- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਾਲ ਹੀ ’ਚ ਜਾਗਰਣ ਗਰੁੱਪ ਦੇ ਕੰਟੈਂਟ ਕ੍ਰਿਏਟਰ ਸਮਿੱਟ ’ਚ ਪਹੁੰਚੇ ਗੁੱਗੂ ਗਿੱਲ ਨੇ ਆਪਣੀ ਫਿਲਮੀ ਯਾਤਰਾ, ਪੰਜਾਬੀ ਸਿਨੇਮਾ ਦੇ ਬਦਲਦੇ ਦੌਰ, ਨੌਜਵਾਨਾਂ ਦੀ ਨਵੀਂ ਸੋਚ ਤੇ ਆਪਣੀ ਆਉਣ ਵਾਲੀ ਫਿਲਮ 'ਸ਼ਿਕਾਰੀ-3' ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ। ਗੱਲਬਾਤ ਦੌਰਾਨ ਉਨ੍ਹਾਂ ਦੀ ਸਾਦਗੀ, ਪਿੰਡ ਨਾਲ ਜੁੜਾਵ ਤੇ ਪੰਜਾਬੀ ਮਿੱਟੀ ਪ੍ਰਤੀ ਪਿਆਰ ਹਰ ਜਵਾਬ ’ਚ ਸਾਫ਼ ਝਲਕਦਾ ਦਿੱਤਾ।

ਅੰਕੇਸ਼ ਠਾਕੁਰ, ਜਾਗਰਣ, ਚੰਡੀਗੜ੍ਹ : ਪੰਜਾਬੀ ਸਿਨੇਮਾ ਦੀ ਗੱਲ ਹੋਵੇ ਤੇ ਗੁੱਗੂ ਗਿੱਲ ਦਾ ਨਾਮ ਨਾ ਆਵੇ, ਇਹ ਸੰਭਵ ਨਹੀਂ। ਆਪਣੀ ਦਮਦਾਰ ਅਦਾਕਾਰੀ, ਦੇਸੀ ਅੰਦਾਜ਼ ਤੇ ਮਿੱਟੀ ਨਾਲ ਜੁੜੇ ਕਿਰਦਾਰਾਂ ਦੇ ਦਮ ’ਤੇ ਉਨ੍ਹਾਂ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੱਕ ਦਰਸ਼ਕਾਂ ਦੇ ਦਿਲਾਂ 'ਤੇ ਰਾਜ ਕੀਤਾ ਹੈ। ਹਾਲ ਹੀ ’ਚ ਜਾਗਰਣ ਗਰੁੱਪ ਦੇ ਕੰਟੈਂਟ ਕ੍ਰਿਏਟਰ ਸਮਿੱਟ ’ਚ ਪਹੁੰਚੇ ਗੁੱਗੂ ਗਿੱਲ ਨੇ ਆਪਣੀ ਫਿਲਮੀ ਯਾਤਰਾ, ਪੰਜਾਬੀ ਸਿਨੇਮਾ ਦੇ ਬਦਲਦੇ ਦੌਰ, ਨੌਜਵਾਨਾਂ ਦੀ ਨਵੀਂ ਸੋਚ ਤੇ ਆਪਣੀ ਆਉਣ ਵਾਲੀ ਫਿਲਮ 'ਸ਼ਿਕਾਰੀ-3' ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ। ਗੱਲਬਾਤ ਦੌਰਾਨ ਉਨ੍ਹਾਂ ਦੀ ਸਾਦਗੀ, ਪਿੰਡ ਨਾਲ ਜੁੜਾਵ ਤੇ ਪੰਜਾਬੀ ਮਿੱਟੀ ਪ੍ਰਤੀ ਪਿਆਰ ਹਰ ਜਵਾਬ ’ਚ ਸਾਫ਼ ਝਲਕਦਾ ਦਿੱਤਾ।
ਸਵਾਲ : ਲੋਕ ਤੁਹਾਨੂੰ ਪੰਜਾਬੀ ਸਿਨੇਮਾ ਦਾ ਵੱਡਾ ਚਿਹਰਾ ਮੰਨਦੇ ਹਨ, ਪਰ ਤੁਹਾਡੇ ਕਰੀਅਰ ਦੀ ਸ਼ੁਰੂਆਤ ਕਿਵੇਂ ਹੋਈ?
ਜਵਾਬ : ਬਹੁਤ ਘੱਟ ਲੋਕ ਜਾਣਦੇ ਹਨ ਕਿ ਮੇਰੀ ਪਹਿਲੀ ਫਿਲਮ ਪੰਜਾਬੀ ਨਹੀਂ ਸਗੋਂ ਹਰਿਆਣਵੀ ਸੀ, ਜਿਸ ਦਾ ਨਾਮ 'ਛੋਰਾ ਹਰਿਆਣੇ ਦਾ' ਸੀ। ਉਥੋਂ ਮੇਰਾ ਫਿਲਮੀ ਸਫ਼ਰ ਸ਼ੁਰੂ ਹੋਇਆ। ਉਸ ਤੋਂ ਬਾਅਦ ਪੰਜਾਬੀ ਫਿਲਮਾਂ ਨੇ ਮੈਨੂੰ ਇੰਨਾ ਪਿਆਰ ਦਿੱਤਾ ਕਿ ਇਹ ਇੰਡਸਟਰੀ ਹੀ ਮੇਰਾ ਪਰਿਵਾਰ ਬਣ ਗਈ।
ਸਵਾਲ : ਅੱਜ ਵੀ ਪਿੰਡ ’ਚ ਰਹਿਣਾ ਕਿਉਂ ਪਸੰਦ ਕਰਦੇ ਹੋ?
ਜਵਾਬ : ਮੈਂ ਮੰਨਦਾ ਹਾਂ ਕਿ ਇਨਸਾਨ ਨੂੰ ਆਪਣੀ ਮਿੱਟੀ ਤੇ ਆਪਣੀਆਂ ਜੜ੍ਹਾਂ ਤੋਂ ਕਦੇ ਵੀ ਵੱਖ ਨਹੀਂ ਹੋਣਾ ਚਾਹੀਦਾ। ਸ਼ੂਟਿੰਗ ਲਈ ਜਿੱਥੇ ਵੀ ਜਾਣਾ ਪੈਂਦਾ ਹੈ, ਜਾਂਦਾ ਹਾਂ, ਪਰ ਜਿਵੇਂ ਹੀ ਸਮਾਂ ਮਿਲਦਾ ਹੈ, ਆਪਣੇ ਪਿੰਡ ਵਾਪਸ ਆ ਜਾਂਦਾ ਹਾਂ। ਪਿੰਡ ਦੀ ਹਵਾ, ਲੋਕ ਤੇ ਅਪਣਾਪਣ ਮੈਨੂੰ ਹਮੇਸ਼ਾ ਨਵੀਂ ਊਰਜਾ ਦਿੰਦੇ ਹਨ।
ਸਵਾਲ : ਤੁਹਾਡੇ ਸ਼ੁਰੂਆਤੀ ਦੌਰ ਤੇ ਅੱਜ ਦੇ ਪੰਜਾਬੀ ਸਿਨੇਮਾ ’ਚ ਸਭ ਤੋਂ ਵੱਡਾ ਬਦਲਾਅ ਕੀ ਦੇਖਦੇ ਹੋ?
ਜਵਾਬ : ਸਭ ਤੋਂ ਵੱਡਾ ਬਦਲਾਅ ਫਿਲਮਾਂ ਦਾ ਬਜਟ ਤੇ ਪ੍ਰੋਫੈਸ਼ਨਲ ਸੋਚ ਹੈ। ਪਹਿਲਾਂ ਨਿਰਮਾਤਾ ਸੀਮਤ ਸਰੋਤਾਂ ’ਚ ਫਿਲਮਾਂ ਬਣਾਉਂਦੇ ਸਨ, ਕਿਉਂਕਿ ਕਮਾਈ ਵੀ ਸੀਮਤ ਸੀ। ਅੱਜ ਨਿਵੇਸ਼ ਵਧਿਆ ਹੈ, ਦਰਸ਼ਕਾਂ ਦਾ ਦਾਇਰਾ ਵਧਿਆ ਹੈ ਤੇ ਇੰਡਸਟਰੀ ਨੂੰ ਸਮਝਣ ਵਾਲੇ ਨਿਰਮਾਤਾ, ਨਿਰਦੇਸ਼ਕ, ਲੇਖਕ ਤੇ ਤਕਨੀਕੀ ਮਾਹਰ ਵੱਡੀ ਗਿਣਤੀ ’ਚ ਜੁੜੇ ਹਨ। ਇਹੀ ਕਾਰਨ ਹੈ ਕਿ ਪੰਜਾਬੀ ਸਿਨੇਮਾ ਲਗਾਤਾਰ ਨਵੀਆਂ ਉਚਾਈਆਂ 'ਤੇ ਪਹੁੰਚ ਰਿਹਾ ਹੈ।
ਸਵਾਲ : ਲੰਬੇ ਕਰੀਅਰ ਦਾ ਕੋਈ ਅਜਿਹਾ ਪਲ, ਜਿਸ ਨੂੰ ਤੁਸੀਂ ਹਮੇਸ਼ਾ ਯਾਦ ਰੱਖਦੇ ਹੋ?
ਜਵਾਬ : ਸੱਚ ਕਹਾਂ ਤਾਂ ਹਰ ਫਿਲਮ ਮੇਰੇ ਲਈ ਯਾਦਗਾਰ ਰਹੀ ਹੈ। ਹਰ ਨਵੀਂ ਕਹਾਣੀ, ਹਰ ਨਵਾਂ ਨਿਰਦੇਸ਼ਕ ਤੇ ਹਰ ਨਵਾਂ ਅਦਾਕਾਰ ਕੁਝ ਨਾ ਕੁਝ ਸਿਖਾ ਕੇ ਜਾਂਦਾ ਹੈ। ਨਵੀਆਂ ਜਗ੍ਹਾਂ ’ਤੇ ਸ਼ੂਟਿੰਗ ਕਰਨਾ ਵੀ ਜੀਵਨ ਦਾ ਸੋਹਣਾ ਤਜਰਬਾ ਹੁੰਦਾ ਹੈ। ਹਾਲਾਂਕਿ ਸ਼ੁਰੂਆਤੀ ਦੌਰ ਆਸਾਨ ਨਹੀਂ ਸੀ। ਉਸ ਸਮੇਂ ਇੰਡਸਟਰੀ ਸੰਘਰਸ਼ ਦੇ ਦੌਰ ’ਚੋਂ ਲੰਘ ਰਹੀ ਸੀ। ਫਿਲਮ 'ਜੱਟ ਤੇ ਜ਼ਮੀਨ' ਦੀ ਸ਼ੂਟਿੰਗ ਦੌਰਾਨ ਅਸੀਂ ਨਿਰਦੇਸ਼ਕ ਵਰਿੰਦਰ ਸਾਹਿਬ ਨੂੰ ਗੁਆ ਦਿੱਤਾ ਸੀ। ਉਹ ਪਲ ਅੱਜ ਵੀ ਦਿਲ ਨੂੰ ਦੁਖ ਦਿੰਦਾ ਹੈ।
ਸਵਾਲ : ਨਵੀਂ ਪੀੜ੍ਹੀ ਦੇ ਕਲਾਕਾਰਾਂ ਨੂੰ ਕਿਸ ਨਜ਼ਰ ਨਾਲ ਦੇਖਦੇ ਹੋ?
ਜਵਾਬ : ਅੱਜ ਦੀ ਯੂਥ ਪੀੜ੍ਹੀ ਬਹੁਤ ਉਰਜਾਵਾਨ ਹੈ। ਉਨ੍ਹਾਂ ਦੀ ਸੋਚ ਆਧੁਨਿਕ ਹੈ ਤੇ ਤਿਆਰੀ ਵੀ ਸ਼ਾਨਦਾਰ ਹੁੰਦੀ ਹੈ। ਉਹ ਹਰ ਕਿਰਦਾਰ ਨੂੰ ਪੂਰੀ ਮਿਹਨਤ ਤੇ ਇਮਾਨਦਾਰੀ ਨਾਲ ਨਿਭਾਉਂਦੇ ਹਨ। ਸੱਚ ਕਹਾਂ ਤਾਂ ਅਸੀਂ ਵੀ ਉਨ੍ਹਾਂ ਤੋਂ ਬਹੁਤ ਕੁਝ ਸਿਖਦੇ ਹਾਂ। ਇੰਡਸਟਰੀ ਦਾ ਭਵਿੱਖ ਸੁਰੱਖਿਅਤ ਹੱਥਾਂ ’ਚ ਹੈ।
ਸਵਾਲ : ਦਰਸ਼ਕਾਂ ਨੂੰ 'ਸ਼ਿਕਾਰੀ-3' ਤੋਂ ਕੀ ਉਮੀਦ ਰੱਖਣੀ ਚਾਹੀਦੀ ਹੈ?
ਜਵਾਬ : 'ਸ਼ਿਕਾਰੀ-3' ਜਲਦੀ ਦਰਸ਼ਕਾਂ ਸਾਹਮਣੇ ਹੋਵੇਗੀ। ਇਸ ’ਚ 'ਗੁੜ ਵਾਲੀ ਚਾਹ' ਵੀ ਜਰੂਰ ਮਿਲੇਗੀ। ਬਿਨਾਂ ਗੁੜ ਵਾਲੀ ਚਾਹ ਦੇ ਭਲਾ ਸ਼ਿਕਾਰੀ ਕਾਹਦਾ? ਇਹ ਤਾਂ ਸ਼ਿਕਾਰੀਆਂ ਦੀ ਪਛਾਣ ਹੈ। ਇਸ ਵਾਰ ਫਿਲਮ ’ਚ ਦਰਸ਼ਕਾਂ ਨੂੰ ਅਜਿਹਾ ਰੰਗ ਤੇ ਅੰਦਾਜ਼ ਦੇਖਣ ਨੂੰ ਮਿਲੇਗਾ, ਜੋ ਪਹਿਲਾਂ ਕਦੇ ਨਹੀਂ ਦੇਖਿਆ ਹੋਵੇਗਾ।