ਪੰਜਾਬੀ ਸਿਨੇਮਾ ਦੇ ਅਜੋਕੇ ਦੌਰ ਨੂੰ ਵੇਖਦਿਆਂ ਅਤੇ ਇਸ ਦੇ ਇਤਿਹਾਸ ਵੱਲ ਝਾਤ ਮਾਰਦਿਆਂ ਫ਼ਖਰ ਮਹਿਸੂਸ ਹੁੰਦਾ ਹੈ। ਲਗਪਗ ਪੌਣੀ ਸਦੀ ਪਹਿਲਾਂ ਲਾਹੌਰ ਦੀ ਧਰਤੀ ’ਤੇ ਪੰਜਾਬੀ ਸਿਨੇਮਾ ਦਾ ਮੁੱਢ ਬੱਝਿਆ ਸੀ। ਕੇ.ਡੀ. ਮਹਿਰਾ ਅਤੇ ਕੁਝ ਅਜਿਹੇ ਹੋਰ ਸੱਜਣ ਇਸ ਦੇ ਮੋਹਰੀਆਂ ਵਿੱਚੋਂ ਮੰਨੇ ਜਾਂਦੇ ਹਨ। ਉਦੋਂ ਤੋਂ ਲੈ ਕੇ ਅੱਜ ਤਕ ਦਾ ਸਫ਼ਰ ਤੈਅ ਕਰਦਿਆਂ ਪੰਜਾਬੀ ਸਿਨੇਮੇ ਨੇ ਕਈ ਉਤਰਾਅ-ਚੜ੍ਹਾਅ ਵੇਖੇ ਹਨ। ਪਿਛਲੇ ਕੁਝ ਸਾਲਾਂ ਵਿਚ ਦੇਸ਼-ਵਿਦੇਸ਼ ਦੇ ਪੰਜਾਬੀ ਦਰਸ਼ਕਾਂ ਨੇ ਪੰਜਾਬੀ ਸਿਨੇਮੇ ਨੂੰ ਪਹਿਲਾਂ ਨਾਲੋਂ ਕਿਤੇ ਵੱਡਾ ਹੁੰਗਾਰਾ ਦਿੱਤਾ ਹੈ।

ਸਿਨੇਮਾ ਸਿਰਫ਼ ਤੇ ਸਿਰਫ਼ ਮਨੋਰੰਜਨ ਦਾ ਹੀ ਸਾਧਨ ਨਹੀਂ ਹੈ ਇਸ ਕੋਲ ਯੁੱਗ ਬਦਲਣ ਦੀ ਅਥਾਹ ਸ਼ਕਤੀ ਵੀ ਹੈ। ਮਨੋਰੰਜਨ ਦੇ ਨਾਲ-ਨਾਲ ਸਮਾਜਿਕ ਮੁੱਦਿਆਂ ਦੀ ਗੱਲ ਕਰਨਾ ਸਿਨੇਮੇ ਦਾ ਮੁੱਢਲਾ ਫ਼ਰਜ਼ ਹੈ। ਸਮਾਜਿਕ ਵਿਸ਼ਿਆਂ ’ਤੇ ਫਿਲਮਾਂ ਬਣਨ ਨਾਲ ਸਾਨੂੰ ਇਹ ਸੰਕੇਤ ਮਿਲਦੇ ਹਨ ਕਿ ਪੰਜਾਬੀ ਸਿਨੇਮਾ ਅੱਜ ਤਬਦੀਲੀ ਦੇ ਦੌਰ ’ਚੋਂ ਗੁਜ਼ਰ ਰਿਹਾ ਹੈ। ਇਸ ਨਾਲ ਇਹ ਵਪਾਰਕ ਤੌਰ ’ਤੇ ਨਵੀਆਂ ਬੁਲੰਦੀਆਂ ’ਤੇ ਪਹੁੰਚਿਆ ਹੈ। ਜਿਸ ਦੇ ਸਿੱਟੇ ਵਜੋਂ ਨਿਰਮਾਤਾ, ਨਿਰਦੇਸ਼ਕਾਂ, ਲੇਖਕਾਂ, ਕਲਾਕਾਰਾਂ ਤੇ ਸੰਗੀਤਕਾਰਾਂ ਆਦਿ ਦੇ ਮਨਾਂ ਅੰਦਰ ਭਰੋਸਾ ਜਾਗਿਆ ਹੈ ਜਿਸ ਦਾ ਵੱਡਾ ਸਬੂਤ ਪਿਛਲੇ ਸਾਲਾਂ ’ਚ ਰਿਲੀਜ਼ ਹੋਈਆਂ ਫਿਲਮਾਂ ਤੋਂ ਦੇਖਣ ਨੂੰ ਮਿਲਿਆ ਹੈ।

ਮੁੰਬਈ ਦੀ ਫਿਲਮ ਇੰਡਸਟਰੀ ਨੂੰ ਦੇਖਦੇ ਹੋਏ ਪੰਜਾਬ ਅੰਦਰ ਰੰਗਮੰਚ ਅਤੇ ਸੁਨਹਿਰੀ ਪਰਦੇ ਨਾਲ ਜੁੜੇ ਕਲਾਕਾਰਾਂ ਦੀ ਨਿੱਗਰ ਤੇ ਮਿਆਰੀ ਸੋਚ ਸਦਕਾ ਨੌਰਥ ਜ਼ੋਨ ਫਿਲਮ ਐਂਡ ਟੀ.ਵੀ. ਐਸੋਸੀਏਸ਼ਨ ਨਾਂ ਦੀ ਸੰਸਥਾ ਦੀ ਸਥਾਪਨਾ ਕੀਤੀ ਗਈ। ਸਾਲ 2013 ’ਚ ਇਸ ਦੀ ਨੀਂਹ ਰੱਖੀ ਗਈ, ਜਿਸ ਦਾ ਮੁੱਖ ਉਦੇਸ਼ ਸਿਨੇਮਾ ਕਲਾਕਾਰਾਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਦਾ ਹੱਲ ਕਰਨਾ ਅਤੇ ਪੰਜਾਬੀ ਸਿਨੇਮਾ ਦਾ ਮਿਆਰ ਉੱਚਾ ਚੁੱਕਣ ਵਿਚ ਯੋਗਦਾਨ ਪਾਉਣਾ ਸੀ। ਕਈ ਸਾਲਾਂ ਵਿਚ ਇਹ ਸੰਸਥਾ ਆਪਣੀ ਤੋਰੇ ਤੁਰਦੀ ਰਹੀ। 2018 ਵਿਚ ਸੰਸਥਾ ਦਾ ਪੁਨਰਗਠਨ ਕੀਤਾ ਗਿਆ ਅਤੇ ਵੱਡੇ ਕਲਾਕਾਰਾਂ ਦੀ ਸ਼ਮੂਲੀਅਤ ਕਰ ਕੇ ਇਸ ਨੂੰ ਇਕ ਨਵਾਂ ਤੇ ਵਿਸ਼ਾਲ ਰੂਪ ਦਿੱਤਾ ਗਿਆ। ਅੱਜ ਨੌਰਥ ਜ਼ੋਨ ਫਿਲਮ ਐਂਡ ਟੀ.ਵੀ. ਐਸੋਸੀਏਸ਼ਨ ਦਾ ਇਹ ਬੂਟਾ ਵੱਡਾ ਛਾਂਦਾਰ ਰੁੱਖ ਬਣ ਗਿਆ ਹੈ ਜੋ ਸੁਨਹਿਰੀ ਪਰਦੇ ’ਤੇ ਆਪਣੀ ਪ੍ਰਤਿਭਾ ਦਾ ਲੋਹਾ ਮਨਾਉਂਦੇ ਹੋਏ ਕਲਾਕਾਰਾਂ ਅਤੇ ਕਾਮਿਆਂ ਲਈ ਇਹ ਮਾਣ ਵਾਲੀ ਗੱਲ ਹੈ। ਜਦੋਂ ਐਸੋਸੀਏਸ਼ਨ ਦੀਆਂ ਮਾਣਮੱਤੀਆਂ ਪ੍ਰਾਪਤੀਆਂ ’ਤੇ ਨਜ਼ਰ ਮਾਰਦੇ ਹਾਂ ਤਾਂ ਫ਼ਖ਼ਰ ਮਹਿਸੂਸ ਹੁੰਦਾ ਹੈ।

ਆਲਮੀ ਪੰਜਾਬੀ ਸਿਨੇਮਾ ਦਿਹਾੜਾ

ਸਮਾਜ ਨੂੰ ਸਿਰਜਣਾਤਮਕ ਸੇਧ ਦੇਣ ਲਈ ਸਿਨੇਮਾ ਹੀ ਇਕ ਸਾਧਨ ਹੈ। ਪੰਜਾਬੀ ਫਿਲਮਾਂ ਦੀ ਸ਼ੁਰੂਆਤ 1932 ’ਚ ਹੋਈ। 29 ਮਾਰਚ 1935 ਨੂੰ ਪਹਿਲੀ ਫਿਲਮ ‘ਇਸ਼ਕ-ਏ-ਪੰਜਾਬ’,‘ਮਿਰਜ਼ਾ-ਸਾਹਿਬਾਂ’ ਰਿਲੀਜ਼ ਹੋਈ। ਨੌਰਥ ਜ਼ੋਨ ਫਿਲਮ ਐਂਡ ਟੀਵੀ ਆਰਟਿਸਟ ਐਸੋਸੀਏਸ਼ਨ ਵੱਲੋਂ ਪਹਿਲ ਕਦਮੀ ਕਰਦਿਆਂ ਸਮੂਹ ਕਲਾਕਾਰਾਂ ਦੀ ਹਾਜ਼ਰੀ ’ਚ ਡਾਇਰੈਕਟਰ ਮਨਮੋਹਨ ਸਿੰਘ ਮਨ, ਨਿਰਮਲ ਰਿਸ਼ੀ ਅਤੇ ਗਿੱਪੀ ਗਰੇਵਾਲ ਵੱਲੋਂ 29 ਮਾਰਚ ਦੇ ਦਿਨ ਨੂੰ ਪਹਿਲੀ ਵਾਰੀ ‘ਕੇਕ ਕੱਟ’ ਕੇ ਅਤੇ ਪੰਜਾਬੀ ਸਿਨੇਮਾ ਦੀ ਪਹਿਲੀ ਕੌਮੀ ਪੁਰਸਕਾਰ ਜੇਤੂ ਫਿਲਮ ‘ਚੌਧਰੀ ਕਰਨੈਲ ਸਿੰਘ’ ਸਿਨੇਮਾ ਵਿਚ ਵਿਖਾ ਕੇ ਵਿਸ਼ਵ ਪੰਜਾਬੀ ਸਿਨੇਮਾ ਦਿਵਸ ਮਨਾਇਆ ਗਿਆ। ਸੰਸਥਾ ਵੱਲੋਂ ਇਸ ਆਗਾਜ਼ ਨੂੰ ਅੱਗੇ ਤੋਰਨ ਦੀ ਗੱਲ ਕਰਦੇ ਹੋਏ ਅਗਲੇ ਸਾਲ ਤਿੰਨ ਰੋਜ਼ਾ ਫੈਸਟੀਵਲ ਸ਼ੁਰੂ ਕਰਨ ਬਾਰੇ ਆਖਿਆ ਗਿਆ।

ਪੰਜਾਬੀ ਸਿਨੇਮਾ ਦੀ ਪਲੇਠੀ ਸੰਸਥਾ ਦਾ ਨਿਰਮਾਣ

ਸਿਨੇਮਾ ਜਗਤ ਦੇ ਵਿਹੜੇ 27 ਜੁਲਾਈ 2013 ਦਾ ਦਿਨ ਬਹੁਤ ਹੀ ਭਾਗਾਂ ਵਾਲਾ ਚੜ੍ਹਿਆ। ਨੌਰਥ ਜ਼ੋਨ ਫਿਲਮ ਐਂਡ ਟੀ.ਵੀ.ਆਰਟਿਸਟਸ ਐਸੋਸੀਏਸ਼ਨ ਬਦਲਿਆ ਨਾਮ ‘ਪੰਜਾਬੀ ਫਿਲਮ ਐਂਡ ਟੀ.ਵੀ.ਐਕਟਰਜ਼ ਐਸੋਸੀਏਸ਼ਨ (ਰਜਿ), ‘ਪਫਟਾ’ ਹੋਂਦ ਵਿਚ ਆਈ ਅਤੇ 29 ਅਕਤੂਬਰ 2018 ਨੂੰ ਸ਼ਹਿਰ ਮੋਹਾਲੀ ਦੇ ਵਿਹੜੇ ਇੰਡਸਟਰੀਅਲ ਏਰੀਆ ਫੇਜ਼ -8 ਵਿਖੇ ਫ਼ਿਲਮ ਇੰਡਸਟਰੀ ਦੇ ਮਾਣ, ਪੰਜਾਬੀ ਸਿਨੇਮਾ ਦੀ ਬੇੜੀ ਦੇ ਮਲਾਹ, ਪ੍ਰਸਿੱਧ ਨਿਰਦੇਸ਼ਕ ਮਨਮੋਹਨ ਸਿੰਘ ਮਨ ਵੱਲੋਂ ਉਦਘਾਟਨ ਕਰ ਕੇ ਥੀਏਟਰ, ਛੋਟੇ ਪਰਦੇ ਅਤੇ ਵੱਡੇ ਪਰਦੇ ਨਾਲ ਜੁੜੇ ਕਲਾਕਾਰਾਂ ਤੇ ਕਾਮਿਆਂ ਨੂੰ ਇਕ ਮੰਚ ’ਤੇ ਲਿਆ ਖੜ੍ਹਾ ਕੀਤਾ। ਇਸ ਦਫ਼ਤਰ ਖੋਲ੍ਹਣ ਦਾ ਮੁੱਖ ਮੰਤਵ ਰੰਗ ਮੰਚ, ਟੀ.ਵੀ. ਅਤੇ ਵੱਡੇ ਪਰਦੇ ਦੇ ਕਲਾਕਾਰਾਂ ਅਤੇ ਕਾਮਿਆਂ ਨੂੰ ਫਿਲਮ ਜਗਤ ਤੋਂ ਇਲਾਵਾ ਉਨ੍ਹਾਂ ਨੂੰ ਨਿੱਜੀ ਜ਼ਿੰਦਗੀ ’ਚ ਹੋਰ ਵੀ ਮਦਦ ਮਿਲ ਸਕੇ।

ਇਸ ਸੰਸਥਾ ਦੇ ਹੋਂਦ ਵਿਚ ਆਉਣ ਨਾਲ ਜਿੱਥੇ ਸਾਰੇ ਕਲਾਕਾਰਾਂ ਨੂੰ ਇਕ ਪਲੇਟ ਫਾਰਮ ਮਿਲਿਆ ਉੱਥੇ ਫਿਲਮ ਉਦਯੋਗ ਦੀ ਤਰੱਕੀ ਅਤੇ ਪਸਾਰਾ ਵੀ ਹੋਇਆ। ਇਸ ਤੋਂ ਇਲਾਵਾ ਰੰਗਮੰਚ ਅਤੇ ਫਿਲਮ ਉਦਯੋਗ ’ਚ ਕੰਮ ਕਰਨ ਵਾਲਿਆਂ ਸਾਹਮਣੇ ਨਵੀਆਂ-ਨਵੀਆਂ ਮੁਸ਼ਕਿਲਾਂ ਵੀ ਆਉਣ ਲੱਗੀਆਂ ਹਨ। ਮੁਸ਼ਕਿਲਾਂ ਖ਼ਾਸ ਕਰ ਕੇ ਉਸ ਦੌਰ ’ਚ ਆਈਆਂ ਜਦੋਂ ਪੰਜਾਬੀ ਫਿਲਮਾਂ ਨੂੰ ਵਪਾਰਕ ਤੌਰ ’ਤੇ ਕਮਾਊ ਖੇਤਰ ਬਣਦਿਆਂ ਦੇਖ ਕੇ ਬਹੁਤ ਸਾਰੇ ਨਿਰਮਾਤਾ ਜਿਨ੍ਹਾਂ ਨੂੰ ਇਸ ਖੇਤਰ ਦਾ ਬਿਲਕੁੱਲ ਤਜਰਬਾ ਨਹੀਂ ਸੀ, ਸ਼ਾਮਿਲ ਹੋ ਗਏ। ਮੁੱਖ ਦਿੱਕਤਾਂ ਆਰਥਿਕ ਅਤੇ ਕੰਮ ਸਬੰਧੀ ਸਨ, ਜਿਨ੍ਹਾਂ ਦੇ ਨਿਪਟਾਰੇ ਲਈ ਇਕ ਪਲੇਟਫਾਰਮ ਦਾ ਹੋਣਾ ਜ਼ਰੂਰੀ ਸੀ। ਐਸੋਸੀਏਸ਼ਨ ਦੀ ਪ੍ਰਬੰਧਕੀ ਕਮੇਟੀ ਦੀ ਚੋਣ ਕਰ ਕੇ ਇਸ ਐਸੋਸੀਏਸ਼ਨ ਵੱਲੋਂ ਸ਼ਲਾਘਾਯੋਗ ਕੰਮ ਕੀਤੇ ਗਏ।

ਕਲਾਕਾਰਾਂ ਦੀ ਸੰਸਥਾ ਦਾ ਨਾਂ ਕੀਤਾ ਤਬਦੀਲ

ਕੁਝ ਸਮਾਂ ਪਹਿਲਾਂ ਤਕ ਪੰਜਾਬੀ ਸਿਨੇਮਾ ਦੇ ਕਲਾਕਾਰ ਪੰਜਾਬ ਜਾਂ ਨੇੜਲੇ ਰਾਜਾਂ ਵਿਚ ਹੀ ਰਹਿੰਦੇ ਸਨ। ਇਸ ਲਈ ਸੰਸਥਾ ਦਾ ਨਾਂ ਨੌਰਥ ਜ਼ੋਨ ਫਿਲਮ ਐਂਡ ਟੀ ਵੀ ਆਰਟਿਸਟ ਐਸੋਸੀਏਸ਼ਨ ਰੱਖਿਆ ਗਿਆ ਸੀ। ਹੁਣ ਪੰਜਾਬੀ ਫਿਲਮਾਂ ’ਚ ਕੰਮ ਕਰਨ ਵਾਲੇ ਦੂਜੇ ਸੂਬਿਆਂ ਦੇ ਨਾਲ-ਨਾਲ ਦੂਜੇ ਦੇਸ਼ਾਂ ਵਿਚ ਵੀ ਵਸਦੇ ਹਨ। ਸੰਸਥਾ ਦੀ ਕਮੇਟੀ ਨੇ ਸਾਲ 2021 ਵਿਚ ਇਹ ਮਹਿਸੂੁਸ ਕੀਤਾ ਕਿ ‘ਨੌਰਥ ਜ਼ੋਨ ਫਿਲਮ ਐਂਡ ਟੀ.ਵੀ.ਆਰਟਿਸਟ ਐਸੋਸੀਏਸ਼ਨ’ ਮੁਤਾਬਕ ਇਸ ਦਾ ਅਧਿਕਾਰ ਖੇਤਰ ਸਿਰਫ਼ ਉੱਤਰੀ ਖੇਤਰ ਤਕ ਹੀ ਸੀਮਤ ਹੋ ਜਾਂਦਾ ਹੈ ਪਰ ਅਜੋਕੇ ਦੌਰ ਦਾ ਪੰਜਾਬੀ ਸਿਨੇਮਾ ਦੁਨੀਆ ਦੇ ਦੂਜੇ ਮੁਲਕਾਂ ਵਿਚ ਵੀ ਫੈਲਿਆ ਹੈ।

ਇਸ ਲਈ ਸੰਸਥਾ ਦੇ ਪਸਾਰੇ ਲਈ ਇਸ ਦਾ ਨਾਂ ਬਦਲ ਕੇ ‘ਪੰਜਾਬੀ ਫ਼ਿਲਮ ਐਂਡ ਟੀ.ਵੀ.ਐਕਟਰਜ਼ ਐਸੋਸੀਏਸ਼ਨ (ਰਜਿ.), ‘ਪਫਟਾ’ ਰੱਖਿਆ ਗਿਆ ਹੈ। ਜ਼ਿਕਰਯੋਗ ਹੈ ਹੁਣ ਇਹ ਸੰਸਥਾ ਇਸ ਨਾਂ ਨਾਲ ਅੱਗੇ ਵਧ ਕੇ ਆਪਣਾ ਤੇ ਪੰਜਾਬੀ ਸਿਨੇਮਾ ਦਾ ਨਾਂ ਰੌਸ਼ਨ ਕਰ ਰਹੀ ਹੈ।

ਕਲਾਕਾਰਾਂ ਨੂੰ ਮਿਲੀ ਵੈੱਬਸਾਈਟ ਦੀ ਸਹੂਲਤ

ਪੰਜਾਬੀ ਕਲਾਕਾਰਾਂ ਦੀ ਸਿਰਮੌਰ ਸੰਸਥਾ ਵੱਲੋਂ ਸ਼ਾਨਦਾਰ ਪੁਲਾਂਘ ਪੁੱਟਦੇ ਹੋਏ ਵੈੱਬਸਾਟੀਟ ਲਾਂਚ ਕਰ ਕੇ ਕਲਾਕਾਰਾਂ ਨੂੰ ਵੈਬਸਾਈਟ ਦੀ ਸਹੂਲਤ ਪ੍ਰਦਾਨ ਕੀਤੀ ਗਈ ਤਾਂ ਜੋ ਇਸ ਵੈੱਬਸਾਈਟ ਦੇ ਖੁੱਲ੍ਹਣ ਨਾਲ ਸੰਸਥਾ ਦੇ ਕਾਰਜਾਂ ਬਾਰੇ ਕਲਾਕਾਰਾਂ ਅਤੇ ਆਮ ਲੋਕਾਂ ਨੂੰ ਜਾਣਕਾਰੀ ਮਿਲ ਸਕੇ। ਇਸ ਵੈੱਬਸਾਈਟ ਦਾ ਉਦਘਾਟਨ ਦੋਗਾਣਾ ਗਾਇਕੀ ਦੇ ਸ਼ਾਹ ਅਸਵਾਰ ਅਤੇ ਪੰਜਾਬੀ ਸਿਨਮੇ ਦੇ ਅਦਾਕਾਰ ਅਤੇ ਹੁਣ ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ ਵੱਲੋਂ ਕੀਤਾ ਗਿਆ। ਇਸ ਵੈੱਬਸਾਈਟ ਦੇ ਖੁੱਲ੍ਹਣ ਨਾਲ ਨਵੇਂ ਕਲਾਕਾਰਾਂ ਨੂੰ ਆਪਣੀ ਇਸ ਸੰਸਥਾ ਨਾਲ ਘਰ ਬੈਠੇ ਹੀ ਜੁੜਨ ਦਾ ਸੁਨਹਿਰੀ ਮੌਕਾ ਮਿਲਿਆ ਜਿਸ ਦੀ ਕਿ ਅਜੋਕੇ ਡਿਜੀਟਲ ਯੁੱਗ ਅੰਦਰ ਬਹੁਤ ਲੋੜ ਹੈ। ਇਸ ਦੀ ਵਿਸ਼ੇਸ਼ਤਾ ਇਹ ਰਹੀ ਕਿ ਵੈੱਬਸਾਈਟ ਦੇ ਇਕ ਵਿਸ਼ੇਸ਼ ਹਿੱਸੇ ’ਤੇ ਕਲਿੱਕ ਕਰ ਕੇ ਬਾਇਓਡਾਟਾ ਅਪਲੋਡ ਕਰ ਕੇ ਆਪਣੇ ਨਵੇਂ ਐਡੀਸ਼ਨਜ਼ ਦੀ ਜਾਣਕਾਰੀ ਵੀ ਮਿਲਣ ਲੱਗ ਪਈ। ਅਜੋਕੇ ਸਮੇਂ ਵਿਚ ਸਮੇਂ ਦਾ ਹਾਣੀ ਬਣਦਾ ਹੋਇਆ ਪੰਜਾਬੀ ਸਿਨੇਮਾ ਤਕਨੀਕੀ ਸੂਝ-ਬੂਝ ਵਾਲੀ ਮੁਹਾਰਤ ਨਾਲ ਮੱਲ੍ਹਾਂ ਮਾਰ ਰਿਹਾ ਹੈ।

ਪੰਜਾਬੀ ਸਾਹਿਤ ਦੇ ਖੇਤਰ ’ਚ ਭੂਮਿਕਾ

ਪੰਜਾਬੀ ਸਾਹਿਤ ਨਾਲ ਵੀ ‘ਪਫਟਾ’ ਦਾ ਗੂੜ੍ਹਾ ਪਿਆਰ ਹੈ। ਇਹ ਸਾਹਿਤ, ਕੌਮ ਅਤੇ ਵਿਰਾਸਤ ਦੀ ਪਛਾਣ ਕਰਵਾਉਂਦਾ ਹੈ ਪਰ ਜਦੋਂ ਇਸ ਵਿਸ਼ੇ ’ਤੇ ਝਾਤ ਮਾਰਦੇ ਹਾਂ ਤਾਂ ਪਤਾ ਚੱਲਦਾ ਹੈ ਕਿ ਪੰਜਾਬੀ ਸਿਨੇਮਾ ਸਬੰਧੀ ਸਾਡੀ ਪੰਜਾਬੀ ਜ਼ੁਬਾਨ ਵਿਚ ਬਹੁਤ ਘੱਟ ਸਾਹਿਤ ਲਿਖਿਆ ਗਿਆ ਹੈ। ਸਮੇਂ-ਸਮੇਂ ਸਿਰ ਸੰਸਥਾ ਵੱਲੋਂ ਪੰਜਾਬੀ ਸਿਨੇਮਾ ਦੇ ਇਤਿਹਾਸ ਬਾਰੇ ਜਾਣੂ ਕਰਵਾਉਂਦੇ ਸੋਵੀਨਾਰ ਲੋਕ-ਅਰਪਣ ਕਰ ਕੇ ਸ਼ਲਾਘਾਯੋਗ ਕੰਮ ਕੀਤੇ ਜਾਂਦੇ ਹਨ। ਪੰਜਾਬੀ ਮਾਂ-ਬੋਲੀ ਲਈ ਸ਼ਾਨਦਾਰ ਕੰਮ ਕਰਦੇ ਹੋਏ ਲੇਖਕ ਦਲਜੀਤ ਅਰੋੜਾ ਦੀ ਲਿਖੀ ਅਤੇ ਅਦਾਕਾਰ ਤੇ ਲੇਖਕ ਮਲਕੀਤ ਰੌਣੀ ਦੀ ਸੰਪਾਦਿਤ ਕੀਤੀ ‘ਪੰਜਾਬੀ ਸਕਰੀਨ ਦੇ ਸਿਨੇਮਾ ਸੰਪਾਦਕੀ ਲੇਖ’ ਦੇ ਟਾਈਟਲ ਤਹਿਤ ਪੁਸਤਕ ਉੱਘੇ ਗੀਤਕਾਰਾਂ, ਕਲਾਕਾਰਾਂ ਦੀ ਹਾਜ਼ਰੀ ’ਚ ਰਿਲੀਜ਼ ਕਰ ਕੇ ਪੰਜਾਬੀ ਸਾਹਿਤ ਦੇ ਖੇਤਰ ’ਚ ਹਾਜ਼ਰੀ ਲਵਾਈ ਹੈ।

ਕੋਰੋਨਾ ਮਹਾਮਾਰੀ ਦੌਰਾਨ ਕਾਮਿਆਂ ਲਈ ਬਣੀ ਮਸੀਹਾ

22,23 ਮਾਰਚ 2020 ਦਾ ਦਿਨ ਸੀ, ਕੁਦਰਤ ਆਪਣੇ ਰੰਗਾਂ ਨਾਲ ਖੇਡ ਰਹੀ ਸੀ। ਮੌਸਮ ਦੇ ਬਦਲਦੇ ਮਿਜ਼ਾਜ ਨਾਲ ਕਦੇ ਬੱਦਲ ਛਾਅ ਜਾਂਦੇ, ਕਦੇ ਧੁੱਪ ਖਿੜ ਪੈਂਦੀ ਸੀ। ਦੇਸ਼ ਭਰ ’ਚ ਕੋਰੋਨਾ ਵਾਇਰਸ ਕਾਰਨ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਇਕ ਦਿਨ ਦੇ ਲਾਕਡਾਊਨ ਤੋਂ ਬਾਅਦ ਸਥਿਤੀ ਨੂੰ ਦੇਖਦੇ ਹੋਏ ਕਰਫਿਊ ਲਗਾ ਦਿੱਤਾ ਗਿਆ ਸੀ। ਕੋਰੋਨਾ ਸੰਕਟ ਨੇ ਜਿੱਥੇ ਹਰ ਵਪਾਰਕ ਅਦਾਰੇ ਦੇ ਨਾਲ-ਨਾਲ ਆਮ ਜਨ-ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ, ਉੱਥੇ ਸਿਨੇਮਾ ਜਗਤ ਨੂੰ ਆਪਣੀ ਹੋਂਦ ਬਚਾਉਣ ਲਈ ਨਵੇਂ ਸੰਕਟ ਸਨਮੁੱਖ ਕਰ ਦਿੱਤਾ। ਤਰੱਕੀ ਦੇ ਨਵੇਂ ਰਾਹ ਸਿਰਜਦੇ ਆ ਰਹੇ ਪੰਜਾਬੀ ਸਿਨੇਮਾ ਨੂੰ ਸਾਲ 2020 ਦੇ ਮਾਰਚ ਮਹੀਨੇ ਕੋਰੋਨਾ ਮਹਾਂਮਾਰੀ ਕਾਰਨ ਤਾਲਾਬੰਦੀ ਦਾ ਸ਼ਿਕਾਰ ਹੋਣਾ ਪੈ ਗਿਆ। ਫ਼ਿਲਮਾਂ ਦੀਆਂ ਸ਼ੂਟਿੰਗਾਂ ਰੋਕ ਦਿੱਤੀਆ ਗਈਆਂ। ਪਰਦੇ ਪਿੱਛੇ ਕੰਮ ਕਰਦੇ ਦਿਹਾੜੀਦਾਰ ਕਾਮਿਆਂ ਨੂੰ ਚਿੱਤ ਚੇਤੇ ਵੀ ਨਹੀਂ ਸੀ ਕਿ ਉਨ੍ਹਾਂ ਨੂੰ ਆਉਣ ਵਾਲੇ ਦਿਨਾਂ ’ਚ ਭੁੱਖੇ ਸੌਣਾ ਪਵੇਗਾ। ਅਜਿਹੇ ਲੋਕਾਂ ਵਿਚ ਸਪੌਟ ਬੁਆਇਜ਼, ਲਾਈਟਮੈਨ, ਕੈਟਰਿੰਗ ਵੇਟਰਜ਼, ਆਰਟ ਡਿਪਾਰਟਮੈਂਟ ਵਰਕਰਜ਼ ਅਤੇ ਕੁਝ ਹੋਰ ਸਹਾਇਕ ਵਿਅਕਤੀ ਵੀ ਆਉਂਦੇ ਹਨ। ਇਸ ਔਖੀ ਘੜੀ ਅੰਦਰ ਇਕ ਦੂਜੇ ਦੀ ਮਦਦ ਕਰ ਕੇ ਹੀ ਉਭਰਿਆ ਜਾ ਸਕਦਾ ਸੀ। ਅਜਿਹੇ ਮੌਕੇ ਸੰਸਥਾ ਵੱਲੋਂ ਆਪਣੇ ਕਾਮਿਆਂ ਨੂੰ ਔਖੀ ਘੜੀ ’ਚ ਰਾਸ਼ਨ ਕਿੱਟਾਂ ਮੁਹੱਈਆ ਕਰਵਾਈਆਂ ਗਈਆਂ। ਨਜਿਫਟਾ ਦੇ ਸੀਨੀਅਰ ਕਲਾਕਾਰਾਂ ਵੱਲੋਂ ਕਾਮਿਆਂ ਦੇ ਘਰ-ਘਰ ਜਾ ਕੇ ਰਾਸ਼ਨ ਕਿੱਟਾਂ ਦਿੱਤੀਆਂ ਗਈਆਂ। ਹਿੰਦੀ ਫਿਲਮ ਇੰਡਸਟਰੀ ਦੀ ਤਰ੍ਹਾਂ ਹੀ ਸੰਸਥਾ ਦੇ ਹੋਂਦ ਵਿਚ ਆਉਣ ਨਾਲ ਪੰਜਾਬੀ ਫਿਲਮ ਇੰਡਸਟਰੀ ਨੂੰ ਦੱਸ ਦਿੱਤਾ ਕਿ ਸਾਡਾ ਆਪਣਾ ਵੀ ਇਕ ਪਰਿਵਾਰ ਹੈ, ਕੁਨਬਾ ਹੈ।

ਵਾਤਾਵਰਨ ਪ੍ਰਤੀ ਫ਼ਿਕਰਮੰਦੀ

ਦਰੱਖ਼ਤਾਂ ਦੀ ਕਟਾਈ ਕਾਰਨ ਜਿੱਥੇ ਹਵਾ ਜ਼ਹਿਰੀਲੀ ਹੋਈ ਹੈ ਉੱਥੇ ਧਰਤੀ ਹੇਠਲੇ ਪਾਣੀ ਡੂੰਘੇ ਹੋ ਗਏ ਹਨ। ਮਨੁੱਖ ਅੱਜ ਕਈ ਭਿਆਨਕ ਬਿਮਾਰੀਆਂ ਦੀ ਜਕੜ ’ਚ ਆਉਂਦਾ ਜਾ ਰਿਹਾ। ਇਸ ਦਾ ਇੱਕੋ ਇਕ ਕਾਰਨ ਹੈ ਗੰਧਲਾ ਵਾਤਾਵਰਨ। ਕੁਦਰਤ ਨੂੰ ਪਿਆਰ ਕਰਦਿਆਂ ਨੌਰਥ ਜ਼ੋਨ ਫਿਲਮ ਐਂਡ ਟੀਵੀ ਆਰਟਿਸਟ ਐਸੋਸੀਏਸ਼ਨ ਦੇ ਸਮੁੂਹ ਕਲਾਕਾਰਾਂ ਨੇ ਦੇਸ਼ ਪ੍ਰਤੀ ਪਹਿਲ ਕਦਮੀ ਕਰਦੇ ਹੋਏ ਜ਼ਹਿਰੀਲੇ ਹੋ ਰਹੇ ਵਾਤਾਵਰਨ ਪ੍ਰਤੀ ਚਿੰਤਤ ਵਾਤਾਵਰਨ ਦੀ ਸ਼ੁੱਧਤਾ ਲਈ ਹਮੇਸ਼ਾ ਸਮਾਜ ਨੂੰ ਬੂਟੇ ਲਗਾਉਣ ਲਈ ਪ੍ਰੇਰਿਤ ਕਰਦੇ ਹੋਏ ਪੰਜਾਬ ਫਿਲਮ ਸਿਟੀ ਚੁੰਨੀ ਜ਼ਿਲ੍ਹਾ ਸ੍ਰੀ ਫਤਹਿਗੜ੍ਹ ਸਾਹਿਬ ਦੀ ਧਰਤੀ ਤੋਂ ‘ਹਰਿਆਵਲ ਲਹਿਰ’ ਨੂੰ ਹੋਰ ਹੁਲਾਰਾ ਦਿੰਦੇ ਹੋਏ ‘ਰੁੱਖ ਲਗਾਉਣ’ ਦੀ ਮੁਹਿੰਮ ਦਾ ਆਗਾਜ਼ ਕੀਤਾ। ਏਸੇ ਲੜੀ ਵਿਚ ਸੰਸਥਾ ਸ਼ਹਿਰ ਮੋਗੇ ਦੇ ਨੇੜਲੇ ਪਿੰਡ ਖੋਸਾ ਕੋਟਲਾ ਵਿਚ ਵਾਤਾਵਰਨ ਸੰਭਾਲ ਲਈ ਚੰਗਾ ਕੰਮ ਕਰ ਰਹੀ ਸੰਸਥਾ ‘ਸੋਚ’ ਨਾਲ ਮਿਲ ਕੇ ਇਕ ਪੋ੍ਰਗਰਾਮ ਕਰਵਾਇਆ ਅਤੇ ਲੋਕਾਂ ਨੂੰ ਵਾਤਾਵਰਨ ਸੰਭਾਲ ਦਾ ਸੁਨੇਹਾ ਪਹੁੰਚਾਇਆ।

ਬੰਦ ਹੋਏ ਸਿਨੇਮਾ ਲਈ ਉਪਰਾਲੇ

ਕੋਰੋਨਾ ਸੰਕਟ ਕਾਰਨ ਬਾਲੀਵੁੱਡ ਦੇ ਨਾਲ-ਨਾਲ ਪੰਜਾਬੀ ਸਿਨਮੇ ਨੂੰ ਵੱਡਾ ਝਟਕਾ ਲੱਗਿਆ ਹੈ। ਲਾਕਡਾਊਨ ਕਾਰਨ ਸਿਨਮਾ ਘਰ ਬੰਦ ਹੋਣ ਕਾਰਨ ਸੋਸ਼ਲ ਡਿਸਟੈਂਸ਼ (ਸਮਾਜਿਕ ਦੂਰੀ) ਦੀ ਸ਼ਰਤ ਕਾਰਨ ਰਿਲੀਜ਼ ਲਈ ਤਿਆਰ ਫਿਲਮਾਂ ਬਕਸੇ ’ਚ ਬੰਦ ਹੋ ਗਈਆਂ ਸਨ।

ਇਸ ਮੌਕੇ ਸੰਸਥਾ ਦੇ ਅਹੁਦੇਦਾਰਾਂ ਵੱਲੋਂ ਸਿਨੇਮਾ ਨੂੰ ਪੇਸ਼ ਆਉਂਦੀਆਂ ਦਰਪੇਸ਼ ਮੁਸ਼ਕਿਲਾਂ ’ਤੇ ਡੂੰਘੀ ਵਿਚਾਰ-ਚਰਚਾ ਕਰ ਕੇ ਸਾਬਕਾ ਮੁੱਖ ਮੰਤਰੀ ਪੰਜਾਬ ਨਾਲ ਮੁਲਾਕਾਤ ਕਰ ਕੇ ਸਿਨੇਮਾ ਨੂੰ ਦਰਪੇਸ਼ ਮੁਸ਼ਕਿਲਾਂ ਦਾ ਹੱਲ ਕਰਦੇ ਹੋਏ ਸਿਨੇਮਾ ਘਰਾਂ ਨੂੰ ਸੌ ਫ਼ੀਸਦੀ ਖੁੱਲ੍ਹਣ ਦੀ ਮਨਜ਼ੂਰੀ ਲਈ ਗਈ।

ਕਿਸਾਨ ਅੰਦੋਲਨ ਤੇ ਪਫਟਾ

ਕੇਂਦਰ ਸਰਕਾਰ ਵੱਲੋਂ ਖੇਤੀ ਬਾਰੇ ਲਿਆਂਦੇ ਤਿੰਨ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਲੜਿਆ ਗਿਆ ਕਿਸਾਨੀ ਅੰਦੋਲਨ ਮਹਿਜ਼ ਅੰਦੋਲਨ ਨਾ ਰਹਿ ਕਿ ਆਪਸੀ ਸਾਂਝ, ਮਨੁੱਖਤਾ ਦੀ ਸੇਵਾ ਆਦਿ ਜਜ਼ਬਿਆਂ ਦੀ ਇਕ ਅਨੂਠੀ ਮਿਸਾਲ ਬਣ ਗਿਆ। ਇਸ ਅੰਦੋਲਨ ਵਿਚ ਜਿੱਥੇ ਹਰੇਕ ਇਨਸਾਨ ਨੇ ਇਸ ਸੰਘਰਸ਼ ਵਿਚ ਆਪਣਾ ਬਣਦਾ ਯੋਗਦਾਨ ਪਾਇਆ ਉੱਥੇ ਉਸ ਦੇ ਨਾਲ ਹੀ ਪੰਜਾਬੀ ਸਿਨੇਮਾ ਦੀ ਪਲੇਠੀ ਸੰਸਥਾ ਨੌਰਥ ਜ਼ੋਨ ਫਿਲਮ ਐਂਡ ਟੀਵੀ ਆਰਟਿਸਟ ਐਸ਼ੋਸੀਏਸ਼ਨ ਦੇ ਸਮੂਹ ਕਲਾਕਾਰਾਂ ਸਿੰਘੂ ਬਾਰਡਰ ’ਤੇ ਲਗਾਤਾਰ ਡੱਟ ਕੇ ਸੰਘਰਸ਼ ਦੀ ਪੂਰਨ ਤੌਰ ’ਤੇ ਹਮਾਇਤ ਕੀਤੀ ਗਈ।

ਫਿਲਮ ਸਿਟੀ ਬਣਾਉਣ ਦੇ ਅਧੂਰੇ ਰਹੇ ਸੁਪਨੇ

ਪਿਛਲੇ ਲੰਮੇ ਸਮੇਂ ਤੋਂ ਪੰਜਾਬ ਦੇ ਸ਼ਹਿਰ ਮੋਹਾਲੀ ਅੰਦਰ ਫਿਲਮ ਸਿਟੀ ਬਣਾਉਣ ਦੀਆਂ ਖ਼ਬਰਾਂ ਸਮੇਂ ਸਮੇਂ ਪੜ੍ਹਨ ਤੇ ਸੁਣਨ ਨੂੰ ਮਿਲੀਆਂ ਕਿ ਮੋਹਾਲੀ ਵਿਚ ਇਲੈਕਟ੍ਰਾਨਿਕ ਤੇ ਫਿਲਮ ਸਿਟੀ ਜਲਦ ਬਣੇਗੀ ਪਰ ਇਨ੍ਹਾਂ ਲਾਰਿਆਂ ਕਾਰਨ ਕਲਾਕਾਰ ਭਾਈਚਾਰੇ ਦੇ ਮਨਾਂ ਅੰਦਰ ਫਿਲਮ ਸਿਟੀ ਬਣਨ ਦੇ ਸੁਪਨਿਆਂ ਨੂੰ ਬੂਰ ਨਾ ਪੈ ਸਕਿਆ।

ਸੁੱਖ-ਦੁੱਖ ਦੀ ਘੜੀ ’ਚ ਸੰਸਥਾ ਦੀ ਭੂਮਿਕਾ

‘ਪੰਜਾਬੀ ਫ਼ਿਲਮ ਐਂਡ ਟੀ.ਵੀ.ਐਕਟਰਜ਼ ਐਸੋਸੀਏਸ਼ਨ (ਰਜਿ), ਦੇ ਸਮੁੂਹ ਕਲਾਕਾਰ ਭਾਈਚਾਰੇ ਦੀ ਮਿਸਾਲ ਪੇਸ਼ ਕਰ ਰਹੇ ਹਨ। ਜਦੋਂ ਕਿਸੇ ਗਾਇਕ ਜਾਂ ਫਿਲਮੀ ਕਲਾਕਾਰ ਦੀ ਕਿਸੇ ਬਿਮਾਰੀ ਨਾਲ ਲੜਦੇ ਹੋਏ, ਜਾਂ ਅਚਾਨਕ ਇਸ ਫ਼ਾਨੀ ਸੰਸਾਰ ਨੂੰ ਛੱਡ ਅਲਵਿਦਾ ਆਖ ਦੇਣ ਵਾਲੀ ਖ਼ਬਰ ਨਸਰ ਹੁੰਦੀ ਹੈ ਤਾਂ ਹਿਰਦੇ ਬਲੂੰਧਰੇ ਜਾਂਦੇ ਹਨ। ਅਜਿਹੀ ਦੁੱਖ ਦੀ ਘੜੀ ਅੰਦਰ ਉਨ੍ਹਾਂ ਦੇ ਆਖਰੀ ਸਫ਼ਰ ਨਾਲ ਮੋਢਾ ਲੱਗ ਸਹਾਈ ਹੁੰਦੀ ਇਸ ਸੰਸਥਾ ਅੱਗੇ ਸਿਰ ਝੂਕਦਾ ਹੈ। ਸੰਸਥਾ ਦਾ ਇੱਕ ਉਦੇਸ਼ ਸੀਨੀਅਰ ਕਲਾਕਾਰਾਂ ਜਿਹੜੇ ਉਮਰ ਦਰਾਜ ਹੋਣ ਕਰਕੇ ਹੁਣ ਕੰਮ ਨਹੀਂ ਕਰ ਰਹੇ, ਤੱਕ ਪਹੁੰਚ ਬਣਾ ਕੇ ਉਨ੍ਹਾਂ ਦੀ ਦੇਖ ਰੇਖ ਅਤੇ ਹਰ ਪੱਖੋਂ ਮਦਦ ਕਰਨਾ ਵੀ ਹੈ।

ਸਿਨੇਮਾ ਦੇ ਖੇਤਰ ’ਚ ਸਾਰੇ ਅਜਿਹੇ ਕਾਰਜ ਸ਼ੁਰੂ ਕਰਦੇ ਹੋਏ ਸੰਸਥਾ ਨੂੰ ਇਹ ਮਹਿਸ਼ੁੂਸ ਹੋਇਆ ਕਿ ਨੌਰਥ ਜ਼ੌਨ ਨਾਲ ਸਾਡਾ ਕਾਰਜ ਖੇਤਰ ਛੋਟਾ ਹੈ। ਕਿਉਂਕਿ ਪੰਜਾਬੀ ਫਿਲਮ ਬਣਾਉਣ ਵਾਲੇ ਵਿਅਕਤੀ ਬਾਹਰਲੇ ਦੇਸ਼ਾਂ-ਵਿਦੇਸ਼ਾਂ ’ਚ ਵੀ ਹਨ। ਸੋ ਇਹ ਗੱਲ ਸੋਚਦੇ ਹੋਏ ਸੰਸਥਾ ਦੀ ਸਹਿਮਤੀ ਦੇ ਨਾਲ ਇਸ ਸੰਸਥਾ ਦਾ ਨਾਮ ਨੌਰਥ ਜੋਨ ਫਿਲਮ ਐਂਡ ਟੀਵੀ ਆਰਟਿਸਟ ਐਸ਼ੋਸੀਏਸ਼ਨ ਰੱਖਿਆ ਗਿਆ। ਕਿਉਂਕਿ ਪੰਜਾਬੀ ਫਿਲਮ ਬਣਾਉਣ ਵਾਲਾ ਵਿਅਕਤੀ ਇਸ ਸੰਸਥਾ ਦਾ ਮੈਂਬਰ ਬਣ ਸਕਦਾ ਹੈ। ਇਸ ਸੰਸਥਾ ਨੇ 2021 ਵਿਚ ‘ਪੰਜਾਬੀ ਸਿਨੇਮਾ ਦਾ ਇਤਿਹਾਸ’ ਕਿਤਾਬ ਦੀ ਖੋਜ ਤੋਂ ਪਤਾ ਚੱਲਿਆ ਕਿ ਪੰਜਾਬੀ ਸਿਨੇਮਾ ਦਾ ਜਨਮ 29 ਮਾਰਚ 1935 ਨੂੰ ਹੋਇਆ। ਜਦੋਂ ਲਾਹੌਰ ਦੇ ਨਰੰਜਨ ਟਾਕੀ ’ਚ ਪਹਿਲੀ ਪੰਜਾਬੀ ਫਿਲਮ ‘ਇਸ਼ਕ-ਏ- ਪੰਜਾਬ’ ਲੱਗੀ ਸੀ। ਸੋ ਸੰਸਥਾ ਨੇ 2021 ਤੋਂ ਉਸ 29 ਮਾਰਚ ਨੂੰ ਕੌਮਾਂਤਰੀ ਪੰਜਾਬੀ ਸਿਨੇਮਾ ਦਿਵਸ ਮਨਾਉਣ ਦਾ ਫੈਸਲਾ ਕੀਤਾ।

‘ਇਸ਼ਕ-ਏ-ਪੰਜਾਬ’ ਤੇ ‘ਪੰਜਾਬੀ ਸਿਨੇਮਾ ਦਿਵਸ’

29 ਮਾਰਚ 1935 ਨੂੰ ਪੰਜਾਬੀ ਦੀ ਪਹਿਲੀ ਫਿਲਮ ‘ਇਸ਼ਕ-ਏ-ਪੰਜਾਬ’, ‘ਮਿਰਜਾ ਸਾਹਿਬਾ’ ਸਿਨੇਮਾ ਘਰਾਂ ਵਿਚ ਰਿਲੀਜ਼ ਹੋਈ। ਪੰਜਾਬੀ ਸਿਨੇਮਾ ਦੇ ਇਤਿਹਾਸ ਦਾ ਇਹ ਪਹਿਲਾ ਪੰਨਾ ਬੇਹੱਦ ਸੁਨਹਿਰੀ ਹੈ। ਪੰਜਾਬੀ ਸਿਨੇਮਾ ਦੀ ਪਲੇਠੀ ਸੰਸਥਾ ‘ਪਫਟਾ’ ਦੇ ਜਰਨਲ ਸਕੱਤਰ ਮਲਕੀਤ ਰੌਣੀ ਨੇ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪੰਜਾਬੀਅਤ ਨੂੰ ਸਮਰਪਿਤ ਤਿੰਨ ਰੋਜ਼ਾ ਉਤਸਵ ਮਨਾਇਆ ਜਾ ਰਿਹਾ ਹੈ। ਇਸ ਵਾਰ ਇਹ ਦਿਵਸ ਪਾਕਿਸਤਾਨ, ਇੰਗਲੈਂਡ, ਆਸਟ੍ਰੇਲੀਆ, ਕੈਨੇਡਾ ਵਰਗੇ ਦੇਸ਼ਾ ਵਿਚ ਵੀ ਮਨਾਇਆ ਜਾ ਰਿਹਾ ਹੈ।

ਪੰਜਾਬੀ ਸਿਨੇਮਾ ਦਾ ਸਚਿੱਤਰ ਇਤਿਹਾਸ

ਲਗਪਗ ਪੌਣੀ ਸਦੀ ਪਹਿਲਾਂ ਲਾਹੌਰ’ਚ ਪੰਜਾਬੀ ਸਿਨੇਮਾ ਦਾ ਮੁੱਢ ਬੱਝਿਆ ਸੀ। ਇਸ ਦਾ ਹੁਣ ਤਕ ਦਾ ਇਤਿਹਾਸ ਬੇਹੱਦ ਸ਼ਾਨਦਾਰ ਰਿਹਾ ਹੈ। ਪੰਜਾਬੀ ਸਿਨੇਮਾ ਦੇ ਇਤਿਹਾਸ ਨੂੰ ਲੋਕਾਂ ਤਕ ਪੁੱਜਦਾ ਕਰਨ ਲਈ ਹਿੰਦੀ ਫਿਲਮ ਇੰਡਸਟਰੀ ਦੀ ਤਰ੍ਹਾਂ ਹੀ ‘ਪਫਟਾ’ ਦੇ ਵਿਹੜੇ ਵਿਚ ਪੰਜਾਬੀ ਸਿਨੇਮਾ ਦੇ ਇਤਿਹਾਸ ਦੀ ਕਿਤਾਬ ‘ਪੰਜਾਬੀ ਸਿਨੇਮਾ ਦਾ ਸਚਿੱਤਰ ਇਤਿਹਾਸ’ (1935 ਤੋਂ 1985), ‘ਦਿ ਇਲਸਟ੍ਰੇਟਿਡ ਹਿਸਟਰੀ ਆਫ਼ ਪੰਜਾਬੀ ਸਿਨੇਮਾ’ ਮਨਦੀਪ ਸਿੱਧੂ ਅਤੇ ਭੀਮ ਰਾਜ ਗਰਗ ਦੁਆਰਾ ਲਿਖਤ ਛੋਟੇ ਪਰਦੇ ਅਤੇ ਵੱਡੇ ਪਰਦੇ ਦੇ ਕਲਾਕਾਰਾਂ ਦੀ ਹਾਜ਼ਰੀ ਵਿਚ ਉਸ ਸਮੇਂ ਦੇ ਪੰਜਾਬ ਦੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਯੁਵਕ ਭਲਾਈ ਮੰਤਰੀ ਰਾਣਾ ਗੁਰਜੀਤ ਸਿੰਘ ਸੋਢੀ ਵੱਲੋਂ ਰਿਲੀਜ਼ ਕੀਤੀਆਂ ਗਈਆਂ।

ਪ੍ਰਫੁੱਲਿਤ ਕਰਾਂਗੇ ਪੰਜਾਬੀ ਸੱਭਿਆਚਾਰ

ਪੰਜਾਬੀ ਫਿਲਮ ਐਂਡ ਟੀ.ਵੀ. ਐਕਟਰਜ਼ ਐਸੋਸੀਏਸ਼ਨ ਦੇ ਪ੍ਰਧਾਨ ਗੁਰਪ੍ਰੀਤ ਘੁੱਗੀ ਦਾ ਕਹਿਣਾ ਹੈ ਕਿ ਪੰਜਾਬੀ ਫਿਲਮ, ਟੈਲੀਵਿਜ਼ਨ ਅਤੇ ਰੰਗਮੰਚ ਉਤਸਵ ਵਿਚ ਰੰਗਮੰਚ ਨਾਲ ਜੁੜੀਆਂ ਸ਼ਖ਼ਸੀਅਤਾਂ, ਟੈਲੀਵਿਜ਼ਨ ਅਤੇ ਓ.ਟੀ.ਟੀ. ਪਲੇਟਫਾਰਮ ਅਤੇ ਪੰਜਾਬੀ ਸਿਨੇਮਾ ਨਾਲ ਜੁੜੀਆਂ ਸ਼ਖ਼ਸੀਅਤਾਂ ਇਕੱਠੇ ਹੋ ਕੇ ਇਸ ਉਤਸਵ ਨੂੰ ਮਨਾ ਰਹੀਆਂ ਹਨ। ਇਹ ਬਹੁਤ ਹੀ ਖ਼ੁਸ਼ੀ ਵਾਲੀ ਗੱਲ ਹੈ। ਕੋਸ਼ਿਸ਼ ਕਰਾਂਗੇ ਕਿ ਪੇਂਟਿੰਗ, ਸਾਹਿਤ ਜਾਂ ਹੋਰ ਕਲਾਵਾਂ ਨੂੰ ਵੀ ਨਾਲ ਜੋੜ ਕੇ ਇਸ ਜਸ਼ਨ ਨੂੰ ਹੋਰ ਵੱਡਾ ਕਰਨ ਦੀ ਕੋਸ਼ਿਸ਼ ਕਰਾਂਗੇ। ਸਾਡਾ ਹਮੇਸ਼ਾ ਹੀ ਯਤਨ ਰਹੇਗਾ ਕਿ ਪੰਜਾਬੀ ਮਾਂ-ਬੋਲੀ ਅਤੇ ਪੰਜਾਬੀ ਸੱਭਿਆਚਾਰ ਨੂੰ ਦੇਸ਼ਾਂ-ਵਿਦੇਸ਼ਾਂ ਤੱਕ ਹੋਰ ਪ੍ਰਫੁੱਲਤ ਕੀਤਾ ਜਾਵੇ।

- ਕਾਲਾ ਸਿੰਘ ਸੈਣੀ

Posted By: Harjinder Sodhi