼ਾਈ
ਜਦੋਂ ਬੱਚੇ ਮੋਬਾਈਲ ਦੀ ਬਜਾਏ ਪੜ੍ਹਾਈ, ਕਿਤਾਬਾਂ ਜਾਂ ਰਚਨਾਤਮਿਕ ਗਤੀਵਿਧੀਆਂ ਵਿਚ ਦਿਲਚਸਪੀ ਲੈਣ, ਤਾਂ ਉਨ੍ਹਾਂ ਦੀ ਸ਼ਲਾਘਾ ਕੀਤੀ ਜਾਵੇ। ਛੋਟੇ-ਛੋਟੇ ਇਨਾਮ, ਸਰਟੀਫਿਕੇਟ ਜਾਂ ਪ੍ਰਸ਼ੰਸਾ ਦੇ ਸ਼ਬਦ ਬੱਚਿਆਂ ’ਚ ਨਵਾਂ ਉਤਸ਼ਾਹ ਪੈਦਾ ਕਰਦੇ ਹਨ।
ਤਕਨਾਲੋਜੀ ਦੀ ਸੰਤੁਲਿਤ ਵਰਤੋਂ
ਮੋਬਾਈਲ ਨੂੰ ਪੂਰੀ ਤਰ੍ਹਾਂ ਗ਼ਲਤ ਨਹੀਂ ਕਿਹਾ ਜਾ ਸਕਦਾ। ਇਸ ਦੀ ਵਰਤੋਂ ਸਿੱਖਿਆ ਲਈ ਵੀ ਕੀਤੀ ਜਾ ਸਕਦੀ ਹੈ। ਲੋੜ ਅਨੁਸਾਰ ਸਿੱਖਿਆ ਸਬੰਧੀ ਵੀਡੀਓ, ਸ਼ਬਦਕੋਸ਼, ਵਿਗਿਆਨਕ ਜਾਣਕਾਰੀ ਤੇ ਈ-ਪੁਸਤਕਾਂ ਦੀ ਵਰਤੋਂ ਅਧਿਆਪਕਾਂ ਅਤੇ ਮਾਪਿਆਂ ਦੀ ਨਿਗਰਾਨੀ ਹੇਠ ਕਰਵਾਈ ਜਾ ਸਕਦੀ ਹੈ। ਮਕਸਦ ਇਹ ਹੋਣਾ ਚਾਹੀਦਾ ਹੈ ਕਿ ਮੋਬਾਇਲ ਸਿੱਖਣ ਦਾ ਸਾਧਨ ਬਣੇ, ਸਮਾਂ ਬਰਬਾਦ ਕਰਨ ਦਾ ਨਹੀਂ।
ਸੋ ਬੱਚੇ ਦੇਸ਼ ਦਾ ਭਵਿੱਖ ਹਨ। ਜੇ ਅਸੀਂ ਉਨ੍ਹਾਂ ਨੂੰ ਮੋਬਾਇਲ ਦੀ ਲਤ ਤੋਂ ਬਚਾਉਣਾ ਚਾਹੁੰਦੇ ਹਾਂ ਤਾਂ ਉਨ੍ਹਾਂ ਨੂੰ ਡਾਂਟਣ ਜਾਂ ਸਜ਼ਾ ਦੇਣ ਦੀ ਬਜਾਏ ਪਿਆਰ, ਸਮਝ ਅਤੇ ਰਚਨਾਤਮਕ ਮਾਹੌਲ ਦੇਣਾ ਹੋਵੇਗਾ। ਮਾਪੇ, ਅਧਿਆਪਕ ਅਤੇ ਸਮਾਜ ਮਿਲ ਕੇ ਅਜਿਹਾ ਵਾਤਾਵਰਣ ਬਣਾਉਣ, ਜਿਸ ਵਿਚ ਪੜ੍ਹਾਈ ਇਕ ਬੋਝ ਨਹੀਂ,ਸਗੋਂ ਖ਼ੁਸ਼ੀ ਤੇ ਖੋਜ ਦਾ ਸਫ਼ਰ ਬਣੇ। ਜਦੋਂ ਸਿੱਖਿਆ ਰੌਚਕ, ਪ੍ਰਯੋਗਾਤਮਕ ਤੇ ਬੱਚਿਆਂ ਦੀ ਰੁਚੀ ਅਨੁਸਾਰ ਹੋਵੇਗੀ ਤਾਂ ਉਹ ਆਪਣੇ ਆਪ ਮੋਬਾਇਲ ਤੋਂ ਦੂਰ ਹੋ ਕੇ ਗਿਆਨ, ਸੰਸਕਾਰ ਤੇ ਰਚਨਾਤਮਿਕਤਾ ਵੱਲ ਅੱਗੇ ਵਧਣਗੇ। ਇਹੀ ਸਾਡੇ ਬੱਚਿਆਂ ਦੇ ਸੁਨਹਿਰੇ ਭਵਿੱਖ ਤੇ ਸਮਾਜ ਦੀ ਤਰੱਕੀ ਦੀ ਕੁੰਜੀ ਹੈ।
- ਬੇਅੰਤ ਸਿੰਘ ਮਲੂਕਾ