ਐਲਬਮ ਰਿਲੀਜ਼ਿੰਗ ਮਗਰੋਂ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਗਾਇਕ ਮਨਕੀਰਤ ਔਲਖ, ਵਾਹਿਗੁਰੂ ਜੀ ਦਾ ਕੀਤਾ ਸ਼ੁਕਰਾਨਾ ਤੇ ਕੀਤੀ ਸਰਬੱਤ ਦੇ ਭਲੇ ਦੀ ਅਰਦਾਸ
ਪੰਜਾਬੀ ਸੰਗੀਤ ਜਗਤ ਦੇ ਪ੍ਰਸਿੱਧ ਗਾਇਕ ਮਨਕੀਰਤ ਔਲਖ ਆਪਣੀ ਨਵੀਂ ਐਲਬਮ ਰਿਲੀਜ਼ ਹੋਣ ਮਗਰੋਂ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਗੁਰੂ ਘਰ ਨਤਮਸਤਕ ਹੋ ਕੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕੀਤਾ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।
Publish Date: Thu, 21 May 2026 01:59 PM (IST)
Updated Date: Thu, 21 May 2026 02:09 PM (IST)

ਡਿਜੀਟਲ ਡੈਸਕ, ਅੰਮ੍ਰਿਤਸਰ - ਪੰਜਾਬੀ ਸੰਗੀਤ ਜਗਤ ਦੇ ਪ੍ਰਸਿੱਧ ਗਾਇਕ ਮਨਕੀਰਤ ਔਲਖ ਆਪਣੀ ਨਵੀਂ ਐਲਬਮ ਰਿਲੀਜ਼ ਹੋਣ ਮਗਰੋਂ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਗੁਰੂ ਘਰ ਨਤਮਸਤਕ ਹੋ ਕੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕੀਤਾ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।
ਸ੍ਰੀ ਹਰਿਮੰਦਰ ਸਾਹਿਬ ਪਹੁੰਚਣ 'ਤੇ ਉਨ੍ਹਾਂ ਦੇ ਪ੍ਰਸ਼ੰਸਕਾਂ 'ਚ ਵੀ ਉਤਸ਼ਾਹ ਦੇਖਣ ਨੂੰ ਮਿਲਿਆ। ਮਨਕੀਰਤ ਔਲਖ ਨੇ ਗੁਰੂ ਘਰ ਮੱਥਾ ਟੇਕਣ ਮਗਰੋਂ ਕਈ ਫੈਨਜ਼ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਕਈ ਥਾਵਾਂ 'ਤੇ ਉਹ ਆਪਣੇ ਚਾਹੁਣ ਵਾਲਿਆਂ ਦੇ ਪੈਰ ਛੂਹ ਕੇ ਆਸ਼ੀਰਵਾਦ ਲੈਂਦੇ ਵੀ ਦਿਖਾਈ ਦਿੱਤੇ, ਜਿਸ ਦੀਆਂ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਇੰਨਾ ਹੀ ਨਹੀਂ, ਮਨਕੀਰਤ ਨੇ ਖੁਦ ਸੈਲਫੀ ਮੋਡ 'ਚ ਆਪਣੀ ਅਤੇ ਸ਼ਰਧਾਲੂਆਂ ਦੀ ਵੀਡੀਓ ਵੀ ਬਣਾਈ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀ ਐਲਬਮ ਦਾ ਨਵਾਂ ਗੀਤ ਵੀ ਗਾਇਆ।
ਨਵੀਂ ਐਲਬਮ ਦੀ ਸਫਲਤਾ ਲਈ ਦਰਬਾਰ ਸਾਹਿਬ ਪਹੁੰਚੇ ਮਨਕੀਰਤ ਔਲਖ
ਮੀਡੀਆ ਨਾਲ ਗੱਲਬਾਤ ਕਰਦਿਆਂ ਮਨਕੀਰਤ ਔਲਖ ਨੇ ਦੱਸਿਆ ਕਿ ਉਨ੍ਹਾਂ ਦੀ ਨਵੀਂ ਸੰਗੀਤ ਐਲਬਮ ਹਾਲ ਹੀ 'ਚ ਰਿਲੀਜ਼ ਹੋਈ ਹੈ। ਉਨ੍ਹਾਂ ਕਿਹਾ ਕਿ ਪੂਰੀ ਟੀਮ ਨੇ ਪਹਿਲਾਂ ਹੀ ਇਹ ਫੈਸਲਾ ਕੀਤਾ ਸੀ ਕਿ ਜਿਵੇਂ ਹੀ ਉਨ੍ਹਾਂ ਦੀ ਨਵੀਂ ਈ.ਪੀ. ਰਿਲੀਜ਼ ਹੋਵੇਗੀ, ਉਹ ਸਭ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਆਉਣਗੇ। ਇਸੇ ਵਾਅਦੇ ਨੂੰ ਨਿਭਾਉਣ ਲਈ ਉਹ ਅੱਜ ਅੰਮ੍ਰਿਤਸਰ ਪਹੁੰਚੇ ਹਨ।
ਗਾਇਕ ਨੇ ਦੱਸਿਆ ਕਿ ਉਨ੍ਹਾਂ ਦੀ ਇਸ ਨਵੀਂ ਈ.ਪੀ. 'ਚ ਕਰੀਬ ਸੱਤ ਤੋਂ ਅੱਠ ਗੀਤ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦੀ ਦੂਜੀ ਈ.ਪੀ. ਹੈ, ਜਦਕਿ ਇਸ ਤੋਂ ਪਹਿਲਾਂ ਉਹ ਜ਼ਿਆਦਾਤਰ ਸਿੰਗਲ ਟ੍ਰੈਕ ਹੀ ਲੈ ਕੇ ਆਉਂਦੇ ਰਹੇ ਹਨ। ਮਨਕੀਰਤ ਔਲਖ ਨੇ ਆਪਣੇ ਪ੍ਰਸ਼ੰਸਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਉਨ੍ਹਾਂ ਦੀ ਇਸ ਨਵੀਂ ਈ.ਪੀ. ਨੂੰ ਭਰਵਾਂ ਪਿਆਰ ਅਤੇ ਸਾਥ ਦੇਣ।
ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਮਸ਼ਹੂਰ ਨਾਂ ਹੈ ਮਨਕੀਰਤ
ਜ਼ਿਕਰਯੋਗ ਹੈ ਕਿ ਮਨਕੀਰਤ ਔਲਖ ਪੰਜਾਬੀ ਸੰਗੀਤ ਜਗਤ ਦੇ ਉਨ੍ਹਾਂ ਚਰਚਿਤ ਕਲਾਕਾਰਾਂ 'ਚੋਂ ਇੱਕ ਹਨ, ਜਿਨ੍ਹਾਂ ਨੇ "ਗੈਂਗਲੈਂਡ", "ਬਦਨਾਮ" ਅਤੇ "ਕੋਕਾ" ਵਰਗੇ ਸੁਪਰਹਿੱਟ ਗੀਤਾਂ ਨਾਲ ਆਪਣੀ ਖਾਸ ਪਛਾਣ ਬਣਾਈ ਹੈ। ਨੌਜਵਾਨਾਂ 'ਚ ਉਨ੍ਹਾਂ ਦੀ ਭਾਰੀ ਮਕਬੂਲੀਅਤ ਹੈ ਅਤੇ ਉਨ੍ਹਾਂ ਦੇ ਨਵੇਂ ਗੀਤਾਂ ਦਾ ਪ੍ਰਸ਼ੰਸਕਾਂ ਨੂੰ ਹਮੇਸ਼ਾ ਇੰਤਜ਼ਾਰ ਰਹਿੰਦਾ ਹੈ। ਹੁਣ ਉਨ੍ਹਾਂ ਦੀ ਨਵੀਂ ਈ.ਪੀ. ਰਿਲੀਜ਼ ਹੋਣ ਤੋਂ ਬਾਅਂਦ ਵੀ ਫੈਨਜ਼ 'ਚ ਖਾਸਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ 'ਚ ਉਨ੍ਹਾਂ ਦੇ ਕਈ ਹੋਰ ਨਵੇਂ ਗੀਤ ਵੀ ਰਿਲੀਜ਼ ਹੋ ਸਕਦੇ ਹਨ, ਜਿਨ੍ਹਾਂ ਦਾ ਉਨ੍ਹਾਂ ਦੇ ਚਾਹੁਣ ਵਾਲੇ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।