FIFA World Cup 2026 : ਓਪਨਿੰਗ ਸੈਰੇਮਨੀ 'ਚ ਨੋਰਾ ਫਤੇਹੀ ਦਾ ਜਲਵਾ, ਸਟੇਡੀਅਮ ਦਾ ਵਧਾਇਆ ਪਾਰਾ
FIFA ਵਰਲਡ ਕੱਪ 2026 ਦੀ ਸ਼ੁੱਕਰਵਾਰ ਨੂੰ ਦੂਜੀ ਓਪਨਿੰਗ ਸੈਰੇਮਨੀ ਹੋਈ। ਸਾਂਝੇ ਮੇਜ਼ਬਾਨ ਕੈਨੇਡਾ ਅਤੇ ਬੋਸਨੀਆ-ਹਰਜ਼ੇਗੋਵਿਨਾ ਵਿਚਕਾਰ ਹੋਣ ਵਾਲੇ ਮੁਕਾਬਲੇ ਤੋਂ ਪਹਿਲਾਂ ਟੋਰਾਂਟੋ ਸਟੇਡੀਅਮ 'ਚ ਇੱਕ ਸ਼ਾਨਦਾਰ ਰੰਗਾਰੰਗ ਪ੍ਰੋਗਰਾਮ ਉਲੀਕਿਆ ਗਿਆ, ਜਿਸ 'ਚ ਬਾਲੀਵੁੱਡ ਅਦਾਕਾਰਾ ਨੋਰਾ ਫਤੇਹੀ ਨੇ ਆਪਣੀ ਪੇਸ਼ਕਾਰੀ ਦਿੱਤੀ।
Publish Date: Sat, 13 Jun 2026 08:45 AM (IST)
Updated Date: Sat, 13 Jun 2026 08:47 AM (IST)

ਸਪੋਰਟਸ ਡੈਸਕ, ਨਵੀਂ ਦਿੱਲੀ : FIFA ਵਰਲਡ ਕੱਪ 2026 ਦੀ ਸ਼ੁੱਕਰਵਾਰ ਨੂੰ ਦੂਜੀ ਓਪਨਿੰਗ ਸੈਰੇਮਨੀ ਹੋਈ। ਸਾਂਝੇ ਮੇਜ਼ਬਾਨ ਕੈਨੇਡਾ ਅਤੇ ਬੋਸਨੀਆ-ਹਰਜ਼ੇਗੋਵਿਨਾ ਵਿਚਕਾਰ ਹੋਣ ਵਾਲੇ ਮੁਕਾਬਲੇ ਤੋਂ ਪਹਿਲਾਂ ਟੋਰਾਂਟੋ ਸਟੇਡੀਅਮ 'ਚ ਇੱਕ ਸ਼ਾਨਦਾਰ ਰੰਗਾਰੰਗ ਪ੍ਰੋਗਰਾਮ ਉਲੀਕਿਆ ਗਿਆ, ਜਿਸ 'ਚ ਬਾਲੀਵੁੱਡ ਅਦਾਕਾਰਾ ਨੋਰਾ ਫਤੇਹੀ ਨੇ ਆਪਣੀ ਪੇਸ਼ਕਾਰੀ ਦਿੱਤੀ।
ਉਨ੍ਹਾਂ ਤੋਂ ਇਲਾਵਾ ਐਲੈਨਿਸ ਮੋਰਿਸੈੱਟ, ਅਲੇਸੀਆ ਕਾਰਾ, ਐਲੀਆਨਾ, ਜੇਸੀ ਰੇਏਜ਼, ਮਾਈਕਲ ਬੁਬਲੇ, ਸੰਜੋਏ, ਵੇਜਡ੍ਰੀਮ ਅਤੇ ਵਿਲੀਅਮ ਪ੍ਰਿੰਸ ਵਰਗੇ ਕਲਾਕਾਰਾਂ ਨੇ ਦਰਸ਼ਕਾਂ ਨੂੰ ਝੂਮਣ ਲਾ ਦਿੱਤਾ। ਟੂਰਨਾਮੈਂਟ 'ਚ ਦੋ ਮੈਚ ਖੇਡੇ ਜਾਣੇ ਹਨ, ਜਿਨ੍ਹਾਂ 'ਚੋਂ ਪਹਿਲੇ ਮੁਕਾਬਲੇ 'ਚ ਕੈਨੇਡਾ ਦਾ ਸਾਹਮਣਾ ਬੋਸਨੀਆ ਅਤੇ ਹਰਜ਼ੇਗੋਵਿਨਾ ਨਾਲ ਹੋਵੇਗਾ, ਜਦਕਿ ਇਸ ਤੋਂ ਬਾਅਦ ਅਮਰੀਕਾ ਦੀ ਟੱਕਰ ਪੈਰਾਗੁਏ ਨਾਲ ਹੋਵੇਗੀ।
ਸੁਰ, ਤਾਲ ਅਤੇ ਜਨੂੰਨ ਦਾ ਅਨੋਖਾ ਸੰਗਮ
ਇਹ ਓਪਨਿੰਗ ਸੈਰੇਮਨੀ ਰਾਤ 11 ਵਜੇ ਸ਼ੁਰੂ ਹੋਈ। ਇਹ ਮਹਿਜ਼ ਇੱਕ ਖੇਡ ਦੀ ਸ਼ੁਰੂਆਤ ਨਹੀਂ ਸੀ, ਬਲਕਿ ਇੱਕ ਆਲਮੀ (ਗਲੋਬਲ) ਜਸ਼ਨ ਸੀ ਜਿੱਥੇ ਸੁਰ, ਤਾਲ ਅਤੇ ਜਨੂੰਨ ਮਿਲ ਕੇ ਇੱਕ ਨਵਾਂ ਇਤਿਹਾਸ ਸਿਰਜ ਰਹੇ ਸਨ। ਕੈਨੇਡਾ ਦੀ ਧਰਤੀ 'ਤੇ ਇਸ ਵਿਸ਼ਵ ਪੱਧਰੀ ਸ਼ੋਅ ਦਾ ਆਗਾਜ਼ ਬੇਹੱਦ ਖ਼ਾਸ ਅਤੇ ਦਿਲ ਨੂੰ ਛੂਹ ਲੈਣ ਵਾਲੇ ਅੰਦਾਜ਼ 'ਚ ਹੋਇਆ। ਮਸ਼ਹੂਰ ਗਾਇਕਾ ਅਲੇਸੀਆ ਕਾਰਾ (Alessia Cara) ਨੇ ਆਪਣੀ ਆਵਾਜ਼ ਨਾਲ ਫੁੱਟਬਾਲ ਪ੍ਰੇਮੀਆਂ ਨੂੰ ਕੀਲ ਲਿਆ। ਉਨ੍ਹਾਂ ਦੀ ਬਿਹਤਰੀਨ ਪਰਫਾਰਮੈਂਸ 'ਤੇ ਲੋਕਾਂ ਦੀਆਂ ਤਾਲੀਆਂ ਅਤੇ ਰੌਲਾ ਰੁਕਣ ਦਾ ਨਾਂ ਹੀ ਨਹੀਂ ਲੈ ਰਿਹਾ ਸੀ।
ਰੋਮਾਂਚ ਰਿਹਾ ਬਰਕਰਾਰ
ਸਫ਼ਰ ਦਾ ਰੋਮਾਂਚ ਇੱਥੇ ਹੀ ਖ਼ਤਮ ਨਹੀਂ ਹੋਇਆ। ਖੇਡ ਸ਼ੁਰੂ ਹੋਣ ਤੋਂ ਪਹਿਲਾਂ, ਸੰਗੀਤ ਜਗਤ ਦੇ ਚਮਕਦੇ ਸਿਤਾਰੇ ਜੇਸੀ ਰੇਏਜ਼ ਅਤੇ ਐਲੀਆਨਾ ਨੇ ਆਪਣੀਆਂ ਧੜਕਣਾਂ ਵਧਾ ਦੇਣ ਵਾਲੀਆਂ ਧੁਨਾਂ ਨਾਲ ਪੂਰੇ ਸਟੇਡੀਅਮ ਨੂੰ ਨਚਾ ਦਿੱਤਾ। ਟੋਰਾਂਟੋ ਸਟੇਡੀਅਮ 'ਚ ਮੌਜੂਦ ਹਰ ਇੱਕ ਪ੍ਰਸ਼ੰਸਕ ਇਨ੍ਹਾਂ ਪਲਾਂ ਨੂੰ ਪੂਰੀ ਤਰ੍ਹਾਂ ਮਾਣ ਰਿਹਾ ਸੀ ਅਤੇ ਕਈ ਖੇਡ ਪ੍ਰੇਮੀਆਂ ਨੇ ਇਸ ਖ਼ੂਬਸੂਰਤ ਨਜ਼ਾਰੇ ਨੂੰ ਆਪਣੇ ਕੈਮਰਿਆਂ 'ਚ ਵੀ ਕੈਦ ਕਰ ਲਿਆ।
ਨੋਰਾ ਫਤੇਹੀ ਨੇ ਸਟੇਜ 'ਤੇ ਲਾਈ ਅੱਗ
ਕੁਝ ਹੀ ਦੇਰ 'ਚ ਆਪਣੀਆਂ ਅਦਾਵਾਂ ਲਈ ਮਸ਼ਹੂਰ ਨੋਰਾ ਫਤੇਹੀ ਨੇ ਸਟੇਜ 'ਤੇ ਸ਼ਾਨਦਾਰ ਐਂਟਰੀ ਲਈ। ਨੋਰਾ ਨੇ ਆਰਟਿਸਟ ਵੇਜਡ੍ਰੀਮ ਅਤੇ ਸੰਜੋਏ ਨਾਲ ਮਿਲ ਕੇ ਫੀਫਾ ਦਾ ਆਫ਼ੀਸ਼ੀਅਲ ਐਂਥਮ (Official Anthem) 'ਸੀਰ ਸੀਰ' (Siir Siir) ਪੇਸ਼ ਕੀਤਾ। ਉਨ੍ਹਾਂ ਦੇ ਮੰਚ 'ਤੇ ਆਉਂਦਿਆਂ ਹੀ ਪੂਰੇ ਸਟੇਡੀਅਮ 'ਚ ਇੱਕ ਵੱਖਰਾ ਹੀ ਉਤਸ਼ਾਹ ਅਤੇ ਦੀਵਾਨਗੀ ਛਾ ਗਈ। ਇਸ ਤੋਂ ਇਲਾਵਾ ਐਲੈਨਿਸ ਮੋਰਿਸੈੱਟ ਅਤੇ ਮਾਈਕਲ ਬੁਬਲੇ ਵਰਗੇ ਦਿੱਗਜਾਂ ਦੀ ਮੌਜੂਦਗੀ ਨੇ ਇਸ ਸਮਾਗਮ ਨੂੰ ਹਮੇਸ਼ਾ ਲਈ ਯਾਦਗਾਰ ਬਣਾ ਦਿੱਤਾ।
ਇਨ੍ਹਾਂ ਪ੍ਰਮੁੱਖ ਕਲਾਕਾਰਾਂ ਨੇ ਦਿੱਤੀ ਪੇਸ਼ਕਾਰੀ
ਫੀਫਾ ਵਰਲਡ ਕੱਪ 2026 ਦੀ ਇਸ ਓਪਨਿੰਗ ਸੈਰੇਮਨੀ 'ਚ ਨੋਰਾ ਫਤੇਹੀ, ਐਲੈਨਿਸ ਮੋਰਿਸੈੱਟ, ਅਲੇਸੀਆ ਕਾਰਾ, ਐਲੀਆਨਾ, ਜੇਸੀ ਰੇਏਜ਼, ਮਾਈਕਲ ਬੁਬਲੇ, ਸੰਜੋਏ, ਵੇਜਡ੍ਰੀਮ ਅਤੇ ਵਿਲੀਅਮ ਪ੍ਰਿੰਸ ਵਰਗੇ ਨਾਮਵਰ ਕਲਾਕਾਰਾਂ ਨੇ ਆਪਣੀ ਅਦਾਕਾਰੀ ਅਤੇ ਗਾਇਕੀ ਦੇ ਜੌਹਰ ਦਿਖਾਏ।