- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੱਚੇ ਕਿਸੇ ਵੀ ਦੇਸ਼ ਦਾ ਅਨਮੋਲ ਸਰਮਾਇਆ ਤੇ ਭਵਿੱਖ ਦੀ ਨੀਂਹ ਹੁੰਦੇ ਹਨ। ਬੱਚਿਆਂ ਦੇ ਸੁਪਨਿਆਂ, ਵਿਚਾਰਾਂ ਤੇ ਯੋਗਤਾਵਾਂ ’ਚ ਹੀ ਆਉਣ ਵਾਲੇ ਸਮਾਜ ਦੀ ਤਸਵੀਰ ਲੁਕੀ ਹੁੰਦੀ ਹੈ। ਇਸ ਲਈ ਬੱਚਿਆਂ ਦੀ ਸਿੱਖਿਆ, ਉਨ੍ਹਾਂ ਦੀ ਪਰਵਰਿਸ਼ ਤੇ ਉਨ੍ਹਾਂ ਦੇ ਸਰਬਪੱਖੀ ਵਿਕਾਸ ਵੱਲ ਵਿਸ਼ੇਸ਼ ਧਿਆਨ ਦੇਣਾ ਬਹੁਤ ਜ਼ਰੂਰੀ ਹੈ।

ਬੱਚੇ ਕਿਸੇ ਵੀ ਦੇਸ਼ ਦਾ ਅਨਮੋਲ ਸਰਮਾਇਆ ਤੇ ਭਵਿੱਖ ਦੀ ਨੀਂਹ ਹੁੰਦੇ ਹਨ। ਬੱਚਿਆਂ ਦੇ ਸੁਪਨਿਆਂ, ਵਿਚਾਰਾਂ ਤੇ ਯੋਗਤਾਵਾਂ ’ਚ ਹੀ ਆਉਣ ਵਾਲੇ ਸਮਾਜ ਦੀ ਤਸਵੀਰ ਲੁਕੀ ਹੁੰਦੀ ਹੈ। ਇਸ ਲਈ ਬੱਚਿਆਂ ਦੀ ਸਿੱਖਿਆ, ਉਨ੍ਹਾਂ ਦੀ ਪਰਵਰਿਸ਼ ਤੇ ਉਨ੍ਹਾਂ ਦੇ ਸਰਬਪੱਖੀ ਵਿਕਾਸ ਵੱਲ ਵਿਸ਼ੇਸ਼ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਬੱਚਿਆਂ ਦੇ ਜੀਵਨ ਵਿਚ ਬਾਲ ਦਿਵਸ ਦਾ ਵਿਸ਼ੇਸ਼ ਮਹੱਤਵ ਹੈ। ਭਾਰਤ ’ਚ ਹਰ ਸਾਲ 14 ਨਵੰਬਰ ਨੂੰ ਬਾਲ ਦਿਵਸ ਮਨਾਇਆ ਜਾਂਦਾ ਹੈ। ਇਹ ਦਿਨ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਦੇ ਜਨਮ ਦਿਵਸ ਦੀ ਯਾਦ ’ਚ ਮਨਾਇਆ ਜਾਂਦਾ ਹੈ। ਉਹ ਬੱਚਿਆਂ ਨਾਲ ਬਹੁਤ ਪਿਆਰ ਕਰਦੇ ਸਨ ਤੇ ਬੱਚਿਆਂ ਨੂੰ ਦੇਸ਼ ਦਾ ਭਵਿੱਖ ਮੰਨਦੇ ਸਨ। ਇਸੇ ਕਰਕੇ ਬੱਚੇ ਉਨ੍ਹਾਂ ਨੂੰ ਪਿਆਰ ਨਾਲ ‘ਚਾਚਾ ਨਹਿਰੂ’ ਕਹਿੰਦੇ ਸਨ। ਬਾਲ ਦਿਵਸ ਸਿਰਫ਼ ਖ਼ੁਸ਼ੀਆਂ ਮਨਾਉਣ ਦਾ ਦਿਨ ਨਹੀਂ ਸਗੋਂ ਬੱਚਿਆਂ ਦੀ ਸਿੱਖਿਆ, ਉਨ੍ਹਾਂ ਦੇ ਅਧਿਕਾਰਾਂ ਤੇ ਉਨ੍ਹਾਂ ਦੇ ਸੁਨਹਿਰੀ ਭਵਿੱਖ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਸਮਝਣ ਦਾ ਦਿਨ ਵੀ ਹੈ।
ਬਾਲ ਦਿਵਸ ਤੇ ਸਿੱਖਿਆ ਦਾ ਸਬੰਧ
ਸਿੱਖਿਆ ਮਨੁੱਖੀ ਜੀਵਨ ਨੂੰ ਸਹੀ ਦਿਸ਼ਾ ਦੇਣ ਦਾ ਮਹੱਤਵਪੂਰਨ ਸਾਧਨ ਹੈ। ਸਿੱਖਿਆ ਰਾਹੀਂ ਬੱਚਾ ਸਿਰਫ਼ ਪੜ੍ਹਨਾ-ਲਿਖਣਾ ਹੀ ਨਹੀਂ ਸਿੱਖਦਾ ਸਗੋਂ ਉਸ ਵਿਚ ਸੋਚਣ, ਸਮਝਣ, ਫ਼ੈਸਲੇ ਲੈਣ ਤੇ ਸਮੱਸਿਆਵਾਂ ਦਾ ਹੱਲ ਲੱਭਣ ਦੀ ਯੋਗਤਾ ਵੀ ਵਿਕਸਤ ਹੁੰਦੀ ਹੈ। ਬਾਲ ਦਿਵਸ ਸਾਨੂੰ ਇਹ ਸਮਝਾਉਂਦਾ ਹੈ ਕਿ ਹਰ ਬੱਚੇ ਨੂੰ ਸਿੱਖਿਆ ਪ੍ਰਾਪਤ ਕਰਨ ਦੇ ਬਰਾਬਰ ਮੌਕੇ ਮਿਲਣੇ ਚਾਹੀਦੇ ਹਨ। ਬੱਚਿਆਂ ਦੀ ਪੜ੍ਹਾਈ ਦਾ ਉਦੇਸ਼ ਸਿਰਫ਼ ਪ੍ਰੀਖਿਆਵਾਂ ’ਚੋਂ ਵਧੀਆ ਅੰਕ ਪ੍ਰਾਪਤ ਕਰਨਾ ਨਹੀਂ ਹੋਣਾ ਚਾਹੀਦਾ। ਸਿੱਖਿਆ ਅਜਿਹੀ ਹੋਵੇ, ਜੋ ਬੱਚਿਆਂ ਨੂੰ ਜੀਵਨ ਦੀਆਂ ਅਸਲ ਸਥਿਤੀਆਂ ਦਾ ਸਾਹਮਣਾ ਕਰਨ ਦੇ ਯੋਗ ਬਣਾਵੇ। ਉਨ੍ਹਾਂ ਵਿਚ ਚੰਗੇ ਸੰਸਕਾਰ, ਆਤਮ-ਵਿਸ਼ਵਾਸ, ਇਮਾਨਦਾਰੀ, ਸਹਿਯੋਗ ਤੇ ਦੂਜਿਆਂ ਪ੍ਰਤੀ ਸਤਿਕਾਰ ਦੀ ਭਾਵਨਾ ਪੈਦਾ ਕਰੇ। ਬਾਲ ਦਿਵਸ ਸਿੱਖਿਆ ਦੇ ਇਸ ਵਿਸ਼ਾਲ ਉਦੇਸ਼ ਨੂੰ ਸਮਝਣ ਤੇ ਇਸ ਨੂੰ ਅਮਲ ਵਿਚ ਲਿਆਉਣ ਦਾ ਵਧੀਆ ਮੌਕਾ ਹੈ।
ਖ਼ੁਸ਼ੀ ਭਰਿਆ ਸਿੱਖਿਆ ਦਾ ਮਾਹੌਲ
ਬੱਚੇ ਕੁਦਰਤੀ ਤੌਰ ’ਤੇ ਜਗਿਆਸੂ ਹੁੰਦੇ ਹਨ। ਉਹ ਹਰ ਚੀਜ਼ ਬਾਰੇ ਜਾਣਨਾ ਚਾਹੁੰਦੇ ਹਨ ਤੇ ਨਵੇਂ ਸਵਾਲ ਪੁੱਛਦੇ ਹਨ। ਜੇ ਉਨ੍ਹਾਂ ਨੂੰ ਪਿਆਰ ਤੇ ਉਤਸ਼ਾਹ ਨਾਲ ਸਿੱਖਣ ਦਾ ਮੌਕਾ ਮਿਲੇ ਤਾਂ ਉਹ ਪੜ੍ਹਾਈ ਵਿਚ ਵਧੇਰੇ ਦਿਲਚਸਪੀ ਲੈਂਦੇ ਹਨ। ਸਕੂਲ ਅਜਿਹੀ ਥਾਂ ਹੋਣਾ ਚਾਹੀਦਾ ਹੈ, ਜਿੱਥੇ ਬੱਚੇ ਬਿਨਾਂ ਡਰ ਤੋਂ ਆਪਣੇ ਵਿਚਾਰ ਪ੍ਰਗਟ ਕਰ ਸਕਣ। ਉਨ੍ਹਾਂ ਨੂੰ ਸਵਾਲ ਪੁੱਛਣ, ਆਪਣੀਆਂ ਗ਼ਲਤੀਆਂ ਤੋਂ ਸਿੱਖਣ ਅਤੇ ਨਵੀਆਂ ਗੱਲਾਂ ਦੀ ਖੋਜ ਕਰਨ ਦੀ ਆਜ਼ਾਦੀ ਹੋਣੀ ਚਾਹੀਦੀ ਹੈ। ਬਾਲ ਦਿਵਸ ਸਾਨੂੰ ਯਾਦ ਦਿਵਾਉਂਦਾ ਹੈ ਕਿ ਬੱਚਿਆਂ ਉੱਤੇ ਬੇਲੋੜਾ ਮਾਨਸਿਕ ਦਬਾਅ ਪਾਉਣ ਦੀ ਬਜਾਏ ਉਨ੍ਹਾਂ ਲਈ ਪੜ੍ਹਾਈ ਨੂੰ ਦਿਲਚਸਪ ਬਣਾਇਆ ਜਾਵੇ। ਜਦੋਂ ਬੱਚੇ ਖ਼ੁਸ਼ੀ ਨਾਲ ਸਿੱਖਦੇ ਹਨ, ਤਾਂ ਉਨ੍ਹਾਂ ਦੀ ਸਿੱਖਣ ਦੀ ਸਮਰੱਥਾ ਅਤੇ ਆਤਮ-ਵਿਸ਼ਵਾਸ ਵਿਚ ਵਾਧਾ ਹੁੰਦਾ ਹੈ।
ਗਤੀਵਿਧੀਆਂ ਰਾਹੀਂ ਸਿੱਖਿਆ
ਬਾਲ ਦਿਵਸ ਮੌਕੇ ਸਕੂਲਾਂ ’ਚ ਕਈ ਤਰ੍ਹਾਂ ਦੀਆਂ ਸਿੱਖਿਆਦਾਇਕ ਅਤੇ ਰਚਨਾਤਮਿਕ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ। ਇਨ੍ਹਾਂ ਵਿਚ ਭਾਸ਼ਣ, ਕਵਿਤਾ ਉਚਾਰਨ, ਕਹਾਣੀ ਸੁਣਾਉਣਾ, ਚਿੱਤਰਕਲਾ, ਖੇਡਾਂ, ਨਾਟਕ ਅਤੇ ਸੱਭਿਆਚਾਰਕ ਪ੍ਰੋਗਰਾਮ ਸ਼ਾਮਿਲ ਹੋ ਸਕਦੇ ਹਨ। ਇਨ੍ਹਾਂ ਗਤੀਵਿਧੀਆਂ ਦਾ ਉਦੇਸ਼ ਸਿਰਫ਼ ਮਨੋਰੰਜਨ ਕਰਨਾ ਨਹੀਂ ਸਗੋਂ ਬੱਚਿਆਂ ਦੀਆਂ ਅੰਦਰੂਨੀ ਯੋਗਤਾਵਾਂ ਨੂੰ ਨਿਖਾਰਨਾ ਵੀ ਹੈ। ਜਦੋਂ ਕੋਈ ਬੱਚਾ ਮੰਚ ’ਤੇ ਬੋਲਦਾ ਹੈ ਤਾਂ ਉਸ ਦਾ ਆਤਮ-ਵਿਸ਼ਵਾਸ ਵਧਦਾ ਹੈ। ਜਦੋਂ ਉਹ ਕਿਸੇ ਸਮੂਹਿਕ ਗਤੀਵਿਧੀ ’ਚ ਹਿੱਸਾ ਲੈਂਦਾ ਹੈ, ਤਾਂ ਉਸ ਵਿਚ ਸਹਿਯੋਗ ਤੇ ਮਿਲਵਰਤਣ ਦੀ ਭਾਵਨਾ ਵਿਕਸਤ ਹੁੰਦੀ ਹੈ। ਖੇਡਾਂ ਰਾਹੀਂ ਬੱਚੇ ਅਨੁਸ਼ਾਸਨ, ਟੀਮ ਭਾਵਨਾ, ਧੀਰਜ ਤੇ ਹਾਰ-ਜਿੱਤ ਨੂੰ ਸਵੀਕਾਰ ਕਰਨਾ ਸਿੱਖਦੇ ਹਨ। ਇਸ ਤਰ੍ਹਾਂ ਬਾਲ ਦਿਵਸ ਦੀਆਂ ਗਤੀਵਿਧੀਆਂ ਬੱਚਿਆਂ ਦੀ ਪੜ੍ਹਾਈ ਨੂੰ ਵਿਹਾਰਕ ਤੇ ਅਨੁਭਵ ਆਧਾਰਿਤ ਬਣਾਉਂਦੀਆਂ ਹਨ।
ਅਧਿਆਪਕਾਂ ਦੀ ਅਹਿਮ ਭੂਮਿਕਾ
ਬੱਚਿਆਂ ਦੇ ਜੀਵਨ ਵਿਚ ਅਧਿਆਪਕਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੁੰਦੀ ਹੈ। ਅਧਿਆਪਕ ਸਿਰਫ਼ ਪਾਠ ਪੁਸਤਕਾਂ ਦਾ ਗਿਆਨ ਦੇਣ ਵਾਲੇ ਨਹੀਂ ਸਗੋਂ ਬੱਚਿਆਂ ਦੇ ਮਾਰਗ-ਦਰਸ਼ਕ ਅਤੇ ਪ੍ਰੇਰਨਾ ਸਰੋਤ ਵੀ ਹੁੰਦੇ ਹਨ। ਬਾਲ ਦਿਵਸ ਅਧਿਆਪਕਾਂ ਨੂੰ ਇਹ ਵਿਚਾਰ ਕਰਨ ਦਾ ਮੌਕਾ ਦਿੰਦਾ ਹੈ ਕਿ ਉਨ੍ਹਾਂ ਦੀ ਪੜ੍ਹਾਉਣ ਦੀ ਵਿਧੀ ਬੱਚਿਆਂ ਲਈ ਕਿੰਨੀ ਦਿਲਚਸਪ ਅਤੇ ਪ੍ਰਭਾਵਸ਼ਾਲੀ ਹੈ। ਕੀ ਹਰ ਬੱਚਾ ਪਾਠ ਨੂੰ ਸਮਝ ਰਿਹਾ ਹੈ? ਕੀ ਬੱਚਿਆਂ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਦਾ ਮੌਕਾ ਮਿਲ ਰਿਹਾ ਹੈ? ਕੀ ਪੜ੍ਹਾਈ ਨੂੰ ਉਨ੍ਹਾਂ ਦੇ ਰੋਜ਼ਾਨਾ ਜੀਵਨ ਨਾਲ ਜੋੜਿਆ ਜਾ ਰਿਹਾ ਹੈ? ਅਧਿਆਪਕਾਂ ਨੂੰ ਚਾਹੀਦਾ ਹੈ ਕਿ ਉਹ ਕਹਾਣੀਆਂ, ਚਿੱਤਰਾਂ, ਮਾਡਲਾਂ, ਪ੍ਰਯੋਗਾਂ, ਖੇਡਾਂ ਅਤੇ ਡਿਜੀਟਲ ਸਾਧਨਾਂ ਦੀ ਮਦਦ ਨਾਲ ਪੜ੍ਹਾਈ ਨੂੰ ਆਸਾਨ ਬਣਾਉਣ। ਹਰ ਬੱਚੇ ਦੀਆਂ ਯੋਗਤਾਵਾਂ ਤੇ ਸਿੱਖਣ ਦੀ ਗਤੀ ਨੂੰ ਸਮਝਦਿਆਂ ਉਸ ਦੀ ਮਦਦ ਕਰਨੀ ਚਾਹੀਦੀ ਹੈ। ਕਿਸੇ ਬੱਚੇ ਦੀ ਦੂਜੇ ਬੱਚੇ ਨਾਲ ਤੁਲਨਾ ਕਰਨ ਦੀ ਬਜਾਏ ਉਸ ਦੀ ਆਪਣੀ ਤਰੱਕੀ ਨੂੰ ਮਹੱਤਵ ਦੇਣਾ ਚਾਹੀਦਾ ਹੈ।
ਮਾਪਿਆਂ ਦੀ ਜ਼ਿੰਮੇਵਾਰੀ
ਬੱਚਿਆਂ ਦੀ ਸਿੱਖਿਆ ਵਿਚ ਸਕੂਲ ਦੇ ਨਾਲ-ਨਾਲ ਮਾਪਿਆਂ ਦੀ ਭੂਮਿਕਾ ਵੀ ਬਹੁਤ ਮਹੱਤਵਪੂਰਨ ਹੈ। ਘਰ ਬੱਚੇ ਦੀ ਪਹਿਲੀ ਪਾਠਸ਼ਾਲਾ ਹੈ ਅਤੇ ਮਾਪੇ ਉਸ ਦੇ ਪਹਿਲੇ ਅਧਿਆਪਕ ਹੁੰਦੇ ਹਨ। ਮਾਪਿਆਂ ਨੂੰ ਬੱਚਿਆਂ ਦੀਆਂ ਗੱਲਾਂ ਧਿਆਨ ਨਾਲ ਸੁਣਨੀਆਂ ਚਾਹੀਦੀਆਂ ਹਨ। ਉਨ੍ਹਾਂ ਦੀਆਂ ਰੁਚੀਆਂ ਨੂੰ ਪਛਾਣਨਾ ਅਤੇ ਉਨ੍ਹਾਂ ਨੂੰ ਨਵੀਆਂ ਚੀਜ਼ਾਂ ਨੂੰ ਸਿੱਖਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ। ਬੱਚਿਆਂ ਉੱਤੇ ਸਿਰਫ਼ ਅੰਕਾਂ ਅਤੇ ਪੁਜ਼ੀਸ਼ਨ ਪ੍ਰਾਪਤ ਕਰਨ ਦਾ ਦਬਾਅ ਪਾਉਣ ਦੀ ਬਜਾਏ ਉਨ੍ਹਾਂ ਦੀ ਮਿਹਨਤ, ਸਮਝ ਅਤੇ ਸਿੱਖਣ ਦੀ ਪ੍ਰਕਿਰਿਆ ਦੀ ਪ੍ਰਸ਼ੰਸਾ ਕਰਨੀ ਚਾਹੀਦੀ ਹੈ। ਮਾਪਿਆਂ ਨੂੰ ਬੱਚਿਆਂ ਲਈ ਪੜ੍ਹਨ ਦੀ ਆਦਤ ਵਿਕਸਤ ਕਰਨੀ ਚਾਹੀਦੀ ਹੈ। ਕਹਾਣੀਆਂ ਦੀਆਂ ਕਿਤਾਬਾਂ ਪੜ੍ਹਨਾ, ਰੋਜ਼ਾਨਾ ਜੀਵਨ ਵਿਚ ਗਿਣਤੀ ਕਰਨਾ, ਖ਼ਰੀਦਦਾਰੀ ਸਮੇਂ ਪੈਸਿਆਂ ਦੀ ਸਮਝ ਦੇਣਾ ਤੇ ਵਾਤਾਵਰਣ ਬਾਰੇ ਗੱਲਬਾਤ ਕਰਨਾ ਵੀ ਸਿੱਖਿਆ ਦਾ ਹਿੱਸਾ ਹਨ। ਬਾਲ ਦਿਵਸ ਮਾਪਿਆਂ ਨੂੰ ਇਹ ਸੁਨੇਹਾ ਦਿੰਦਾ ਹੈ ਕਿ ਬੱਚਿਆਂ ਨੂੰ ਪਿਆਰ, ਸਮਾਂ ਅਤੇ ਸਹੀ ਮਾਰਗ-ਦਰਸ਼ਨ ਦੇਣਾ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਬਹੁਤ ਜ਼ਰੂਰੀ ਹੈ।
ਬੱਚਿਆਂ ਦੇ ਅਧਿਕਾਰ ਤੇ ਬਰਾਬਰ ਮੌਕੇ
ਹਰ ਬੱਚੇ ਨੂੰ ਸਿੱਖਿਆ, ਸੁਰੱਖਿਆ, ਸਿਹਤ, ਖੇਡਾਂ ਤੇ ਆਪਣੀ ਪ੍ਰਤਿਭਾ ਨੂੰ ਨਿਖਾਰਨ ਦੇ ਮੌਕੇ ਮਿਲਣੇ ਚਾਹੀਦੇ ਹਨ। ਆਰਥਿਕ ਸਥਿਤੀ, ਲਿੰਗ, ਸਮਾਜਿਕ ਪਿਛੋਕੜ ਜਾਂ ਕਿਸੇ ਹੋਰ ਕਾਰਨ ਕਰਕੇ ਕਿਸੇ ਵੀ ਬੱਚੇ ਨੂੰ ਸਿੱਖਿਆ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ। ਸਕੂਲਾਂ ਨੂੰ ਅਜਿਹਾ ਮਾਹੌਲ ਬਣਾਉਣਾ ਚਾਹੀਦਾ ਹੈ, ਜਿੱਥੇ ਹਰ ਬੱਚਾ ਆਪਣੇ ਆਪ ਨੂੰ ਸੁਰੱਖਿਅਤ, ਸਤਿਕਾਰਯੋਗ ਤੇ ਮਹੱਤਵਪੂਰਨ ਮਹਿਸੂਸ ਕਰੇ। ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਵੀ ਉਨ੍ਹਾਂ ਦੀਆਂ ਜ਼ਰੂਰਤਾਂ ਅਨੁਸਾਰ ਸਹਾਇਤਾ ਅਤੇ ਸਿੱਖਣ ਦੇ ਮੌਕੇ ਮਿਲਣੇ ਚਾਹੀਦੇ ਹਨ। ਬਾਲ ਦਿਵਸ ਮੌਕੇ ਸਾਨੂੰ ਇਹ ਯਕੀਨੀ ਬਣਾਉਣ ਦਾ ਸੰਕਲਪ ਲੈਣਾ ਚਾਹੀਦਾ ਹੈ ਕਿ ਕੋਈ ਵੀ ਬੱਚਾ ਪਿੱਛੇ ਨਾ ਰਹਿ ਜਾਵੇ ਅਤੇ ਹਰ ਬੱਚੇ ਨੂੰ ਆਪਣੀ ਯੋਗਤਾ ਅਨੁਸਾਰ ਅੱਗੇ ਵਧਣ ਦਾ ਮੌਕਾ ਮਿਲੇ।
ਜੀਵਨ ਦੀ ਸਿੱਖਿਆ ਵੀ ਜ਼ਰੂਰੀ
ਅੱਜ ਦੇ ਸਮੇਂ ਵਿਚ ਬੱਚਿਆਂ ਨੂੰ ਕਿਤਾਬੀ ਗਿਆਨ ਦੇ ਨਾਲ-ਨਾਲ ਜੀਵਨ ਜਿਊਣ ਦੀ ਕਲਾ ਸਿਖਾਉਣੀ ਵੀ ਜ਼ਰੂਰੀ ਹੈ। ਉਨ੍ਹਾਂ ਨੂੰ ਸਮੇਂ ਦੀ ਕਦਰ, ਸਫ਼ਾਈ, ਸਿਹਤਮੰਦ ਆਦਤਾਂ, ਵਾਤਾਵਰਣ ਦੀ ਸੰਭਾਲ, ਪੈਸਿਆਂ ਦੀ ਸਮਝ, ਡਿਜੀਟਲ ਸੁਰੱਖਿਆ ਅਤੇ ਸਮੱਸਿਆਵਾਂ ਦਾ ਹੱਲ ਲੱਭਣ ਬਾਰੇ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ। ਬੱਚਿਆਂ ਨੂੰ ਇਹ ਵੀ ਸਿਖਾਉਣਾ ਚਾਹੀਦਾ ਹੈ ਕਿ ਸਫਲਤਾ ਸਿਰਫ਼ ਨੌਕਰੀ ਜਾਂ ਵੱਧ ਪੈਸਾ ਕਮਾਉਣ ਦਾ ਨਾਂ ਨਹੀਂ। ਸੱਚਾਈ, ਮਿਹਨਤ, ਦੂਜਿਆਂ ਦੀ ਮਦਦ, ਨਿਮਰਤਾ ਅਤੇ ਜ਼ਿੰਮੇਵਾਰੀ ਵੀ ਚੰਗੇ ਜੀਵਨ ਦੇ ਮਹੱਤਵਪੂਰਨ ਗੁਣ ਹਨ। ਬਾਲ ਦਿਵਸ ਇਨ੍ਹਾਂ ਗੁਣਾਂ ਨੂੰ ਬੱਚਿਆਂ ਦੇ ਜੀਵਨ ਦਾ ਹਿੱਸਾ ਬਣਾਉਣ ਲਈ ਪ੍ਰੇਰਿਤ ਕਰਦਾ ਹੈ। ਬਾਲ ਦਿਵਸ ਬੱਚਿਆਂ ਦੇ ਜੀਵਨ ਵਿਚ ਖ਼ੁਸ਼ੀਆਂ, ਉਤਸ਼ਾਹ ਤੇ ਨਵੀਆਂ ਸੰਭਾਵਨਾਵਾਂ ਦਾ ਪ੍ਰਤੀਕ ਹੈ। ਇਸ ਦਿਨ ਦਾ ਅਸਲ ਮਹੱਤਵ ਉਦੋਂ ਸਾਰਥਕ ਹੋਵੇਗਾ, ਜਦੋਂ ਅਸੀਂ ਬੱਚਿਆਂ ਨੂੰ ਸਿਰਫ਼ ਇਕ ਦਿਨ ਲਈ ਖ਼ੁਸ਼ ਕਰਨ ਦੀ ਬਜਾਏ ਸਾਲ ਦੇ ਹਰ ਦਿਨ ਭਾਵ ਰੋਜ਼ਾਨਾ ਹੀ ਉਨ੍ਹਾਂ ਦੀ ਸਿੱਖਿਆ, ਸੁਰੱਖਿਆ ਅਤੇ ਵਿਕਾਸ ਲਈ ਯਤਨ ਕਰਾਂਗੇ।
ਸੋ ਆਓ, ਬਾਲ ਦਿਵਸ ਮੌਕੇ ਅਸੀਂ ਸਾਰੇ ਇਹ ਪ੍ਰਣ ਕਰੀਏ ਕਿ ਹਰ ਬੱਚੇ ਨੂੰ ਪੜ੍ਹਨ, ਲਿਖਣ, ਸੋਚਣ, ਸਵਾਲ ਪੁੱਛਣ ਅਤੇ ਆਪਣੀ ਪ੍ਰਤਿਭਾ ਨਿਖਾਰਨ ਦੇ ਮੌਕੇ ਪ੍ਰਦਾਨ ਕਰਾਂਗੇ। ਸਕੂਲਾਂ ਨੂੰ ਖ਼ੁਸ਼ੀ, ਗਿਆਨ ਅਤੇ ਰਚਨਾਤਮਕਤਾ ਦੇ ਕੇਂਦਰ ਬਣਾਵਾਂਗੇ ਅਤੇ ਬੱਚਿਆਂ ਵਿਚ ਚੰਗੇ ਸੰਸਕਾਰ ਪੈਦਾ ਕਰਾਂਗੇ। ਯਾਦ ਰੱਖੋ ਕਿ ਅੱਜ ਦੇ ਬੱਚਿਆਂ ਨੂੰ ਦਿੱਤੀ ਗਈ ਸਹੀ ਸਿੱਖਿਆ ਹੀ ਕੱਲ੍ਹ ਦੇ ਸੂਝਵਾਨ, ਜ਼ਿੰਮੇਵਾਰ ਅਤੇ ਖ਼ੁਸ਼ਹਾਲ ਸਮਾਜ ਦੀ ਨੀਂਹ ਹੋਵੇਗੀ।
- ਬੇਅੰਤ ਸਿੰਘ ਮਲੂਕਾ