ਚੰਬਲ ਦਾ ਖ਼ੌਫ, ਫੂਲਨ ਦੇਵੀ ਦੀ ਦਾਸਤਾਨ...31 ਸਾਲ ਬਾਅਦ ਪਰਦੇ 'ਤੇ ਆ ਰਹੀ ਹੈ Bandit Queen 2, 'ਸਤਲੁਜ' ਦੇ ਡਾਇਰੈਕਟਰ ਨੇ ਕੀਤਾ ਐਲਾਨ
Bandit Queen 2 : ਸ਼ੇਖਰ ਕਪੂਰ ਦੀ 'ਬੈਂਡਿਟ ਕੁਈਨ' ਦੇ 32 ਸਾਲ ਬਾਅਦ ਸੀਕਵਲ ਬਣਨ ਜਾ ਰਿਹਾ ਹੈ। ਹਨੀ ਤ੍ਰੇਹਨ ਕਰਨਗੇ ਨਿਰਦੇਸ਼ਨ, ਫ਼ਿਲਮ 'ਚ ਜੇਲ੍ਹ ਤੋਂ ਬਾਅਦ ਫੂਲਨ ਦੇਵੀ ਦੀ ਜ਼ਿੰਦਗੀ ਦਿਖਾਈ ਜਾਵੇਗੀ।
Publish Date: Fri, 13 Nov 2026 04:52 PM (IST)
Updated Date: Fri, 13 Nov 2026 04:56 PM (IST)
ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : ਸ਼ੇਖਰ ਕਪੂਰ ਦੀ 1994 'ਚ ਆਈ ਫ਼ਿਲਮ 'ਬੈਂਡਿਟ ਕੁਈਨ' ਭਾਰਤੀ ਡਾਕੂ ਫੂਲਨ ਦੇਵੀ ਦੇ ਜੀਵਨ 'ਤੇ ਆਧਾਰਿਤ ਸੀ। ਤਿੰਨ ਦਹਾਕਿਆਂ ਬਾਅਦ ਹੁਣ ਇਸ ਦੇ ਸੀਕਵਲ ਦੀ ਪੁਸ਼ਟੀ ਹੋ ਗਈ ਹੈ, ਜੋ ਉਨ੍ਹਾਂ ਦੀ ਜ਼ਿੰਦਗੀ ਦੇ ਇਕ ਹੋਰ ਅਧਿਆਏ ਨੂੰ ਪਰਦੇ 'ਤੇ ਪੇਸ਼ ਕਰੇਗਾ।
'ਸਤਲੁਜ' (Satluj) ਦੇ ਨਿਰਦੇਸ਼ਕ ਹਨੀ ਤ੍ਰੇਹਨ ਨੇ ਪਿਛਲੇ ਮਹੀਨੇ ਇਸ ਪ੍ਰੋਜੈਕਟ ਦੇ ਨਿਰਦੇਸ਼ਨ ਲਈ ਸਹਿਮਤੀ ਦਿੱਤੀ ਹੈ। ਇਕ ਰਿਪੋਰਟ ਅਨੁਸਾਰ, ਨਵੀਂ ਫ਼ਿਲਮ 'ਚ 1983 'ਚ ਪੁਲਿਸ ਸਾਹਮਣੇ ਫੂਲਨ ਦੇਵੀ ਦੇ ਆਤਮ-ਸਮਰਪਣ, 11 ਸਾਲ ਜੇਲ੍ਹ 'ਚ ਬਿਤਾਉਣ ਤੋਂ ਬਾਅਦ ਦੀ ਉਨ੍ਹਾਂ ਦੀ ਜ਼ਿੰਦਗੀ ਅਤੇ 2001 'ਚ ਉਨ੍ਹਾਂ ਦੇ ਕਤਲ ਨਾਲ ਜੁੜੀਆਂ ਘਟਨਾਵਾਂ 'ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ।
'ਬੈਂਡਿਟ ਕੁਈਨ' ਦੇ ਸੀਕਵਲ ਦਾ ਐਲਾਨ
'ਬੈਂਡਿਟ ਕੁਈਨ 2' ਦੇ ਸੀਕਵਲ ਬਾਰੇ ਗੱਲ ਕਰਦਿਆਂ ਹਨੀ ਤ੍ਰੇਹਨ ਨੇ 'ਮਿਡ-ਡੇ' ਨਾਲ ਗੱਲਬਾਤ 'ਚ ਕਿਹਾ ਕਿ ਇਸ ਪ੍ਰੋਜੈਕਟ 'ਤੇ ਕੰਮ ਕਰਨਾ ਇਕ ਵੱਡੀ ਜ਼ਿੰਮੇਵਾਰੀ ਹੈ। ਨਿਰਦੇਸ਼ਕ ਨੇ ਦੱਸਿਆ ਕਿ 1994 'ਚ ਆਈ ਇਹ ਫ਼ਿਲਮ ਉਨ੍ਹਾਂ ਦੀ ਪੀੜ੍ਹੀ ਦੇ ਫ਼ਿਲਮ ਨਿਰਮਾਤਾਵਾਂ ਲਈ ਪ੍ਰੇਰਨਾ ਦਾ ਇਕ ਵੱਡਾ ਸਰੋਤ ਰਹੀ ਹੈ ਅਤੇ ਉਹ ਇਸ ਮੌਕੇ ਨੂੰ ਬੇਹੱਦ ਖ਼ਾਸ ਮੰਨਦੇ ਹਨ। ਹਨੀ ਨੇ ਇਹ ਵੀ ਦੱਸਿਆ ਕਿ ਸੀਕਵਲ ਦੀ ਕਹਾਣੀ ਅੱਗੇ ਕਿਵੇਂ ਵਧੇਗੀ।
ਕੀ ਹੋਵੇਗੀ ਸੀਕਵਲ ਦੀ ਕਹਾਣੀ?
ਉਨ੍ਹਾਂ ਕਿਹਾ, ''ਇਹ ਫ਼ਿਲਮ ਉੱਥੋਂ ਹੀ ਸ਼ੁਰੂ ਹੁੰਦੀ ਹੈ, ਜਿੱਥੇ ਸ਼ੇਖਰ ਸਰ ਦੀ 'ਬੈਂਡਿਟ ਕੁਈਨ' ਖ਼ਤਮ ਹੋਈ ਸੀ। ਅਸਲ ਫ਼ਿਲਮ ਨੇ ਜਿਸ ਸੰਦੇਸ਼ ਨੂੰ ਦਰਸਾਇਆ ਸੀ, ਉਸ ਦਾ ਸਨਮਾਨ ਕਰਨਾ ਇਕ ਵੱਡੀ ਜ਼ਿੰਮੇਵਾਰੀ ਹੈ। ਮੈਂ ਇਸ ਸਮੇਂ ਸਕ੍ਰਿਪਟ 'ਚ ਪੂਰੀ ਤਰ੍ਹਾਂ ਡੁੱਬਿਆ ਹੋਇਆ ਹਾਂ ਅਤੇ ਬੌਬੀ (ਬੇਦੀ) ਸਰ ਵੱਲੋਂ ਪਹਿਲਾਂ ਹੀ ਕੀਤੀ ਗਈ ਖੋਜ ਨੂੰ ਦੇਖ ਰਿਹਾ ਹਾਂ।''
ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਦੀ ਫੂਲਨ ਦੇਵੀ ਦੀ ਜ਼ਿੰਦਗੀ ਦਿਖਾਈ ਜਾਵੇਗੀ
ਨਿਰਮਾਤਾ ਬੌਬੀ ਨੇ ਦੱਸਿਆ ਕਿ ਸ਼ੇਖਰ ਕਪੂਰ (Shekhar Kapoor) ਦੀ ਫ਼ਿਲਮ ਬਲਾਤਕਾਰ ਅਤੇ ਬਦਲੇ ਦੀ ਭਾਵਨਾ 'ਤੇ ਕੇਂਦਰਿਤ ਸੀ, ਜਦਕਿ ਸੀਕਵਲ 'ਚ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਫੂਲਨ ਦੇਵੀ (Phoolan Devi) ਦੀ ਜ਼ਿੰਦਗੀ ਦਿਖਾਈ ਜਾਵੇਗੀ।
ਉਨ੍ਹਾਂ ਦੱਸਿਆ, ''ਇਹ ਇਕ ਅਜਿਹੀ ਔਰਤ ਦੀ ਕਹਾਣੀ ਹੈ, ਜਿਸ ਨੇ ਬੇਹੱਦ ਅਸਾਧਾਰਨ ਜੀਵਨ ਬਿਤਾਇਆ। ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਉਹ ਕੀ ਚੁਣਦੀ ਹੈ, ਫ਼ਿਲਮ ਦੀ ਕਹਾਣੀ ਇਸੇ 'ਤੇ ਆਧਾਰਿਤ ਹੈ। ਕਹਾਣੀ ਦਾ ਇਕ ਅਹਿਮ ਹਿੱਸਾ ਉਮੇਦ ਸਿੰਘ ਨਾਲ ਉਨ੍ਹਾਂ ਦਾ ਰਿਸ਼ਤਾ ਵੀ ਹੋਵੇਗਾ, ਜਿਨ੍ਹਾਂ ਨਾਲ ਬਾਅਦ 'ਚ ਉਨ੍ਹਾਂ ਨੇ ਵਿਆਹ ਕਰਵਾ ਲਿਆ ਸੀ।''
ਬੌਬੀ ਨੇ ਅੱਗੇ ਕਿਹਾ, ''ਉਮੇਦ ਸਿੰਘ ਨਾਲ ਉਨ੍ਹਾਂ ਦੀ ਪ੍ਰੇਮ ਕਹਾਣੀ ਇਸ ਫ਼ਿਲਮ ਦਾ ਇਕ ਮਹੱਤਵਪੂਰਨ ਹਿੱਸਾ ਹੈ। ਉਨ੍ਹਾਂ ਦੀ ਨਿੱਜੀ ਜ਼ਿੰਦਗੀ, ਔਰਤਾਂ ਦੇ ਅਧਿਕਾਰਾਂ ਲਈ ਉਨ੍ਹਾਂ ਦੀ ਲੜਾਈ ਅਤੇ ਦੋ ਵਾਰ ਸੰਸਦ ਮੈਂਬਰ ਬਣਨਾ-ਇਹ ਸਭ ਉਨ੍ਹਾਂ ਦੇ ਸਫ਼ਰ ਦਾ ਹਿੱਸਾ ਹਨ। ਉਨ੍ਹਾਂ ਦੀ ਜ਼ਿੰਦਗੀ 'ਚ ਹੋਰ ਵੀ ਬਹੁਤ ਕੁਝ ਹੈ, ਜੋ ਲੋਕਾਂ ਨੇ 'ਬੈਂਡਿਟ ਕੁਈਨ' 'ਚ ਨਹੀਂ ਦੇਖਿਆ ਸੀ।''
'ਬੈਂਡਿਟ ਕੁਈਨ' ਦੀ ਕਾਸਟ ਐਂਡ ਕਰੂ
ਸ਼ੇਖਰ ਕਪੂਰ ਵੱਲੋਂ ਨਿਰਦੇਸ਼ਿਤ ਅਤੇ ਮਾਲਾ ਸੇਨ ਵੱਲੋਂ ਲਿਖੀ ਗਈ ਇਸ ਫ਼ਿਲਮ 'ਚ ਸੀਮਾ ਬਿਸਵਾਸ ਅਤੇ ਨਿਰਮਲ ਪਾਂਡੇ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਸਨ। ਇਹ ਫ਼ਿਲਮ 26 ਜਨਵਰੀ 1994 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ।
ਫੂਲਨ ਦੇਵੀ ਦੇ ਜੀਵਨ 'ਤੇ ਆਧਾਰਿਤ ਇਸ ਫ਼ਿਲਮ ਨੂੰ 'ਕੈਲੀਡੋਸਕੋਪ ਐਂਟਰਟੇਨਮੈਂਟ' ਅਤੇ 'ਫ਼ਿਲਮ ਫੋਰ ਇੰਟਰਨੈਸ਼ਨਲ' ਨੇ ਪ੍ਰੋਡਿਊਸ ਕੀਤਾ ਸੀ, ਜਦਕਿ ਇਸ ਦੀ ਡਿਸਟ੍ਰੀਬਿਊਸ਼ਨ ਦੀ ਜ਼ਿੰਮੇਵਾਰੀ 'ਅਮਿਤਾਭ ਬੱਚਨ ਕਾਰਪੋਰੇਸ਼ਨ' ਨੇ ਸੰਭਾਲੀ ਸੀ।
ਦੂਜੇ ਪਾਸੇ, ਹਨੀ ਤ੍ਰੇਹਨ ਦੇ ਹਾਲੀਆ ਪ੍ਰੋਜੈਕਟ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਪਿਛਲੀ ਫ਼ਿਲਮ ਦਿਲਜੀਤ ਦੋਸਾਂਝ ਅਭਿਨੀਤ 'ਸਤਲੁਜ' (Satluj) ਸੀ। ਇਸ ਦਾ ਪ੍ਰੀਮੀਅਰ ਸਿੱਧਾ ZEE5 'ਤੇ ਹੋਇਆ ਸੀ, ਪਰ ਰਿਲੀਜ਼ ਹੋਣ ਦੇ ਕੁਝ ਹੀ ਘੰਟਿਆਂ ਅੰਦਰ ਇਸ ਨੂੰ ਹਟਾ ਦਿੱਤਾ ਗਿਆ ਸੀ।
'ਬੈਂਡਿਟ ਕੁਈਨ' ਬਾਰੇ ਜਾਣੋ
'ਬੈਂਡਿਟ ਕੁਈਨ' 1994 ਦੀ ਇਕ ਐਕਸ਼ਨ-ਐਡਵੈਂਚਰ ਫ਼ਿਲਮ ਹੈ। ਇਹ ਫ਼ਿਲਮ ਫੂਲਨ ਦੇਵੀ ਦੇ ਜੀਵਨ 'ਤੇ ਬਣਾਈ ਗਈ ਸੀ ਅਤੇ ਭਾਰਤੀ ਲੇਖਿਕਾ ਮਾਲਾ ਸੇਨ ਦੀ ਕਿਤਾਬ 'ਇੰਡੀਆਜ਼ ਬੈਂਡਿਟ ਕੁਈਨ: ਦਿ ਟਰੂ ਸਟੋਰੀ ਆਫ਼ ਫੂਲਨ ਦੇਵੀ' 'ਤੇ ਆਧਾਰਿਤ ਸੀ। ਇਸ ਦਾ ਨਿਰਦੇਸ਼ਨ ਸ਼ੇਖਰ ਕਪੂਰ ਨੇ ਕੀਤਾ ਸੀ ਅਤੇ ਇਸ 'ਚ ਸੀਮਾ ਬਿਸਵਾਸ ਨੇ ਮੁੱਖ ਭੂਮਿਕਾ ਨਿਭਾਈ ਸੀ।
ਇਸ ਫ਼ਿਲਮ ਨੇ ਹਿੰਦੀ 'ਚ ਸਰਵੋਤਮ ਫੀਚਰ ਫ਼ਿਲਮ ਲਈ ਰਾਸ਼ਟਰੀ ਫ਼ਿਲਮ ਪੁਰਸਕਾਰ, ਸਰਵੋਤਮ ਫ਼ਿਲਮ ਲਈ ਫ਼ਿਲਮਫੇਅਰ ਕ੍ਰਿਟਿਕਸ ਐਵਾਰਡ ਤੇ ਉਸ ਸਾਲ ਸਰਵੋਤਮ ਨਿਰਦੇਸ਼ਨ ਦਾ ਪੁਰਸਕਾਰ ਜਿੱਤਿਆ ਸੀ। 67ਵੇਂ ਅਕੈਡਮੀ ਐਵਾਰਡਜ਼ 'ਚ ਸਰਵੋਤਮ ਵਿਦੇਸ਼ੀ ਭਾਸ਼ਾ ਦੀ ਫ਼ਿਲਮ ਦੀ ਸ਼੍ਰੇਣੀ ਲਈ ਇਸ ਨੂੰ ਭਾਰਤ ਵੱਲੋਂ ਭੇਜਿਆ ਗਿਆ ਸੀ।