- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫਿਲਮ 'ਨਾਨਕ ਨਾਮ ਜਹਾਜ਼ ਹੈ' ਫਿਲਮੀ ਇਤਿਹਾਸ ਦਾ ਸਦੀਵੀ ਪੰਨਾ ਬਣ ਗਈ। ਇਹ ਫਿਲਮ ਲਗਪਗ ਹਰ ਪੰਜਾਬੀ ਨੇ ਵੇਖੀ।

ਤਰਸੇਮ ਲਾਲ ਸ਼ੇਰਾ - ਮਕਬੂਲੀਅਤ ਦੀਆਂ ਹੱਦਾਂ ਪਾਰ ਕਰਨ ਵਾਲੀ ਪੰਜਾਬੀ ਧਾਰਮਿਕ ਫਿਲਮ 'ਨਾਨਕ ਨਾਮ ਜਹਾਜ਼ ਹੈ' ਜਦੋਂ ਬਣ ਰਹੀ ਸੀ ਤਾਂ ਉਸ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ 500 ਸਾਲਾ ਗੁਰਪੁਰਬ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਸੀ। ਹੁਣ ਦੇਸ਼-ਵਿਦੇਸ਼ ਦੀਆਂ ਸੰਗਤਾਂ 550 ਸਾਲਾ ਗੁਰਪੁਰਬ ਮਨਾ ਰਹੀਆਂ ਹਨ। ਇਸ ਲਈ ਸਮੇਂ ਦੇ ਨਾਲ ਇਸ ਫਿਲਮ ਦਾ ਜ਼ਿਕਰ ਕਰਨਾ ਵੀ ਜ਼ਰੂਰੀ ਹੋ ਜਾਂਦਾ ਹੈ।
ਇਹ ਪੰਜਾਬੀ ਧਾਰਮਿਕ ਫਿਲਮ ਜਦੋਂ ਲੁਧਿਆਣੇ ਦੇ ਦੀਪਕ ਸਿਨੇਮੇ 'ਚ ਲੱਗੀ ਤਾਂ ਸਿਨੇਮੇ 'ਚ ਦਰਸ਼ਕਾਂ ਦਾ ਹੜ੍ਹ ਆ ਗਿਆ ਸੀ। ਇਸ ਦੇ ਰੋਜ਼ਾਨਾ ਪੰਜ-ਸ਼ੋਅ ਫੁੱਲ ਜਾਣ ਲੱਗੇ। ਪੰਜਾਬ ਸਰਕਾਰ ਨੇ ਫਿਲਮ ਦਾ ਪੂਰਾ ਟੈਕਸ ਮਾਫ਼ ਕਰ ਦਿੱਤਾ ਸੀ। ਇਸ ਦਾ ਜਾਦੂ ਇਸ ਕਦਰ ਚੱਲਿਆ ਕਿ ਧਾਰਮਿਕ ਬਿਰਤੀ ਵਾਲੇ ਜੁੱਤੀਆਂ ਉਤਾਰ ਕੇ ਨੰਗੇ ਪੈਰੀ ਹਾਲ 'ਚ ਜਾਣ ਲੱਗ ਪਏ ਸਨ। ਧਾਰਮਿਕ ਰੁਚੀ ਵਾਲੀਆਂ ਬੀਬੀਆਂ ਸਿਰ ਢਕ ਕੇ ਇਹ ਫਿਲਮ ਵੇਖਦੀਆਂ ਸਨ। ਹਰ ਸ਼ੋਅ ਦੌਰਾਨ ਹਾਲ 'ਚ ਪੈਰ ਧਰਨ ਨੂੰ ਜਗ੍ਹਾ ਨਹੀ ਸੀ ਹੁੰਦੀ। ਇਹ ਲੁਧਿਆਣੇ ਦੇ ਦੀਪਕ ਸਿਨੇਮੇ 'ਚ ਪੂਰੇ 52 ਹਫ਼ਤੇ ਰੋਜ਼ਾਨਾ 5 ਸ਼ੋਅ ਨਾਲ ਚੱਲੀ।
ਉਸ ਸਮੇਂ ਸੁਪਰਸਟਾਰ ਰਾਜੇਸ਼ ਖੰਨਾ ਦੀ ਫਿਲਮ 'ਦੋ ਰਾਸਤੇ' ਦੀਪਕ ਸਿਨੇਮੇ ਤੋਂ ਕੁਝ ਕਦਮਾਂ ਦੀ ਦੂਰੀ 'ਤੇ ਸੁਸਾਇਟੀ ਸਿਨੇਮੇ 'ਚ ਲੱਗੀ ਹੋਈ ਸੀ ਪਰ ਉਸ ਦੇ ਸ਼ੋਅ ਖ਼ਾਲੀ ਜਾਣ ਲੱਗ ਪਏ ਸਨ ਕਿਉਂਕਿ ਦਰਸ਼ਕਾਂ ਦਾ ਜ਼ਿਆਦਾ ਉਤਸ਼ਾਹ 'ਨਾਨਕ ਨਾਮ ਜਹਾਜ਼ ਹੈ' ਫਿਲਮ ਵੱਲ ਸੀ। ਇਸ ਤਰ੍ਹਾਂ ਇਹ ਫਿਲਮ, ਸੁਪਰਸਟਾਰ ਰਾਜੇਸ਼ ਖੰਨਾ ਦੀ ਫਿਲਮ ਨੂੰ ਵੀ ਮਾਤ ਦੇ ਗਈ।
ਫਿਲਮ 'ਚ ਇਸ ਤਰ੍ਹਾਂ ਦਾ ਕੀ ਸੀ? ਜੋ ਲੋਕਾਂ ਨੇ ਸਿਨੇਮਾ ਵੱਲ ਵਹੀਰਾਂ ਘੱਤ ਲਈਆਂ। ਇਹ ਦੋ ਪੱਗ-ਵਟ ਭਰਾਵਾਂ ਦੀ ਕਲਪਨਿਕ ਕਹਾਣੀ ਸੀ, ਜਿਸ ਨੂੰ ਅੰਮ੍ਰਿਤਸਰ ਦੇ ਪ੍ਰਸਿੱਧ ਲੇਖਕ ਬੇਕਲ ਅੰਮ੍ਰਿਤਸਰੀ ਨੇ ਲਿਖਿਆ ਸੀ। ਇਸ ਦੇ ਨਿਰਮਾਤਾ ਪੰਨਾ ਲਾਲ ਮਹੇਸ਼ਵਰੀ ਤੇ ਨਿਰਦੇਸ਼ਕ ਰਾਮ ਮਹੇਸ਼ਵਰੀ ਸਨ। ਭਾਵੇਂ ਇਸ ਦੇ ਨਿਰਦੇਸ਼ਕ ਰਾਮ ਮਹੇਸ਼ਵਰੀ ਸਨ ਪਰ ਇਸ ਦੀ ਸਫਲਤਾ ਪਿੱਛੇ ਬੇਕਲ ਅੰਮ੍ਰਿਤਸਰੀ ਦਾ ਵੱਡਾ ਹੱਥ ਸੀ। ਸਹਿ ਨਿਰਦੇਸ਼ਕ ਦੀ ਜ਼ਿੰਮੇਵਾਰੀ ਵੀ ਬੇਕਲ ਨੇ ਹੀ ਨਿਭਾਈ ਸੀ। ਇਸ ਫਿਲਮ 'ਚ ਪ੍ਰਿਥਵੀਰਾਜ ਕਪੂਰ, ਸੋਮ ਦੱਤ, ਵਿਮੀ, ਨਿਸ਼ੀ, ਸੁਰੇਸ਼ ਤੇ ਆਈਐੱਸ ਜੌਹਰ ਦੀ ਦਮਦਾਰ ਅਦਾਕਾਰੀ ਵੇਖਣ ਵਾਲੀ ਸੀ। ਸਿੱਖੀ-ਸਿਦਕ ਵਾਲੇ ਗੁਰਮੁਖ ਸਿੱਖ ਦੇ ਕਿਰਦਾਰ 'ਚ ਪ੍ਰਿਥਵੀਰਾਜ ਕਪੂਰ ਨੇ ਰੂਹ ਫੂਕਣ ਵਾਲੀ ਅਦਾਕਾਰੀ ਕੀਤੀ ਸੀ।
ਫਿਲਮ 'ਚ ਜਦੋਂ 'ਸੱਚੇ ਪਾਤਸ਼ਾਹ ਮੇਰਾ ਭਰਾ ਜਿੱਤ ਜਾਵੇ, ਮੈਂ ਹਾਰ ਜਾਵਾਂ। ਮੈਂ ਹਾਰ ਜਾਵਾਂ ਸੱਚਿਆ ਪਾਤਸ਼ਾਹ, ਮੈਂ ਹਾਰ ਜਾਵਾਂ।' ਜਦੋਂ ਗੁਰੂ ਨਾਨਕ ਦੇਵ ਜੀ ਦੀ ਫੋਟੋ ਅੱਗੇ, ਖੜ੍ਹ ਕੇ ਇਹ ਸੰਵਾਦ ਪ੍ਰਿਥਵੀਰਾਜ ਕਪੂਰ ਵੱਲੋਂ ਬੋਲਿਆ ਗਿਆ ਤਾਂ ਇਸ ਨੂੰ ਵੇਖ ਦਰਸ਼ਕਾਂ ਦੀਆਂ ਅੱਖਾਂ ਨਮ ਹੋ ਜਾਂਦੀਆਂ ਸਨ। ਫਿਲਮ 'ਚ ਆਪਣੇ ਭਰਾ ਦੇ ਵਿਆਹ ਦੇ ਮੌਕੇ 'ਬੁੱਲ੍ਹ ਤੇਰੇ ਨੇ ਚੰਡੀਗੜ੍ਹ ਦੇ ਤੇ ਸੁਰਖੀ ਲਾਵੇਂ ਅੰਬਾਲੇ ਦੀ, ਨਖਰਾ ਤੇਰਾ ਅੰਮ੍ਰਿਤਸਰ ਦਾ ਤੇ ਬੋਲੀ ਤੇਰੀ ਪਟਿਆਲੇ ਦੀ।' ਇਸ ਬੋਲੀ 'ਤੇ ਭੰਗੜਾ ਪਾ ਕੇ ਪ੍ਰਿਥਵੀਰਾਜ ਨੇ ਵੱਡੇ-ਵੱਡੇ ਭੰਗੜਾ ਮਾਸਟਰਾਂ ਨੂੰ ਹੈਰਾਨ ਕਰ ਦਿੱਤਾ ਸੀ।
ਫਿਲਮ ਦੇ ਹੀਰੋ ਸੋਮ ਦੱਤ (ਗੁਰਮੀਤ) ਅਤੇ ਹੀਰੋਇਨ ਵਿਮੀ (ਚੰਨੀ) ਨੇ ਖ਼ੂਬਸੂਰਤ ਅਦਾਕਾਰੀ ਨਾਲ ਸਭ ਨੂੰ ਕੀਲ੍ਹ ਲਿਆ ਸੀ। ਪਹਿਲਾਂ ਸੁਜਾਖੇ ਅਤੇ ਫਿਰ ਨੇਤਰਹੀਣ ਦੀ ਭੂਮਿਕਾ 'ਚ ਹੀਰੋ ਨੇ ਕਮਾਲ ਕਰ ਦਿੱਤੀ। ਇਸ ਤਰ੍ਹਾਂ ਹੀਰੋਇਨ ਨੇ ਵੀ ਗੁਰੂ ਮਹਾਰਾਜ ਜੀ 'ਤੇ ਭਰੋਸਾ ਤੇ ਸਿੱਖੀ-ਸਿਦਕ ਨਾ ਹਾਰਨ ਵਾਲੀ ਬੀਬੀ ਦੀ ਦਮਦਾਰ ਐਕਟਿੰਗ ਕੀਤੀ। ਗੁਰਮੁਖ ਸਿੰਘ ਦੇ ਪੱਗ ਵਟ ਭਰਾ ਪ੍ਰੇਮ ਸਿੰਘ ਦਾ ਰੋਲ ਅਦਾਕਾਰ ਸੁਰੇਸ਼ ਨੇ ਨਿਭਾਇਆ। ਪ੍ਰਿਥਵੀ ਰਾਜ ਕਪੂਰ ਦੇ ਸਾਹਮਣੇ ਸੁਰੇਸ਼ ਨੇ ਬਰਾਬਰੀ ਵਾਲੀ ਅਦਾਕਾਰੀ ਕੀਤੀ। ਇਹ ਫਿਲਮ ਨਿਸ਼ੀ ਦੀ ਅਦਾਕਾਰੀ ਦੀ ਆਖ਼ਰੀ ਫਿਲਮ ਸੀ। ਇਸ 'ਚ ਉਸ ਨੇ ਰਤਨ ਕੌਰ (ਰਤਨੀ) ਦੀ ਭੂਮਿਕਾ ਨਿਭਾਈ ਸੀ। ਹੀਰੋ ਦੀ ਚਾਚੀ ਦੇ ਰੋਲ 'ਚ ਉਸ ਦੀ ਅਦਾਕਾਰੀ ਸ਼ਿਖ਼ਰਾਂ 'ਤੇ ਸੀ। ਭੰਗੜੇ ਦਾ ਗੀਤ, 'ਹਾੜ੍ਹਾ ਨੀ ਹਾੜਾ, ਹਨ੍ਹੇਰ ਪੈ ਗਿਆ' ਤੇ ਨਿਸ਼ੀ ਨੇ ਭੰਗੜਾ ਪਾ ਕੇ ਬੜੀ ਵਾਹ-ਵਾਹ ਲੁੱਟੀ ਸੀ। ਇਸ ਗਾਣੇ 'ਚ ਚੜ੍ਹਦੀ-ਜਵਾਨੀ ਦੀ ਚੀਸ ਦਾ ਇਜ਼ਹਾਰ ਸੀ। ਸ਼ਮਸ਼ਾਦ ਬੇਗ਼ਮ ਦੀ ਆਵਾਜ਼ ਤੇ ਨਿਸ਼ੀ ਦੀਆਂ ਅਦਾਵਾਂ ਦਾ ਅਨੋਖਾ ਸੰਗਮ ਸੀ। ਉਸ ਦੀ ਆਵਾਜ਼ 'ਚ ਬੜੀ ਕਸ਼ਿਸ਼ ਸੀ। ਜਦੋਂ ਠੇਠ ਪੰਜਾਬੀ ਵਿਚ ਕਹਿੰਦੀ, 'ਉਏ ਸੁੱਖਿਆ, ਪਾਸਾ ਪੁੱਠਾ ਪੈ ਗਿਆ ਈ।' ਕਿਸੇ ਦਾ ਵਸਦਾ ਘਰ ਉਜਾੜਨ ਵਾਲੇ, ਚੁਗਲਖ਼ੋਰ ਸੁੱਖੇ ਦੀ ਭੂਮਿਕਾ 'ਚ ਦਮ ਪਾਉਣ ਵਾਲੇ ਦਾ ਨਾਂ ਆਈਐੱਸ ਜੌਹਰ ਸੀ। ਹੱਥ 'ਚ ਸ਼ੀਸ਼ਾ ਫੜੀ, ਪੱਗ ਦਾ ਵੱਟ ਵਾਰ-ਵਾਰ ਵੇਖਣ ਦਾ ਖ਼ੂਬਸੂਰਤ ਸਟਾਈਲ ਸੀ ਉਸ ਦਾ। ਇਸ ਫਿਲਮ 'ਚ ਆਈਐੱਸ ਜੌਹਰ ਦਾ ਨਕਾਰਾਤਮਕ ਰੋਲ ਸੀ। ਸਾਰੀ ਫਿਲਮ 'ਚ ਉਹ 'ਪਾਸੇ ਪੁੱਠੇ ਹੀ ਪਾਉਂਦਾ ਰਹਿੰਦਾ ਹੈ।' ਫਿਲਮ ਦੇ ਅਖ਼ੀਰ 'ਚ ਸੁੱਖੇ ਨੂੰ ਆਪਣੀਆਂ ਕਰਤੂਤਾਂ ਦੀ ਸਜ਼ਾ ਵੀ ਮਿਲ ਜਾਂਦੀ ਹੈ।
ਫਿਲਮ ਇੰਡਸਟਰੀਜ਼ 'ਚ ਸੰਗੀਤਕਾਰ ਐੱਸ ਮਹਿੰਦਰ ਨੂੰ ਇਮਾਨਦਾਰ ਤੇ ਸ਼ਰੀਫ਼ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਫਿਲਮ ਪੂਰੀ ਤਰ੍ਹਾਂ ਧਾਰਮਿਕ ਸੀ। ਇਸ ਦੇ ਸੰਗੀਤ 'ਚ ਐੱਸ ਮਹਿੰਦਰ ਨੇ ਕੋਈ ਵੀ ਕਮੀ ਨਹੀਂ ਛੱਡੀ। ਇਸ ਦੇ ਗੀਤ ਤੇ ਸ਼ਬਦ ਬੜੇ ਮਕਬੂਲ ਹੋਏ। ਅੱਜ ਵੀ ਜਦ ਕੋਈ ਇਸ ਦਾ ਸ਼ਬਦ 'ਮਿੱਤਰ ਪਿਆਰੇ ਨੂੰ', 'ਬਿਸਰ ਗਈ ਸਭ ਤਾਤ ਪਰਾਈ' ਤੇ 'ਗੁਰਾਂ ਇਕ ਦੇਹਿ ਬੁਝਾਈ' ਸੁਣਦਾ ਹੈ ਤਾਂ ਵਜਦ ਵਿਚ ਆ ਜਾਂਦਾ ਹੈ। ਗਾਇਕਾਂ ਵਿਚੋਂ ਭਾਈ ਸੁਮੰਦ ਸਿੰਘ, ਮੁਹੰਮਦ ਰਫ਼ੀ, ਮਹਿੰਦਰ ਕਪੂਰ, ਮੰਨਾ-ਡੇ, ਆਸ਼ਾ ਭੋਂਸਲੇ ਤੇ ਸ਼ਮਸ਼ਾਦ ਬੇਗ਼ਮ ਨੇ ਮੌਸਿਕੀ ਦੀ ਇੰਤਹਾਂ ਕਰ ਦਿੱਤੀ।
ਇਸ ਦੇ ਟਾਈਟਲ 'ਚ ਨਗਰ ਕੀਰਤਨ ਦੇ ਨਾਲ-ਨਾਲ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ) ਦੇ ਤੋਸ਼ੇਖ਼ਾਨੇ 'ਚ ਪਏ ਗੁਰੂ ਸਹਿਬਾਨ ਦੇ ਸ਼ਸਤਰ ਤੇ ਹੋਰ ਅਨਮੋਲ ਵਸਤੂਆਂ ਦੇ ਦਰਸ਼ਨ ਵੀ ਕਰਵਾਏ ਗਏ ਸਨ। ਫਿਲਮ ਦੀ ਜ਼ਿਆਦਾ ਸ਼ੂਟਿੰਗ ਅੰਮ੍ਰਿਤਸਰ 'ਚ ਹੀ ਹੋਈ ਸੀ। ਹਾਲ ਬਾਜ਼ਾਰ, ਖ਼ਾਲਸਾ ਕਾਲਜ, ਸਿਵਲ ਹਸਪਤਾਲ ਆਦਿ ਥਾਵਾਂ ਦਰਸ਼ਕਾਂ ਨੇ ਫਿਲਮੀ ਪਰਦੇ 'ਤੇ ਵੇਖੇ। ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ 'ਚ ਇਸ ਦਾ ਕਲਾਈਮੈਕਸ ਉਲੀਕਿਆ ਗਿਆ। ਕਲਾਈਮੈਕਸ ਬੜਾ ਦਮਦਾਰ ਸੀ। ਫਿਲਮ ਦੇ ਅਖ਼ੀਰ 'ਚ ਹੀਰੋਇਨ (ਚੰਨੀ) ਆਪਣੇ ਨੇਤਰਹੀਣ ਪਤੀ (ਸੋਮ ਦੱਤ) ਲਈ ਨਿਮਾਣੀ ਬਣ ਕੇ ਦਰਬਾਰ ਸਾਹਿਬ 'ਚ ਨਤਮਸਤਕ ਹੁੰਦੀ ਹੈ। 'ਪ੍ਰਭੂ ਜੀ ਰਾਖੋ ਲਾਜ ਹਮਾਰੀ,' ਸ਼ਬਦ ਨਾਲ ਗੁਰੂ ਮਹਾਰਾਜ ਅੱਗੇ ਫ਼ਰਿਆਦ ਕਰਦੀ ਹੈ। ਸ੍ਰੀ ਹਰਮੰਦਿਰ ਸਾਹਿਬ 'ਚ ਜਗਦੀ ਇਲਾਹੀ ਜੋਤ ਵਿਚੋਂ ਲੱਟ-ਲੱਟ ਕਰਦੀ ਜੋਤ ਨਿਕਲਦੀ ਹੈ ਤੇ ਨੇਤਰਹੀਣ ਹੀਰੋ (ਗੁਰਮੀਤ) ਦੀਆਂ ਅੱਖਾਂ 'ਚ ਸਮਾ ਜਾਂਦੀ ਹੈ। ਹੀਰੋ (ਗੁਰਮੀਤ) ਨੌ-ਬਰ-ਨੌ ਹੋ ਜਾਂਦਾ ਹੈ। ਹਾਲ ਤਾੜੀਆਂ ਨਾਲ ਗੂੰਜ ਉੱਠਦਾ ਹੈ। ਇਸ ਫਿਲਮ ਨੇ ਦਰਸ਼ਕਾਂ ਦੀ ਆਸਥਾ 'ਚ ਬੜਾ ਵਾਧਾ ਕੀਤਾ। ਨਿਰਾਸ਼ਾਵਾਦੀ ਨੂੰ ਆਸ਼ਾਵਾਦੀ ਬਣਾਉਣ 'ਚ ਫਿਲਮ ਦੀ ਭੂਮਿਕਾ ਸਲਾਹੁਣਯੋਗ ਸੀ।
ਇਸ ਫਿਲਮ ਨੂੰ 'ਨੈਸ਼ਨਲ ਐਵਾਰਡ' ਮਿਲਾ। ਕੁਲ ਮਿਲਾ ਕੇ ਫਿਲਮ 'ਨਾਨਕ ਨਾਮ ਜਹਾਜ਼ ਹੈ' ਫਿਲਮੀ ਇਤਿਹਾਸ ਦਾ ਸਦੀਵੀ ਪੰਨਾ ਬਣ ਗਈ। ਇਹ ਫਿਲਮ ਲਗਪਗ ਹਰ ਪੰਜਾਬੀ ਨੇ ਵੇਖੀ। ਪੰਜਾਬ ਦੇ ਸਿਨੇਮਾ ਘਰਾਂ 'ਚ ਇਸ ਨੇ ਜੁਬਲੀ, ਸਿਲਵਰ ਜੁਬਲੀ ਤੇ ਗੋਲਡਨ ਜੁਬਲੀਆਂ ਮਨਾਈਆਂ। ਲੁਧਿਆਣੇ ਦੇ ਦੀਪਕ ਸਿਨੇਮੇ 'ਚ ਇਸ ਨੇ ਪੂਰੇ ਇਕ ਸਾਲ, (52 ਹਫ਼ਤੇ) ਮੱਲ ਮਾਰੀ ਰੱਖੀ। 50 ਸਾਲ ਬਾਅਦ ਵੀ ਇਸ ਦੀ ਛਾਪ ਕਾਇਮ ਹੈ। ਇਸ ਦਾ ਰਿਕਾਰਡ ਅੱਜ ਤਕ ਕੋਈ ਵੀ ਪੰਜਾਬੀ ਫਿਲਮ ਨਹੀਂ ਤੋੜ ਸਕੀ। ਇਸ ਦੀ ਸਫਲਤਾ ਨੂੰ ਵੇਖ ਕੇ ਕਾਫ਼ੀ ਧਾਰਮਿਕ ਫਿਲਮਾਂ ਬਣੀਆਂ ਪਰ ਜੋ ਪ੍ਰਸਿੱਧੀ ਇਸ ਫਿਲਮ ਨੂੰ ਹਾਸਲ ਹੋਈ, ਉਹ ਹੋਰ ਕਿਸੇ ਫਿਲਮ ਦੇ ਹਿੱਸੇ ਨਹੀਂ ਆਈ। ਇਸ ਵਿਚ ਸਾਰੇ ਅਦਾਕਾਰਾਂ ਨੇ ਦਿਲੋਂ ਤੇ ਹੱਦੋਂ ਵੱਧ ਮਿਹਨਤ ਕੀਤੀ ਸੀ।
97795-19840