- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੀ ਤੁਹਾਨੂੰ ਕਦੇ ਅਜਿਹਾ ਲੱਗਿਆ ਹੈ ਕਿ ਜਦੋਂ ਵੀ ਤੁਸੀਂ ਇਤਿਹਾਸ ਦੀਆਂ ਤਰੀਕਾਂ ਜਾ ਹਿਸਾਬ ਦੇ ਫਾਰਮੂਲੇ ਯਾਦ ਕਰਨ ਬੈਠਦੇ ਹੋ, ਤਾਂ ਤੁਹਾਨੂੰ ਨੀਂਦ ਆਉਣ ਲੱਗਦੀ ਹੈ ਜਾਂ ਦਿਮਾਗ਼ ਵਿਚ ਘੁੰਮ ਰਹੇ ਕਾਰਟੂਨ ਕ੍ਰੈਕਟਰਜ਼ ਤੁਹਾਡਾ ਧਿਆਨ ਭਟਕਾ ਦਿੰਦੇ ਹਨ। ਜੇ ਅਜਿਹਾ ਹੁੰਦਾ ਹੈ ਤਾਂ ਬਿਲਕੁਲ ਨਾ ਘਬਰਾਓ। ਅਸੀਂ ਤੁਹਾਨੂੰ ਅਜਿਹੇ ਆਸਾਨ ਨੁਸਖੇ ਦੱਸਾਂਗੇ ਕਿ ਪੜ੍ਹਾਈ ਤੁਹਾਡੇ ਲਈ ਖ਼ੂਬਸੂਰਤ ਐਡਵੈਂਚਰ ਬਣ ਜਾਵੇਗੀ।

ਕੀ ਤੁਹਾਨੂੰ ਕਦੇ ਅਜਿਹਾ ਲੱਗਿਆ ਹੈ ਕਿ ਜਦੋਂ ਵੀ ਤੁਸੀਂ ਇਤਿਹਾਸ ਦੀਆਂ ਤਰੀਕਾਂ ਜਾ ਹਿਸਾਬ ਦੇ ਫਾਰਮੂਲੇ ਯਾਦ ਕਰਨ ਬੈਠਦੇ ਹੋ, ਤਾਂ ਤੁਹਾਨੂੰ ਨੀਂਦ ਆਉਣ ਲੱਗਦੀ ਹੈ ਜਾਂ ਦਿਮਾਗ਼ ਵਿਚ ਘੁੰਮ ਰਹੇ ਕਾਰਟੂਨ ਕ੍ਰੈਕਟਰਜ਼ ਤੁਹਾਡਾ ਧਿਆਨ ਭਟਕਾ ਦਿੰਦੇ ਹਨ। ਜੇ ਅਜਿਹਾ ਹੁੰਦਾ ਹੈ ਤਾਂ ਬਿਲਕੁਲ ਨਾ ਘਬਰਾਓ। ਅਸੀਂ ਤੁਹਾਨੂੰ ਅਜਿਹੇ ਆਸਾਨ ਨੁਸਖੇ ਦੱਸਾਂਗੇ ਕਿ ਪੜ੍ਹਾਈ ਤੁਹਾਡੇ ਲਈ ਖ਼ੂਬਸੂਰਤ ਐਡਵੈਂਚਰ ਬਣ ਜਾਵੇਗੀ।
ਖ਼ੁਦ ਨੂੰ ਬਣਾਓ ਸਟੋਰੀ ਟੈਲਰ
ਖ਼ੁਸ਼ਕ ਤੇ ਅਕਾਊ ਲਾਈਨਾਂ ਨੂੰ ਰੱਟਾ ਲਾਉਣ ਨਾਲੋਂ ਚੰਗਾ ਹੈ ਕਿ ਤੁਸੀਂ ਜੋ ਵੀ ਪੜ੍ਹ ਰਹੇ ਹੋ, ਉਸ ਨੂੰ ਮਜ਼ੇਦਾਰ ਸਟੋਰੀ ’ਚ ਬਦਲ ਦਿਓ। ਮੰਨ ਲਓ ਤੁਸੀਂ ਇਤਿਹਾਸ ਵਿਚ ਕਿਸੇ ਰਾਜੇ ਦੀ ਲੜਾਈ ਬਾਰੇ ਪੜ੍ਹ ਰਹੇ ਹੋ, ਤਾਂ ਸੋਚੋ ਕਿ ਉਸ ਰਾਜੇ ਨੇ ਤੁਹਾਡੇ ਪਸੰਦੀਦਾ ਸੁਪਰਹੀਰੋ ਵਾਂਗ ਕੱਪੜੇ ਪਹਿਨੇ ਹੋਏ ਹਨ। ਫਿਰ ਉਹਨੇ ਕੀ-ਕੀ ਕੀਤਾ, ਕਿਉਂ ਹਿੱਟ ਜਾਂ ਫਲਾਪ ਰਿਹਾ। ਜੇ ਤੁਸੀਂ ਵਿਗਿਆਨ ’ਚ ਵਾਸ਼ਪੀਕਰਨ ਪੜ੍ਹ ਰਹੇ ਹੋ ਤਾਂ ਸੋਚੋ ਕਿ ਪਾਣੀ ਦੀਆਂ ਬੂੰਦਾਂ ਛੋਟੇ-ਛੋਟੇ ਪੁਲਾੜ ਯਾਤਰੀ ਹਨ, ਜੋ ਸੂਰਜ ਦੇ ਰਾਕੇਟ ਵਿਚ ਬਹਿ ਕੇ ਆਕਾਸ਼ ਦੀ ਸੈਰ ਲਈ ਜਾ ਰਹੀਆਂ ਹਨ। ਇਸ ਦਾ ਲਾਭ ਇਹ ਹੈ ਕਿ ਸਾਡਾ ਦਿਮਾਗ਼ ਤਸਵੀਰਾਂ ਤੇ ਕਹਾਣੀਆਂ ਨੂੰ ਸਾਲਾਂ ਤੱਕ ਯਾਦ ਰੱਖਦਾ ਹੈ ਪਰ ਰਟੀਆਂ ਹੋਈਆਂ ਲਾਈਨਾਂ ਅਸੀਂ ਦੋ ਦਿਨਾਂ ’ਚ ਭੁੱਲ ਜਾਂਦੇ ਹਾਂ। ਜਦੋਂ ਤੁਸੀਂ ਕਹਾਣੀ ਦੇ ਲੇਖਕ ਖ਼ੁਦ ਬਣੋਗੇ ਤਾਂ ਜਵਾਬ ਵੀ ਆਪਣੇ ਆਪ ਯਾਦ ਆ ਜਾਵੇਗਾ।
ਟੈਡੀ ਬੀਅਰ ਨੂੰ ਬਣਾਓ ਆਪਣਾ ਸਟੂਡੈਂਟ
ਇਹ ਦੁਨੀਆਂ ਦੇ ਸਭ ਤੋਂ ਮਹਾਨ ਵਿਗਿਆਨੀਆਂ ’ਚੋਂ ਇਕ ਰਿਚਰਡ ਫੋਰਮੈਨ ਦਾ ਤਰੀਕਾ ਹੈ। ਜਦੋਂ ਤੁਹਾਨੂੰ ਕੋਈ ਮੁਸ਼ਕਿਲ ਟਾਪਿਕ ਸਮਝ ਨਾ ਆ ਰਿਹਾ ਹੋਵੇ ਤਾਂ ਆਪਣੀ ਕਲਾਸ ਦੇ ਸਭ ਤੋਂ ਬੈਸਟ ਟੀਚਰ ਬਣ ਜਾਓ। ਆਪਣੇ ਸਾਹਮਣੇ ਆਪਣੇ ਪਸੰਦੀਦਾ ਖਿਡੌਣੇ, ਜਿਵੇਂ ਟੈਡੀ ਬੀਅਰ, ਡੌਲ ਜਾਂ ਫਿਰ ਖ਼ਾਲੀ ਕੁਰਸੀਆਂ ਨੂੰ ਰੱਖ ਲਓ। ਜੋ ਚੈਪਟਰ ਤੁਸੀਂ ਹੁਣੇ-ਹੁਣੇ ਪੜ੍ਹਿਆ ਹੈ, ਉਹਨੂੰ ਇਨ੍ਹਾਂ ਖਿਡੌਣਿਆਂ ਨੂੰ ਇੰਨੀ ਸੌਖੀ ਭਾਸ਼ਾ ਵਿਚ ਸਮਝਾਓ, ਜਿਵੇਂ ਉਹ ਛੋਟੇ ਬੱਚੇ ਹੋਣ। ਤੁਸੀਂ ਕੰਧ ਜਾਂ ਸ਼ੀਸ਼ੇ ਮੂਹਰੇ ਖੜ੍ਹੇ ਹੋ ਕੇ ਵੀ ਖ਼ੁਦ ਨੂੰ ਸਮਝਾ ਸਕਦੇ ਹੋ। ਜਦੋਂ ਤੁਸੀਂ ਸਮਝਾਉਂਦੇ ਹੋਏ ਕਿਤੇ ਰੁਕ ਜਾਓ ਜਾਂ ਝਿਜਕੋ, ਤਾਂ ਸਮਝ ਜਾਓ ਕਿ ਉਹ ਹਿੱਸਾ ਤੁਹਾਨੂੰ ਅਜੇ ਚੰਗੀ ਤਰ੍ਹਾਂ ਸਮਝ ਨਹੀਂ ਆਇਆ। ਝੱਟ ਕਿਤਾਬ ਖੋਲ੍ਹੋ ਤੇ ਉਸ ਹਿੱਸੇ ਨੂੰ ਦੁਬਾਰਾ ਵੇਖ ਲਓ। ਦੂਜਿਆਂ ਨੂੰ ਸਮਝਾਉਣ ਨਾਲ ਸਾਡਾ ਖ਼ੁਦ ਦਾ ਕੰਸੈਪਟ ਕ੍ਰਿਸਟਲ ਵਾਂਗ ਸਾਫ਼ ਹੋ ਜਾਂਦਾ ਹੈ।
ਰੰਗ-ਬਿਰੰਗੇ ਮਾਈਂਡ ਮੈਪਸ
ਕਾਲੇ ਤੇ ਨੀਲੇ ਪੈੱਨ ਨਾਲ ਲਿਖੇ ਲੰਮੇ-ਲੰਮੇ ਪੈਰ੍ਹੇ ਵੇਖ ਕੇ ਤਾਂ ਵੱਡੇ-ਵੱਡਿਆਂ ਨੂੰ ਵੀ ਡਰ ਲੱਗਣ ਲੱਗਦਾ ਹੈ। ਇਸ ਲਈ ਆਪਣੇ ਨੋਟਸ ਨੂੰ ਕੁਝ ਰੰਗੀਨ ਅਤੇ ਕਲਾਤਮਕ ਬਣਾਓ। ਇਸ ਲਈ ‘ਮਾਈਂਡ ਮੈਪ’ ਯਾਨੀ ਦਿਮਾਗ਼ ਦਾ ਨਕਸ਼ਾ ਸਭ ਤੋਂ ਚੰਗਾ ਤਰੀਕਾ ਹੈ। ਇਕ ਸਾਦੇ ਕਾਗਜ਼ ਦੇ ਬਿਲਕੁਲ ਵਿਚਾਲੇ ਆਪਣੇ ਚੈਪਟਰ ਦਾ ਨਾਂ ਲਿਖੋ ਤੇ ਉਸ ਦੇ ਚਾਰੇ ਪਾਸੇ ਗੋਲ ਦਾਇਰਾ ਬਣਾਓ। ਹੁਣ ਉਸ ਦਾਇਰੇ ’ਚ ਰੁੱਖਾਂ ਦੀਆਂ ਟਹਿਣੀਆਂ ਵਾਂਗ ਤੀਰ ਬਣਾਓ ਤੇ ਹਰ ਟਹਿਣੀ ’ਤੇ ਉਸ ਚੈਪਟਰ ਦੇ ਮੁੱਖ ਪੁਆਇੰਟਸ ਲਿਖੋ। ਅੱਡ-ਅੱਡ ਸਕੈੱਚ ਪੈੱਨ, ਛੋਟੇ-ਛੋਟੇ ਚਿੱਤਰ, ਇਮੋਜੀ ਦੀ ਵਰਤੋਂ ਕਰੋ। ਜਦੋਂ ਤੁਸੀਂ ਪ੍ਰੀਖਿਆ ਦੇ ਦਿਨਾਂ ਵਿਚ ਸਿਰਫ਼ ਇਸ ਪੰਨੇ ਦੇ ਰੰਗੀਨ ਨਕਸ਼ੇ ਨੂੰ ਵੇਖੋਗੇ ਤਾਂ ਪੂਰੇ ਦਾ ਪੂਰਾ ਚੈਪਟਰ ਤੁਹਾਡੇ ਦਿਮਾਗ਼ ਦੀ ਸਕਰੀਨ ’ਤੇ ਫਲੈਸ਼ ਹੋ ਜਾਵੇਗਾ। ਇਹ ਤੁਹਾਡੇ ਦਿਮਾਗ਼ ਲਈ ਗੂਗਲ ਮੈਪ ਵਾਂਗ ਕੰਮ ਕਰਦਾ ਹੈ।
ਫਾਰਮੂਲਿਆਂ ਨੂੰ ਧੁਨ ’ਤੇ ਸੈੱਟ ਕਰੋ
ਹਿਸਾਬ ਦੇ ਔਖੇ ਫਾਰਮੂਲੇ ਜਾਂ ਫਿਰ ਸਾਇੰਸ ਦੇ ਤੱਤਾਂ ਦੇ ਨਾਂ ਯਾਦ ਕਰਨਾ ਕਦੇ-ਕਦੇ ਬਹੁਤ ਅਕਾਊ ਹੋ ਜਾਂਦਾ ਹੈ। ਇਸ ਦਾ ਮਜ਼ੇਦਾਰ ਇਲਾਜ ਹੈ ਸੰਗੀਤ। ਆਪਣੇ ਕਿਸੇ ਪਸੰਦੀਦਾ ਗੀਤ ਦੀ ਧੁਨ ਜਾਂ ਫਿਰ ਕਿਸੇ ਜਾਣੀ ਪਛਾਣੀ ਕਵਿਤਾ ਦੀ ਲੈਅ ਫੜੋ ਤੇ ਉਸ ਵਿਚ ਆਪਣੇ ਫਾਰਮੂਲੇ ਜਾਂ ਇਤਿਹਾਸ ਦੀਆਂ ਮਹੱਤਵਪੂਰਨ ਤਰੀਕਾਂ ਫਿੱਟ ਕਰ ਦਿਓ। ਤੁਸੀਂ ਚਾਹੋ ਤਾਂ ਛੋਟਾ ਜਿਹਾ ਰੈਪ ਸੌਂਗ ਵੀ ਬਣਾ ਸਕਦੇ ਹੋ। ਜਿਵੇਂ ਹਾਈਡ੍ਰੋਜਨ, ਹੀਲੀਅਮ, ਲਿਥੀਅਮ ਭਾਈ, ਅੱਗੇ ਦੀ ਟੇਬਲ ਨੇ ਧੁੰਮ ਮਚਾਈ।’ ਸੰਗੀਤ ਸਾਡੇ ਦਿਮਾਗ਼ ਦੇ ਉਸ ਹਿੱਸੇ ਨੂੰ ਸਰਗਰਮ ਕਰਦਾ ਹੈ, ਜੋ ਭਾਵਨਾਵਾਂ ਤੇ ਲੰਮੇ ਸਮੇਂ ਦੀਆਂ ਯਾਦਾਂ ਨਾਲ ਜੁੜਿਆ ਹੁੰਦਾ ਹੈ। ਗਾਉਂਦੇ-ਗਾਉਂਦੇ ਪੜ੍ਹਾਈ ਕਰਨ ਨਾਲ ਤਣਾਅ ਛੂ-ਮੰਤਰ ਹੋ ਜਾਂਦਾ ਹੈ।
ਸਟੱਡੀ ਕਾਰਨਰ ਤਿਆਰ ਕਰੋ
ਤੁਸੀਂ ਕਿੱਥੇ ਬੈਠ ਕੇ ਪੜ੍ਹਦੇ ਹੋ, ਇਹਦਾ ਤੁਹਾਡੀ ਪੜ੍ਹਾਈ ’ਤੇ ਬਹੁਤ ਅਸਰ ਪੈਂਦਾ ਹੈ। ਬਿਸਤਰੇ ’ਤੇ ਪੈ ਕੇ ਪੜ੍ਹਨਾ ਸਭ ਤੋਂ ਖ਼ਰਾਬ ਢੰਗ ਹੈ ਕਿਉਂਕਿ ਬਿਸਤਰਾ ਵੇਖਦਿਆਂ ਹੀ ਦਿਮਾਗ਼ ਨੂੰ ਸੌਣ ਦਾ ਸਿਗਨਲ ਮਿਲ ਜਾਂਦਾ ਹੈ। ਆਪਣੇ ਘਰ ਦੇ ਕਿਸੇ ਕੋਨੇ ਨੂੰ ਆਪਣੇ ‘ਸਟੱਡੀ ਸਟੇਸ਼ਨ’ ਜਾਂ ‘ਮਿਸ਼ਨ ਕੰਟਰੋਲ ਰੂਮ’ ਬਣਾ ਲਓ। ਉੱਥੇ ਇਕ ਛੋਟਾ ਜਿਹਾ ਟੇਬਲ ਤੇ ਕੁਰਸੀ ਰੱਖੋ। ਉਸ ਥਾਂ ’ਤੇ ਸਿਰਫ਼ ਤੁਹਾਡੇ ਕੰਮ ਦੀਆਂ ਕਿਤਾਬਾਂ, ਪੈੱਨ, ਪਾਣੀ ਦੀ ਬੋਤਲ ਹੋਣੀ ਚਾਹੀਦੀ ਹੈ। ਉੱਥੇ ਕੋਈ ਖਿਡੌਣਾ ਜਾਂ ਧਿਆਨ ਭਟਕਾਉਣ ਵਾਲੀ ਚੀਜ਼ ਨਾ ਰੱਖੋ। ਤੁਸੀਂ ਉਸ ਕੋਨੇ ਵਿਚ ਕੁਝ ਮੋਟੀਵੇਸ਼ਨਲ ਕੋਟਸ ਜਾਂ ਆਪਣੇ ਬਣਾਏ ਮਾਈਂਡ ਮੈਪਸ ਚਿਪਕਾ ਸਕਦੇ ਹੋ। ਜਦੋਂ ਵੀ ਤੁਸੀਂ ਉਸ ਥਾਂ ’ਤੇ ਬੈਠੋਗੇ, ਤੁਹਾਡੇ ਦਿਮਾਗ਼ ਨੂੰ ਪਤਾ ਲੱਗ ਜਾਵੇਗਾ ਕਿ ਹੁਣ ‘ਸਟੱਡੀ ਮੋਡ’ ਆਨ ਹੋ ਚੁੱਕਾ ਹੈ।
ਖੇਡੋ ਕੁਇਜ਼ ਗੇਮ
ਇਕੱਲਿਆਂ ਪੜ੍ਹਦੇ-ਪੜ੍ਹਦੇ ਬੋਰੀਅਤ ਹੋਣੀ ਲਾਜ਼ਮੀ ਹੈ। ਇਸ ਨੂੰ ਦੂਰ ਕਰਨ ਲਈ ਆਪਣੇ ਦੋਸਤਾਂ ਜਾਂ ਭੈਣ-ਭਰਾਵਾਂ ਨੂੰ ਸ਼ਾਮਲ ਕਰੋ ਅਤੇ ਪੜ੍ਹਾਈ ਨੂੰ ਇਕ ਗੇਮ ਸ਼ੋਅ ਦਾ ਰੂਪ ਦਿਓ। ਛੋਟੇ-ਛੋਟੇ ਕਾਗਜ਼ ਦੇ ਟੁਕੜਿਆਂ (ਫਲੈਸ਼ ਕਾਰਡ) ਦੇ ਇਕ ਪਾਸੇ ਸੁਆਲ ਅਤੇ ਦੂਜੇ ਪਾਸੇ ਉਸ ਦਾ ਸਹੀ ਜਵਾਬ ਲਿਖੋ। ਹੁਣ ਆਪਣੇ ਦੋਸਤਾਂ ਜਾਂ ਮੰਮੀ-ਪਾਪਾ ਨਾਲ 'ਕੌਨ ਬਨੇਗਾ ਕਰੋੜਪਤੀ' ਵਾਂਗ ਖੇਡੋ। ਗ਼ਲਤ ਜਵਾਬ ’ਤੇ ਲਾਈਫ਼ ਲਾਈਨ ਦੀ ਵਰਤੋਂ ਕਰੋ ਜਾਂ ਫਨੀ ਪੈਨਲਟੀ ਰੱਖੋ। ਜਦੋਂ ਅਸੀਂ ਖੇਡ-ਖੇਡ ਵਿਚ ਪ੍ਰਤੀਯੋਗਤਾ ਕਰਦੇ ਹਾਂ ਤਾਂ ਸਾਡੇ ਅੰਦਰ ਜਿੱਤਣ ਦੀ ਇੱਛਾ ਪੈਦਾ ਹੁੰਦੀ ਹੈ। ਇਸ ਨਾਲ ਮੁਸ਼ਕਲ ਪ੍ਰਸ਼ਨ ਵੀ ਹੱਸਦੇ-ਖੇਡਦੇ ਯਾਦ ਹੋ ਜਾਂਦੇ ਹਨ ਤੇ ਦੋਸਤਾਂ ਨਾਲ ਬਾਂਡਿੰਗ ਵੀ ਚੰਗੀ ਹੋ ਜਾਂਦੀ ਹੈ।
ਖ਼ੁਦ ਨੂੰ ਦਿਓ ਸੁਪਰ ਰਿਕਾਰਡ
ਕੋਈ ਵੀ ਕੰਮ ਬਿਨਾਂ ਲਾਭ ਤੋਂ ਕਰਨ ਵਿਚ ਸੁਆਦ ਨਹੀਂ ਆਉਂਦਾ। ਆਪਣੀ ਪੜ੍ਹਾਈ ਲਈ ਵੀ ਇਨਾਮ ਪ੍ਰਣਾਲੀ ਜਾਂ ਰਿਵਾਰਡ ਸਿਸਟਮ ਤੈਅ ਕਰੋ। ਆਪਣੇ ਆਪ ਨਾਲ ਇਕ ਡੀਲ ਕਰੋ ਕਿ ਜੇ ਮੈਂ ਅੱਜ ਗਣਿਤ ਦੇ 5 ਔਖੇ ਸੁਆਲ ਹੱਲ ਕਰ ਲਵਾਂਗਾ ਤਾਂ ਮੈਨੂੰ ਸ਼ਾਮ ਨੂੰ 20 ਮਿੰਟ ਆਪਣੀ ਪਸੰਦੀਦਾ ਗੇਮ ਖੇਡਣ ਨੂੰ ਮਿਲੇਗੀ ਜਾਂ ਇਤਿਹਾਸ ਦਾ ਚੈਪਟਰ ਖ਼ਤਮ ਕਰਨ ਪਿੱਛੋਂ ਮੈਂ ਆਪਣੀ ਮਨਪਸੰਦ ਆਈਸਕ੍ਰੀਮ ਖਾਵਾਂਗਾ। ਯਾਦ ਰਹੇ ਕਿ ਇਨਾਮ ਤਾਂ ਹੀ ਮਿਲੇਗਾ, ਜੇ ਤੁਸੀਂ ਇਮਾਨਦਾਰੀ ਨਾਲ ਆਪਣਾ ਟਾਸਕ ਪੂਰਾ ਕਰੋਗੇ। ਖ਼ੁਦ ਨਾਲ ਚੀਟਿੰਗ ਬਿਲਕੁਲ ਨਹੀਂ ਕਰਨੀ। ਇਹ ਤਰੀਕਾ ਸਾਡੇ ਦਿਮਾਗ਼ ਵਿਚ ਡੋਪਾਮਾਈਨ ਨਾਂ ਦਾ ਕੈਮੀਕਲ ਰਿਲੀਜ਼ ਕਰਦਾ ਹੈ। ਜਿਸ ਨਾਲ ਖ਼ੁਸ਼ੀ ਮਿਲਦੀ ਹੈ ਤੇ ਅਸੀਂ ਅਗਲੇ ਟਾਸਕ ਨੂੰ ਹੋਰ ਵੀ ਤੇਜ਼ੀ ਨਾਲ ਕਰਨ ਲਈ ਤਿਆਰ ਹੋ ਜਾਂਦੇ ਹਾਂ।
- ਪ੍ਰੋ. ਨਵ ਸੰਗੀਤ ਸਿੰਘ