ZEE5 ਤੋਂ ਕਿਉਂ ਹਟਾਈ ਦਿਲਜੀਤ ਦੁਸਾਂਝ ਦੀ ਫ਼ਿਲਮ 'ਸਤਲੁਜ'? ਕੇਂਦਰ ਸਰਕਾਰ ਨੇ ਦੱਸਿਆ ਕਾਰਨ ਓਟੀਟੀ (OTT) ਪਲੇਟਫਾਰਮ Zee5 ਤੋਂ ਅਦਾਕਾਰ ਦਿਲਜੀਤ ਦੁਸਾਂਝ ਦੀ ਫ਼ਿਲਮ 'ਸਤਲੁਜ' ਨੂੰ ਹਟਾਏ ਜਾਣ ਦਾ ਵਿਵਾਦ ਹੁਣ ਗਹਿਰਾਉਂਦਾ ਜਾ ਰਿਹਾ ਹੈ। ਇੱਕ ਪਾਸੇ ਸਿਆਸੀ ਪਾਰਟੀਆਂ ਨੇ ਇਸ ਨੂੰ ਲੈ ਕੇ ਸਿਆਸਤ ਸ਼ੁਰੂ ਕਰ ਦਿੱਤੀ ਹੈ, ਉੱਥੇ ਹੀ ਦੂਜੇ ਪਾਸੇ ਹੁਣ ਕਿਹਾ ਜਾ ਰਿਹਾ ਹੈ ਕਿ ਸਰਕਾਰ ਨੇ ਸੁਰੱਖਿਆ ਕਾਰਨਾਂ ਕਰਕੇ ਫ਼ਿਲਮ ਨੂੰ ਹਟਾਉਣ ਦਾ ਫ਼ੈਸਲਾ ਕੀਤਾ ਹੈ।
Publish Date: Tue, 07 Jul 2026 10:44 AM (IST)
Updated Date: Tue, 07 Jul 2026 10:46 AM (IST)
ਡਿਜੀਟਲ ਡੈਸਕ, ਨਵੀਂ ਦਿੱਲੀ। ਓਟੀਟੀ (OTT) ਪਲੇਟਫਾਰਮ Zee5 ਤੋਂ ਅਦਾਕਾਰ ਦਿਲਜੀਤ ਦੁਸਾਂਝ ਦੀ ਫ਼ਿਲਮ 'ਸਤਲੁਜ' ਨੂੰ ਹਟਾਏ ਜਾਣ ਦਾ ਵਿਵਾਦ ਹੁਣ ਗਹਿਰਾਉਂਦਾ ਜਾ ਰਿਹਾ ਹੈ। ਇੱਕ ਪਾਸੇ ਸਿਆਸੀ ਪਾਰਟੀਆਂ ਨੇ ਇਸ ਨੂੰ ਲੈ ਕੇ ਸਿਆਸਤ ਸ਼ੁਰੂ ਕਰ ਦਿੱਤੀ ਹੈ, ਉੱਥੇ ਹੀ ਦੂਜੇ ਪਾਸੇ ਹੁਣ ਕਿਹਾ ਜਾ ਰਿਹਾ ਹੈ ਕਿ ਸਰਕਾਰ ਨੇ ਸੁਰੱਖਿਆ ਕਾਰਨਾਂ ਕਰਕੇ ਫ਼ਿਲਮ ਨੂੰ ਹਟਾਉਣ ਦਾ ਫ਼ੈਸਲਾ ਕੀਤਾ ਹੈ।
ਨਿਊਜ਼ ਏਜੰਸੀ ਪੀ.ਟੀ.ਆਈ. (PTI) ਨੇ ਸਰਕਾਰ ਦੇ ਇੱਕ ਅਧਿਕਾਰੀ ਦੇ ਹਵਾਲੇ ਨਾਲ ਦਾਅਵਾ ਕੀਤਾ ਹੈ ਕਿ ਸੁਰੱਖਿਆ ਕਾਰਨਾਂ ਕਰਕੇ ਇਹ ਨਿਰਦੇਸ਼ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਓਟੀਟੀ ਪਲੇਟਫਾਰਮ ਨੂੰ ਦਿਸ਼ਾ-ਨਿਰਦੇਸ਼ਾਂ ਦੀ ਜ਼ਿੰਮੇਵਾਰੀ ਨਾਲ ਪਾਲਣਾ ਕਰਨ ਲਈ ਕਿਹਾ ਗਿਆ ਸੀ।
127 ਕੱਟ ਸੁਝਾਏ ਗਏ ਸਨ
ਅਧਿਕਾਰੀ ਨੇ ਦੱਸਿਆ ਕਿ ਇਹ ਫ਼ਿਲਮ 2022 ਵਿੱਚ 'ਪੰਜਾਬ 95' ਸਿਰਲੇਖ ਹੇਠ ਰਿਲੀਜ਼ ਹੋਣੀ ਸੀ ਪਰ ਸੈਂਸਰ ਬੋਰਡ ਨੇ ਫ਼ਿਲਮ ਨੂੰ ਸਰਟੀਫਿਕੇਟ ਦੇਣ ਲਈ 127 ਕੱਟ ਸੁਝਾਏ ਸਨ, ਜਿਸ ਨੂੰ ਨਿਰਮਾਤਾਵਾਂ ਨੇ ਨਹੀਂ ਮੰਨਿਆ ਅਤੇ ਫਿਰ ਫ਼ਿਲਮ ਦੀ ਰਿਲੀਜ਼ ਰੋਕ ਦਿੱਤੀ ਗਈ।
ਉਨ੍ਹਾਂ ਕਿਹਾ, 'ਉਸ ਸਮੇਂ ਸੁਝਾਏ ਗਏ ਕੱਟਾਂ 'ਤੇ ਕੋਈ ਫ਼ੈਸਲਾ ਨਹੀਂ ਲਿਆ ਗਿਆ ਅਤੇ ਫਿਰ ਬਾਅਦ ਵਿੱਚ ਨਵੇਂ ਸਿਰਲੇਖ ਨਾਲ ਚੁੱਪ-ਚਪੀਤੇ ਓਟੀਟੀ 'ਤੇ ਰਿਲੀਜ਼ ਕਰ ਦਿੱਤਾ ਗਿਆ। ਓਟੀਟੀ ਸੈਂਸਰ ਬੋਰਡ ਦੇ ਅਧਿਕਾਰ ਖੇਤਰ ਵਿੱਚ ਨਹੀਂ ਆਉਂਦਾ। ਜਦੋਂ ਇਹ ਮਾਮਲਾ ਸਰਕਾਰ ਦੇ ਧਿਆਨ ਵਿੱਚ ਆਇਆ ਤਾਂ ਜੀ5 (Zee5) ਨੂੰ ਫ਼ਿਲਮ ਹਟਾਉਣ ਲਈ ਕਿਹਾ ਗਿਆ।'
ਕਿਸ 'ਤੇ ਆਧਾਰਿਤ ਹੈ ਫ਼ਿਲਮ?
ਦਿਲਜੀਤ ਦੀ ਫ਼ਿਲਮ 'ਸਤਲੁਜ' ਮਨੁੱਖੀ ਅਧਿਕਾਰ ਕਾਰਕੁਨ (Human Rights Activist) ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ਅਤੇ ਪੰਜਾਬ ਵਿੱਚ ਕਥਿਤ ਫਰਜ਼ੀ ਮੁਕਾਬਲਿਆਂ ਵਰਗੇ ਸੰਵੇਦਨਸ਼ੀਲ ਮੁੱਦਿਆਂ 'ਤੇ ਆਧਾਰਿਤ ਹੈ। ਜਸਵੰਤ ਸਿੰਘ ਖਾਲੜਾ ਨੇ 1984 ਤੋਂ 1994 ਦਰਮਿਆਨ ਪੰਜਾਬ ਵਿੱਚ ਲਾਪਤਾ ਹੋਏ ਹਜ਼ਾਰਾਂ ਅਣਪਛਾਤੇ ਲੋਕਾਂ ਅਤੇ ਉਨ੍ਹਾਂ ਦੇ ਕਥਿਤ ਅੰਤਿਮ ਸਸਕਾਰ ਦੇ ਮਾਮਲੇ ਦੀ ਜਾਂਚ ਕੀਤੀ ਸੀ।
ਉਨ੍ਹਾਂ ਦੀ ਇਸ ਜਾਂਚ ਨੇ ਇਸ ਮੁੱਦੇ ਨੂੰ ਰਾਸ਼ਟਰੀ ਪੱਧਰ 'ਤੇ ਲਿਆ ਕੇ ਖੜ੍ਹਾ ਕਰ ਦਿੱਤਾ ਸੀ। ਇਸ ਮੁੱਦੇ ਨੂੰ ਚੁੱਕਣ ਤੋਂ ਬਾਅਦ ਜਸਵੰਤ ਸਿੰਘ ਖੁਦ ਲਾਪਤਾ ਹੋ ਗਏ ਸਨ। 6 ਸਤੰਬਰ 1995 ਨੂੰ ਅੰਮ੍ਰਿਤਸਰ ਦੇ ਕਬੀਰ ਪਾਰਕ ਵਿੱਚ ਸਵੇਰੇ ਕਰੀਬ 9:20 ਵਜੇ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਆਪਣੇ ਘਰ ਦੇ ਬਾਹਰ ਆਪਣੀ ਕਾਰ ਧੋ ਰਹੇ ਸਨ, ਉਦੋਂ ਹੀ ਪੰਜਾਬ ਪੁਲਿਸ ਨੇ ਉਨ੍ਹਾਂ ਨੂੰ ਅਗਵਾ ਕਰ ਲਿਆ। ਇਸ ਤੋਂ ਬਾਅਦ ਉਹ ਕਦੇ ਨਹੀਂ ਦਿਖੇ।
ਦਿਲਜੀਤ ਬੋਲੇ- ਮਹਿਸੂਸ ਹੋ ਗਿਆ ਸੀ ਕਿ ਇਹ ਹੋਣ ਵਾਲਾ ਹੈ
ਸੋਮਵਾਰ ਨੂੰ ਅਮਰੀਕਾ ਤੋਂ ਇੰਸਟਾਗ੍ਰਾਮ ਲਾਈਵ ਦੌਰਾਨ ਦਿਲਜੀਤ ਦੋਸਾਂਝ ਨੇ ਕਿਹਾ ਕਿ ਮੈਨੂੰ ਸ਼ੁੱਕਰਵਾਰ ਨੂੰ ਹੀ ਮਹਿਸੂਸ ਹੋ ਗਿਆ ਸੀ ਕਿ ਅਜਿਹਾ ਕੁਝ ਹੋਣ ਵਾਲਾ ਹੈ। ਇਹ ਗੱਲ ਪਹਿਲਾਂ ਹੀ ਮੇਰੇ ਮਨ ਵਿੱਚ ਸੀ। ਇਸ ਲਈ ਫ਼ਿਲਮ 'ਤੇ ਰੋਕ ਲੱਗਣ ਨਾਲ ਮੈਨੂੰ ਕੋਈ ਝਟਕਾ ਨਹੀਂ ਲੱਗਾ। ਮੈਨੂੰ ਲੱਗਿਆ ਸੀ ਕਿ ਸੋਮਵਾਰ ਨੂੰ ਦਫ਼ਤਰ ਖੁੱਲ੍ਹਣ ਤੋਂ ਬਾਅਦ ਇਸ ਨੂੰ ਬੈਨ ਕੀਤਾ ਜਾਵੇਗਾ।
ਪਰ, ਮੈਨੂੰ ਇਹ ਅੰਦਾਜ਼ਾ ਨਹੀਂ ਸੀ ਕਿ ਇਹ ਐਤਵਾਰ ਸ਼ਾਮ ਨੂੰ ਹੀ ਹੋ ਜਾਵੇਗਾ। ਅਸੀਂ ਫ਼ਿਲਮ ਦਾ ਕੋਈ ਪ੍ਰਚਾਰ ਵੀ ਨਹੀਂ ਕੀਤਾ। ਬੱਸ, ਚੁੱਪਚਾਪ ਰਿਲੀਜ਼ ਕਰ ਦਿੱਤੀ ਸੀ। ਮੈਨੂੰ ਸੰਤੁਸ਼ਟੀ ਹੈ ਕਿ ਲੋਕਾਂ ਨੇ ਫ਼ਿਲਮ ਦੇਖ ਲਈ ਅਤੇ ਇਹ ਉਨ੍ਹਾਂ ਤੱਕ ਪਹੁੰਚ ਗਈ। ਜਿੰਨੀ ਜ਼ਿਆਦਾ ਕੋਸ਼ਿਸ਼ ਇਸ ਫ਼ਿਲਮ ਨੂੰ ਰੋਕਣ ਦੀ ਹੋਵੇਗੀ, ਇਹ ਉੱਨੀ ਹੀ ਜ਼ਿਆਦਾ ਪ੍ਰਸਿੱਧ ਹੁੰਦੀ ਜਾਵੇਗੀ।
ਜ਼ਿਕਰਯੋਗ ਹੈ ਕਿ ਐਤਵਾਰ ਨੂੰ ਜੀ5 ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਸੀ ਕਿ ਫਿਲਹਾਲ ਦੇ ਹਾਲਾਤਾਂ ਨੂੰ ਦੇਖਦੇ ਹੋਏ, 'ਸਤਲੁਜ' ਅਗਲੀ ਸੂਚਨਾ ਜਾਰੀ ਹੋਣ ਤੱਕ ਭਾਰਤ ਵਿੱਚ ਉਪਲਬਧ ਨਹੀਂ ਹੋਵੇਗੀ। ਅਸੀਂ ਫ਼ਿਲਮ ਨੂੰ ਜਲਦ ਤੋਂ ਜਲਦ ਆਪਣੇ ਦਰਸ਼ਕਾਂ ਤੱਕ ਵਾਪਸ ਲਿਆਉਣ ਲਈ ਸਹੀ ਪ੍ਰਕਿਰਿਆ ਰਾਹੀਂ ਹਰ ਸਹੀ ਰਸਤਾ ਲੱਭਣ ਲਈ ਵਚਨਬੱਧ ਹਾਂ।