- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡਾ. ਜਸਵਿੰਦਰ ਭੱਲਾ ਨੇ ਕਰੀਅਰ ਦੀ ਸ਼ੁਰੂਆਤ ਗਾਇਕੀ ਤੋਂ ਕੀਤੀ ਸੀ ਪਰ ਉਨ੍ਹਾਂ ਨੂੰ ਸਫਲਤਾ ਅਤੇ ਪਛਾਣ ਇਕ ਕਾਮੇਡੀਅਨ ਤੇ ਅਦਾਕਾਰ ਵਜੋਂ ਜ਼ਿਆਦਾ ਮਿਲੀ...

ਹੱਸਣਾ ਚੰਗੀ ਸਿਹਤ ਲਈ ਬਹੁਤ ਜ਼ਰੂਰੀ ਹੈ ਤੇ ਹਸਾਉਣਾ ਇਕ ਵੱਡੀ ਕਲਾ ਹੈ। ਅੱਜ ਦੀ ਤੇਜ਼ ਰਫ਼ਤਾਰ ਜ਼ਿੰਦਗੀ ਨੇ ਸਾਡੇ ਤੋਂ ਜਿਵੇਂ ਹਾਸੇ ਖੋਹ ਹੀ ਲਏ ਹਨ। ਫਿਰ ਵੀ ਕੁਝ ਕਲਾਕਾਰ ਅਜਿਹੇ ਹਨ ਜੋ ਸਾਡਿਆਂ ਚਿਹਰਿਆਂ 'ਤੇ ਮੁਸਕਾਨ ਲਿਆ ਕੇ ਕੁਝ ਪਲ ਲਈ ਸਾਨੂੰ ਤਨਾਅ ਤੋਂ ਦੂਰ ਕਰ ਦਿੰਦੇ ਹਨ। ਅਜਿਹੇ ਕਲਾਕਾਰਾਂ 'ਚ ਇਕ ਨਾਂ ਆਉਂਦਾ ਹੈ ਡਾ. ਜਸਵਿੰਦਰ ਸਿੰਘ ਭੱਲਾ ਦਾ। ਹੁਣ ਤਕ ਜਿੱਥੇ ਉਸ ਨੇ ਆਪਣੇ ਚੁਟਕਲਿਆਂ ਤੇ ਸਕਿੱਟਾਂ ਜ਼ਰੀਏ ਦਰਸ਼ਕਾਂ ਨੂੰ ਹਸਾਇਆ ਹੈ ਉੱਥੇ ਹੀ ਵਿਅੰਗ ਦੇ ਮਾਧਿਅਮ ਰਾਹੀਂ ਸਮਾਜ 'ਚ ਫੈਲੀਆਂ ਬੁਰਾਈਆਂ 'ਤੇ ਚੋਟ ਵੀ ਕੀਤੀ ਹੈ। ਅੱਜ ਡਾ. ਜਸਵਿੰਦਰ ਸਿੰਘ ਭੱਲਾ ਕਾਮੇਡੀ ਅਤੇ ਫਿਲਮੀ ਪਰਦੇ ਦੀ ਸ਼ਾਨ ਬਣ ਚੁੱਕਾ ਹੈ। ਇਸ ਮੁਕਾਮ 'ਤੇ ਪਹੁੰਚਣ ਲਈ ਉਸ ਨੂੰ ਲੰਬਾ ਸੰਘਰਸ਼ ਵੀ ਕਰਨਾ ਪਿਆ। ਬਹੁਤ ਘੱਟ ਦਰਸ਼ਕ ਜਾਣਦੇ ਹੋਣਗੇ ਕਿ ਜਸਵਿੰਦਰ ਭੱਲਾ ਨੇ ਕਰੀਅਰ ਦੀ ਸ਼ੁਰੂਆਤ ਗਾਇਕੀ ਤੋਂ ਕੀਤੀ ਸੀ ਪਰ ਉਸ ਨੂੰ ਸਫਲਤਾ ਅਤੇ ਪਛਾਣ ਇਕ ਕਾਮੇਡੀਅਨ ਤੇ ਅਦਾਕਾਰ ਵਜੋਂ ਜ਼ਿਆਦਾ ਮਿਲੀ ਹੈ। ਅੱਜ ਵੀ ਜਦੋਂ ਸੱਥਾਂ ਅੰਦਰ ਉਸ ਦੇ ਮਸ਼ਹੂਰ ਹੋਏ ਛਣਕਾਟਿਆਂ ਦੀ ਛਣਕਾਰ ਦੀਆਂ ਗੱਲਾਂ ਹੁੰਦੀਆਂ ਹਨ ਤਾਂ ਚਾਚੇ ਚਤਰੇ ਦੀਆਂ ਸ਼ੁਰਲੀਆਂ ਅਤੇ ਯਾ..ਯਾ.. ਵਾਲੇ ਐੱਨਆਰਆਈ ਭਾਨੇ ਦੀਆਂ ਜੱਬਲੀਆਂ ਦੇ ਨਾਲ ਸਾਥੀ ਕਲਾਕਾਰਾਂ ਦੀ ਤਿੱਕੜੀ ਦੇ ਸੁਮੇਲ ਦੀ ਚਰਚਾ ਵੀ ਜ਼ਰੂਰ ਹੁੰਦੀ ਹੈ। ਇਸ ਤਿੱਕੜੀ 'ਚ ਜਸਵਿੰਦਰ ਭੱਲਾ, ਭਤੀਜ ਬਾਲ ਮੁਕੰਦ ਸ਼ਰਮਾ ਤੇ ਮੈਡਮ ਨੀਲੂ ਆਉਂਦੇ ਹਨ। ਇਨ੍ਹਾਂ ਤਿੰਨਾਂ ਨੇ ਲੰਮਾ ਸਮਾਂ 'ਛਣਕਾਟਾ' ਟਾਈਟਲ ਹੇਠ ਆਈਆਂ ਐਲਬਮਜ਼ 'ਚ ਆਪਣੀ ਕਲਾ ਦਾ ਖ਼ੂਬ ਪ੍ਰਦਰਸ਼ਨ ਕੀਤਾ ਤੇ ਸਰੋਤਿਆਂ ਨੇ ਵੀ ਇਨ੍ਹਾਂ ਦੀ ਕਲਾ ਨੂੰ ਰੱਜਵਾਂ ਪਿਆਰ ਦਿੱਤਾ ਹੈ।
ਪਹਿਲੇ ਗੀਤ ਦੀ ਰਿਕਾਰਡਿੰਗ
.jpeg)
ਜਸਵਿੰਦਰ ਸਿੰਘ ਭੱਲਾ ਦਾ ਜਨਮ 4 ਮਈ 1960 ਨੂੰ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਰੱਕਬਾ ਵਿਖੇ ਪਿਤਾ ਬਹਾਦਰ ਸਿੰਘ ਭੱਲਾ ਅਤੇ ਮਾਤਾ ਸਤਵੰਤ ਕੌਰ ਦੇ ਘਰ ਹੋਇਆ। ਉਸ ਦੇ ਪਿਤਾ ਸਿੱਖਿਆ ਵਿਭਾਗ 'ਚ ਅਫਸਰ ਸਨ। ਭੱਲਾ ਸਕੂਲ ਦੀ ਪੜ੍ਹਾਈ ਦੌਰਾਨ ਹੀ ਵਧਿਆ ਗਾਉਣ ਲੱਗ ਪਿਆ ਸੀ। ਇਸੇ ਲਈ ਸਕੂਲ 'ਚ ਹੁੰਦੇ ਹਰੇਕ ਪ੍ਰੋਗਰਾਮ 'ਚ ਉਹ ਆਪਣੇ ਗੀਤਾਂ ਨਾਲ ਹਾਜ਼ਰੀ ਲਗਾ ਸਕੂਲ ਅਧਿਆਪਕਾਂ ਤੋਂ ਸ਼ਾਬਾਸ਼ ਦੇ ਨਾਲ-ਨਾਲ ਕਈ ਇਨਾਮ ਵੀ ਪ੍ਰਾਪਤ ਕਰਦਾ। ਉਸ ਨੇ ਆਪਣੀ ਮੁਢਲੀ ਪੜ੍ਹਾਈ ਦੋਰਾਹਾ ਤੋਂ ਹਾਸਲ ਕੀਤੀ। ਨੌਵੀਂ ਜਮਾਤ 'ਚ ਪੜ੍ਹਦਿਆਂ ਹੀ 1975 ਦੇ ਕਰੀਬ ਭੱਲਾ ਦਾ ਪਹਿਲਾ ਗੀਤ ਆਲ ਇੰਡੀਆ ਰੇਡੀਓ ਰਾਹੀਂ ਘਰ-ਘਰ ਵੱਜਿਆ। ਗਾਉਣ ਦਾ ਸ਼ੌਕ ਪੂਰਾ ਕਰਨ ਦੇ ਨਾਲ-ਨਾਲ ਭੱਲਾ ਨੇ ਆਪਣੀ ਪੜ੍ਹਾਈ ਦਾ ਵੀ ਪੂਰਾ ਖ਼ਿਆਲ ਰੱਖਿਆ। ਉਸ ਨੇ ਬੀਐੱਸਸੀ ਅਤੇ ਐੱਮਐੱਸਸੀ ਦੀ ਡਿਗਰੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਤੋਂ ਪ੍ਰਾਪਤ ਕੀਤੀ। ਫਿਰ ਪੀਐੱਚਡੀ ਕਰ ਕੇ ਇਸੇ ਯੂਨੀਵਰਸਿਟੀ 'ਚ ਹੀ ਬਤੌਰ ਪ੍ਰੋਫੈਸਰ ਸੇਵਾ ਵੀ ਨਿਭਾਈ।
ਮਸ਼ਹੂਰ ਹੋਏ ਡਾਇਲਾਗ
ਡਾ. ਜਸਵਿੰਦਰ ਸਿੰਘ ਭੱਲਾ ਦੀ ਖ਼ਾਸੀਅਤ ਹੈ ਕਿ ਜਿੱਥੇ ਉਨ੍ਹਾਂ ਦੀ ਕਾਮੇਡੀ ਨੂੰ ਦਰਸ਼ਕਾਂ ਨੇ ਭਰਵਾਂ ਹੁੰਗਾਰਾ ਦਿੱਤਾ ਹੈ ਉੱਥੇ ਹੀ ਉਨ੍ਹਾਂ ਵੱਲੋਂ ਬੋਲੇ ਡਾਇਲਾਗ ਵੀ ਬੇਹੱਦ ਮਸ਼ਹੂਰ ਹੋਏ ਹਨ। ਇਹ ਡਾਇਲਾਗ ਇਸ ਕਦਰ ਮਸ਼ਹੂਰ ਹੋਏ ਹਨ ਕਿ ਉਨ੍ਹਾਂ 'ਤੇ ਕਈ ਟਿਕ ਟਾਕ ਵੀਡੀਓਜ਼ ਵੀ ਬਣ ਚੁੱਕੀਆਂ ਹਨ ਤੇ ਕਈ ਡਾਇਲਾਗ ਤਾਂ ਆਮ ਹੀ ਲੋਕ ਬੋਲਦੇ ਸੁਣਾਈ ਦੇ ਜਾਂਦੇ ਹਨ। ਇਨ੍ਹਾਂ 'ਚੋਂ ਕੁਝ ਡਾਇਲਾਗ ਦਾ ਜ਼ਿਕਰ ਕਰਨਾ ਜ਼ਰੂਰ ਬਣਦਾ ਹੈ ਜਿਵੇਂ ਕਿ 'ਢਿੱਲੋਂ ਨੇ ਕਾਲਾ ਕੋਟ ਐਵੇਂ ਨੀਂ ਪਾਇਆ', 'ਗੰਦੀ ਔਲਾਦ ਨਾ ਮਜ਼ਾ ਨਾ ਸਵਾਦ' (ਫਿਲਮ ਕੈਰੀ ਆਨ ਜੱਟਾ), '365 ਚਲਿੱਤਰ ਨਾਰ ਦੇ, ਸਾਰਾ ਸਾਲ ਬੰਦੇ ਨੂੰ ਮਾਰਦੇ' (ਲੱਕੀ ਦੀ ਅਣ ਲੱਕੀ ਸਟੋਰੀ), 'ਆਂਡੇ ਮੋਗੇ ਤੇ ਕੁੜ ਕੁੜ ਮਲੋਟ, ਮੈਂ ਤਾਂ ਭੰਨ ਦਉਂ ਬੁੱਲਾਂ ਨਾਲ ਅਖਰੋਟ' (ਚੱਕ ਦੇ ਫੱਟੇ), 'ਹਵੇਲੀ ਤੇ ਸਹੇਲੀ ਏਨੀ ਛੇਤੀ ਨਹੀਂ ਬਣਦੀ' (ਜਹੀਨੇ ਮੇਰਾ ਦਿਲ ਲੁੱਟਿਆ), 'ਜੇ ਚੰਡੀਗੜ੍ਹ ਢਹਿ ਜੂ ਤਾਂ ਪਿੰਡਾਂ ਵਰਗਾ ਤਾਂ ਰਹਿ ਜੂ' (ਜੱਟ ਐਂਡ ਜੂਲੀਅਟ), 'ਮਾੜੀ ਸੋਚ ਤੇ ਪੈਰ ਦੀ ਮੋਚ, ਬੰਦੇ ਨੂੰ ਅੱਗੇ ਵਧਣ ਨਹੀਂ ਦਿੰਦੀ' (ਜੱਟ ਬੁਆਏਜ਼ ਪੁੱਤ ਜੱਟਾਂ ਦੇ), 'ਇਕ ਤੇਰੀ ਅੜ੍ਹ ਭੰਨਣੀ, ਲੱਸੀ ਪੀਣ ਦਾ ਸ਼ੌਕ ਨਾ ਕੋਈ' (ਰੰਗੀਲੇ), 'ਜ਼ਮੀਨ ਬੰਜਰ ਤੇ ਔਲਾਦ ਕੰਜਰ, ਰੱਬ ਕਿਸੀ ਨੂੰ ਨਾ ਦੇਵੇ' (ਜੱਟ ਏਅਰਵੇਜ਼)। ਜਸਵਿੰਦਰ ਸਿੰਘ ਭੱਲਾ ਵੈਸੇ ਵੀ ਅਜਿਹੇ ਪੰਜਾਬੀ ਕਾਮੇਡੀਅਨ ਮੰਨੇ ਗਏ ਹਨ ਜੋ ਕੋਈ ਵੀ ਸੰਵਾਦ ਕਾਫ਼ੀ ਤੇਜ਼ੀ ਨਾਲ ਬੋਲਣ ਦੀ ਜਾਚ ਰੱਖਦੇ ਹਨ। ਭੱਲਾ ਦੀ ਸਫਲਤਾ ਪਿੱਛੇ ਉਨ੍ਹਾਂ ਦੀ ਸਾਦਗੀ ਤੇ ਸਖ਼ਤ ਮਿਹਨਤ ਸਹਿਜੇ ਹੀ ਨਜ਼ਰ ਆਉਂਦੀ ਹੈ। ਇਸ 'ਚ ਕੋਈ ਅਤਿਕਥਨੀ ਨਹੀਂ ਹੋਵੇਗੀ ਕਿ ਅੱਜ ਜਸਵਿੰਦਰ ਭੱਲਾ ਤੋਂ ਬਿਨਾਂ ਪੰਜਾਬੀ ਫਿਲਮਾਂ ਨੂੰ ਅਧੂਰਾ ਮੰਨਿਆ ਜਾਂਦਾ ਹੈ। ਇਹ ਵੀ ਦਿਲਚਪਸ ਗੱਲ ਹੈ ਕਿ ਪੰਜਾਬੀ ਫਿਲਮਾਂ 'ਚ ਜਸਵਿੰਦਰ ਭੱਲਾ ਦੀ ਬੀਐੱਨ ਸ਼ਰਮਾ, ਗੁਰਪ੍ਰੀਤ ਘੁੱਗੀ, ਰਾਣਾ ਰਣਬੀਰ ਤੇ ਵੀਨੂੰ ਢਿੱਲੋਂ ਵਰਗੇ ਅਦਾਕਾਰਾ ਨਾਲ ਵਿਖਾਈ ਅਦਾਕਾਰੀ ਦਰਸ਼ਕ ਹੋਰ ਵੀ ਜ਼ਿਆਦਾ ਪਸੰਦ ਕਰਦੇ ਹਨ।

ਨਿੱਜੀ ਜੀਵਨ
ਡਾ. ਜਸਵਿੰਦਰ ਸਿੰਘ ਭੱਲਾ ਦਾ ਵਿਆਹ ਪਰਮਦੀਪ ਭੱਲਾ ਨਾਲ ਹੋਇਆ ਹੈ ਜੋ ਇਕ ਫਾਈਨ ਆਰਟਸ ਅਧਿਆਪਕ ਹਨ। ਇਨ੍ਹਾਂ ਦੇ ਘਰ ਬੇਟੀ ਅਰਸ਼ਦੀਪ ਕੌਰ ਭੱਲਾ ਤੇ ਬੇਟਾ ਪੁਖਰਾਜ ਭੱਲਾ ਨੇ ਜਨਮ ਲਿਆ। ਦੱਸਣਯੋਗ ਹੈ ਕਿ ਜਸਵਿੰਦਰ ਭੱਲਾ ਤੇ ਬਾਲ ਮੁਕੰਦ ਸ਼ਰਮਾ ਦੇ ਬੱਚੇ ਕੁਝ 'ਛਣਕਾਟਾ' ਐਲਬਮਜ਼ 'ਚ ਵੀ ਬਤੌਰ ਬਾਲ ਕਲਾਕਾਰ ਨਜ਼ਰ ਆ ਚੁੱਕੇ ਹਨ। ਅੱਜਕੱਲ੍ਹ ਪੁਖਰਾਜ ਭੱਲਾ ਵੀ ਆਪਣੇ ਪਿਤਾ ਦੀਆਂ ਪਾਈਆਂ ਪੈੜਾਂ 'ਤੇ ਚੱਲਦਿਆਂ ਫਿਲਮ ਜਗਤ 'ਚ ਆਪਣੀ ਚੰਗੀ ਪਛਾਣ ਬਣਾ ਰਿਹਾ ਹੈ। ਜ਼ਿਕਰਯੋਗ ਹੈ ਕਿ ਇਨ੍ਹੀਂ ਦਿਨੀਂ ਜਸਵਿੰਦਰ ਭੱਲਾ ਤੇ ਪੁਖਰਾਜ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਹਨ। ਕੋਰੋਨਾ ਵਾਇਰਸ ਕਾਰਨ ਚੱਲ ਰਹੇ ਲਾਕਡਾਊਨ ਦੌਰਾਨ ਇਨ੍ਹਾਂ ਦੀਆਂ ਕਈ ਹਾਸਿਆਂ ਵਾਲੀਆਂ ਵੀਡੀਓਜ਼ ਲਗਾਤਾਰ ਜਨਤਕ ਹੋਈਆਂ ਹਨ।
ਬਾਲ ਮੁਕੰਦ ਸ਼ਰਮਾ ਨਾਲ ਮੇਲ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਪੜ੍ਹਾਈ ਦੌਰਾਨ ਹੀ ਜਸਵਿੰਦਰ ਭੱਲਾ ਦਾ ਮੇਲ ਬਾਲ ਮੁਕੰਦ ਸ਼ਰਮਾ ਨਾਲ ਹੋਇਆ। ਇੱਥੋਂ ਹੀ ਇਨ੍ਹਾਂ ਦੀ ਮਿੱਤਰਤਾਂ ਦਾ ਅਜਿਹਾ ਰਿਸ਼ਤਾ ਸ਼ੁਰੂ ਹੋਇਆ ਜੋ ਅੱਜ ਵੀ ਕਾਇਮ ਹੈ ਤੇ ਇਹ ਦੋਵੇਂ ਇਕ ਦੂਜੇ ਦਾ ਹਰ ਦੁੱਖ-ਸੁੱਖ ਵਿਚ ਸਾਥ ਦਿੰਦੇ ਹਨ। ਦੱਸਣਯੋਗ ਹੈ ਕਿ 'ਛਣਕਾਟਾ' ਐਲਬਮਜ਼ ਦੇ ਹਿੱਟ ਹੋਣ ਵਿਚ ਬਾਲ ਮੁਕੰਦ ਸ਼ਰਮਾ ਦਾ ਵੀ ਵੱਡਾ ਸਹਿਯੋਗ ਹੈ। ਇਨ੍ਹਾਂ ਦੋਵਾਂ ਦੀ ਜੋੜੀ ਨੇ ਯੂਨੀਵਰਸਿਟੀ ਦੇ ਸੱਭਿਆਚਾਰਕ ਪ੍ਰੋਗਰਾਮਾਂ 'ਚ ਕਾਮੇਡੀ ਪੇਸ਼ਕਾਰੀ ਨਾਲ ਕਾਫ਼ੀ ਸਮਾਂ ਆਪਣੀ ਭਰਵੀਂ ਹਾਜ਼ਰੀ ਲਗਵਾਈ। ਪੀਏਯੂ 'ਚ ਲੱਗਦੇ ਕਿਸਾਨ ਮੇਲਿਆਂ ਦੀ ਡਾ. ਜਸਵਿੰਦਰ ਸਿੰਘ ਭੱਲਾ ਨੇ ਅਗਵਾਈ ਕਰਦਿਆਂ ਕਿਸਾਨਾਂ ਦੇ ਹਿੱਤ ਦੀਆਂ ਵੀ ਗੱਲਾਂ ਕੀਤੀਆਂ ਹਨ। ਇਸ ਨਾਲ ਹੀ ਕਿਰਸਾਨੀ ਦੀ ਬਿਹਤਰੀ ਲਈ ਆਪਣਾ ਵੱਡਮੁੱਲਾ ਯੋਗਦਾਨ ਵੀ ਪਾਇਆ ਹੈ।
ਯੂਨੀਵਰਸਿਟੀ 'ਚ ਆਪਣੀ ਪਛਾਣ ਬਣਾਉਣ ਤੋਂ ਬਾਅਦ ਜਸਵਿੰਦਰ ਭੱਲਾ ਨੇ ਜਲੰਧਰ ਦੂਰਦਰਸ਼ਨ ਦੇ ਮਸ਼ਹੂਰ ਪ੍ਰੋਗਰਾਮ 'ਰੁਲਦੇ ਦਾ ਵਿਆਹ' ਵਿਚ ਬਾਲ ਮੁਕੰਦ ਸ਼ਰਮਾ ਅਤੇ ਦਿਵਿਆ ਦੱਤਾ ਨਾਲ ਛੋਟੇ ਪਰਦੇ 'ਤੇ ਸ਼ਾਨਦਾਰ ਐਂਟਰੀ ਕੀਤੀ। ਇਸ ਪ੍ਰੋਗਰਮਾ ਨੂੰ ਸਰੋਤਿਆਂ ਦਾ ਚੰਗਾ ਹੁੰਗਾਰਾ ਮਿਲਿਆ ਤੇ ਇਨ੍ਹਾਂ ਦੀ ਪਛਾÎਣ ਹੋਰ ਵੀ ਗੂੜ੍ਹੀ ਹੋ ਗਈ।
ਫਿਲਮੀ ਸਫ਼ਰ ਦਾ ਆਗ਼ਾਜ਼

ਸਟੇਜ ਸ਼ੋਅ, ਕੈਸਿਟਾਂ ਤੇ ਜਲੰਧਰ ਦੂਰਦਰਸ਼ਨ 'ਤੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਉਣ ਦੇ ਨਾਲ-ਨਾਲ ਜਸਵਿੰਦਰ ਭੱਲਾ ਨੇ ਪੰਜਾਬੀ ਸਿਨੇਮਾ ਦੀ ਤਰੱਕੀ 'ਚ ਵੀ ਆਪਣਾ ਵੱਡਾ ਯੋਗਦਾਨ ਪਾਇਆ ਹੈ। ਉਨ੍ਹਾਂ ਦੇ ਫਿਲਮੀ ਕਰੀਅਰ ਦੀ ਸ਼ੁਰੂਆਤ ਪੰਜਾਬੀ ਫਿਲਮ 'ਮਾਹੌਲ ਠੀਕ ਹੈ' (1999) ਤੋਂ ਹੋਈ। ਇਸ ਫਿਲਮ 'ਚ ਉਸ ਨੇ ਇੰਸਪੈਕਟਰ ਦਾ ਕਿਰਦਾਰ ਸ਼ਾਨਦਾਰ ਢੰਗ ਨਾਲ ਨਿਭਾਇਆ ਹੈ। ਇਸ ਫਿਲਮ 'ਚ ਬਾਲ ਮੁਕੰਦ ਸ਼ਰਮਾ ਵੀ ਪੁਲਿਸ ਵਾਲੇ ਦੇ ਕਿਰਦਾਰ 'ਚ ਨਜ਼ਰ ਆਏ। ਇਸ ਫਿਲਮ 'ਚ ਮਰਹੂਮ ਕਾਮੇਡੀ ਕਿੰਗ ਜਸਪਾਲ ਭੱਟੀ ਨੇ ਵੀ ਦਮਦਾਰ ਕਿਰਦਾਰ ਨਿਭਾਇਆ ਹੈ। ਇਸ ਤੋਂ ਬਾਅਦ ਤਾਂ ਹੁਣ ਤਕ ਜਸਵਿੰਦਰ ਭੱਲਾ ਨੇ ਇਕ ਤੋਂ ਇਕ ਸ਼ਾਨਦਾਰ ਕਿਰਦਾਰ ਪੰਜਾਬੀ ਫਿਲਮਾਂ 'ਚ ਨਿਭਾਇਆ ਹੈ। ਇਨ੍ਹਾਂ 'ਚੋਂ ਬਹੁਤੇ ਕਿਰਦਾਰ ਤਾਂ ਸਰੋਤਿਆਂ ਦੇ ਦਿਲੋਂ ਦਿਮਾਗ਼ 'ਚ ਇਸ ਕਦਰ ਵੱਸੇ ਹੋਏ ਹਨ ਕਿ ਜਦੋਂ ਵੀ ਭੱਲਾ ਬਾਰੇ ਕੋਈ ਗੱਲ ਚੱਲਦੀ ਹੈ ਤਾਂ ਉਹ ਕਿਰਦਾਰ ਆਪ ਮੁਹਾਰੇ ਅੱਖਾਂ ਮੂਹਰੇ ਘੁੰਮਣ ਲੱਗਦੇ ਹਨ। ਇਨ੍ਹਾਂ ਫਿਲਮਾਂ 'ਚ 'ਜੀਜਾ ਜੀ', 'ਚੱਕਦੇ ਫੱਟੇ', 'ਮੇਲ ਕਰਾਦੇ ਰੱਬਾ', 'ਜਹੀਨੇ ਮੇਰਾ ਦਿਲ ਲੁੱਟਿਆ', 'ਜੱਟ ਐਂਡ ਜੂਲੀਅਟ', 'ਜੱਟ ਐਂਡ ਜੂਲੀਅਨ 2', 'ਕੈਰੀ ਆਨ ਜੱਟਾ', 'ਸਰਦਾਰ ਜੀ', 'ਸਰਦਾਰ ਜੀ-2', 'ਡੈਡੀ ਕੂਲ ਮੁੰਡੇ ਫੂਲ', 'ਵਿਆਹ 70 ਕਿਲੋਮੀਟਰ', 'ਕਰੈਜ਼ੀ ਟੱਬਰ', 'ਵੇਖ ਬਰਾਤਾਂ ਚੱਲੀਆਂ', 'ਬੈਂਡ ਵਾਜੇ', 'ਗੋਲਕ ਬੂਗਨੀ ਬੈਂਕ ਤੇ ਬਟੂਆ', 'ਮੈਰਿਜ ਪੈਲੇਸ', 'ਪਾਵਰ ਕੱਟ', 'ਕੈਰੀ ਆਨ ਜੱਟਾ-2', 'ਨੌਕਰ ਵਹੁਟੀ ਦਾ' ਆਦਿ ਸ਼ਾਮਲ ਹਨ।
ਭੱਲਾ ਹੁਣ ਤਕ ਉਹ 100 ਦੇ ਕਰੀਬ ਪੰਜਾਬੀ ਫਿਲਮਾਂ 'ਚ ਆਪਣੀ ਕਾਮੇਡੀ ਨਾਲ ਖ਼ੂਬਸੂਰਤ ਰੰਗ ਭਰ ਚੁੱਕੇ ਹਨ। ਇਸੇ ਕਾਮੇਡੀ ਦੇ ਵਿਲੱਖਣ ਅੰਦਾਜ਼ ਨਾਲ ਉਹ ਅੱਜ ਵੀ ਸਿਨੇਮਾ ਪ੍ਰੇਮੀਆਂ ਦੇ ਦਿਲਾਂ 'ਤੇ ਰਾਜ ਕਰਦੇ ਹੋਏ ਨਿਰੰਤਰ ਆਪਣੀ ਕਲਾ ਦੇ ਜੌਹਰ ਦਿਖਾ ਰਹੇ ਹਨ। ਜਲਦ ਹੀ ਉਹ ਕਈ ਫਿਲਮਾਂ 'ਚ ਅਹਿਮ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਫਿਲਮਾਂ 'ਚ ਜਸਵਿੰਦਰ ਭੱਲਾ ਵਲੋਂ ਬੋਲੇ ਗਏ ਸੰਵਾਦ ਵੀ ਬੇਹੱਦ ਮਸ਼ਹੂਰ ਹੋਏ ਹਨ।
ਵਿਰਾਸਤ ਨੂੰ ਅੱਗੇ ਤੋਰ ਰਿਹੈ ਪੁਖਰਾਜ

ਅੱਜ ਦੀ ਤਰੀਕ 'ਚ ਜਸਵਿੰਦਰ ਭੱਲਾ ਦਾ ਲਾਡਲਾ ਬੇਟਾ ਵੀ ਅਦਾਕਾਰੀ ਤੇ ਗਾਇਕੀ ਖੇਤਰ 'ਚ ਖ਼ੂਬ ਸਰਗਰਮ ਹੈ। ਦਿਲਚਪਸ ਗੱਲ ਇਹ ਹੈ ਕਿ ਪੁਖਰਾਜ ਨੂੰ ਵੀ ਪਿਤਾ ਵਾਂਗ ਅਦਾਕਾਰੀ ਦੇ ਨਾਲ-ਨਾਲ ਗਾਉਣ ਦਾ ਵੀ ਖ਼ੂਬ ਸ਼ੌਕ ਹੈ। ਉਸ ਦੀ ਆਵਾਜ਼ 'ਚ ਆਇਆ ਗੀਤ 'ਜ਼ਾਲਮਾ' ਕਾਫ਼ੀ ਮਸ਼ਹੂਰ ਹੋਇਆ। ਪੰਜਾਬੀ ਦੀ ਪਹਿਲੀ ਸੁਪਰਹਿੱਟ ਵੈੱਬ ਸੀਰੀਜ਼ 'ਯਾਰ ਜਿਗਰੀ ਕਸੂਤੀ ਡਿਗਰੀ' 'ਚ ਵੀ ਪੁਖਰਾਜ ਨੇ ਸ਼ਾਨਦਾਰ ਅਦਾਕਾਰੀ ਵਿਖਾਈ ਹੈ। ਇਸ ਤੋਂ ਇਲਾਵਾ ਕਈ ਪੰਜਾਬੀ ਫਿਲਮਾਂ 'ਚ ਵੀ ਉਹ ਦਮਦਾਰ ਕਿਰਦਾਰ ਨਿਭਾ ਚੁੱਕਾ ਹੈ। ਪੁਖਰਾਜ ਦੇ ਅਦਾਕਾਰੀ ਸਫ਼ਰ ਦੀ ਸ਼ੁਰੂਆਤ ਤਾਂ ਨਿੱਕੀ ਉਮਰੇ ਹੀ ਸ਼ੁਰੂ ਹੋ ਗਈ ਸੀ। ਹੁਣ ਤਕ ਉਹ 'ਆਰਐੱਸਵੀਪੀ, 'ਵਿਸਾਖੀ ਲਿਸਟ', 'ਗੋਲਕ ਬੁਗਲੀ ਬੈਂਕ ਤੇ ਬਟੂਆ', 'ਹਰਜੀਤਾ', 'ਅਫਸਰ' ਆਦਿ ਪੰਜਾਬੀ ਫਿਲਮਾਂ 'ਚ ਆਪਣੀ ਪ੍ਰਤਿਭਾ ਦਾ ਲੋਹਾ ਮੰਨਵਾ ਚੁੱਕਾ ਹੈ। ਦੱਸਣਯੋਗ ਹੈ ਕਿ ਫਿਲਮ 'ਆਰਐੱਸਵੀਪੀ' 'ਚ ਜਸਵਿੰਦਰ ਭੱਲਾ ਤੇ ਪੁਖਰਾਜ ਨੇ ਬਾਪ-ਬੇਟੇ ਦਾ ਕਿਰਦਾਰ ਬਾਖ਼ੂਬੀ ਨਿਭਾਇਆ ਹੈ। ਆਉਣ ਵਾਲੇ ਸਮੇਂ 'ਚ ਪੁਖਰਾਜ ਜਲਦ ਹੀ ਬਤੌਰ ਹੀਰੋ ਪੰਜਾਬੀ ਫਿਲਮ ਇੰਡਸਟਰੀ 'ਚ ਕਦਮ ਰੱਖਣ ਜਾ ਰਿਹਾ ਹੈ। ਇਸ ਫਿਲਮ 'ਚ ਉਸ ਨਾਲ ਪਾਲੀਵੁੱਡ ਇੰਡਸਟਰੀ ਦੇ ਕਈ ਦਮਦਾਰ ਅਦਾਕਾਰ ਵੀ ਅਹਿਮ ਕਿਰਦਾਰ ਨਿਭਾਉਂਦੇ ਨਜ਼ਰ ਆਉਣ ਵਾਲੇ ਹਨ।
ਦਿਲਾਂ ਦੀ ਧੜਕਣ ਬਣੀ 'ਛਣਕਾਟਾ' ਲੜੀ

ਜਸਵਿੰਦਰ ਸਿੰਘ ਭਲਾ ਬਾਰੇ ਗੱਲ ਚੱਲ ਰਹੀ ਹੋਵੇ ਤਾਂ ਉਨ੍ਹਾਂ ਦੀਆਂ ਆਈਆਂ 'ਛਣਕਾਟਾ' ਲੜੀ ਦੀਆਂ ਐਲਬਮਜ਼ ਤੇ ਸੀਡੀਜ਼ ਬਾਰੇ ਜ਼ਿਕਰ ਕਿਉਂ ਨਾ ਹੋਵੇ। ਇਨ੍ਹਾਂ ਐਲਬਮਜ਼ 'ਚ ਜਸਵਿੰਦਰ ਭੱਲਾ, ਬਾਲ ਮੁਕੰਦ ਸ਼ਰਮਾ ਤੇ ਮੈਡਮ ਨੀਲੂ ਦੀ ਤਿਕੜੀ ਨੂੰ ਭਲਾ ਕੋਈ ਕਿਵੇਂ ਭੁਲਾ ਸਕਦਾ ਹੈ। ਚਾਚੇ ਚਤਰੇ ਦਾ 'ਕੋਕਿਆਂ ਨਾਲ ਸਜਾਇਆ ਛਣਕਾਟੇ ਵਾਲਾ ਖੂੰਡਾ' ਸਰੋਤਿਆਂ ਨੂੰ ਜ਼ਰੂਰ ਯਾਦ ਹੋਵੇਗਾ। ਅਸਲ 'ਚ ਚਾਚੇ ਚਤਰੇ ਦੇ ਕਿਰਦਾਰ ਰਾਹੀਂ ਜਸਵਿੰਦਰ ਭੱਲਾ ਨੇ ਸਮਾਜਿਕ ਤੇ ਰਾਜਨੀਤੀ ਬੁਰਾਈਆਂ 'ਤੇ ਵਿਅੰਗ ਰਾਹੀਂ ਖ਼ੂਬ ਚਾਨਣਾ ਪਾਇਆ। ਇਸ ਨਾਲ ਹੀ ਉਸ ਨੇ ਭਾਨੇ ਦੇ ਕਿਰਦਾਰ ਰਾਹੀਂ ਐੱਨਆਰਆਈ ਲੋਕਾਂ ਨਾਲ ਵੀ ਜੁੜੀਆਂ ਕਈ ਖੱਟੀਆਂ-ਮਿੱਠੀਆਂ ਗੱਲਾਂ ਤੋਂ ਦਰਸ਼ਕਾਂ ਨੂੰ ਬਾਖ਼ੂਬੀ ਰੂਬਰੂ ਵੀ ਕਰਵਾਇਆ। ਇਹ ਕਿਰਦਾਰ ਸਮੇਂ ਦੀ ਮੰਗ ਨੂੰ ਪਛਾਣਦੇ ਹੋਏ ਉਸ ਨੇ ਛਟਕਾਟਿਆਂ 'ਚ ਸ਼ਾਮਲ ਕੀਤਾ ਸੀ ਜੋ ਦਰਸ਼ਕਾਂ ਨੂੰ ਵੀ ਖ਼ੂਬ ਪਸੰਦ ਆਇਆ। ਪੰਜਾਬੀਆਂ ਦੇ ਦਿਲਾਂ 'ਚ ਧੜਕਣ ਬਣੇ ਕੈਸਿਟ ਕਲਚਰ ਤੋਂ ਐਲਬਮ ਦੇ ਦੌਰ ਤਕ ਇਕ ਤੋਂ ਬਾਅਦ ਇਕ ਜਸਵਿੰਦਰ ਭੱਲਾ ਦੇ ਹਿੱਟ ਛਣਕਾਟਿਆਂ ਦੀ ਲੜੀ ਵੀ ਨਿਰੰਤਰ ਚੱਲਦੀ ਰਹੀ। ਉਨ੍ਹਾਂ ਦਾ ਪਹਿਲਾ 'ਛਣਕਾਟਾ' 1988 'ਚ ਰਿਲੀਜ਼ ਹੋਇਆ। ਇਸ ਮਗਰੋਂ ਫਿਰ ਤਾਂ ਚੱਲ ਸੋ ਚੱਲ ਹੁਣ ਤਕ 27 ਛਣਕਾਟੇ ਮਾਰਕੀਟ 'ਚ ਆ ਚੁੱਕੇ ਹਨ। ਇਨ੍ਹਾਂ ਕੈਸਿਟਾਂ ਦੇ ਨਾਂ 'ਚ 'ਛਟਕਾਟੇ' ਤੋਂ ਇਲਾਵਾ 'ਚਾਚਾ ਸ਼ੇਮ ਸ਼ੇਮ', 'ਚਾਚਾ ਸੁਧਰ ਗਿਆ', 'ਅੰਬਰਸਰ ਦਾ ਪਾਣੀ', 'ਜੜ੍ਹਤੇ ਕੋਕੋ', 'ਕੱਢ 'ਤੀਆਂ ਕਸਰਾਂ', '2007 ਦਾ ਕਰ ਤਾਂ ਕੁੰਡਾ', 'ਮਿੱਠੇ ਪੋਚੇ' ਆਦਿ ਵੀ ਟਾਈਟਲ ਜੁੜੇ ਹਨ।
'ਛਣਕਾਟਾ 2006 'ਕੱਢ 'ਤੀਆਂ ਕਸਰਾਂ' ਤਾਂ ਇਸ ਸੀਰੀਜ਼ ਦੀ ਸਿਲਵਰ ਜੁਬਲੀ ਬਣਿਆ ਹੈ। ਦੱਸਣਯੋਗ ਹੈ ਕਿ 2002 ਤੋਂ ਬਾਅਦ ਇਹ ਛਣਕਾਟੇ ਵੀਡੀਓ ਸੀਡੀਜ਼ 'ਚ ਵੀ ਰਿਲੀਜ਼ ਹੋਏ। ਯੂਨੀਵਰਸਿਟੀ ਦੀ ਸਟੇਜ਼ ਤੋਂ ਸ਼ੁਰੂ ਹੋ ਕੇ ਹੁਣ ਤਕ ਜਸਵਿੰਦਰ ਭੱਲਾ ਨੇ ਅਮਰੀਕਾ, ਕੈਨੇਡਾ, ਇੰਗਲੈਂਡ, ਆਸਟ੍ਰੇਲੀਆ ਵਰਗੇ ਦੇਸ਼ਾਂ ਸਮੇਤ ਦੁਨੀਆ ਦੇ ਹਰ ਕੋਨੇ 'ਚ ਆਪਣੇ ਸਹਾਇਕ ਕਲਾਕਾਰ ਬਾਲ ਮੁਕੰਦ ਸ਼ਰਮਾ ਨਾਲ ਆਪਣੀ ਕਾਮੇਡੀ ਕਲਾ ਦੇ ਜੌਹਰ ਵਿਖਾਏ ਹਨ। ਭੱਲਾ ਦੀ ਇਸ ਕਲਾ ਨੂੰ ਵੇਖਦੇ ਹੋਏ ਹੁਣ ਤਕ ਕਈ ਮਾਣ-ਸਨਮਾਨ ਵੀ ਉਨ੍ਹਾਂ ਦੀ ਝੋਲੀ ਪੈ ਚੁੱਕੇ ਹਨ। ਜੇ ਇਨ੍ਹਾਂ ਦਾ ਜ਼ਿਕਰ ਕਰਨ ਲੱਗੀਏ ਤਾਂ ਇਕ ਲੰਬੀ ਸੂਚੀ ਤਿਆਰ ਹੋ ਜਾਵੇਗੀ।
ਪੀਏਯੂ 'ਚ ਨੌਕਰੀ
ਕਲਾ ਦੇ ਖੇਤਰ 'ਚ ਵੱਖਰੀ ਪਛਾਣ ਬਣਾਉਣ ਦੇ ਨਾਲ-ਨਾਲ ਡਾ. ਜਸਵਿੰਦਰ ਸਿੰਘ ਭੱਲਾ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ 'ਚ ਵੀ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਈ ਹੈ। ਉਨ੍ਹਾਂ ਨੇ 1984 'ਚ ਯੂਨੀਵਰਸਿਟੀ 'ਚ ਨੌਕਰੀ ਦੀ ਸ਼ੁਰੂਆਤ ਕੀਤੀ। ਸਭ ਤੋਂ ਪਹਿਲਾਂ ਉਨ੍ਹਾਂ ਨੇ ਪੰਜ ਸਾਲ ਤਕ ਏਆਈ/ਏਡੀਓ ਵਜੋਂ ਸੇਵਾ ਨਿਭਾਈ। ਫਿਰ ਸਾਲ 1989 ਵਿਚ ਉਹ ਪੀਏਯੂ ਦੇ ਡਿਪਾਰਟਮੈਂਟ ਆਫ ਐਕਸਟੈਂਸ਼ਨ ਐਜੂਕੇਸ਼ਨ ਵਿਚ ਸਹਾਇਕ ਪ੍ਰੋਫੈਸਰ ਦੇ ਤੌਰ 'ਤੇ ਸ਼ਾਮਲ ਹੋਏ ਅਤੇ ਹੁਣ ਉਹ ਖੇਤੀਬਾੜੀ ਪ੍ਰਸਾਰ ਵਿਭਾਗ ਤੋਂ 'ਹੈੱਡ ਆਫ ਦੀ ਡਿਪਾਰਟਮੈਂਟ' ਸੇਵਾ ਮੁਕਤ ਹੋ ਰਹੇ ਹਨ। ਡਿਊਟੀ ਤੋਂ ਸੇਵਾਮੁਕਤ ਹੋਣ 'ਤੇ ਅਸੀਂ ਉਨ੍ਹਾਂ ਨੂੰ ਵਧਾਈ ਦਿੰਦੇ ਹਾਂ ਅਤੇ ਆਸ ਕਰਦੇ ਹਾਂ ਕਿ ਡਾ. ਜਸਵਿੰਦਰ ਸਿੰਘ ਭੱਲਾ ਆਉਣ ਵਾਲੇ ਦਿਨਾਂ ਵਿਚ ਆਪਣਾ ਵੱਧ ਤੋਂ ਵੱਧ ਸਮਾਂ ਪੰਜਾਬੀ ਫਿਲਮ ਇੰਡਸਟਰੀ ਨੂੰ ਦਿੰਦੇ ਹੋਏ ਹੋਰ ਵੀ ਸ਼ਾਨਦਾਰ ਕਿਰਦਾਰਾਂ ਤੇ ਫਿਲਮਾਂ ਨਾਲ ਸੁਨਹਿਰੀ ਪਰਦੇ 'ਤੇ ਅਦਕਾਰੀ ਵਿਖਾਉਂਦੇ ਨਜ਼ਰ ਆਉਣਗੇ।
ਕਾਲਾ ਸਿੰਘ ਸੈਣੀ, ਰਛਪਾਲ ਸਿੰਘ ਪਾਲੀ
98767-20402, 94634-02012