- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੰਗੀਤ ਸਿਰਫ਼ ਮਨੋਰੰਜਨ ਦਾ ਸਾਧਨ ਨਹੀਂ ਸਗੋਂ ਮਨੁੱਖੀ ਭਾਵਨਾਵਾਂ ਤੇ ਆਤਮਿਕ ਅਨੁਭੂਤੀਆਂ ਨੂੰ ਪ੍ਰਗਟ ਕਰਨ ਵਾਲੀ ਅਜਿਹੀ ਅਦਿੱਖ ਸ਼ਕਤੀ ਹੈ, ਜੋ ਸਿੱਧਾ ਸਾਡੀ ਰੂਹ ਨੂੰ ਸਕੂਨ ਦਿੰਦੀ ਹੈ। ਜਿਵੇਂ ਸਰੀਰ ਨੂੰ ਤੰਦਰੁਸਤ ਰੱਖਣ ਲਈ ਭੋਜਨ ਚਾਹੀਦਾ ਹੈ, ਉਸੇ ਤਰ੍ਹਾਂ ਮਨ ਦੀ ਤਾਜ਼ਗੀ ਲਈ ਸੰਗੀਤ ਜ਼ਰੂਰੀ ਹੈ। ਇਸੇ ਲਈ ਸਦੀਆਂ ਤੋਂ ਇਸ ਨੂੰ ‘ਰੂਹ ਦੀ ਖ਼ੁਰਾਕ’ ਕਿਹਾ ਜਾਂਦਾ ਹੈ।

ਸੰਗੀਤ ਸਿਰਫ਼ ਮਨੋਰੰਜਨ ਦਾ ਸਾਧਨ ਨਹੀਂ ਸਗੋਂ ਮਨੁੱਖੀ ਭਾਵਨਾਵਾਂ ਤੇ ਆਤਮਿਕ ਅਨੁਭੂਤੀਆਂ ਨੂੰ ਪ੍ਰਗਟ ਕਰਨ ਵਾਲੀ ਅਜਿਹੀ ਅਦਿੱਖ ਸ਼ਕਤੀ ਹੈ, ਜੋ ਸਿੱਧਾ ਸਾਡੀ ਰੂਹ ਨੂੰ ਸਕੂਨ ਦਿੰਦੀ ਹੈ। ਜਿਵੇਂ ਸਰੀਰ ਨੂੰ ਤੰਦਰੁਸਤ ਰੱਖਣ ਲਈ ਭੋਜਨ ਚਾਹੀਦਾ ਹੈ, ਉਸੇ ਤਰ੍ਹਾਂ ਮਨ ਦੀ ਤਾਜ਼ਗੀ ਲਈ ਸੰਗੀਤ ਜ਼ਰੂਰੀ ਹੈ। ਇਸੇ ਲਈ ਸਦੀਆਂ ਤੋਂ ਇਸ ਨੂੰ ‘ਰੂਹ ਦੀ ਖ਼ੁਰਾਕ’ ਕਿਹਾ ਜਾਂਦਾ ਹੈ।
ਸਾਧਨਾ ਤੇ ਉਪਾਸਨਾ ਦਾ ਮੰਨਿਆ ਗਿਆ ਰੂਪ
ਭਾਰਤੀ ਪ੍ਰੰਪਰਾ ਵਿਚ ਸੰਗੀਤ ਨੂੰ ਕੇਵਲ ਕਲਾ ਨਹੀਂ ਸਗੋਂ ਸਾਧਨਾ ਤੇ ਉਪਾਸਨਾ ਦਾ ਰੂਪ ਮੰਨਿਆ ਗਿਆ ਹੈ। ਭਾਰਤੀ ਸੰਗੀਤ ਦਾ ਮੂਲ ਸੋਮਾ ਪ੍ਰਾਚੀਨ ਗ੍ਰੰਥ ‘ਸਾਮਵੇਦ’ ਨੂੰ ਮੰਨਿਆ ਜਾਂਦਾ ਹੈ, ਜਿਸ ਵਿਚ ਵੈਦਿਕ ਮੰਤਰਾਂ ਤੇ ਸ਼ਲੋਕਾਂ ਨੂੰ ਸੁਰਬੱਧ ਕਰ ਕੇ ਗਾਉਣ ਦਾ ਵਿਧਾਨ ਦਰਜ ਹੈ। ਹਿੰਦੂ ਧਾਰਮਿਕ ਮਾਨਤਾਵਾਂ ਅਨੁਸਾਰ ਗਿਆਨ, ਕਲਾ ਤੇ ਸੰਗੀਤ ਦੀ ਦੇਵੀ ਮਾਤਾ ਸਰਸਵਤੀ ਨੂੰ ਵੀਣਾ ਧਾਰਨ ਕੀਤੇ ਹੋਏ ਦਰਸਾਇਆ ਜਾਂਦਾ ਹੈ। ਇਹ ਇਸ ਗੱਲ ਦਾ ਪ੍ਰਤੀਕ ਹੈ ਕਿ ਗਿਆਨ ਤੇ ਸੰਗੀਤ ਦਾ ਰਿਸ਼ਤਾ ਅਟੁੱਟ ਹੈ। ਭਾਰਤੀ ਸੰਗੀਤ ਦੀ ਨੀਂਹ ਸੱਤ ਸੁਰਾਂ ‘ਸਾ, ਰੇ, ਗਾ, ਮਾ, ਪਾ, ਧਾ ਅਤੇ ਨੀ’ ਉੱਤੇ ਟਿਕੀ ਹੋਈ ਹੈ। ਇਨ੍ਹਾਂ ਸੱਤ ਸੁਰਾਂ ਦੇ ਅਨੇਕਾਂ ਸੰਯੋਗਾਂ ਤੋਂ ਰਾਗਾਂ ਦੀ ਰਚਨਾ ਹੁੰਦੀ ਹੈ, ਜੋ ਮਨੁੱਖੀ ਭਾਵਨਾਵਾਂ ਦੇ ਵੱਖ-ਵੱਖ ਰੰਗਾਂ ਨੂੰ ਪ੍ਰਗਟ ਕਰਦੇ ਹਨ। ਭਾਰਤੀ ਸ਼ਾਸਤਰੀ ਸੰਗੀਤ ਰਾਗਾਂ ਤੇ ਤਾਲਾਂ ਦੀ ਅਜਿਹੀ ਹਜ਼ਾਰਾਂ ਸਾਲ ਪੁਰਾਣੀ ਵਿਰਾਸਤ ਹੈ, ਜਿਸ ਨੇ ਵਿਸ਼ਵ ਨੂੰ ਪ੍ਰਭਾਵਿਤ ਕੀਤਾ ਹੈ। ਅਕਬਰ ਦੇ ਨੌਂ ਰਤਨਾਂ ਵਿੱਚ ਸ਼ੁਮਾਰ ਮਹਾਨ ਗਾਇਕ ਤਾਨਸੇਨ ਇਸੇ ਪਰੰਪਰਾ ਦਾ ਸੁਨਹਿਰੀ ਹਸਤਾਖ਼ਰ ਹਨ। ਉਨ੍ਹਾਂ ਦੇ ਗਾਏ ‘ਰਾਗ ਦੀਪਕ’ ਨਾਲ ਦੀਵੇ ਜਗਣ ਅਤੇ ‘ਮੇਘ ਮਲਹਾਰ’ ਨਾਲ ਮੀਂਹ ਪੈਣ ਦੀਆਂ ਪ੍ਰਤੀਕਾਤਮਕ ਕਥਾਵਾਂ ਉਨ੍ਹਾਂ ਦੀ ਅਦਭੁੱਤ ਸੰਗੀਤਕ ਪ੍ਰਤਿਭਾ ਦੀ ਗਵਾਹੀ ਭਰਦੀਆਂ ਹਨ। ਇਸ ਤੋਂ ਇਲਾਵਾ ਮਹਾਨ ਸ਼ਾਸਤਰੀ ਗਾਇਕ ਪੰਡਿਤ ਵਿਸ਼ਨੂ ਦਿਗੰਬਰ ਪਾਲੁਸਕਰ, ਉੱਘੇ ਸੰਗੀਤ-ਸ਼ਾਸਤਰੀ ਪੰਡਿਤ ਵਿਸ਼ਨੂ ਨਾਰਾਇਣ ਭਾਤਖੰਡੇ, ਪ੍ਰਸਿੱਧ ਖਿਆਲ ਗਾਇਕ ਪੰਡਿਤ ਭੀਮਸੇਨ ਜੋਸ਼ੀ, ਵਿਸ਼ਵ ਪ੍ਰਸਿੱਧ ਸ਼ਹਿਨਾਈ ਵਾਦਕ ਉਸਤਾਦ ਬਿਸਮਿਲ੍ਹਾ ਖ਼ਾਨ, ਮਹਾਨ ਸਿਤਾਰ ਵਾਦਕ ਪੰਡਿਤ ਰਵੀ ਸ਼ੰਕਰ, ਪ੍ਰਸਿੱਧ ਸਰੋਦ ਵਾਦਕ ਉਸਤਾਦ ਅਮਜਦ ਅਲੀ ਖ਼ਾਨ ਤੇ ਮਸ਼ਹੂਰ ਤਬਲਾ ਵਾਦਕ ਉਸਤਾਦ ਜ਼ਾਕਿਰ ਹੁਸੈਨ ਵਰਗੇ ਮਹਾਨ ਕਲਾਕਾਰਾਂ ਨੇ ਭਾਰਤੀ ਸੰਗੀਤ ਨੂੰ ਵਿਸ਼ਵ ਪੱਧਰ ’ਤੇ ਵਿਸ਼ੇਸ਼ ਮਾਣ ਦਿਵਾਇਆ ਹੈ।
ਪਰਮਾਤਮਾ ਨਾਲ ਜੁੜਨ ਦਾ ਅਨੁਭਵ
ਪੰਜਾਬ ਦੀ ਅਧਿਆਤਮਿਕ ਤੇ ਸੰਗੀਤਕ ਵਿਰਾਸਤ ਦੀ ਗੱਲ ਗੁਰਬਾਣੀ ਕੀਰਤਨ ਤੋਂ ਬਿਨਾਂ ਅਧੂਰੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਸੰਸਾਰ ਦਾ ਅਜਿਹਾ ਵਿਲੱਖਣ ਧਾਰਮਿਕ ਗ੍ਰੰਥ ਹੈ, ਜਿਸ ਦੀ ਬਾਣੀ 31 ਮੁੱਖ ਰਾਗਾਂ ਵਿਚ ਸੰਕਲਿਤ ਕੀਤੀ ਗਈ ਹੈ। ਹਰ ਰਾਗ ਦਾ ਆਪਣਾ ਸੁਭਾਅ, ਭਾਵ ਤੇ ਗਾਇਨ ਦਾ ਨਿਰਧਾਰਤ ਸਮਾਂ ਹੈ। ਭਾਰਤੀ ਸੰਗੀਤ ਪਰੰਪਰਾ ਅਨੁਸਾਰ ਕੁਝ ਰਾਗ ਸਵੇਰ ਦੀ ਸ਼ਾਂਤੀ, ਕੁਝ ਦੁਪਹਿਰ ਦੀ ਉਰਜਾ ਅਤੇ ਕੁਝ ਸ਼ਾਮ ਜਾਂ ਰਾਤ ਦੀ ਗੰਭੀਰਤਾ ਨੂੰ ਪ੍ਰਗਟ ਕਰਦੇ ਹਨ। ਸਾਡੇ ਸੂਫ਼ੀ ਕਾਵਿ ਤੇ ਗੁਰਮਤਿ ਫ਼ਲਸਫ਼ੇ ਵਿਚ ‘ਅਨਹਦ ਨਾਦ’ ਦਾ ਜ਼ਿਕਰ ਆਉਂਦਾ ਹੈ, ਜੋ ਦਰਸਾਉਂਦਾ ਹੈ ਕਿ ਜਦੋਂ ਮਨੁੱਖੀ ਰੂਹ ਪਰਮਾਤਮਾ ਨਾਲ ਜੁੜਦੀ ਹੈ ਤਾਂ ਅੰਦਰ ਅਲੌਕਿਕ ਸੰਗੀਤ ਪੈਦਾ ਹੁੰਦਾ ਹੈ। ਗੁਰੂ ਸਾਹਿਬਾਨ ਨੇ ਬਾਣੀ ਦੇ ਆਤਮਿਕ ਸੰਦੇਸ਼ ਅਤੇ ਮਨੁੱਖੀ ਮਨ ਦੀ ਅਵਸਥਾ ਨੂੰ ਧਿਆਨ ਵਿੱਚ ਰੱਖਦਿਆਂ ਇਨ੍ਹਾਂ ਰਾਗਾਂ ਦੀ
ਚੋਣ ਕੀਤੀ। ਇਹੀ ਕਾਰਨ ਹੈ ਕਿ ਗੁਰਬਾਣੀ ਕੀਰਤਨ ਸਦੀਆਂ ਤੋਂ ਕਰੋੜਾਂ ਲੋਕਾਂ ਦੇ ਮਨਾਂ ਨੂੰ ਸ਼ਾਂਤੀ, ਸਹਿਜ ਅਤੇ ਪਰਮਾਤਮਾ ਨਾਲ ਜੁੜਨ ਦਾ ਅਨੁਭਵ ਕਰਵਾਉਂਦਾ ਆ ਰਿਹਾ ਹੈ।
ਸੰਗੀਤ ਥੈਰੇਪੀ
ਸੰਗੀਤ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਹ ਭਾਸ਼ਾ, ਧਰਮ, ਜਾਤ, ਰੰਗ ਤੇ ਸਰਹੱਦਾਂ ਦੀਆਂ ਹੱਦਾਂ ਤੋਂ ਪਰ੍ਹੇ ਜਾ ਕੇ ਹਰ ਮਨੁੱਖ ਦੇ ਦਿਲ ਨੂੰ ਛੂਹਣ ਦੀ ਸਮਰੱਥਾ ਰੱਖਦਾ ਹੈ। ਇਕ ਮਧੁਰ ਧੁਨ ਸੁਣ ਕੇ ਚਿਹਰੇ ’ਤੇ ਮੁਸਕਾਨ ਆ ਜਾਂਦੀ ਹੈ ਤੇ ਤਣਾਅ ਭਰੇ ਜੀਵਨ ਵਿਚ ਸ਼ਾਂਤੀ ਮਹਿਸੂਸ ਹੁੰਦੀ ਹੈ। ਵਿਗਿਆਨਕ ਖੋਜਾਂ ਨੇ ਵੀ ਸਾਬਿਤ ਕੀਤਾ ਹੈ ਕਿ ਸੰਗੀਤ ਦਿਮਾਗ਼ ਵਿਚ ਡੋਪਾਮਾਈਨ ਦੇ ਪੱਧਰ ਨੂੰ ਵਧਾਉਂਦਾ ਹੈ, ਜੋ ਮਾਨਸਿਕ ਸ਼ਾਂਤੀ ਅਤੇ ਸੰਤੁਲਨ ਨੂੰ ਬਣਾਈ ਰੱਖਣ ਵਿਚ ਮਦਦ ਕਰਦਾ ਹੈ। ਇਸੇ ਕਾਰਨ ਅੱਜ ‘ਸੰਗੀਤ ਥੈਰੇਪੀ’ ਨੂੰ ਮਾਨਸਿਕ ਤੇ ਸਰੀਰਕ ਸਿਹਤ ਦੇ ਖੇਤਰ ਵਿੱਚ ਸਹਾਇਕ ਇਲਾਜ ਵਜੋਂ ਅਪਣਾਇਆ ਜਾ ਰਿਹਾ ਹੈ। ਪੰਜਾਬ ਦੀ ਲੋਕ-ਸੰਗੀਤ ਪਰੰਪਰਾ ਵੀ ਵਿਸ਼ਵ ਸੱਭਿਆਚਾਰ ਦੀ ਅਨਮੋਲ ਵਿਰਾਸਤ ਹੈ। ਟੱਪੇ, ਮਾਹੀਏ, ਬੋਲੀਆਂ, ਢਾਡੀ ਵਾਰਾਂ, ਕਾਫ਼ੀਆਂ ਅਤੇ ਲੋਕ ਗੀਤ ਸਿਰਫ਼ ਮਨੋਰੰਜਨ ਹੀ ਨਹੀਂ ਸਗੋਂ ਪੰਜਾਬ ਦੇ ਇਤਿਹਾਸ, ਸੰਘਰਸ਼ਾਂ, ਪ੍ਰੇਮ ਅਤੇ ਲੋਕ-ਜੀਵਨ ਦੀ ਜਿਉਂਦੀ ਜਾਗਦੀ ਉਦਾਹਰਨ ਹਨ। ਉਪ-ਮਹਾਦੀਪ ਦੇ ਮਹਾਨ ਗਾਇਕਾਂ ਵਿਚ ਉਸਤਾਦ ਨੁਸਰਤ ਫਤਿਹ ਅਲੀ ਖ਼ਾਨ ਦਾ ਨਾਂ ਵਿਸ਼ੇਸ਼ ਸਨਮਾਨ ਨਾਲ ਲਿਆ ਜਾਂਦਾ ਹੈ, ਜਿਨ੍ਹਾਂ ਨੇ ਕਵਾਲੀ ਨੂੰ ਅੰਤਰਰਾਸ਼ਟਰੀ ਪਛਾਣ ਦਿਵਾਈ। ਗ਼ਜ਼ਲ ਗਾਇਕੀ ਦੇ ਬਾਦਸ਼ਾਹ ਗ਼ੁਲਾਮ ਅਲੀ ਅਤੇ ਜਗਜੀਤ ਸਿੰਘ, ਫਿਲਮੀ ਸੰਗੀਤ ਦੇ ਥੰਮ੍ਹ- ਮੁਹੰਮਦ ਰਫ਼ੀ, ਮਹਿੰਦਰ ਕਪੂਰ, ਲਤਾ ਮੰਗੇਸ਼ਕਰ, ਕਿਸ਼ੋਰ ਕੁਮਾਰ ਤੇ ਪੰਜਾਬੀ ਲੋਕ-ਸੰਗੀਤ ਦੀਆਂ ਮਹਾਨ ਹਸਤੀਆਂ ਬਰਕਤ ਸਿੱਧੂ, ਨੂਰਜਹਾਂ,
ਬੀਬੀ ਨੂਰਾਂ, ਵਡਾਲੀ ਭਰਾ, ਪੂਰਨ ਸ਼ਾਹਕੋਟੀ, ਆਸ਼ਾ ਸਿੰਘ ਮਸਤਾਨਾ ਤੇ ਪੰਜਾਬ ਦੀ ਕੋਇਲ ਸੁਰਿੰਦਰ ਕੌਰ ਆਦਿ ਨੇ ਆਪਣੀ ਕਲਾ ਨਾਲ ਸੰਗੀਤ ਦੇ ਖ਼ਜ਼ਾਨੇ ਨੂੰ ਅਮੀਰ ਬਣਾਇਆ।
ਗੰਭੀਰ ਚਿੰਤਾ ਦਾ ਵਿਸ਼ਾ
ਅੱਜ ਦੇ ਸਮੇਂ ਵਿਚ ਗੰਭੀਰ ਚਿੰਤਾ ਦਾ ਵਿਸ਼ਾ ਇਹ ਵੀ ਹੈ ਕਿ ਕਿਤੇ ਸੰਗੀਤ ਆਪਣੀ ਮੂਲ ਭਾਵਨਾ ਤੋਂ ਦੂਰ ਹੋ ਕੇ ਸ਼ੋਰ ਵਿਚ ਤਾਂ ਨਹੀਂ ਬਦਲ ਰਿਹਾ। ਅੱਜ ਜਦੋਂ ਪੰਜਾਬੀ ਸੰਗੀਤ ਵਿਸ਼ਵ ਪੱਧਰ ’ਤੇ ‘ਬਿਲਬੋਰਡ’ ਤੱਕ ਪਹੁੰਚ ਕੇ ਪੂਰੀ ਦੁਨੀਆ ਵਿੱਚ ਆਪਣੀ ਪਛਾਣ ਬਣਾ ਰਿਹਾ ਹੈ, ਤਾਂ ਸਾਡੇ ਗੀਤਕਾਰਾਂ, ਸੰਗੀਤਕਾਰਾਂ ਤੇ ਗਾਇਕਾਂ ਦੀ ਜ਼ਿੰਮੇਵਾਰੀ ਹੋਰ ਵੀ ਵੱਧ ਗਈ ਹੈ। ਉੱਚੀ ਆਵਾਜ਼, ਅਰਥਹੀਣ ਸ਼ਬਦਾਵਲੀ ਅਤੇ ਕੰਨਾਂ ਨੂੰ ਚੁੱਭਣ ਵਾਲੀਆਂ ਧੁਨਾਂ ਨੂੰ ਸੰਗੀਤ ਦਾ ਨਾਂ ਨਹੀਂ ਦਿੱਤਾ ਜਾ ਸਕਦਾ।
ਇਹ ਦਿਨ ਸਾਨੂੰ ਚੇਤੇ ਕਰਵਾਉਂਦਾ ਹੈ ਕਿ ਸੰਗੀਤ ਹੀ ਉਹ ਅਦਿੱਖ ਧਾਗਾ ਹੈ, ਜੋ ਬਿਖ਼ਰ ਰਹੀ ਮਨੁੱਖਤਾ ਨੂੰ ਮੁੜ ਇਕ ਮਾਲਾ ਵਿਚ ਪਰੋ ਸਕਦਾ ਹੈ। ਅੱਜ ਸਭ ਤੋਂ ਵੱਡੀ ਲੋੜ ਆਪਣੀ ਸ਼ਾਸਤਰੀ, ਲੋਕ ਤੇ ਅਧਿਆਤਮਿਕ ਸੰਗੀਤ ਦੀ ਅਨਮੋਲ ਵਿਰਾਸਤ ਸੁਰਜੀਤ
ਰੱਖਣਾ ਹੈ। ਸਾਨੂੰ ਆਪਣੇ ਬੱਚਿਆਂ ਦੀਆਂ ਰੂਹਾਂ ਵਿਚ ਇਨ੍ਹਾਂ ਪਾਕੀਜ਼ਾ ਸੁਰਾਂ ਦੀ ਮਿਠਾਸ ਘੋਲਣੀ ਪਵੇਗੀ, ਤਾਂ ਜੋ ਸੰਗੀਤ ਮਹਿਜ਼ ਕੰਨ ਪਾੜਵਾਂ ਸ਼ੋਰ ਬਣ ਕੇ ਨਾ ਰਹਿ ਜਾਵੇ ਸਗੋਂ ਜ਼ਿੰਦਗੀ ਨੂੰ ਸਕੂਨ ਬਖ਼ਸ਼ਦੀ ਮਨੁੱਖਤਾ ਦੀ ਸਾਂਝੀ ਧੜਕਣ ਬਣਿਆ ਰਹੇ। •