16 ਭਾਸ਼ਾਵਾਂ 'ਚ ਗਾਏ 4,000 ਤੋਂ ਜ਼ਿਆਦਾ ਗੀਤ, ਫਿਰ ਵੀ ਰਫ਼ੀ ਤੇ ਕਿਸ਼ੋਰ ਕੁਮਾਰ ਵਰਗਾ ਨਹੀਂ ਮਿਲਿਆ ਸਨਮਾਨ; ਸ਼ਾਸਤਰੀ ਸੰਗੀਤ ਦੇ ਉਸਤਾਦ ਸਨ ਮੰਨਾ ਡੇ
ਮੰਨਾ ਡੇ ਨੂੰ ਸਭ ਤੋਂ ਵੱਧ ਪ੍ਰਸਿੱਧੀ 1950 'ਚ ਆਈ ਫ਼ਿਲਮ 'ਮਸ਼ਾਲ' ਦੇ ਗੀਤ 'ਉੱਪਰ ਗਗਨ ਵਿਸ਼ਾਲ...' ਨਾਲ ਮਿਲੀ ਸੀ। ਇਸ ਤੋਂ ਬਾਅਦ 'ਅਮਰ ਭੂਪਾਲੀ' ਫ਼ਿਲਮ ਦੇ ਗੀਤ ਗਾ ਕੇ ਮੰਨਾ ਡੇ ਦੀ ਕਿਸਮਤ ਦਾ ਸਿਤਾਰਾ ਰਾਤੋ-ਰਾਤ ਚਮਕ ਗਿਆ। ਇਸ ਤਰ੍ਹਾਂ 1942 ਤੋਂ ਲੈ ਕੇ 2013 ਤੱਕ ਮੰਨਾ ਡੇ ਨੇ ਗਾਇਕ ਵਜੋਂ 16 ਭਾਸ਼ਾਵਾਂ 'ਚ 4 ਹਜ਼ਾਰ ਤੋਂ ਵੱਧ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ।
Publish Date: Mon, 23 Nov 2026 03:45 PM (IST)
Updated Date: Mon, 23 Nov 2026 03:48 PM (IST)
ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : ਹਿੰਦੀ ਸਿਨੇਮਾ ਦੇ ਮਹਾਨ ਗਾਇਕਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ 'ਚ ਮੰਨਾ ਡੇ ਦਾ ਨਾਂ ਜ਼ਰੂਰ ਸ਼ਾਮਲ ਹੁੰਦਾ ਹੈ। ਪਲੇਬੈਕ ਸਿੰਗਰ ਵਜੋਂ ਮੰਨਾ ਡੇ ਦਾ ਕਰੀਅਰ ਕਾਫ਼ੀ ਸ਼ਾਨਦਾਰ ਰਿਹਾ। ਆਪਣੇ ਬਿਹਤਰੀਨ ਗੀਤਾਂ ਕਰਕੇ ਉਨ੍ਹਾਂ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ।
ਪਰ ਕੀ ਤੁਸੀਂ ਜਾਣਦੇ ਹੋ ਕਿ ਗਾਇਕੀ ਦਾ ਅਦਭੁੱਤ ਹੁਨਰ ਰੱਖਣ ਵਾਲੇ ਮੰਨਾ ਡੇ ਨੂੰ ਕਦੇ ਵੀ ਮੁਹੰਮਦ ਰਫ਼ੀ, ਮੁਕੇਸ਼ ਅਤੇ ਕਿਸ਼ੋਰ ਕੁਮਾਰ ਵਰਗੇ ਗਾਇਕਾਂ ਜਿਹਾ ਸਨਮਾਨ ਨਹੀਂ ਮਿਲਿਆ। ਹਾਲਾਂਕਿ, ਉਹ ਇਸ ਤੋਂ ਕਿਤੇ ਵੱਧ ਸਨਮਾਨ ਦੇ ਹੱਕਦਾਰ ਸਨ।
ਮੰਨਾ ਡੇ ਦੀ ਕਹਾਣੀ
1 ਮਈ 1919 ਨੂੰ ਕੋਲਕਾਤਾ 'ਚ ਜਨਮੇ ਮੰਨਾ ਡੇ ਦਾ ਅਸਲੀ ਨਾਂ ਪ੍ਰਬੋਧ ਚੰਦਰ ਡੇ ਸੀ। ਉਨ੍ਹਾਂ ਦੇ ਪਰਿਵਾਰਕ ਮੈਂਬਰ ਪਿਆਰ ਨਾਲ ਉਨ੍ਹਾਂ ਨੂੰ ਮੰਨਾ ਕਹਿ ਕੇ ਬੁਲਾਉਂਦੇ ਸਨ। ਇਸੇ ਕਰਕੇ ਉਨ੍ਹਾਂ ਦਾ ਨਾਂ ਮੰਨਾ ਡੇ ਪੈ ਗਿਆ। ਮੰਨਾ ਡੇ ਦੇ ਪਿਤਾ ਚਾਹੁੰਦੇ ਸਨ ਕਿ ਉਹ ਵਕਾਲਤ ਕਰਨ, ਪਰ ਕਾਲਜ ਦੇ ਦਿਨਾਂ 'ਚ ਕੁਸ਼ਤੀ ਅਤੇ ਮੁੱਕੇਬਾਜ਼ੀ 'ਚ ਚੈਂਪੀਅਨ ਰਹੇ ਮੰਨਾ ਡੇ ਦੀ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ।
1942 'ਚ ਮੰਨਾ ਡੇ ਆਪਣੇ ਚਾਚਾ ਨਾਲ ਮੁੰਬਈ ਆ ਗਏ। ਇਸ ਤੋਂ ਪਹਿਲਾਂ ਉਹ ਕੋਲਕਾਤਾ 'ਚ ਸ਼ਾਸਤਰੀ ਸੰਗੀਤ ਦੀ ਸਿੱਖਿਆ ਹਾਸਲ ਕਰ ਚੁੱਕੇ ਸਨ। ਮੁੰਬਈ ਆਉਣ ਤੋਂ ਬਾਅਦ ਉਨ੍ਹਾਂ ਨੂੰ ਗਾਇਕ ਵਜੋਂ ਪਹਿਲਾ ਮੌਕਾ 1943 'ਚ ਰਿਲੀਜ਼ ਹੋਈ ਫ਼ਿਲਮ 'ਤਮੰਨਾ' ਦੇ ਗੀਤ 'ਜਾਗੋ ਆਈ ਊਸ਼ਾ ਪੰਛੀ ਬੋਲੇ ਜਾਗੋ' ਨਾਲ ਮਿਲਿਆ। ਇੱਥੋਂ ਹੀ ਉਨ੍ਹਾਂ ਦੇ ਗਾਇਕੀ ਦੇ ਕਰੀਅਰ ਦੀ ਸ਼ੁਰੂਆਤ ਹੋਈ।
ਇਸ ਗੀਤ ਨਾਲ ਮਿਲੀ ਪਛਾਣ
ਮੰਨਾ ਡੇ ਨੂੰ ਸਭ ਤੋਂ ਵੱਧ ਪ੍ਰਸਿੱਧੀ 1950 'ਚ ਆਈ ਫ਼ਿਲਮ 'ਮਸ਼ਾਲ' ਦੇ ਗੀਤ 'ਉੱਪਰ ਗਗਨ ਵਿਸ਼ਾਲ...' ਨਾਲ ਮਿਲੀ ਸੀ। ਇਸ ਤੋਂ ਬਾਅਦ 'ਅਮਰ ਭੂਪਾਲੀ' ਫ਼ਿਲਮ ਦੇ ਗੀਤ ਗਾ ਕੇ ਮੰਨਾ ਡੇ ਦੀ ਕਿਸਮਤ ਦਾ ਸਿਤਾਰਾ ਰਾਤੋ-ਰਾਤ ਚਮਕ ਗਿਆ। ਇਸ ਤਰ੍ਹਾਂ 1942 ਤੋਂ ਲੈ ਕੇ 2013 ਤੱਕ ਮੰਨਾ ਡੇ ਨੇ ਗਾਇਕ ਵਜੋਂ 16 ਭਾਸ਼ਾਵਾਂ 'ਚ 4 ਹਜ਼ਾਰ ਤੋਂ ਵੱਧ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ।
ਮੰਨਾ ਡੇ ਦੇ ਮਸ਼ਹੂਰ ਗੀਤ
ਮੰਨਾ ਡੇ ਦੇ ਯਾਦਗਾਰ ਗੀਤਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਸੂਚੀ ਕਾਫ਼ੀ ਲੰਬੀ ਹੈ। ਇੱਥੇ ਅਸੀਂ ਤੁਹਾਡੇ ਲਈ ਉਨ੍ਹਾਂ ਦੇ ਕੁਝ ਚੋਣਵੇਂ ਸਦਾਬਹਾਰ ਗੀਤਾਂ ਦੀ ਸੂਚੀ ਲੈ ਕੇ ਆਏ ਹਾਂ।
- ਪਿਆਰ ਹੁਆ ਇਕਰਾਰ ਹੁਆ...
- ਐ ਮੇਰੀ ਜੋਹਰਾ ਜਬੀਂ...
- ਏਕ ਚਤੁਰ ਨਾਰ ਕਰਕੇ ਸ਼ਿੰਗਾਰ...
- ਕਸਮੇਂ ਵਾਦੇ ਪਿਆਰ ਵਫ਼ਾ...
- ਐ ਭਾਈ ਜ਼ਰਾ ਦੇਖ ਕੇ ਚਲੋ...
- ਜ਼ਿੰਦਗੀ ਕੈਸੀ ਹੈ ਯੇ ਪਹੇਲੀ...
- ਯੇ ਦੋਸਤੀ ਹਮ ਨਹੀਂ ਤੋੜੇਂਗੇ...
- ਯਾਰੀ ਹੈ ਇਮਾਨ ਮੇਰਾ...
ਇਨ੍ਹਾਂ ਪੁਰਸਕਾਰਾਂ ਨਾਲ ਕੀਤਾ ਗਿਆ ਸਨਮਾਨਿਤ
ਮੰਨਾ ਡੇ ਨੇ ਗਾਇਕ ਵਜੋਂ ਬੇਹੱਦ ਸਫ਼ਲਤਾ ਹਾਸਲ ਕੀਤੀ। ਇਸ ਲਈ ਉਨ੍ਹਾਂ ਨੂੰ ਸਿਨੇਮਾ ਜਗਤ ਦੇ ਕਈ ਵਿਸ਼ੇਸ਼ ਪੁਰਸਕਾਰਾਂ ਨਾਲ ਵੀ ਨਵਾਜ਼ਿਆ ਗਿਆ।
- ਬੈਸਟ ਪਲੇਬੈਕ ਸਿੰਗਰ ਨੈਸ਼ਨਲ ਫ਼ਿਲਮ ਐਵਾਰਡ – 1969 ਅਤੇ 1971
- ਪਦਮ ਸ਼੍ਰੀ ਪੁਰਸਕਾਰ – 1971
- ਪਦਮ ਭੂਸ਼ਣ ਪੁਰਸਕਾਰ – 2005
- ਦਾਦਾ ਸਾਹਿਬ ਫਾਲਕੇ ਪੁਰਸਕਾਰ – 2007