
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਆਪਣੇ ਆਪ ਨੂੰ ਗੁਆ ਕੇ ਕਿਸੇ ਨੂੰ ਪਾਉਣਾ ਕੋਈ ਪ੍ਰਾਪਤੀ ਨਹੀਂ। ਜੇ ਕਿਸੇ ਰਿਸ਼ਤੇ ਨੂੰ ਬਚਾਉਣ ਲਈ ਸਾਨੂੰ ਆਪਣੀ ਖ਼ੁਸ਼ੀ, ਆਪਣਾ ਸਵੈ-ਮਾਣ ਤੇ ਆਪਣੀ ਮਾਨਸਿਕ ਸ਼ਾਂਤੀ ਗੁਆਉਣੀ ਪਵੇ ਤਾਂ ਫਿਰ ਉਸ ਰਿਸ਼ਤੇ ਬਾਰੇ ਸੋਚਣਾ ਜ਼ਰੂਰੀ ਬਣ ਜਾਂਦਾ ਹੈ। ਸੋ ਬੇਕਦਰੇ ਲੋਕਾਂ ਦੀ ਪਰਵਾਹ ਵਿਚ ਆਪਣਾ ਆਪ ਨਾ ਗੁਆਓ।

ਕਈ ਵਾਰ ਜ਼ਿੰਦਗੀ ’ਚ ਸਭ ਤੋਂ ਵੱਡੀ ਥਕਾਵਟ ਕੰਮਕਾਰ ਦੀ ਨਹੀਂ ਹੁੰਦੀ,ਸਗੋਂ ਉਨ੍ਹਾਂ ਲੋਕਾਂ ਦੀ ਬੇਰੁਖ਼ੀ ਦੀ ਹੁੰਦੀ ਹੈ, ਜਿਨ੍ਹਾਂ ਨੂੰ ਅਸੀਂ ਦਿਲੋਂ ਆਪਣਾ ਮੰਨ ਕੇ ਉਨ੍ਹਾਂ ਦੀ ਖ਼ੁਸ਼ੀ ’ਚ ਖ਼ੁਸ਼ ਤੇ ਗ਼ਮੀ ’ਚ ਦੁਖੀ ਹੁੰਦੇ ਹਾਂ ਪਰ ਉਨ੍ਹਾਂ ਨੂੰ ਸਾਡੀ ਭੋਰਾ ਪਰਵਾਹ ਹੀ ਨਹੀਂ ਹੁੰਦੀ। ਅਸੀਂ ਅਕਸਰ ਉਨ੍ਹਾਂ ਦੀ ਖ਼ਮੋਸ਼ੀ , ਬੇਰੁਖ਼ੀ ਜਾਂ ਅਪਸ਼ਬਦ ਭਰੀ ਬੋਲ-ਬਾਣੀ ਦੇ ਅਰਥ ਆਪਣੇ ਅੰਦਰ ਲੱਭਦੇ ਰਹਿੰਦੇ ਹਾਂ ਤੇ ਉਨ੍ਹਾਂ ਦੀ ਨਾਰਾਜ਼ਗੀ ਦੂਰ ਕਰਨ ਲਈ ਖ਼ੁਦ ਨੂੰ ਵਾਰ-ਵਾਰ ਬਦਲਣ ਦੀ ਕੋਸ਼ਿਸ਼ ਕਰਦੇ ਹਾਂ। ਇਸ ਸਾਰੀ ਕੋਸ਼ਿਸ਼ ’ਚ ਹੌਲੀ-ਹੌਲੀ ਅਸੀਂ ਆਪਣੇ ਆਪ ਤੋਂ ਹੀ ਦੂਰ ਹੁੰਦੇ ਜਾਂਦੇ ਹਾਂ।
ਅਜੀਬ ਗੱਲ ਹੈ ਕਿ ਜਿਨ੍ਹਾਂ ਦੀ ਕਦਰ ਸਾਡੇ ਦਿਲ ’ਚ ਸਭ ਤੋਂ ਵੱਧ ਹੁੰਦੀ ਹੈ, ਕਈ ਵਾਰ ਉਨ੍ਹਾਂ ਦੀ ਨਜ਼ਰ ਵਿਚ ਸਾਡੀ ਕੋਈ ਖ਼ਾਸ ਥਾਂ ਨਹੀਂ ਹੁੰਦੀ। ਫਿਰ ਵੀ ਅਸੀਂ ਉਨ੍ਹਾਂ ਦੀ ਇਕ ਨਿਗ੍ਹਾ, ਬੋਲ ਜਾਂ ਸੁਨੇਹੇ ਦੀ ਉਡੀਕ ਕਰਦੇ ਰਹਿੰਦੇ ਹਾਂ। ਉਨ੍ਹਾਂ ਦੀ ਖ਼ੁਸ਼ੀ ਨੂੰ ਆਪਣੀ ਖ਼ੁਸ਼ੀ ਤੇ ਉਨ੍ਹਾਂ ਦੀ ਬੇਰੁਖ਼ੀ ਨੂੰ ਆਪਣੀ ਕਮੀ ਸਮਝ ਲੈਂਦੇ ਹਾਂ। ਇਹੀ ਉਹ ਪਲ ਹੁੰਦਾ ਹੈ, ਜਦੋਂ ਅਸੀਂ ਆਪਣੀਆਂ ਭਾਵਨਾਵਾਂ ਦੀ ਡੋਰ ਕਿਸੇ ਹੋਰ ਦੇ ਹੱਥ ਵਿਚ ਦੇ ਦਿੰਦੇ ਹਾਂ। ਹਰ ਕਿਸੇ ਦੀ ਪਰਵਾਹ ਕਰਨਾ ਚੰਗੀ ਗੱਲ ਹੈ ਪਰ ਆਪਣੀ ਸ਼ਾਂਤੀ ਦੀ ਕੀਮਤ ’ਤੇ ਨਹੀਂ। ਕਿਸੇ ਵੀ ਰਿਸ਼ਤੇ ਨੂੰ ਇੱਜ਼ਤ, ਪਿਆਰ ਜਾਂ ਉਸ ਦੀ ਪਰਵਾਹ ਕਰਨਾ ਵਡੱਪਣ ਹੈ ਪਰ ਆਪਣੀ ਸਵੈ-ਕਦਰ ਗੁਆ ਕੇ ਨਹੀਂ। ਰਿਸ਼ਤਿਆਂ ਨੂੰ ਨਿਭਾਉਣਾ ਜ਼ਰੂਰੀ ਹੈ ਪਰ ਇਕੱਲੇ ਹੀ ਰਿਸ਼ਤਾ ਢੋਣਾ ਆਪਣੇ ਆਪ ਨਾਲ ਬੇਇਨਸਾਫ਼ੀ ਬਣ ਜਾਂਦਾ ਹੈ।
ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਹਰ ਵਿਅਕਤੀ ਸਾਡੀ ਕਦਰ ਨਹੀਂ ਕਰੇਗਾ। ਹਰ ਕੋਈ ਸਾਡੀ ਸੱਚਾਈ ਨਹੀਂ ਸਮਝੇਗਾ। ਹਰ ਕੋਈ ਸਾਡੇ ਦਿੱਤੇ ਪਿਆਰ ਦਾ ਜਵਾਬ ਪਿਆਰ ਨਾਲ ਨਹੀਂ ਦੇਵੇਗਾ। ਇਹ ਜ਼ਰੂਰੀ ਵੀ ਨਹੀਂ ਕਿ ਕਿਸੇ ਦੀ ਬੇਕਦਰੀ ਸਾਡੀ ਕਮੀ ਹੋਵੇ ਸਗੋਂ ਕਈ ਵਾਰ ਸਾਹਮਣੇ ਵਾਲੇ ਕੋਲ ਕਦਰ ਕਰਨ ਦੀ ਸਮਰੱਥਾ ਹੀ ਨਹੀਂ ਹੁੰਦੀ। ਅਸੀਂ ਅਕਸਰ ਹੋਰਾਂ ਨੂੰ ਖ਼ੁਸ਼ ਰੱਖਣ ਦੀ ਕੋਸ਼ਿਸ਼ ’ਚ ਆਪਣੇ ਮਨ ਦੀ ਆਵਾਜ਼ ਨੂੰ ਦਬਾ ਦਿੰਦੇ ਹਾਂ। ‘ਉਹ ਕੀ ਸੋਚਣਗੇ’, ਦਾ ਡਰ ਸਾਨੂੰ ਖ਼ੁਦ ਤੋਂ ਦੂਰ ਕਰ ਦਿੰਦਾ ਹੈ। ‘ਉਹ ਨਾਰਾਜ਼ ਨਾ ਹੋ ਜਾਣ’ ਦੀ ਚਿੰਤਾ ਸਾਨੂੰ ਆਪਣੀ ਗੱਲ ਕਹਿਣ ਤੋਂ ਰੋਕਦੀ ਹੈ। ‘ਕਿਤੇ ਰਿਸ਼ਤਾ ਨਾ ਟੁੱਟ ਜਾਵੇ’ ਦੇ ਡਰ ਵਿਚ ਅਸੀਂ ਕਈ ਵਾਰ ਆਪਣੇ ਅੰਦਰ ਬਹੁਤ ਕੁਝ ਤੋੜ ਲੈਂਦੇ ਹਾਂ। ਪਰ ਹਰ ਰਿਸ਼ਤਾ ਬਚਾਉਣਾ ਸਾਡੀ ਜ਼ਿੰਮੇਵਾਰੀ ਨਹੀਂ ਹੁੰਦੀ। ਕੁਝ ਰਿਸ਼ਤੇ ਸਾਨੂੰ ਜੋੜਨ ਦੀ ਬਜਾਏ ਅੰਦਰੋਂ ਖ਼ਾਲੀ ਕਰਦੇ ਜਾਂਦੇ ਹਨ। ਅਜਿਹੇ ਰਿਸ਼ਤਿਆਂ ਤੋਂ ਭਾਵਨਾਤਮਿਕ ਦੂਰੀ ਬਣਾਉਣਾ ਬੇਰੁਖ਼ੀ ਨਹੀਂ ਸਗੋਂ ਆਪਣੇ ਆਪ ਦੀ ਸੰਭਾਲ ਹੈ।
ਕਈ ਵਾਰ ਸਾਨੂੰ ਆਪਣੇ ਆਪ ਨੂੰ ਇਹ ਕਹਿਣਾ ਪੈਂਦਾ ਹੈ,‘ਜਿਸ ਨੂੰ ਮੇਰੀ ਕਦਰ ਨਹੀਂ, ਉਸ ਦੀ ਨਜ਼ਰ ’ਚ ਆਪਣੀ ਕਦਰ ਸਾਬਿਤ ਕਰਨ ਦੀ ਮੈਨੂੰ ਲੋੜ ਨਹੀਂ ਹੈ।’ ਇਹ ਵਾਕ ਸੁਣਨ ’ਚ ਸੌਖਾ ਹੈ ਪਰ ਇਸ ਨੂੰ ਜੀਵਨ ਵਚ ਉਤਾਰਨਾ ਬਹੁਤ ਔਖਾ ਹੁੰਦਾ ਹੈ ਕਿਉਂਕਿ ਅਸੀਂ ਇਨਸਾਨ ਹਾਂ, ਸਾਨੂੰ ਪਿਆਰ ’ਚ ਸਤਿਕਾਰ ਤੇ ਆਪਣਾਪਣ ਚਾਹੀਦਾ ਹੈ ਪਰ ਇਹ ਵੀ ਸੱਚ ਹੈ ਕਿ ਜਿੱਥੇ ਇਹ ਚੀਜ਼ਾਂ ਜ਼ਬਰਦਸਤੀ ਮੰਗਣੀਆਂ ਪੈਣ, ਉੱਥੇ ਥੋੜ੍ਹਾ ਰੁਕ ਕੇ ਆਪਣੇ ਆਪ ਨੂੰ ਪੁੱਛਣਾ ਚਾਹੀਦਾ ਹੈ, ‘ਕੀ ਮੈਂ ਸੱਚਮੁੱਚ ਇਸ ਰਿਸ਼ਤੇ ਵਿਚ ਖ਼ੁਸ਼ ਹਾਂ’? ਜ਼ਿੰਦਗੀ ’ਚ ਇਕ ਪੜਾਅ ਅਜਿਹਾ ਵੀ ਆਉਣਾ ਚਾਹੀਦਾ ਹੈ, ਜਦੋਂ ਅਸੀਂ ਹਰ ਕਿਸੇ ਨੂੰ ਸਮਝਾਉਣਾ ਛੱਡ ਦੇਈਏ, ਹਰ ਗ਼ਲਤਫ਼ਹਿਮੀ ਦੂਰ ਕਰਨ ਦੀ ਕੋਸ਼ਿਸ਼ ਛੱਡ ਦੇਈਏ ਤੇ ਹਰ ਬੇਰੁਖ਼ੀ ਦਾ ਜਵਾਬ ਲੱਭਣਾ ਛੱਡ ਦੇਈਏ। ਕਈ ਵਾਰ ਚੁੱਪ ਵੀ ਇਕ ਜਵਾਬ ਹੁੰਦੀ ਹੈ ਤੇ ਦੂਰੀ ਵੀ ਇਕ ਹੱਦ ਹੁੰਦੀ ਹੈ।
ਆਪਣੇ ਆਪ ਨੂੰ ਗੁਆ ਕੇ ਕਿਸੇ ਨੂੰ ਪਾਉਣਾ ਕੋਈ ਪ੍ਰਾਪਤੀ ਨਹੀਂ। ਜੇ ਕਿਸੇ ਰਿਸ਼ਤੇ ਨੂੰ ਬਚਾਉਣ ਲਈ ਸਾਨੂੰ ਆਪਣੀ ਖ਼ੁਸ਼ੀ, ਆਪਣਾ ਸਵੈ-ਮਾਣ ਤੇ ਆਪਣੀ ਮਾਨਸਿਕ ਸ਼ਾਂਤੀ ਗੁਆਉਣੀ ਪਵੇ ਤਾਂ ਫਿਰ ਉਸ ਰਿਸ਼ਤੇ ਬਾਰੇ ਸੋਚਣਾ ਜ਼ਰੂਰੀ ਬਣ ਜਾਂਦਾ ਹੈ। ਸੋ ਬੇਕਦਰੇ ਲੋਕਾਂ ਦੀ ਪਰਵਾਹ ਵਿਚ ਆਪਣਾ ਆਪ ਨਾ ਗੁਆਓ। ਜਿੱਥੇ ਤੁਹਾਡੀ ਕਦਰ ਨਹੀਂ ਹੁੰਦੀ, ਉੱਥੇ ਆਪਣੀ ਕਦਰ ਸਾਬਿਤ ਕਰਨ ਦੀ ਬਜਾਏ ਆਪਣੇ ਆਪ ਵੱਲ ਮੁੜ ਆਓ ਕਿਉਂਕਿ ਹੋਰਾਂ ਦੀ ਬੇਰੁਖ਼ੀ ਤੋਂ ਮੁਕਤ ਹੋ ਕੇ ਆਪਣੇ ਮਨ ਦੀ ਸ਼ਾਂਤੀ ਨੂੰ ਚੁਣ ਲੈਣਾ ਮਾਨਸਿਕ ਤੰਦਰੁਸਤੀ ਦਾ ਬਹੁਤ ਖ਼ੂਬਸੂਰਤ ਰੂਪ ਹੈ।
- ਪਰਮਿੰਦਰ ਕੌਰ ਕਲੇਰ