ਟਰੇਨਾਂ 'ਚ ਟਾਫ਼ੀਆਂ ਵੇਚੀਆਂ, ਗੱਡੀ ਚਲਾਉਂਦੇ ਹੋਏ ਮੀਨਾ ਕੁਮਾਰੀ ਦੀ ਭੈਣ 'ਤੇ ਆਇਆ ਦਿਲ; ਉਹ ‘ਡਰਾਈਵਰ’ ਜੋ ਹੀਰੋ ਤੋਂ ਵੀ ਵੱਧ ਲੈਂਦਾ ਸੀ ਫੀਸ
Mehmood Ali ਨੇ ਪਿਤਾ ਦੇ ਕੰਮ ਅਤੇ ਪਰਿਵਾਰ ਦੀ ਆਰਥਿਕ ਤੰਗੀ ਨੂੰ ਸਮਝਦੇ ਹੋਏ ਵੱਖ-ਵੱਖ ਕੰਮ ਕੀਤੇ। ਪਹਿਲਾਂ ਉਨ੍ਹਾਂ ਨੇ ਮੁੰਬਈ ਤੋਂ ਚਰਚਗੇਟ ਜਾਣ ਵਾਲੀਆਂ ਲੋਕਲ ਟਰੇਨਾਂ 'ਚ ਟਾਫ਼ੀਆਂ ਵੇਚੀਆਂ ਅਤੇ ਇਸ ਤੋਂ ਬਾਅਦ ਉਹ ਰਾਜ ਕਪੂਰ ਤੋਂ ਲੈ ਕੇ ਨਿਰਦੇਸ਼ਕ ਪੀ.ਐੱਲ. ਸੰਤੋਸ਼ੀ ਅਤੇ ਉਨ੍ਹਾਂ ਦੇ ਪੁੱਤਰ ਰਾਜਕੁਮਾਰ ਸੰਤੋਸ਼ੀ ਦੇ ਡਰਾਈਵਰ ਵੀ ਰਹੇ।
Publish Date: Tue, 29 Sep 2026 01:37 PM (IST)
Updated Date: Tue, 29 Sep 2026 02:02 PM (IST)
ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : ਅੱਜ ਦੇ ਦੌਰ 'ਚ ਕਈ ਅਜਿਹੇ ਐਕਟਰ ਹਨ, ਜਿਨ੍ਹਾਂ ਨੂੰ ਆਪਣੀ ਪਹਿਲੀ ਹੀ ਫਿਲਮ ਤੋਂ ਵੱਡੀ ਪਛਾਣ ਮਿਲ ਜਾਂਦੀ ਹੈ। ਉਹ ਕੁਝ ਹੀ ਫਿਲਮਾਂ ਤੋਂ ਬਾਅਦ ਸੁਪਰਸਟਾਰ ਕਹਾਉਣ ਲੱਗਦੇ ਹਨ। ਹਾਲਾਂਕਿ, 50ਵੇਂ ਤੇ 60ਵੇਂ ਦਾ ਦੌਰ ਅਜਿਹਾ ਨਹੀਂ ਸੀ। ਉਸ ਸਮੇਂ ਭਾਵੇਂ ਤੁਸੀਂ ਬਚਪਨ 'ਚ ਕਿੰਨਾ ਵੀ ਕੰਮ ਕੀਤਾ ਹੋਵੇ, ਪਰ ਵੱਡੇ ਹੋਣ ਤੋਂ ਬਾਅਦ ਇੱਕ ਵੱਖਰੇ ਸੰਘਰਸ਼ ਦਾ ਸਾਹਮਣਾ ਕਰਨਾ ਪੈਂਦਾ ਸੀ।
ਅਜਿਹੀ ਹੀ ਕਹਾਣੀ 60 ਦੇ ਦਹਾਕੇ ਦੇ ਸਭ ਤੋਂ ਵੱਡੇ ਕਾਮੇਡੀ ਐਕਟਰ ਦੀ ਹੈ ਜਿਨ੍ਹਾਂ ਨੇ ਇਕ ਕਲਾਕਾਰ ਵਜੋਂ ਆਪਣਾ ਕਰੀਅਰ ਸ਼ੁਰੂ ਕੀਤਾ। ਪਰ ਪੈਸਿਆਂ ਦੀ ਘਾਟ ਤੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨੇ ਕਦੇ ਉਨ੍ਹਾਂ ਨੂੰ ਮੁੰਬਈ ਦੀ ਲੋਕਲ ਟਰੇਨ 'ਚ ਟਾਫ਼ੀਆਂ ਵੇਚਣ ਲਈ ਤੇ ਕਦੇ ਸੈਲੀਬ੍ਰਿਟੀਜ਼ ਦੇ ਡਰਾਈਵਰ ਬਣਨ ਲਈ ਮਜਬੂਰ ਕਰ ਦਿੱਤਾ। ਕੌਣ ਸਨ ਉਹ ਸੁਪਰਸਟਾਰ, ਜੋ ਆਰਥਿਕ ਤੰਗੀ ਦੇ ਬਾਵਜੂਦ ਬਾਅਦ 'ਚ ਹੀਰੋ ਤੋਂ ਵੀ ਵੱਧ ਫੀਸ ਲੈਣ ਵਾਲੇ ਐਕਟਰ ਬਣੇ? ਪੜ੍ਹੋ ਉਨ੍ਹਾਂ ਦੀ ਕਹਾਣੀ।
60 ਦੇ ਦਹਾਕੇ 'ਚ ਕਾਮੇਡੀ ਕਿੰਗ ਸਨ ਮਹਿਮੂਦ
ਜਿਸ ਸੁਪਰਸਟਾਰ ਦੀ ਕਹਾਣੀ ਅਸੀਂ ਤੁਹਾਨੂੰ ਦੱਸ ਰਹੇ ਹਾਂ, ਉਹ ਕੋਈ ਹੋਰ ਨਹੀਂ, ਸਗੋਂ ਇੰਡੀਅਨ ਸਿਨੇਮਾ ਦੇ ਕਿੰਗ ਆਫ ਕਾਮੇਡੀ ਮਹਿਮੂਦ ਅਲੀ (Mehmood) ਹਨ। 29 ਸਤੰਬਰ 1932 ਨੂੰ ਜਨਮੇ ਮਹਿਮੂਦ ਦੀ ਅੱਜ 94ਵੀਂ ਬਰਥ ਐਨੀਵਰਸਰੀ ਮਨਾਈ ਜਾ ਰਹੀ ਹੈ। ਮਹਿਮੂਦ ਅਲੀ ਦਾ ਜਨਮ ਡਾਂਸਰ ਮੁਮਤਾਜ ਅਲੀ ਤੇ ਲਤੀਫ਼ ਉੱਨੀਸਾ ਦੇ ਘਰ ਹੋਇਆ ਸੀ। ਉਨ੍ਹਾਂ ਦੇ ਕੁੱਲ 8 ਭੈਣ-ਭਰਾ ਸਨ, ਜਿਨ੍ਹਾਂ 'ਚ ਉਹ ਦੂਜੇ ਨੰਬਰ 'ਤੇ ਸਨ।
ਜਦੋਂ ਮਹਿਮੂਦ ਸਿਰਫ਼ 11 ਸਾਲ ਦੇ ਸਨ ਤਾਂ ਉਨ੍ਹਾਂ 1943 'ਚ ਰਿਲੀਜ਼ ਹੋਈ ਫਿਲਮ ‘ਕਿਸਮਤ’ ਨਾਲ ਬਾਲ ਕਲਾਕਾਰ ਵਜੋਂ ਆਪਣੀ ਫਿਲਮੀ ਯਾਤਰਾ ਸ਼ੁਰੂ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੂੰ ਛੋਟੇ-ਮੋਟੇ ਰੋਲ ਵੀ ਮਿਲੇ, ਪਰ ਪਰਿਵਾਰ ਦੇ ਵਿਗੜਦੇ ਹਾਲਾਤ ਨੇ ਉਨ੍ਹਾਂ ਨੂੰ ਆਪਣੇ ਸੁਪਨੇ ਪਾਸੇ ਰੱਖ ਕੇ ਵੱਖ-ਵੱਖ ਨੌਕਰੀਆਂ ਕਰਨ ਲਈ ਮਜਬੂਰ ਕਰ ਦਿੱਤਾ।
ਮੀਨਾ ਕੁਮਾਰੀ ਤੋਂ ਰਾਜ ਕਪੂਰ ਤਕ ਦੇ ਡਰਾਈਵਰ ਰਹੇ ਮਹਿਮੂਦ
ਮਹਿਮੂਦ ਨੇ ਪਿਤਾ ਦੇ ਕੰਮ ਤੇ ਪਰਿਵਾਰ ਦੀ ਆਰਥਿਕ ਤੰਗੀ ਨੂੰ ਸਮਝਦੇ ਹੋਏ ਵੱਖ-ਵੱਖ ਕੰਮ ਕੀਤੇ। ਪਹਿਲਾਂ ਉਨ੍ਹਾਂ ਨੇ ਮੁੰਬਈ ਤੋਂ ਚਰਚ ਗੇਟ ਜਾਣ ਵਾਲੀਆਂ ਲੋਕਲ ਟਰੇਨਾਂ 'ਚ ਟਾਫ਼ੀਆਂ ਵੇਚੀਆਂ ਅਤੇ ਇਸ ਤੋਂ ਬਾਅਦ ਉਹ ਰਾਜ ਕਪੂਰ ਤੋਂ ਲੈ ਕੇ ਨਿਰਦੇਸ਼ਕ ਪੀਐੱਲ ਸੰਤੋਸ਼ੀ ਤੇ ਉਨ੍ਹਾਂ ਦੇ ਪੁੱਤਰ ਰਾਜਕੁਮਾਰ ਸੰਤੋਸ਼ੀ ਦੇ ਡਰਾਈਵਰ ਵੀ ਰਹੇ।
ਇਨ੍ਹਾਂ ਸਾਰਿਆਂ ਤੋਂ ਇਲਾਵਾ ਮਹਿਮੂਦ ਨੇ ਕੁਝ ਸਮੇਂ ਤਕ ਮੀਨਾ ਕੁਮਾਰੀ ਦੇ ਡਰਾਈਵਰ ਵਜੋਂ ਵੀ ਕੰਮ ਕੀਤਾ। ਇਸੇ ਦੌਰਾਨ ਐਕਟਰ ਮਹਿਮੂਦ ਨੂੰ ਮੀਨਾ ਕੁਮਾਰੀ ਦੀ ਭੈਣ ਮਧੂ ਕੁਮਾਰੀ ਨਾਲ ਪਿਆਰ ਹੋ ਗਿਆ।
ਮੀਨਾ ਕੁਮਾਰੀ ਦੀ ਬਦੌਲਤ ਮਹਿਮੂਦ ਨੂੰ ਫਿਲਮਾਂ 'ਚ ਛੋਟੇ-ਮੋਟੇ ਰੋਲ ਮਿਲਣੇ ਵੀ ਸ਼ੁਰੂ ਹੋ ਗਏ ਸਨ। ਸਾਲ 1953 'ਚ ਇਸ ਦਿੱਗਜ ਕਾਮੇਡੀਅਨ ਨੇ ਮਧੂ ਨਾਲ ਵਿਆਹ ਕਰ ਲਿਆ, ਪਰ 1967 'ਚ ਦੋਵੇਂ ਵੱਖ ਹੋ ਗਏ। ਇਸ ਤੋਂ ਬਾਅਦ ਉਨ੍ਹਾਂ ਟ੍ਰੇਸੀ ਨਾਂ ਦੀ ਮਹਿਲਾ ਨਾਲ ਵਿਆਹ ਕੀਤਾ। ਮਹਿਮੂਦ ਅਲੀ ਦੇ ਤਿੰਨ ਬੱਚੇ ਹਨ, ਜਿਨ੍ਹਾਂ ਦੇ ਨਾਂ ਲੱਕੀ ਅਲੀ, ਮੈਕੀ ਅਲੀ ਤੇ ਗਿੰਨੀ ਅਲੀ ਹਨ।
ਛੋਟੇ-ਛੋਟੇ ਰੋਲ ਤੋਂ ਕਿਵੇਂ ਬਣੇ ਵੱਡੇ ਸਟਾਰ?
ਕਿੰਗ ਆਫ ਕਾਮੇਡੀ ਮਹਿਮੂਦ ਨੇ ਵੱਡੀਆਂ-ਵੱਡੀਆਂ ਫਿਲਮਾਂ 'ਚ ਛੋਟੇ-ਛੋਟੇ ਕਿਰਦਾਰ ਨਿਭਾਏ। ਸਾਲ 1959 'ਚ ਜਦੋਂ ਐਕਟਰ ਨੇ ਫਿਲਮ ‘ਛੋਟੀ ਬਹਿਨ’ 'ਚ ਕੰਮ ਕੀਤਾ ਤਾਂ ਉਨ੍ਹਾਂ ਦੀ ਅਦਾਕਾਰੀ ਨੂੰ ਕਾਫ਼ੀ ਸਰਾਹਿਆ ਗਿਆ। ਮਹਿਮੂਦ 60 ਦੇ ਦਹਾਕੇ ਦੇ ਉਹ ਇਕਲੌਤੇ ਕਾਮੇਡੀਅਨ ਸਨ, ਜਿਨ੍ਹਾਂ ਦੀ ਤਸਵੀਰ ਐਕਟਰ ਦੇ ਨਾਲ ਫਿਲਮ ਦੇ ਪੋਸਟਰ 'ਤੇ ਛਪਦੀ ਸੀ।
ਐਕਟਰ ਦੀਆਂ ਸਭ ਤੋਂ ਲੋਕਪ੍ਰਿਯ ਫਿਲਮਾਂ 'ਚ ‘ਪੜੋਸਨ’, ‘ਭੂਤ ਬੰਗਲਾ’, ‘ਗੁਮਨਾਮ’ ਅਤੇ ‘ਬੰਬੇ ਟੂ ਗੋਆ’ ਸ਼ਾਮਲ ਹਨ। ਆਪਣੇ ਸਿਖਰ ਦੇ ਦੌਰ 'ਚ ਉਹ ਸੁਨੀਲ ਦੱਤ, ਧਰਮਿੰਦਰ ਅਤੇ ਸ਼ੰਮੀ ਕਪੂਰ ਵਰਗੇ ਐਕਟਰਾਂ ਦੇ ਬਰਾਬਰ ਫੀਸ ਲੈਂਦੇ ਸਨ। ਕਿਹਾ ਜਾਂਦਾ ਹੈ ਕਿ ਫਿਲਮ 'ਚ ਕੈਮਿਓ ਹੋਵੇ ਜਾਂ ਫਿਰ 14-15 ਦਿਨਾਂ ਦਾ ਕੰਮ, ਉਸ ਦੌਰ 'ਚ ਉਨ੍ਹਾਂ ਦੀ ਫੀਸ 7 ਲੱਖ ਰੁਪਏ ਤੋਂ ਵੱਧ ਹੁੰਦੀ ਸੀ।