- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੀਵਾਲੀ ਸਿਰਫ਼ ਦੀਵੇ ਜਗਾਉਣ, ਘਰਾਂ ਨੂੰ ਸਜਾਉਣ ਤੇ ਮਠਿਆਈਆਂ ਵੰਡਣ ਦਾ ਤਿਉਹਾਰ ਹੀ ਨਹੀਂ ਸਗੋਂ ਮਨੁੱਖੀ ਮਨ ਅੰਦਰ ਨਵੀਂ ਰੌਸ਼ਨੀ ਜਗਾਉਣ ਦਾ ਵੀ ਪੈਗਾਮ ਦਿੰਦੀ ਹੈ। ਇਹ ਉਹ ਖ਼ੂਬਸੂਰਤ ਮੌਕਾ ਹੈ, ਜਦੋਂ ਹਨੇਰੇ ਨੂੰ ਚਾਨਣ, ਨਿਰਾਸ਼ਾ ਨੂੰ ਉਮੀਦ ਤੇ ਨਫ਼ਰਤ ਨੂੰ ਪਿਆਰ ਨਾਲ ਬਦਲਣ ਦੀ ਪ੍ਰੇਰਨਾ ਮਿਲਦੀ ਹੈ।

ਦੀਵਾਲੀ ਸਿਰਫ਼ ਦੀਵੇ ਜਗਾਉਣ, ਘਰਾਂ ਨੂੰ ਸਜਾਉਣ ਤੇ ਮਠਿਆਈਆਂ ਵੰਡਣ ਦਾ ਤਿਉਹਾਰ ਹੀ ਨਹੀਂ ਸਗੋਂ ਮਨੁੱਖੀ ਮਨ ਅੰਦਰ ਨਵੀਂ ਰੌਸ਼ਨੀ ਜਗਾਉਣ ਦਾ ਵੀ ਪੈਗਾਮ ਦਿੰਦੀ ਹੈ। ਇਹ ਉਹ ਖ਼ੂਬਸੂਰਤ ਮੌਕਾ ਹੈ, ਜਦੋਂ ਹਨੇਰੇ ਨੂੰ ਚਾਨਣ, ਨਿਰਾਸ਼ਾ ਨੂੰ ਉਮੀਦ ਤੇ ਨਫ਼ਰਤ ਨੂੰ ਪਿਆਰ ਨਾਲ ਬਦਲਣ ਦੀ ਪ੍ਰੇਰਨਾ ਮਿਲਦੀ ਹੈ। ਦੀਵਾਲੀ ਦੇ ਦੀਵਿਆਂ ਦੀ ਲੋਅ ਸਾਨੂੰ ਯਾਦ ਦਿਵਾਉਂਦੀ ਹੈ ਕਿ ਜ਼ਿੰਦਗੀ ਦੀਆਂ ਔਖੀਆਂ ਤੋਂ ਔਖੀਆਂ ਘੜੀਆਂ ’ਚ ਵੀ ਆਸ ਦਾ ਚਾਨਣ ਰਾਹ ਦਿਖਾ ਸਕਦਾ ਹੈ। ਇਹ ਤਿਉਹਾਰ ਸਾਡੇ ਵਿਹੜਿਆਂ ਦੇ ਨਾਲ-ਨਾਲ ਰਿਸ਼ਤਿਆਂ ’ਚ ਵੀ ਨਿੱਘ ਭਰਦਾ ਹੈ। ਘਰਾਂ ਦੀਆਂ ਰੌਣਕਾਂ, ਬੱਚਿਆਂ ਦੇ ਚਿਹਰਿਆਂ ਦੀ ਮੁਸਕਾਨ, ਅਪਣਿਆਂ ਦੇ ਮਿਲਾਪ ਤੇ ਖ਼ੁਸ਼ੀਆਂ ਦੀ ਸਾਂਝ ਇਸ ਦੀ ਖ਼ੂਬਸੂਰਤੀ ਨੂੰ ਹੋਰ ਵਧਾ ਦਿੰਦੀ ਹੈ ਪਰ ਇਸ ਤਿਉਹਾਰ ਦੀ ਅਸਲ ਮਹੱਤਤਾ ਬਾਹਰੀ ਚਮਕ-ਦਮਕ ਨਾਲੋਂ ਮਨ ਅੰਦਰਲੇ ਹਨੇਰਿਆਂ ਨੂੰ ਦੂਰ ਕਰਨ ’ਚ ਹੈ। ਜੇ ਹਰ ਮਨੁੱਖ ਆਪਣੇ ਅੰਦਰ ਪਿਆਰ, ਸਦਭਾਵਨਾ, ਸਹਿਣਸ਼ੀਲਤਾ ਤੇ ਇਨਸਾਨੀਅਤ ਦਾ ਇਕ ਦੀਵਾ ਜਗਾ ਲਵੇ ਤਾਂ ਸਮਾਜ ਵਿੱਚੋਂ ਕਈ ਹਨੇਰੇ ਆਪਣੇ ਆਪ ਦੂਰ ਹੋ ਸਕਦੇ ਹਨ।
ਪੁਰਾਣੇ ਸਮੇਂ ਤੋਂ ਹੀ ਇਸ ਦਿਨ ਮਿੱਟੀ ਦੇ ਦੀਵੇ ਜਗਾ ਕੇ ਹਨੇਰੇ ’ਤੇ ਚਾਨਣ ਦੀ ਤੇ ਬੁਰਾਈ ’ਤੇ ਚੰਗਿਆਈ ਦੀ ਜਿੱਤ ਦਾ ਜਸ਼ਨ ਮਨਾਇਆ ਜਾਂਦਾ ਰਿਹਾ ਹੈ ਪਰ ਆਧੁਨਿਕ ਸਮੇਂ ’ਚ ਦੀਵਾਲੀ ਮਨਾਉਣ ਦੇ ਤਰੀਕੇ ਵਿਚ ਵੱਡਾ ਬਦਲਾਅ ਆ ਗਿਆ ਹੈ। ਅੱਜ ਅਸੀਂ ਤਿਉਹਾਰ ਦੀ ਅਸਲ ਭਾਵਨਾ ਅਤੇ ਸਾਦਗੀ ਨੂੰ ਛੱਡ ਕੇ ਫੋਕੀ ਸ਼ਾਨੋ-ਸ਼ੌਕਤ, ਦਿਖਾਵੇ, ਵੱਡੇ ਖ਼ਰਚਿਆਂ, ਪ੍ਰਦੂਸ਼ਣ ਤੇ ਅਣਗਹਿਲੀ ਦੇ ਜੰਜਾਲ ’ਚ ਫਸਦੇ ਜਾ ਰਹੇ ਹਾਂ। ਇਸ ਬਦਲਦੇ ਰੂਪ ਨੇ ਸਾਡੇ ਵਾਤਾਵਰਣ, ਸਿਹਤ ਤੇ ਸਾਡੇ ਬੱਚਿਆਂ ਦੀ ਸੁਰੱਖਿਆ ’ਤੇ ਬਹੁਤ ਗੰਭੀਰ ਅਸਰ ਪਾਇਆ ਹੈ। ਇਸ ਲਈ ਅੱਜ ਦੇ ਸਮੇਂ ’ਚ ਸਾਡੇ ਬੱਚਿਆਂ ਨੂੰ ‘ਗਰੀਨ ਦੀਵਾਲੀ’ ਯਾਨੀ ਹਰੀ ਦੀਵਾਲੀ ਮਨਾਉਣ ਦਾ ਸੁਨੇਹਾ ਦੇਣਾ ਤੇ ਇਸ ਨੂੰ ਜ਼ਿੰਦਗੀ ’ਚ ਅਪਣਾਉਣਾ ਬਹੁਤ ਜ਼ਰੂਰੀ ਹੋ ਗਿਆ ਹੈ, ਤਾਂ ਜੋ ਸਾਡਾ ਭਵਿੱਖ ਸੁਰੱਖਿਅਤ ਤੇ ਸਿਹਤਮੰਦ ਰਹੇ।
ਬੱਚਿਆਂ ਨੂੰ ਪਟਾਕਿਆਂ ਤੋਂ ਦੂਰ ਰੱਖਣਾ
ਗਰੀਨ ਦੀਵਾਲੀ ਦਾ ਸਭ ਤੋਂ ਪਹਿਲਾ ਤੇ ਮਹੱਤਵਪੂਰਨ ਪਹਿਲੂ ਬੱਚਿਆਂ ਨੂੰ ਪਟਾਕਿਆਂ ਤੋਂ ਦੂਰ ਰੱਖਣਾ ਹੈ। ਅੱਜ-ਕੱਲ੍ਹ ਦੀਵਾਲੀ ਦਾ ਮਤਲਬ ਸਿਰਫ਼ ਭਾਰੀ ਆਵਾਜ਼ ਵਾਲੇ ਤੇ ਜ਼ਹਿਰੀਲਾ ਧੂੰਆਂ ਛੱਡਣ ਵਾਲੇ ਪਟਾਕੇ ਚਲਾਉਣਾ ਬਣ ਕੇ ਰਹਿ ਗਿਆ ਹੈ। ਪਟਾਕਿਆਂ ’ਚੋਂ ਨਿਕਲਣ ਵਾਲਾ ਧੂੰਆਂ ਸਾਡੀ ਹਵਾ ਨੂੰ ਇਸ ਹੱਦ ਤੱਕ ਪ੍ਰਦੂਸ਼ਿਤ ਕਰ ਦਿੰਦਾ ਹੈ ਕਿ ਸਾਹ ਲੈਣਾ ਵੀ ਔਖਾ ਹੋ ਜਾਂਦਾ ਹੈ। ਦੀਵਾਲੀ ਤੋਂ ਅਗਲੇ ਦਿਨ ਅਸੀਂ ਦੇਖਦੇ ਹਾਂ ਕਿ ਆਕਾਸ਼ ’ਚ ਧੁੰਦ ਅਤੇ ਧੂੰਏਂ ਦੀ ਮੋਟੀ ਪਰਤ ਜੰਮ ਜਾਂਦੀ ਹੈ, ਜਿਸ ਨਾਲ ਛੋਟੇ ਬੱਚਿਆਂ, ਬਜ਼ੁਰਗਾਂ ਤੇ ਸਾਹ ਦੀਆਂ ਬਿਮਾਰੀਆਂ ਤੋਂ ਪੀੜਤ ਲੋਕਾਂ ਲਈ ਗੰਭੀਰ ਖ਼ਤਰਾ ਪੈਦਾ ਹੋ ਜਾਂਦਾ ਹੈ। ਇਸ ਤੋਂ ਇਲਾਵਾ ਪਟਾਕਿਆਂ ਦੇ ਭਿਆਨਕ ਰੌਲੇ ਨਾਲ ਬੇਜ਼ੁਬਾਨ ਪਸ਼ੂ-ਪੰਛੀ ਬਹੁਤ ਜ਼ਿਆਦਾ ਡਰ ਜਾਂਦੇ ਹਨ ਅਤੇ ਕਈ ਵਾਰ ਸੜਕਾਂ ’ਤੇ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ। ਬੱਚਿਆਂ ਨੂੰ ਇਹ ਸਮਝਾਉਣਾ ਪਵੇਗਾ ਕਿ ਪਟਾਕਿਆਂ ’ਤੇ ਪੈਸੇ ਫੂਕ ਕੇ ਹਵਾ ਨੂੰ ਜ਼ਹਿਰੀਲੀ ਬਣਾਉਣਾ ਕੋਈ ਸਮਝਦਾਰੀ ਨਹੀਂ ਹੈ। ਇਸ ਦੀ ਥਾਂ ’ਤੇ ਮਿੱਟੀ ਦੇ ਦੀਵੇ, ਮੋਮਬੱਤੀਆਂ ਅਤੇ ਰੰਗੋਲੀ ਨਾਲ ਘਰਾਂ ਨੂੰ ਰੌਸ਼ਨ ਕਰਨਾ ਹੀ ਦੀਵਾਲੀ ਦੀ ਅਸਲ ਸੁੰਦਰਤਾ ਹੈ।
ਜ਼ਿੰਦਗੀ ਤੋਂ ਵੱਡਾ ਨਹੀਂ ਹੁੰਦਾ ਮਨੋਰੰਜਨ
ਪਟਾਕੇ ਚਲਾਉਂਦੇ ਸਮੇਂ ਹਰ ਸਾਲ ਬਹੁਤ ਭਿਆਨਕ ਹਾਦਸੇ ਵਾਪਰਦੇ ਹਨ, ਜੋ ਕਈ ਵਾਰ ਬੱਚਿਆਂ ਦੀ ਜਾਨ ਤੱਕ ਲੈ ਬੈਠਦੇ ਹਨ ਜਾਂ ਉਨ੍ਹਾਂ ਨੂੰ ਉਮਰ ਭਰ ਲਈ ਅਪਾਹਜ ਬਣਾ ਦਿੰਦੇ ਹਨ। ਪਟਾਕਿਆਂ ਦੀ ਅਣਗਹਿਲੀ, ਖ਼ਰਾਬ ਗੁਣਵੱਤਾ ਵਾਲੇ ਅਨਾਰ, ਜਾਂ ਰਾਕੇਟਾਂ ਦੀ ਗ਼ਲਤ ਦਿਸ਼ਾ ਕਾਰਨ ਅੱਖਾਂ ਦੀ ਰੋਸ਼ਨੀ ਚਲੇ ਜਾਣ, ਚਿਹਰੇ ਅਤੇ ਹੱਥ ਸੜ ਜਾਣ ਵਰਗੀਆਂ ਅਣਹੋਣੀਆਂ ਘਟਨਾਵਾਂ ਵਾਪਰਦੀਆਂ ਹਨ। ਦੀਵਾਲੀ ਦੀਆਂ ਖ਼ੁਸ਼ੀਆਂ ’ਚ ਥੋੜ੍ਹੀ ਜਿਹੀ ਅਣਗਹਿਲੀ ਪੂਰੇ ਪਰਿਵਾਰ ਲਈ ਉਮਰ ਭਰ ਦਾ ਦਰਦ ਬਣ ਜਾਂਦੀ ਹੈ। ਇਸ ਲਈ ਦੀਵਾਲੀ ਵੇਲੇ ਸਾਵਧਾਨੀ ਵਰਤਣੀ ਅਤਿਅੰਤ ਜ਼ਰੂਰੀ ਹੈ। ਬੱਚਿਆਂ ਨੂੰ ਕਦੇ ਵੀ ਇਕੱਲੇ ਪਟਾਕੇ ਚਲਾਉਣ ਦੀ ਇਜਾਜ਼ਤ ਨਹੀਂ ਦੇਣੀ ਚਾਹੀਦੀ ਤੇ ਹਮੇਸ਼ਾ ਵੱਡਿਆਂ ਦੀ ਦੇਖ-ਰੇਖ ਹੇਠ ਹੀ ਅਜਿਹੀਆਂ ਗਤੀਵਿਧੀਆਂ ਹੋਣੀਆਂ ਚਾਹੀਦੀਆਂ ਹਨ। ਸੂਤੀ ਤੇ ਸਰੀਰ ਨਾਲ ਢੁੱਕਵੇਂ ਕੱਪੜੇ ਪਹਿਨਣਾ, ਖੁੱਲ੍ਹੇ ਮੈਦਾਨਾਂ ਦੀ ਚੋਣ ਕਰਨਾ, ਨੇੜੇ ਪਾਣੀ ਤੇ ਰੇਤ ਦਾ ਪ੍ਰਬੰਧ ਰੱਖਣਾ ਅਤੇ ਕਿਸੇ ਵੀ ਅਣਚੱਲੇ ਪਟਾਕੇ ਦੇ ਨੇੜੇ ਦੁਬਾਰਾ ਨਾ ਜਾਣ ਵਰਗੀਆਂ ਸਾਵਧਾਨੀਆਂ ਨਾਲ ਹੀ ਵੱਡੇ ਹਾਦਸਿਆਂ ਤੋਂ ਬਚਿਆ ਜਾ ਸਕਦਾ ਹੈ। ਸਾਨੂੰ ਬੱਚਿਆਂ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝਾਉਣੀ ਪਵੇਗੀ ਕਿ ਕੋਈ ਵੀ ਮਨੋਰੰਜਨ ਸਾਡੀ ਜ਼ਿੰਦਗੀ ਤੇ ਸੁਰੱਖਿਆ ਤੋਂ ਵੱਡਾ ਨਹੀਂ ਹੋ ਸਕਦਾ।
ਦਿਖਾਵੇ ’ਚ ਨਹੀਂ ਹੁੰਦੀ ਅਸਲ ਖ਼ੁਸ਼ੀ
ਅੱਜ-ਕੱਲ੍ਹ ਦੀਵਾਲੀ ਦੇ ਤਿਉਹਾਰ ’ਤੇ ਵੱਡੇ-ਵੱਡੇ ਖ਼ਰਚੇ ਕਰਨ ਦਾ ਅਜਿਹਾ ਦੌਰ ਸ਼ੁਰੂ ਹੋ ਗਿਆ ਹੈ, ਜੋ ਆਮ ਪਰਿਵਾਰਾਂ ਲਈ ਵੱਡਾ ਬੋਝ ਬਣਦਾ ਜਾ ਰਿਹਾ ਹੈ। ਇਕ-ਦੂਜੇ ਤੋਂ ਅੱਗੇ ਨਿਕਲਣ ਦੀ ਹੋੜ ’ਚ ਅੰਨ੍ਹੇਵਾਹ ਪੈਸਾ ਖ਼ਰਚ ਕੀਤਾ ਜਾਂਦਾ ਹੈ। ਮਹਿੰਗੇ ਲਾਈਟਿੰਗ ਸਿਸਟਮ, ਫ਼ਾਲਤੂ ਦੀਆਂ ਸਜਾਵਟੀ ਚੀਜ਼ਾਂ ਤੇ ਦਿਖਾਵੇ ਦੀਆਂ ਵਸਤੂਆਂ ’ਤੇ ਹਜ਼ਾਰਾਂ-ਲੱਖਾਂ ਰੁਪਏ ਬਰਬਾਦ ਕੀਤੇ ਜਾਂਦੇ ਹਨ। ਬੱਚੇ ਅਕਸਰ ਵੱਡਿਆਂ ਨੂੰ ਦੇਖ ਕੇ ਹੀ ਸਿੱਖਦੇ ਹਨ, ਇਸ ਲਈ ਜੇ ਅਸੀਂ ਉਨ੍ਹਾਂ ਸਾਹਮਣੇ ਫੋਕਾ ਦਿਖਾਵਾ ਕਰਾਂਗੇ ਤਾਂ ਉਹ ਵੀ ਇਸੇ ਰਸਤੇ 'ਤੇ ਚੱਲਣਗੇ। ਸਾਨੂੰ ਬੱਚਿਆਂ ਨੂੰ ਇਹ ਸਿੱਖਿਆ ਦੇਣੀ ਚਾਹੀਦੀ ਹੈ ਕਿ ਤਿਉਹਾਰਾਂ ਦੀ ਅਸਲ ਖੁਸ਼ੀ ਮਹਿੰਗੇ ਖ਼ਰਚਿਆਂ ਜਾਂ ਦਿਖਾਵੇ ’ਚ ਨਹੀਂ ਸਗੋਂ ਪਰਿਵਾਰ ਨਾਲ ਬਿਤਾਏ ਪਿਆਰ ਭਰੇ ਪਲਾਂ, ਸਾਦਗੀ ਤੇ ਆਪਸੀ ਸਾਂਝ ਵਿਚ ਹੁੰਦੀ ਹੈ। ਪੈਸੇ ਦੀ ਇਸ ਬਰਬਾਦੀ ਨੂੰ ਰੋਕ ਕੇ ਉਸ ਧਨ ਦੀ ਵਰਤੋਂ ਕਿਸੇ ਲੋੜਵੰਦ ਦੀ ਮਦਦ ਕਰਨ ਲਈ ਕੀਤੀ ਜਾ ਸਕਦੀ ਹੈ, ਜਿਸ ਨਾਲ ਤਿਉਹਾਰ ਦੀ ਖ਼ੁਸ਼ੀ ਦੁੱਗਣੀ ਹੋ ਜਾਂਦੀ ਹੈ।
ਘਰ ਦੀ ਬਣੀ ਮਠਿਆਈ ’ਚ ਘੁਲਿਆ ਹੁੰਦੈ ਆਪਣਾਪਣ
ਤਿਉਹਾਰਾਂ ਦੇ ਇਸ ਮੌਕੇ ’ਤੇ ਤੋਹਫ਼ਿਆਂ ਦੇ ਦੇਣ-ਲੈਣ ਦੀ ਰਵਾਇਤ ਵੀ ਕਾਫ਼ੀ ਪੁਰਾਣੀ ਹੈ ਪਰ ਅੱਜ-ਕੱਲ੍ਹ ਇਹ ਤੋਹਫ਼ੇ ਵੀ ਮਹਿੰਗੀਆਂ ਤੇ ਬੇਲੋੜੀਆਂ ਚੀਜ਼ਾਂ ਤੱਕ ਸੀਮਤ ਹੋ ਗਏ ਹਨ। ਗਰੀਨ ਦੀਵਾਲੀ ਦਾ ਸੁਨੇਹਾ ਦਿੰਦਿਆਂ ਸਾਨੂੰ ਇਹ ਰਵਾਇਤ ਬਦਲਣ ਦੀ ਲੋੜ ਹੈ। ਹਵਾ ਸ਼ੁੱਧ ਕਰਨ ਵਾਲੇ ਪੌਦੇ, ਜਿਵੇਂ ਐਲੋਵੇਰਾ, ਸਨੇਕ ਪਲਾਂਟ, ਤੁਲਸੀ ਜਾਂ ਫਲਦਾਰ-ਫੁੱਲਦਾਰ ਪੌਦੇ ਦੇਣਾ ਸ਼ੁੱਭ ਤੇ ਸਾਰਥਿਕ ਕਦਮ ਹੈ। ਇਨ੍ਹੀਂ ਦਿਨੀਂ ਮਠਿਆਈਆਂ ਦੀ ਖ਼ਪਤ ਬਹੁਤ ਵੱਧ ਜਾਂਦੀ ਹੈ ਪਰ ਇਸ ਦੇ ਨਾਲ ਹੀ ਬਾਜ਼ਾਰਾਂ ’ਚ ਨਕਲੀ ਤੇ ਮਿਲਾਵਟੀ ਮਠਿਆਈਆਂ ਦਾ ਵੀ ਹੜ੍ਹ ਆ ਜਾਂਦਾ ਹੈ। ਜ਼ਿਆਦਾ ਮੁਨਾਫ਼ਾ ਕਮਾਉਣ ਲਈ ਵਪਾਰੀ ਨਕਲੀ ਮਾਵਾ, ਕੈਮੀਕਲ ਵਾਲੇ ਰੰਗ ਅਤੇ ਖ਼ਰਾਬ ਤੇਲ ਦੀ ਵਰਤੋਂ ਕਰਦੇ ਹਨ। ਇਹ ਨਕਲੀ ਮਠਿਆਈਆਂ ਸਿਹਤ ਲਈ ਅਤਿਅੰਤ ਖ਼ਤਰਨਾਕ ਹਨ। ਇਨ੍ਹਾਂ ਦੇ ਸੇਵਨ ਨਾਲ ਪੇਟ ਦੀਆਂ ਬਿਮਾਰੀਆਂ, ਲਿਵਰ ਦੀ ਸਮੱਸਿਆ ਤੇ ਹੋਰ ਗੰਭੀਰ ਬਿਮਾਰੀਆਂ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਬੱਚਿਆਂ ਨੂੰ ਬਾਜ਼ਾਰ ਦੀਆਂ ਇਨ੍ਹਾਂ ਚਮਕਦਾਰ ਪਰ ਨਕਲੀ ਮਠਿਆਈਆਂ ਤੋਂ ਦੂਰ ਰਹਿਣ ਦਾ ਸੁਨੇਹਾ ਦੇਣਾ ਚਾਹੀਦਾ ਹੈ। ਇਸ ਦੀ ਥਾਂ ਸਾਨੂੰ ਘਰ ਵਿੱਚ ਹੀ ਆਪਣੇ ਹੱਥਾਂ ਨਾਲ ਸ਼ੁੱਧ ਅਤੇ ਸਿਹਤਮੰਦ ਮਠਿਆਈਆਂ ਤਿਆਰ ਕਰਨੀਆਂ ਚਾਹੀਦੀਆਂ ਹਨ। ਘਰ ਦੀਆਂ ਬਣੀਆਂ ਮਠਿਆਈਆਂ ’ਚ ਸ਼ੁੱਧਤਾ ਦੇ ਨਾਲ-ਨਾਲ ਆਪਣਿਆਂ ਦਾ ਪਿਆਰ ਵੀ ਘੁਲਿਆ ਹੁੰਦਾ ਹੈ।
ਈਕੋ ਫਰੈਂਡਲੀ ਦੀਵਾਲੀ ਮਨਾਉਣਾ ਸਮੇਂ ਦੀ ਲੋੜ
ਈਕੋ ਫਰੈਂਡਲੀ ਦੀਵਾਲੀ ਮਨਾਉਣਾ ਸਮੇਂ ਦੀ ਮੁੱਖ ਲੋੜ ਹੈ। ਤਿਉਹਾਰਾਂ ਦੀ ਅਸਲ ਖ਼ੁਸ਼ੀ ਕੁਦਰਤ ਦੀ ਕੀਮਤ ’ਤੇ ਨਹੀਂ ਸਗੋਂ ਉਸ ਨਾਲ ਸਾਂਝ ਪਾ ਕੇ ਮਨਾਉਣ ਵਿਚ ਹੈ। ਦੀਵਾਲੀ ਮੌਕੇ ਪਟਾਕਿਆਂ ਤੋਂ ਹੋਣ ਵਾਲਾ ਧੂੰਆਂ, ਸ਼ੋਰ ਤੇ ਪ੍ਰਦੂਸ਼ਣ ਨਾ ਸਿਰਫ਼ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਂਦੇ ਹਨ ਸਗੋਂ ਮਨੁੱਖਾਂ, ਬੱਚਿਆਂ, ਬਜ਼ੁਰਗਾਂ ਤੇ ਬੇਜ਼ੁਬਾਨ ਜੀਵਾਂ ਲਈ ਵੀ ਮੁਸ਼ਕਲਾਂ ਪੈਦਾ ਕਰਦੇ ਹਨ। ਇਸ ਲਈ ਸਾਨੂੰ ਮਿੱਟੀ ਦੇ ਦੀਵੇ ਜਗਾਉਣ, ਕੁਦਰਤੀ ਸਜਾਵਟੀ ਵਸਤਾਂ ਦੀ ਵਰਤੋਂ ਕਰਨ ਤੇ ਬਿਜਲੀ ਦੀ ਬੇਲੋੜੀ ਖਪਤ ਤੋਂ ਬਚਣ ਨੂੰ ਤਰਜੀਹ ਦੇਣੀ ਚਾਹੀਦੀ ਹੈ। ਪਟਾਕਿਆਂ ਦੀ ਥਾਂ ਦੀਵੇ, ਫੁੱਲਾਂ ਤੇ ਅਪਣਿਆਂ ਨਾਲ ਖ਼ੁਸ਼ੀਆਂ ਸਾਂਝੀਆਂ ਕਰ ਕੇ ਵੀ ਇਸ ਤਿਉਹਾਰ ਨੂੰ ਯਾਦਗਾਰੀ ਬਣਾਇਆ ਜਾ ਸਕਦਾ ਹੈ। ਆਓ ਇਸ ਦੀਵਾਲੀ ਅਸੀਂ ਅਜਿਹਾ ਚਾਨਣ ਫੈਲਾਈਏ, ਜਿਹੜਾ ਸਾਡੇ ਘਰਾਂ ਦੇ ਨਾਲ-ਨਾਲ ਵਾਤਾਵਰਣ ਨੂੰ ਵੀ ਰੌਸ਼ਨ ਕਰੇ ਕਿਉਂਕਿ ਸਾਫ਼-ਸੁਥਰਾ ਵਾਤਾਵਰਣ ਹੀ ਆਉਣ ਵਾਲੀਆਂ ਪੀੜ੍ਹੀਆਂ ਲਈ ਸਭ ਤੋਂ ਕੀਮਤੀ ਤੋਹਫ਼ਾ ਹੈ।
ਆਓ, ਇਸ ਵਾਰ ਦੀਵਾਲੀ ’ਤੇ ਮਿੱਟੀ ਦੇ ਦੀਵਿਆਂ ਦੀ ਕੋਮਲ ਰੌਸ਼ਨੀ ਨਾਲ ਆਪਣੇ ਘਰਾਂ ਤੇ ਮਨਾਂ ਨੂੰ ਰੌਸ਼ਨ ਕਰੀਏ ਅਤੇ ਅਜਿਹੀ ‘ਗਰੀਨ ਦੀਵਾਲੀ’ ਮਨਾਈਏ, ਜੋ ਸਾਡੀ ਧਰਤੀ, ਪਰਿਵਾਰ ਤੇ ਬੱਚਿਆਂ ਦੇ ਭਵਿੱਖ ਨੂੰ ਰੋਸ਼ਨ, ਸੁਰੱਖਿਅਤ ਤੇ ਅਰੋਗ ਬਣਾ ਸਕੇ।
- ਜਤਿੰਦਰ ਭੁੱਚੋ