- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਿਵੇਂ ਹੀ ਕੋਈ ਬੱਚਾ ਜਨਮ ਲੈਂਦਾ ਹੈ, ਉਸ ਦੀ ਜੀਵਨ ਯਾਤਰਾ ਸ਼ੁਰੂ ਹੋ ਜਾਂਦੀ ਹੈ। ਇਹ ਯਾਤਰਾ ਖੇਡਾਂ, ਮਾਸੂਮੀਅਤ ਤੇ ਨਵੇਂ ਅਨੁਭਵਾਂ ਨਾਲ ਭਰੀ ਹੋਈ ਹੁੰਦੀ ਹੈ ਪਰ ਅੱਜ-ਕੱਲ੍ਹ ਦੀ ਤੇਜ਼ੀ ਨਾਲ ਬਦਲ ਰਹੀ ਜ਼ਿੰਦਗੀ, ਡਿਜੀਟਲ ਦੁਨੀਆ, ਉੱਚੀਆਂ ਅਕਾਦਮਿਕ ਉਮੀਦਾਂ ਤੇ ਸਮਾਜਿਕ ਦਬਾਅ ਨੇ ਇਨ੍ਹਾਂ ਮਾਸੂਮ ਬੱਚਿਆਂ ਦੀ ਮਨੋਦਸ਼ਾ ’ਤੇ ਵੀ ਅਸਰ ਪਾਉਣਾ ਸ਼ੁਰੂ ਕਰ ਦਿੱਤਾ ਹੈ।

ਜਿਵੇਂ ਹੀ ਕੋਈ ਬੱਚਾ ਜਨਮ ਲੈਂਦਾ ਹੈ, ਉਸ ਦੀ ਜੀਵਨ ਯਾਤਰਾ ਸ਼ੁਰੂ ਹੋ ਜਾਂਦੀ ਹੈ। ਇਹ ਯਾਤਰਾ ਖੇਡਾਂ, ਮਾਸੂਮੀਅਤ ਤੇ ਨਵੇਂ ਅਨੁਭਵਾਂ ਨਾਲ ਭਰੀ ਹੋਈ ਹੁੰਦੀ ਹੈ ਪਰ ਅੱਜ-ਕੱਲ੍ਹ ਦੀ ਤੇਜ਼ੀ ਨਾਲ ਬਦਲ ਰਹੀ ਜ਼ਿੰਦਗੀ, ਡਿਜੀਟਲ ਦੁਨੀਆ, ਉੱਚੀਆਂ ਅਕਾਦਮਿਕ ਉਮੀਦਾਂ ਤੇ ਸਮਾਜਿਕ ਦਬਾਅ ਨੇ ਇਨ੍ਹਾਂ ਮਾਸੂਮ ਬੱਚਿਆਂ ਦੀ ਮਨੋਦਸ਼ਾ ’ਤੇ ਵੀ ਅਸਰ ਪਾਉਣਾ ਸ਼ੁਰੂ ਕਰ ਦਿੱਤਾ ਹੈ। ਤਣਾਅ ਹੁਣ ਸਿਰਫ਼ ਬਾਲਗਾਂ ਦੀ ਸਮੱਸਿਆ ਨਹੀਂ ਰਿਹਾ, ਇਹ ਹੁਣ ਬਚਪਨ ’ਚ ਵੀ ਵੱਧ ਰਿਹਾ ਹੈ।
ਇਸ ਸੰਦਰਭ ’ਚ ਇਕ ਅਧਿਆਪਕ ਦੀ ਭੂਮਿਕਾ ਸਿਰਫ਼ ਪੜ੍ਹਨ-ਪੜ੍ਹਾਉਣ ਦੀ ਨਹੀਂ ਸਗੋਂ ਮਾਰਗ-ਦਰਸ਼ਕ, ਮਨੋਵਿਗਿਆਨਿਕ ਸਹਾਇਕ ਤੇ ਆਤਮਿਕ ਤੰਦਰੁਸਤੀ ਦਾ ਰਖਵਾਲਾ ਬਣਨ ਦੀ ਵੀ ਬਣ ਜਾਂਦੀ ਹੈ। ਅਧਿਆਪਕ ਜੇ ਸੂਖ਼ਮਤਾ ਨਾਲ ਬੱਚਿਆਂ ’ਚ ਤਣਾਅ ਦੇ ਲੱਛਣ ਪਛਾਣ ਲੈਣ ਤਾਂ ਉਹ ਸਿਰਫ਼ ਬੱਚਿਆਂ ਦੀ ਅਕਾਦਮਿਕ ਕਾਰਗੁਜ਼ਾਰੀ ਹੀ ਨਹੀਂ ਸਗੋਂ ਉਨ੍ਹਾਂ ਦੇ ਪੂਰੇ ਜੀਵਨ ਨੂੰ ਨਵੀਂ ਦਿਸ਼ਾ ਦੇ ਸਕਦੇ ਹਨ। ਪ੍ਰਾਇਮਰੀ ਪੱਧਰ ਦੇ ਬੱਚੇ ਆਪਣੀਆਂ ਭਾਵਨਾਵਾਂ ਨੂੰ ਪੂਰੀ ਤਰ੍ਹਾਂ ਸ਼ਬਦਾਂ ’ਚ ਬਿਆਨ ਨਹੀਂ ਕਰ ਸਕਦੇ। ਇਸ ਲਈ ਉਨ੍ਹਾਂ ਦਾ ਤਣਾਅ ਅਕਸਰ ਵਿਹਾਰਕ ਤਬਦੀਲੀ, ਅਜੀਬ ਸਰੀਰਕ ਹਰਕਤਾਂ ਜਾਂ ਗੁੰਮ-ਸੁੰਮ ਹੋ ਜਾਣ ਦੇ ਰੂਪ ’ਚ ਸਾਹਮਣੇ ਆਉਂਦਾ ਹੈ।
ਤਣਾਅ ਦੇ ਸੰਭਾਵਿਤ ਕਾਰਨ
ਮਾਪਿਆਂ ਦੀ ਉਮੀਦਾਂ: ‘ਅਸੀਂ ਤਾਂ ਚਾਹੁੰਦੇ ਹਾਂ ਮੇਰਾ ਬੱਚਾ ਪਹਿਲੇ ਨੰਬਰ ’ਤੇ ਆਵੇ।’ ਇਸ ਸੋਚ ਨੇ ਅਣਜਾਣੇ ਤੌਰ ’ਤੇ ਬੱਚਿਆਂ ਨੂੰ ਅੰਦਰੋਂ ਖੋਖਲੇ ਕਰ ਦਿੱਤਾ ਹੈ।
ਪਾਠਕ੍ਰਮ ਦਾ ਦਬਾਅ: ਸਕੂਲ ਵੱਲੋਂ ਮਿਲਿਆ ਬਹੁਤ ਜ਼ਿਆਦਾ ਘਰ ਦਾ ਕੰਮ, ਲੰਮਾ ਸਕੂਲ ਸਮਾਂ, ਰੋਜ਼ਾਨਾ ਹੁੰਦੇ ਟੈਸਟਾਂ ਦਾ ਬੋਝ।
ਘਰੇਲੂ ਪ੍ਰੇਸ਼ਾਨੀਆਂ: ਮਾਪਿਆਂ ਵਿਚਕਾਰ ਝਗੜੇ, ਧਿਆਨ ਦੀ ਘਾਟ ਜਾਂ ਬੇਧਿਆਨੀ ਵੀ ਬੱਚੇ ਦੇ ਮਨ ’ਚ ਡਰ ਤੇ ਚਿੰਤਾ ਪੈਦਾ ਕਰ ਸਕਦੇ ਹਨ।
ਸਮਾਜਿਕ ਤਕਰਾਰ : ਕੋਈ ਚੰਗਾ ਦੋਸਤ ਨਾ ਮਿਲਣਾ, ਸਹਿਪਾਠੀਆਂ ਦੁਆਰਾ ਕੀਤਾ ਗਿਆ ਬੁਰਾ ਵਤੀਰਾ ਜਾਂ ਟਿੱਪਣੀਆਂ ਤਣਾਅ ਦਾ ਵੱਡਾ ਕਾਰਨ ਹੋ ਸਕਦੀਆਂ ਹਨ।
ਮਾਨਸਿਕ ਵਿਕਾਸ ’ਚ ਅੰਤਰ: ਜੇ ਕੋਈ ਬੱਚਾ ਹੋਰਾਂ ਨਾਲੋਂ ਹੌਲੀ ਸਿੱਖਦਾ ਹੈ ਜਾਂ ਵਿਸ਼ੇਸ਼ ਸਹਾਇਤਾ ਦੀ ਲੋੜ ਰੱਖਦਾ ਹੈ ਤਾਂ ਉਹ ਵੀ ਅੰਦਰੂਨੀ ਤਣਾਅ ਮਹਿਸੂਸ ਕਰ ਸਕਦਾ ਹੈ।
ਅਧਿਆਪਕ ਤਣਾਅ-ਮੁਕਤ ਬਚਪਨ ਦਾ ਸੱਚਾ ਸਾਥੀ
ਜਾਗਰੂਕਤਾ ਤੇ ਧਾਰਨਾ
ਅਧਿਆਪਕ ਨੂੰ ਆਪਣੇ ਵਿਦਿਆਰਥੀਆਂ ਦੇ ਵਿਹਾਰ, ਧਿਆਨ ਕੇਂਦਰਿਤ ਕਰਨ ’ਚ ਆਈ ਤਬਦੀਲੀ, ਜ਼ਿਆਦਾ ਉਤੇਜਿਤ ਹੋ ਜਾਣ ਜਾਂ ਅਕਸਰ ਬਿਮਾਰ ਰਹਿਣ ਵਾਲੀਆਂ ਨਿਸ਼ਾਨੀਆਂ ’ਤੇ ਧਿਆਨ ਦੇਣਾ ਚਾਹੀਦਾ ਹੈ। ਇਹ ਤਣਾਅ ਦੇ ਲੱਛਣ ਹੋ ਸਕਦੇ ਹਨ।
ਭਰੋਸੇਯੋਗ ਸਬੰਧ ਬਣਾਉਣਾ
ਅਧਿਆਪਕ ਜਦੋਂ ਵਿਦਿਆਰਥੀ ਨਾਲ ਸੰਵੇਦਨਸ਼ੀਲਤਾ, ਪਿਆਰ ਤੇ ਸਨਮਾਨ ਨਾਲ ਪੇਸ਼ ਆਉਂਦਾ ਹੈ ਤਾਂ ਵਿਦਿਆਰਥੀ ਆਪਣੇ ਮਨ ਦੀ ਗੱਲ ਸਾਂਝੀ ਕਰਨਾ ਸਿੱਖ ਜਾਂਦਾ ਹੈ। ਇਹ ਸਬੰਧ ਤਣਾਅ ਘਟਾਉਣ ਦਾ ਪਹਿਲਾ ਕਦਮ ਹਨ।
ਰੋਜ਼ ਦੇ ਕੰਮਾਂ ’ਚ ਲਚਕਤਾ
ਕਲਾਸਰੂਮ ਦੀ ਲਗਾਤਾਰਤਾ ਵਿਚ ਖੇਡਾਂ, ਰਚਨਾਤਮਕ ਗਤੀਵਿਧੀਆਂ (ਕਲਾ, ਸੰਗੀਤ, ਨਾਚ), ਤੇ ਮਨੋਰੰਜਕ ਸਮਾਂ ਸ਼ਾਮਿਲ ਕਰ ਕੇ ਬੱਚਿਆਂ ਦੀ ਆਤਮਿਕ ਤਾਜ਼ਗੀ ਨੂੰ ਕਾਇਮ ਰੱਖਿਆ ਜਾ ਸਕਦਾ ਹੈ।
ਮਨੋਵਿਗਿਆਨਿਕ ਕੌਸ਼ਲਾਂ ਦੀ ਸਿੱਖਿਆ
ਬੱਚਿਆਂ ਨੂੰ ਮਨੋਵਿਗਿਆਨਿਕ ਕੌਸ਼ਲਾਂ, ਜਿਵੇਂ ਆਪਣੀਆਂ ਭਾਵਨਾਵਾਂ ਦੀ ਪਛਾਣ, ਦੂਜੇ ਦੀ ਸਥਿਤੀ ਨੂੰ ਸਮਝਣਾ ਤੇ ਗੁੱਸੇ ਜਾਂ ਡਰ ਸਮੇਂ ਆਪਣੇ-ਆਪ ਨੂੰ ਕਾਬੂ ਰੱਖਣਾ ਸਿਖਾਉਣ ਵਿਚ ਅਧਿਆਪਕ ਦੀ ਅਹਿਮ ਭੂਮਿਕਾ ਹੈ।
ਸਹਿਯੋਗੀ ਅਕਾਦਮਿਕ ਯੋਜਨਾ
ਜਮਾਤ ਕਮਰੇ ਅੰਦਰ ਯੋਗ ਅਭਿਆਸ, ਮਨ ਸ਼ਾਂਤ ਕਰਨ ਲਈ ਵਿਸ਼ੇਸ਼ ਕੋਨਾ ਤੇ ਸਮੱਸਿਆ-ਹੱਲ ਗਤੀਵਿਧੀਆਂ ਆਦਿ, ਇਹ ਸਾਰੇ ਤਰੀਕੇ ਬੱਚਿਆਂ ਵਿਚ ਸੰਤੁਲਿਤ ਤੇ ਮਾਨਸਿਕ ਸ਼ਾਂਤੀ ਦੀ ਦਿਸ਼ਾ ’ਚ ਯੋਗਦਾਨ ਪਾਉਂਦੇ ਹਨ।
ਮਾਪਿਆਂ ਨਾਲ ਵਾਰਤਾਲਾਪ
ਅਧਿਆਪਕ ਮਾਪਿਆਂ ਨੂੰ ਬੱਚਿਆਂ ਦੇ ਆਚਰਨ ਵਿਚ ਆ ਰਹੀਆਂ ਤਬਦੀਲੀਆਂ ਬਾਰੇ ਜਾਣੂ ਕਰਵਾ ਸਕਦੇ ਹਨ ਤੇ ਘਰੇਲੂ ਮਾਹੌਲ ’ਚ ਵੀ ਤਣਾਅ ਘਟਾਉਣ ਲਈ ਸਹਿਯੋਗ ਕਰਨ ਲਈ ਪ੍ਰੇਰਿਤ ਕਰ ਸਕਦੇ ਹਨ।
ਵਿਸ਼ੇਸ਼ ਮਾਹਿਰਾਂ ਨਾਲ ਰਾਬਤਾ
ਕਈ ਵਾਰ ਤਣਾਅ ਅੰਦਰੂਨੀ ਤੌਰ ’ਤੇ ਜਟਿਲ ਹੋ ਸਕਦਾ ਹੈ। ਅਜਿਹੀ ਸਥਿਤੀ ਵਿਚ ਅਧਿਆਪਕ ਕਿਸੇ ਬਾਲ-ਮਨੋਵਿਗਿਆਨੀ ਜਾਂ ਸਕੂਲ ਕਾਊਂਸਲਰ ਦੀ ਮਦਦ ਲੈ ਸਕਦੇ ਹਨ।
ਆਖ਼ਰ ਅਸੀਂ ਕਹਿ ਸਕਦੇ ਹਾਂ ਕਿ ਤਣਾਅ-ਮੁਕਤ ਬਚਪਨ ਸੁੰਦਰ ਭਵਿੱਖ ਦੀ ਨੀਂਹ ਹੁੰਦਾ ਹੈ। ਅਧਿਆਪਕਾਂ ਨੂੰ ਇਹ ਸਮਝਣਾ ਪਵੇਗਾ ਕਿ ਅਸੀਂ ਸਿਰਫ਼ ਪਾਠਕ੍ਰਮ ਹੀ ਨਹੀਂ ਪੜ੍ਹਾ ਰਹੇ ਸਗੋਂ ਅਸੀਂ ਇਕ ਮਨੁੱਖ ਦੇ ਆਤਮਿਕ, ਸਮਾਜਿਕ ਤੇ ਭਾਵਨਾਤਮਕ ਵਿਕਾਸ ’ਚ ਸਹਿਯੋਗੀ ਬਣ ਰਹੇ ਹਾਂ। ਜੇ ਅਸੀਂ ਹਰ ਬੱਚੇ ਨੂੰ ਇੱਕ ਮੁਕੰਮਲ ਵਿਅਕਤੀ ਵਜੋਂ ਸਵੀਕਾਰ ਕਰੀਏ, ਉਸ ਦੀ ਸੁਣੀਏ, ਸਹਾਰਾ ਦੇਈਏ ਤੇ ਤਣਾਅ ਤੋਂ ਪਰ੍ਹੇ ਖ਼ੁਸ਼ਹਾਲ ਵਿਦਿਆਰਥੀ ਬਣਾਈਏ ਤਾਂ ਇਹ ਸਿੱਖਿਆ ਹੀ ਸਹੀ ਅਰਥਾਂ ’ਚ ਸਿੱਖਿਆ ਹੋਵੇਗੀ।
- ਸਰਬਜੀਤ ਸਿੰਘ