'ਭਤੀਜੇ ਨੂੰ ਗੁਆਉਣਾ ਬੇਹੱਦ ਦੁਖਦਾਈ...', ਕਾਰ ਹਾਦਸੇ 'ਚ ਸਪੀਡ ਰਿਕਾਰਡਜ਼ ਦੇ ਮਾਲਕ ਦੇ ਪੁੱਤਰ ਦੀ ਮੌਤ 'ਤੇ ਹਨੀ ਸਿੰਘ ਨੇ ਜਤਾਇਆ ਦੁੱਖ
ਰੈਪਰ ਯੋ ਯੋ ਹਨੀ ਸਿੰਘ ਨੇ ਦਿਵਿਤ ਔਲਖ ਨੂੰ ਆਪਣਾ ਭਤੀਜਾ ਦੱਸਦਿਆਂ ਸੋਸ਼ਲ ਮੀਡੀਆ 'ਤੇ ਦੁੱਖ ਪ੍ਰਗਟ ਕੀਤਾ ਹੈ। ਇਸ ਘਟਨਾ ਕਾਰਨ ਹਨੀ ਸਿੰਘ ਵੀ ਗਮ 'ਚ ਹਨ। ਹਾਦਸਾ ਰਾਤ ਕਰੀਬ 3 ਵਜੇ ਵਾਪਰਿਆ।
Publish Date: Sun, 01 Nov 2026 03:49 PM (IST)
Updated Date: Sun, 01 Nov 2026 03:56 PM (IST)
ਡਿਜੀਟਲ ਡੈਸਕ, ਜਲੰਧਰ : ਜਲੰਧਰ 'ਚ ਐਤਵਾਰ ਸਵੇਰੇ ਇਕ ਦਰਦਨਾਕ ਸੜਕ ਹਾਦਸੇ 'ਚ ਸਪੀਡ ਰਿਕਾਰਡਜ਼ ਤੇ ਪੱਪੀ ਸਵੀਟਸ ਦੇ ਮਾਲਕਾਂ ਦੇ ਪੁੱਤਰਾਂ ਦੀ ਮੌਤ ਹੋ ਗਈ। ਇਹ ਹਾਦਸਾ ਪੁਲਿਸ ਲਾਈਨ ਦੇ ਨੇੜੇ ਸਥਿਤ ਫਲਾਈਓਵਰ 'ਤੇ ਵਾਪਰਿਆ, ਜਿੱਥੇ ਤੇਜ਼ ਰਫ਼ਤਾਰ ਕਾਰ ਅੱਗੇ ਜਾ ਰਹੀ ਟਰਾਲੀ ਨਾਲ ਟਕਰਾ ਗਈ।
ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਸਵਾਰ ਦੋਵਾਂ ਨੌਜਵਾਨਾਂ ਦੀ ਜਾਨ ਚਲੀ ਗਈ। ਮ੍ਰਿਤਕਾਂ ਦੀ ਪਛਾਣ ਸਪੀਡ ਰਿਕਾਰਡਜ਼ ਕੰਪਨੀ ਦੇ ਮਾਲਕ ਦਿਨੇਸ਼ ਔਲਖ ਦੇ ਪੁੱਤਰ ਦਿਵਿਤ ਔਲਖ ਅਤੇ ਪੱਪੀ ਸਵੀਟਸ ਦੇ ਮਾਲਕ ਦੇ ਪੁੱਤਰ ਆਰਵ ਤਲਵਾੜ ਵਜੋਂ ਹੋਈ ਹੈ। ਦੋਵੇਂ ਆਪਸ 'ਚ ਦੋਸਤ ਸਨ। ਹਨੀ ਸਿੰਘ ਨੇ ਹਾਦਸੇ 'ਚ ਜਾਨ ਗੁਆਉਣ ਵਾਲੇ ਦਿਵਿਤ ਪ੍ਰਤੀ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਸੋਸ਼ਲ ਮੀਡੀਆ 'ਤੇ ਸਟੋਰੀ ਸਾਂਝੀ ਕਰ ਕੇ ਜਤਾਇਆ ਦੁੱਖ
ਰੈਪਰ ਯੋ ਯੋ ਹਨੀ ਸਿੰਘ ਨੇ ਦਿਵਿਤ ਔਲਖ ਨੂੰ ਆਪਣਾ ਭਤੀਜਾ ਦੱਸਦਿਆਂ ਸੋਸ਼ਲ ਮੀਡੀਆ 'ਤੇ ਦੁੱਖ ਪ੍ਰਗਟ ਕੀਤਾ ਹੈ। ਇਸ ਘਟਨਾ ਕਾਰਨ ਹਨੀ ਸਿੰਘ ਵੀ ਗਮ 'ਚ ਹਨ। ਹਾਦਸਾ ਰਾਤ ਕਰੀਬ 3 ਵਜੇ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਦਿਵਿਤ ਆਪਣੇ ਦੋਸਤ ਆਰਵ ਤਲਵਾੜ ਨਾਲ ਜਨਮਦਿਨ ਦੀ ਪਾਰਟੀ ਤੋਂ ਘਰ ਪਰਤ ਰਹੇ ਸਨ, ਜਦੋਂ ਉਨ੍ਹਾਂ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਦੁਖਦਾਈ ਖ਼ਬਰ ਦੀ ਪੁਸ਼ਟੀ ਕਰਦਿਆਂ ਹਨੀ ਸਿੰਘ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਭਤੀਜੇ ਨੂੰ ਗੁਆਉਣ ਦਾ ਦੁੱਖ ਸਾਂਝਾ ਕੀਤਾ। ਭਾਵੁਕ ਸੰਦੇਸ਼ ਸਾਂਝਾ ਕਰਦਿਆਂ ਹਨੀ ਸਿੰਘ ਨੇ ਲਿਖਿਆ-
"ਮੇਰੇ ਲਈ ਇਹ ਦਹਾਕਾ ਹਨੇਰੇ ਭਰਿਆ ਰਿਹਾ ਹੈ। ਆਪਣੇ ਭਤੀਜੇ ਨੂੰ ਗੁਆਉਣਾ ਮੇਰੇ ਲਈ ਬੇਹੱਦ ਦੁਖਦਾਈ ਅਤੇ ਤਬਾਹਕੁੰਨ ਹੈ।"
ਯੋ ਯੋ ਹਨੀ ਸਿੰਘ ਵੱਲੋਂ ਸਾਂਝਾ ਕੀਤਾ ਗਿਆ ਸੰਦੇਸ਼-
ਜਾਣੋ ਕਿਵੇਂ ਵਾਪਰਿਆ ਸੀ ਹਾਦਸਾ
ਜਾਣਕਾਰੀ ਮੁਤਾਬਕ ਦੋਵੇਂ ਨੌਜਵਾਨ ਸ਼ਨੀਵਾਰ ਰਾਤ ਆਪਣੇ ਇਕ ਦੋਸਤ ਦੀ ਜਨਮਦਿਨ ਪਾਰਟੀ 'ਚ ਸ਼ਾਮਲ ਹੋਣ ਗਏ ਸਨ। ਪਾਰਟੀ ਤੋਂ ਬਾਅਦ ਐਤਵਾਰ ਸਵੇਰੇ ਦੋਵੇਂ ਕਾਰ 'ਚ ਸਵਾਰ ਹੋ ਕੇ ਵਾਪਸ ਆ ਰਹੇ ਸਨ। ਇਸੇ ਦੌਰਾਨ ਪੁਲਿਸ ਲਾਈਨ ਦੇ ਨੇੜੇ ਫਲਾਈਓਵਰ 'ਤੇ ਉਨ੍ਹਾਂ ਦੀ ਕਾਰ ਅੱਗੇ ਜਾ ਰਹੀ ਟਰਾਲੀ ਨਾਲ ਟਕਰਾ ਗਈ।
ਉੱਥੋਂ ਲੰਘ ਰਹੇ ਲੋਕਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਸੂਚਨਾ ਮਿਲਦਿਆਂ ਹੀ ਥਾਣਾ ਬਾਰਾਦਰੀ ਦੀ ਪੁਲਿਸ ਟੀਮ ਮੌਕੇ 'ਤੇ ਪਹੁੰਚੀ ਅਤੇ ਰਾਹਤ ਕਾਰਜ ਸ਼ੁਰੂ ਕਰਵਾਏ। ਪੁਲਿਸ ਨੇ ਦੋਵਾਂ ਨੌਜਵਾਨਾਂ ਦੀਆਂ ਲਾਸ਼ਾਂ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ। ਹਾਦਸੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਅਤੇ ਜਾਣਕਾਰਾਂ 'ਚ ਸੋਗ ਦੀ ਲਹਿਰ ਦੌੜ ਗਈ।
ਹਾਦਸੇ ਦਾ ਕਾਰਨ ਜਾਣਨ 'ਚ ਜੁਟੀ ਪੁਲਿਸ
ਪੁਲਿਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਜਾਂਚ ਦੌਰਾਨ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਾਰ ਦੀ ਰਫ਼ਤਾਰ ਕਿੰਨੀ ਸੀ ਅਤੇ ਟਰਾਲੀ ਨਾਲ ਟੱਕਰ ਕਿਹੜੇ ਹਾਲਾਤ 'ਚ ਹੋਈ। ਪੁਲਿਸ ਘਟਨਾ ਸਥਾਨ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਗਾਲ ਰਹੀ ਹੈ, ਤਾਂ ਜੋ ਹਾਦਸੇ ਦੀ ਪੂਰੀ ਸਥਿਤੀ ਸਪੱਸ਼ਟ ਹੋ ਸਕੇ।