- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬੀ ਸਿਨੇਮਾ ਲਈ ਇਹ ਇਤਿਹਾਸਕ ਤੇ ਮਾਣ ਵਾਲਾ ਪਲ ਹੈ ਕਿ ਨੌਜਵਾਨ ਫਿਲਮ ਨਿਰਦੇਸ਼ਕ ਗੁਰਵਿੰਦਰ ਸਿੰਘ ਦੀ ਨਵੀਂ ਫੀਚਰ ਫਿਲਮ ‘ਰਹਿਮਤ’ ਨੂੰ ਵਿਸ਼ਵ ਪ੍ਰਸਿੱਧ 79ਵੇਂ ਲੋਕਾਰਨੋ ਫਿਲਮ ਉਤਸਵ ਦੇ ਮੁੱਖ ਮੁਕਾਬਲੇ ਲਈ ਚੁਣਿਆ ਗਿਆ ਹੈ। ਸਵਿਟਜ਼ਰਲੈਂਡ ਦੇ ਲੋਕਾਰਨੋ ਸ਼ਹਿਰ ਵਿਚ 15 ਅਗਸਤ 2026 ਤੱਕ ਹੋਣ ਵਾਲੇ ਇਸ ਵੱਕਾਰੀ ਫਿਲਮ ਉਤਸਵ ’ਚ ਦੁਨੀਆ ਭਰ ਦੀਆਂ ਸਿਰਫ਼ 10 ਸਰਵੋਤਮ ਫਿਲਮਾਂ ਨੂੰ ਮੁੱਖ ਮੁਕਾਬਲੇ ਲਈ ਚੁਣਿਆ ਗਿਆ ਹੈ

ਪੰਜਾਬੀ ਸਿਨੇਮਾ ਲਈ ਇਹ ਇਤਿਹਾਸਕ ਤੇ ਮਾਣ ਵਾਲਾ ਪਲ ਹੈ ਕਿ ਨੌਜਵਾਨ ਫਿਲਮ ਨਿਰਦੇਸ਼ਕ ਗੁਰਵਿੰਦਰ ਸਿੰਘ ਦੀ ਨਵੀਂ ਫੀਚਰ ਫਿਲਮ ‘ਰਹਿਮਤ’ ਨੂੰ ਵਿਸ਼ਵ ਪ੍ਰਸਿੱਧ 79ਵੇਂ ਲੋਕਾਰਨੋ ਫਿਲਮ ਉਤਸਵ ਦੇ ਮੁੱਖ ਮੁਕਾਬਲੇ ਲਈ ਚੁਣਿਆ ਗਿਆ ਹੈ। ਸਵਿਟਜ਼ਰਲੈਂਡ ਦੇ ਲੋਕਾਰਨੋ ਸ਼ਹਿਰ ਵਿਚ 15 ਅਗਸਤ 2026 ਤੱਕ ਹੋਣ ਵਾਲੇ ਇਸ ਵੱਕਾਰੀ ਫਿਲਮ ਉਤਸਵ ’ਚ ਦੁਨੀਆ ਭਰ ਦੀਆਂ ਸਿਰਫ਼ 10 ਸਰਵੋਤਮ ਫਿਲਮਾਂ ਨੂੰ ਮੁੱਖ ਮੁਕਾਬਲੇ ਲਈ ਚੁਣਿਆ ਗਿਆ ਹੈ ਤੇ ‘ਰਹਿਮਤ’ ਉਨ੍ਹਾਂ ’ਚ ਆਪਣੀ ਥਾਂ ਬਣਾਉਣ ਵਾਲੀ ਪਹਿਲੀ ਪੰਜਾਬੀ ਫਿਲਮ ਹੈ। ਇਸ ਉਪਲੱਬਧੀ ਨੇ ਪੰਜਾਬੀ ਸਿਨੇਮਾ ਨੂੰ ਅੰਤਰਰਾਸ਼ਟਰੀ ਮੰਚ ’ਤੇ ਨਵੀਂ ਪਛਾਣ ਦਿਵਾਈ ਹੈ ਅਤੇ ਕਲਾ ਸਿਨੇਮਾ ਦੇ ਖੇਤਰ ਵਿਚ ਮੀਲ ਪੱਥਰ ਸਥਾਪਿਤ ਕੀਤਾ ਹੈ।
‘ਰਹਿਮਤ’ ਦਾ ਵਿਸ਼ਵ ਪ੍ਰੀਮੀਅਰ 6 ਅਗਸਤ ਨੂੰ ਲੋਕਾਰਨੋ ਦੇ ਪ੍ਰਸਿੱਧ ਪਿਆਜ਼ਾ ਗਰੈਂਡੇ ਵਿਚ ਹੋਇਆ, ਜਿੱਥੇ ਕਰੀਬ 8,000 ਦਰਸ਼ਕ ਇੱਕੋ ਸਮੇਂ ਖੁੱਲ੍ਹੇ ਆਕਾਸ਼ ਹੇਠ ਫਿਲਮ ਦਾ ਆਨੰਦ ਲੈਣ ਪੁੱਜੇ। ਇਸ ਮੌਕੇ ਫਿਲਮ ਦੀ ਟੀਮ ਵਿਸ਼ਵ ਭਰ ਦੇ ਫਿਲਮ ਪ੍ਰੇਮੀਆਂ, ਜਿਊਰੀ ਅਤੇ ਅੰਤਰਰਾਸ਼ਟਰੀ ਮੀਡੀਆ ਨਾਲ ਰੂਬਰੂ ਵੀ ਹੋਈ। ਫਿਲਮ ਪੰਜਾਬੀ ਦੀ ਪ੍ਰਸਿੱਧ ਲੇਖਿਕਾ ਅਜੀਤ ਕੌਰ ਦੀਆਂ ਪੰਜਾਬ ਨਾਲ ਸਬੰਧਿਤ ਤਿੰਨ ਆਪਸ ਵਿਚ ਜੁੜੀਆਂ ਕਹਾਣੀਆਂ ’ਤੇ ਆਧਾਰਿਤ ਹੈ। ਇਹ ਕਹਾਣੀਆਂ ਮਨੁੱਖੀ ਸੰਵੇਦਨਾਵਾਂ, ਸਮਾਜਿਕ ਵੰਡ, ਸੰਘਰਸ਼ ਤੇ ਇਨਸਾਨੀਅਤ ਦੇ ਅਹਿਸਾਸ ਨੂੰ ਪਰਦੇ ’ਤੇ ਬੇਹੱਦ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਦੀਆਂ ਹਨ। ਫਿਲਮ ਦੀ ਕਾਸਟ ਵਿਚ ਭਾਰਤੀ ਸਿਨੇਮਾ ਦੇ ਮੰਨੇ-ਪ੍ਰਮੰਨੇ ਅਦਾਕਾਰ ਨਸੀਰੂਦੀਨ ਸ਼ਾਹ, ਪੰਜਾਬੀ ਕਵੀ ਤੇ ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ, ਸੁਵਿੰਦਰ ਵਿੱਕੀ, ਮੀਤਾ ਵਸ਼ਿਸ਼ਟ, ਨਵਜੋਤ ਰੰਧਾਵਾ, ਦੀਆ ਕੰਬੋਜ, ਅਨੀਤਾ ਮੀਤ ਤੇ ਹਰਵਿੰਦਰ ਔਜਲਾ ਮੁੱਖ ਭੂਮਿਕਾਵਾਂ ’ਚ ਨਜ਼ਰ ਆਉਣਗੇ। ਜ਼ਫ਼ਰ ਨੇ ਇਸ ਫਿਲਮ ਰਾਹੀਂ ਪਹਿਲੀ ਵਾਰ ਫੀਚਰ ਫਿਲਮ ’ਚ ਅਦਾਕਾਰੀ ਕੀਤੀ ਹੈ।
.jpg)
ਇਕ ਹੋਰ ਵੱਡੀ ਪ੍ਰਾਪਤੀ ਵਜੋਂ ‘ਰਹਿਮਤ’ ਨੂੰ ਸਮਾਜਿਕ ਤੇ ਵਾਤਾਵਰਣ ਨਾਲ ਜੁੜੇ ਮੁੱਦਿਆਂ ਨੂੰ ਉਭਾਰਨ ਵਾਲੀਆਂ ਦੁਨੀਆ ਦੀਆਂ 13 ਚੋਣਵੀਆਂ ਫਿਲਮਾਂ ’ਚ ਵੀ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ ਨੂੰ ‘ਸਿਨੇਮਾ ਫਾਰ ਚੇਂਜ’ ਦੇ ਵਿਸ਼ੇਸ਼ ਐਵਾਰਡ ਲਈ ਨਾਮਜ਼ਦ ਕੀਤਾ ਗਿਆ ਹੈ। ਨਿਰਦੇਸ਼ਕ ਗੁਰਵਿੰਦਰ ਸਿੰਘ ਸਮੇਤ ਫਿਲਮ ਦੀ ਟੀਮ ਦੇ ਸੱਤ ਮੈਂਬਰ ਲੋਕਾਰਨੋ ਫਿਲਮ ਉਤਸਵ ’ਚ ਸ਼ਿਰਕਤ ਕਰ ਰਹੇ ਹਨ। ਗੁਰਵਿੰਦਰ ਸਿੰਘ ਪਹਿਲਾਂ ਵੀ ਪੰਜਾਬੀ ਸਾਹਿਤਕਾਰ ਗੁਰਦਿਆਲ ਸਿੰਘ ਦੇ ਨਾਵਲਾਂ ਤੇ ਵਰਿਆਮ ਸੰਧੂ ਦੀਆਂ ਕਹਾਣੀਆਂ ’ਤੇ ਆਧਾਰਿਤ ਕਲਾਤਮਕ ਫਿਲਮਾਂ ਬਣਾ ਕੇ ਅੰਤਰਰਾਸ਼ਟਰੀ ਪੱਧਰ ’ਤੇ ਵੱਖਰੀ ਪਛਾਣ ਬਣਾ ਚੁੱਕੇ ਹਨ। ਉਨ੍ਹਾਂ ਨੂੰ ਇਸ ਸਾਲ ਪੰਜਾਬ ਕਲਾ ਪ੍ਰੀਸ਼ਦ ਵੱਲੋਂ ‘ਪੰਜਾਬ ਗੌਰਵ (ਸਿਨੇਮਾ)’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।
ਨਿਰਦੇਸ਼ਕ ਅਨੁਸਾਰ ‘ਰਹਿਮਤ’ ਉਸ ਦੌਰ ਦੀ ਕਹਾਣੀ ਹੈ, ਜਦੋਂ ਰਾਜਨੀਤਕ ਤੇ ਧਾਰਮਿਕ ਟਕਰਾਅ ਨੇ ਸਮਾਜ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਪਰ ਆਮ ਲੋਕਾਂ ਨੇ ਪਿਆਰ, ਆਪਸੀ ਸਹਿਯੋਗ ਤੇ ਰਹਿਮਦਿਲੀ ਨਾਲ ਜ਼ਿੰਦਗੀ ਨੂੰ ਅੱਗੇ ਵਧਾਇਆ। ਫਿਲਮ ਮਨੁੱਖਤਾ, ਉਮੀਦ ਤੇ ਆਪਸੀ ਵਿਸ਼ਵਾਸ ਦਾ ਸੰਦੇਸ਼ ਦਿੰਦੀ ਹੈ। ਗੁਰਵਿੰਦਰ ਸਿੰਘ, ਨਿਰਦੇਸ਼ਕ ਦਾ ਕਹਿਣਾ ਹੈ ਕਿ ਰਹਿਮਤ ਉਨ੍ਹਾਂ ਲੋਕਾਂ ਦੀ ਕਹਾਣੀ ਹੈ, ਜੋ ਵੰਡ ਤੇ ਟਕਰਾਅ ਦੇ ਸਮੇਂ ਵਿਚ ਵੀ ਉਮੀਦ, ਇਨਸਾਨੀਅਤ ਤੇ ਰਹਿਮਦਿਲੀ ਨੂੰ ਜਿਉਂਦਾ ਰੱਖਦੇ ਹਨ। ਫਿਲਮ ਦੀ ਸ਼ੂਟਿੰਗ ਪਿਛਲੇ ਵਰ੍ਹੇ ਲੁਧਿਆਣਾ ਦੇ ਪਿੰਡ ਕਿਲ੍ਹਾ ਰਾਏਪੁਰ ਤੇ ਗੁੱਜਰਵਾਲ ਵਿਖੇ ਕੀਤੀ ਗਈ ਸੀ।
ਖ਼ਾਸ ਪ੍ਰਾਪਤੀਆਂ
- ਮੁੱਖ ਮੁਕਾਬਲੇ ਦੀਆਂ ਸਿਖ਼ਰਲੀਆਂ 10 ਫਿਲਮਾਂ ’ਚ ਸ਼ਾਮਲ।
- ਇਸ ਸਾਲ ਦੀ ਇਕਲੌਤੀ ਭਾਰਤੀ ਫੀਚਰ ਫਿਲਮ।
- ਲੋਕਾਰਨੋ ਦੇ ਮੁੱਖ ਮੁਕਾਬਲੇ ’ਚ ਪਹੁੰਚਣ ਵਾਲੀ ਪਹਿਲੀ ਪੰਜਾਬੀ ਫਿਲਮ।
- ‘ਸਿਨੇਮਾ ਫਾਰ ਚੇਂਜ’ ਐਵਾਰਡ ਲਈ ਵੀ ਨਾਮਜ਼ਦ।
- 8,000 ਦਰਸ਼ਕਾਂ ਦੀ ਸਮਰੱਥਾ ਵਾਲੇ ਪਿਆਜ਼ਾ ਗਰੈਂਡੇ ਵਿਚ ਵਿਸ਼ਵ ਪ੍ਰੀਮੀਅਰ।
- ਪਲਵਿੰਦਰ ਸਿੰਘ ਢੁੱਡੀਕੇ
98724-96720