- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੱਜ ਦਾ ਯੁੱਗ ਜਾਣਕਾਰੀ ਤੇ ਤਕਨਾਲੋਜੀ ਦਾ ਹੈ। ਮਨੁੱਖੀ ਜੀਵਨ ’ਚ ਜਿੱਥੇ ਵਿਗਿਆਨ ਤੇ ਤਕਨਾਲੋਜੀ ਨੇ ਬੇਹਿਸਾਬ ਸਹੂਲਤਾਂ ਪੈਦਾ ਕੀਤੀਆਂ ਹਨ, ਉੱਥੇ ਹੀ ਇਨ੍ਹਾਂ ਨੇ ਵਿਦਿਆਰਥੀਆਂ ਦੇ ਜੀਵਨ ਵਿਚ ਕਈ ਨਵੀਆਂ ਚੁਣੌਤੀਆਂ ਵੀ ਖੜ੍ਹੀਆਂ ਕੀਤੀਆਂ ਹਨ। ਮੋਬਾਈਲ, ਸੋਸ਼ਲ ਮੀਡੀਆ, ਆਨਲਾਈਨ ਖੇਡਾਂ ਤੇ ਮਨੋਰੰਜਨ ਦੇ ਅਨੇਕਾਂ ਸਾਧਨਾਂ ਨੇ ਵਿਦਿਆਰਥੀਆਂ ਦਾ ਧਿਆਨ ਪੜ੍ਹਾਈ ਤੋਂ ਭਟਕਾਉਣਾ ਸ਼ੁਰੂ ਕਰ ਦਿੱਤਾ ਹੈ।

ਅੱਜ ਦਾ ਯੁੱਗ ਜਾਣਕਾਰੀ ਤੇ ਤਕਨਾਲੋਜੀ ਦਾ ਹੈ। ਮਨੁੱਖੀ ਜੀਵਨ ’ਚ ਜਿੱਥੇ ਵਿਗਿਆਨ ਤੇ ਤਕਨਾਲੋਜੀ ਨੇ ਬੇਹਿਸਾਬ ਸਹੂਲਤਾਂ ਪੈਦਾ ਕੀਤੀਆਂ ਹਨ, ਉੱਥੇ ਹੀ ਇਨ੍ਹਾਂ ਨੇ ਵਿਦਿਆਰਥੀਆਂ ਦੇ ਜੀਵਨ ਵਿਚ ਕਈ ਨਵੀਆਂ ਚੁਣੌਤੀਆਂ ਵੀ ਖੜ੍ਹੀਆਂ ਕੀਤੀਆਂ ਹਨ। ਮੋਬਾਈਲ, ਸੋਸ਼ਲ ਮੀਡੀਆ, ਆਨਲਾਈਨ ਖੇਡਾਂ ਤੇ ਮਨੋਰੰਜਨ ਦੇ ਅਨੇਕਾਂ ਸਾਧਨਾਂ ਨੇ ਵਿਦਿਆਰਥੀਆਂ ਦਾ ਧਿਆਨ ਪੜ੍ਹਾਈ ਤੋਂ ਭਟਕਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਕਾਰਨ ਅੱਜ ਬਹੁਤ ਸਾਰੇ ਵਿਦਿਆਰਥੀ ਪੜ੍ਹਾਈ ਦੌਰਾਨ ਇਕਾਗਰਤਾ ਦੀ ਕਮੀ ਮਹਿਸੂਸ ਕਰਦੇ ਹਨ। ਇਕਾਗਰਤਾ ਕਿਸੇ ਵੀ ਵਿਦਿਆਰਥੀ ਦੀ ਸਫਲਤਾ ਦੀ ਬੁਨਿਆਦ ਹੁੰਦੀ ਹੈ। ਜੇ ਵਿਦਿਆਰਥੀ ਦਾ ਮਨ ਪੜ੍ਹਾਈ ’ਚ ਨਹੀਂ ਲੱਗਦਾ ਤਾਂ ਉਹ ਲੰਬੇ ਸਮੇਂ ਤੱਕ ਮਿਹਨਤ ਕਰਨ ਦੇ ਬਾਵਜੂਦ ਉਮੀਦ ਅਨੁਸਾਰ ਨਤੀਜੇ ਪ੍ਰਾਪਤ ਨਹੀਂ ਕਰ ਸਕਦਾ। ਇਸ ਲਈ ਵਿਦਿਆਰਥੀਆਂ ਨੂੰ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਇਕਾਗਰਤਾ ਕੋਈ ਜਨਮਜਾਤ ਗੁਣ ਨਹੀਂ ਸਗੋਂ ਅਜਿਹੀ ਆਦਤ ਹੈ, ਜਿਸ ਨੂੰ ਨਿਯਮਿਤ ਅਭਿਆਸ ਤੇ ਸਹੀ ਜੀਵਨਸ਼ੈਲੀ ਰਾਹੀਂ ਵਿਕਸਿਤ ਕੀਤਾ ਜਾ ਸਕਦਾ ਹੈ।
ਸਮੇਂ ਦੀ ਸਹੀ ਯੋਜਨਾਬੰਦੀ
ਪੜ੍ਹਾਈ ’ਚ ਇਕਾਗਰਤਾ ਵਧਾਉਣ ਲਈ ਸਭ ਤੋਂ ਪਹਿਲਾਂ ਸਮੇਂ ਦੀ ਸਹੀ ਯੋਜਨਾਬੰਦੀ ਕਰਨੀ ਚਾਹੀਦੀ ਹੈ। ਹਰ ਵਿਦਿਆਰਥੀ ਨੂੰ ਆਪਣੀ ਨਿਸ਼ਚਿਤ ਸਮਾਂ-ਸਾਰਣੀ ਤਿਆਰ ਕਰਨੀ ਚਾਹੀਦੀ ਹੈ ਤੇ ਉਸ ਦਾ ਪਾਲਣ ਕਰਨਾ ਚਾਹੀਦਾ ਹੈ। ਜਦੋਂ ਅਸੀਂ ਨਿਯਮਿਤ ਸਮੇਂ ’ਤੇ ਪੜ੍ਹਾਈ ਕਰਦੇ ਹਾਂ ਤਾਂ ਸਾਡਾ ਮਨ ਆਪਣੇ ਆਪ ਉਸ ਕਾਰਜ ਲਈ ਤਿਆਰ ਹੋ ਜਾਂਦਾ ਹੈ। ਇਸ ਤੋਂ ਇਲਾਵਾ ਪੜ੍ਹਾਈ ਲਈ ਸ਼ਾਂਤ ਤੇ ਸੁਖਾਵਾਂ ਮਾਹੌਲ ਵੀ ਬਹੁਤ ਜ਼ਰੂਰੀ ਹੈ। ਸ਼ੋਰ-ਸ਼ਰਾਬੇ ਵਾਲੇ ਸਥਾਨਾਂ ਦੀ ਬਜਾਏ ਸ਼ਾਂਤ ਕਮਰੇ ’ਚ ਬੈਠ ਕੇ ਪੜ੍ਹਾਈ ਕਰਨ ਨਾਲ ਧਿਆਨ ਵੱਧ ਕੇਂਦਰਿਤ ਰਹਿੰਦਾ ਹੈ।
ਤਕਨਾਲੋਜੀ ਦੀ ਸੁਚੱਜੀ ਵਰਤੋਂ
ਅੱਜ ਦੇ ਸਮੇਂ ਵਿਚ ਮੋਬਾਈਲ ਤੇ ਸੋਸ਼ਲ ਮੀਡੀਆ ਇਕਾਗਰਤਾ ਦੇ ਸਭ ਤੋਂ ਵੱਡੇ ਵੈਰੀ ਬਣ ਚੁੱਕੇ ਹਨ। ਪੜ੍ਹਾਈ ਦੌਰਾਨ ਮੋਬਾਈਲ ਨੂੰ ਆਪਣੇ ਤੋਂ ਦੂਰ ਰੱਖਣਾ ਚਾਹੀਦਾ ਹੈ ਜਾਂ ਉਸ ਨੂੰ ਸਾਈਲੈਂਟ ਮੋਡ ਵਿਚ ਕਰ ਦੇਣਾ ਚਾਹੀਦਾ ਹੈ। ਹਰ ਕੁਝ ਮਿੰਟਾਂ ਬਾਅਦ ਮੋਬਾਈਲ ਦੇਖਣ ਦੀ ਆਦਤ ਨਾ ਸਿਰਫ਼ ਸਮਾਂ ਬਰਬਾਦ ਕਰਦੀ ਹੈ ਸਗੋਂ ਦਿਮਾਗ਼ ਦੀ ਇਕਾਗਰਤਾ ਨੂੰ ਵੀ ਕਮਜ਼ੋਰ ਕਰਦੀ ਹੈ।
ਸਿਹਤ ਤੇ ਇਕਾਗਰਤਾ ਦਾ ਸੁਮੇਲ
ਇਕਾਗਰਤਾ ਬਣਾਈ ਰੱਖਣ ਲਈ ਸਰੀਰਕ ਤੇ ਮਾਨਸਿਕ ਸਿਹਤ ਦਾ ਵੀ ਖ਼ਾਸ ਖ਼ਿਆਲ ਰੱਖਣਾ ਚਾਹੀਦਾ ਹੈ। ਪੂਰੀ ਨੀਂਦ, ਸੰਤੁਲਿਤ ਭੋਜਨ ਤੇ ਨਿਯਮਿਤ ਕਸਰਤ ਮਨੁੱਖੀ ਦਿਮਾਗ਼ ਨੂੰ ਤੰਦਰੁਸਤ ਰੱਖਦੇ ਹਨ। ਵਿਗਿਆਨਕ ਖੋਜਾਂ ਤੋਂ ਇਹ ਸਾਬਿਤ ਹੋ ਚੁੱਕਿਆ ਹੈ ਕਿ ਰੋਜ਼ਾਨਾ ਕੁਝ ਸਮਾਂ ਯੋਗਾ,ਧਿਆਨ ਤੇ ਪ੍ਰਾਣਾਯਾਮ ਕਰਨ ਨਾਲ ਇਕਾਗਰਤਾ ’ਚ ਵਾਧਾ ਹੁੰਦਾ ਹੈ। ਇਸ ਤੋਂ ਇਲਾਵਾ ਪੜ੍ਹਾਈ ਦੌਰਾਨ ਇਕਾਗਰਤਾ ਨੂੰ ਬਰਕਰਾਰ ਰੱਖਣ ਲਈ ‘ਪੋਮੋਡੋਰੋ ਤਕਨੀਕ’ ਦੀ ਵਰਤੋਂ ਕੀਤੀ ਜਾ ਸਕਦੀ ਹੈ, ਜਿਸ ਅਨੁਸਾਰ ਹਰ 40 ਤੋਂ 50 ਮਿੰਟ ਦੀ ਲਗਾਤਾਰ ਪੜ੍ਹਾਈ ਤੋਂ ਬਾਅਦ 5-10 ਮਿੰਟ ਦਾ ਆਰਾਮ ਲੈਣਾ ਦਿਮਾਗ਼ ਨੂੰ ਤਰੋਤਾਜ਼ਾ ਕਰਦਾ ਹੈ।
ਮਾਪਿਆਂ ਤੇ ਅਧਿਆਪਕਾਂ ਦੀ ਭੂਮਿਕਾ
ਮਾਪਿਆਂ ਤੇ ਅਧਿਆਪਕਾਂ ਦੀ ਭੂਮਿਕਾ ਵੀ ਵਿਦਿਆਰਥੀਆਂ ਦੀ ਇਕਾਗਰਤਾ ਵਧਾਉਣ ’ਚ ਮਹੱਤਵਪੂਰਨ ਹੈ। ਉਨ੍ਹਾਂ ਨੂੰ ਵਿਦਿਆਰਥੀਆਂ ’ਤੇ ਬੇਲੋੜਾ ਦਬਾਅ ਪਾਉਣ ਦੀ ਬਜਾਏ ਪ੍ਰੇਰਿਤ ਕਰਨਾ ਚਾਹੀਦਾ ਹੈ। ਸਕਾਰਾਤਮਿਕ ਤੇ ਉਤਸ਼ਾਹਜਨਕ ਮਾਹੌਲ ਵਿਦਿਆਰਥੀਆਂ ਦੇ ਆਤਮ-ਵਿਸ਼ਵਾਸ ਨੂੰ ਵਧਾਉਂਦਾ ਹੈ ਤੇ ਉਹ ਆਪਣੀ ਪੜ੍ਹਾਈ ਵੱਲ ਵਧੇਰੇ ਧਿਆਨ ਦੇ ਸਕਦੇ ਹਨ।
- ਕਰਮਨਪ੍ਰੀਤ ਕੌਰ ਦੰਦੀਵਾਲ, ਗਿਆਰਵੀਂ
ਸਰਕਾਰੀ ਸੈਕੰਡਰੀ ਸਕੂਲ, ਝੰਡੂਕੇ (ਮਾਨਸਾ)