- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਦਾ ਸਿੱਖਿਆ ਹੱਬ ਮੰਨੇ ਜਾਂਦੇ ਪਟਿਆਲਾ ਸ਼ਹਿਰ ਦੇ ਕਾਫ਼ੀ ਨਜ਼ਦੀਕ ਹੋਣ ਦੇ ਬਾਵਜੂਦ ਘਨੌਰ ਉੁਚੇਰੀ ਸਿੱਖਿਆ ਤੋਂ ਸੱਖਣਾ ਹੀ ਰਿਹਾ ਤੇ ਵਿੱਦਿਅਕ ਪੱਛੜਾਪਣ ਇੱਥੋਂ ਦੇ ਸਰਬਪੱਖੀ ਵਿਕਾਸ ’ਚ ਅੜਿੱਕਾ ਬਣਦਾ ਰਿਹਾ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਦਾ ਵਿੱਦਿਅਕ ਤਲਿਸਮ ਵੀ ਇੱਥੋਂ ਦੇ ਪਾੜਿਆਂ ’ਤੇ ਨਾ ਚੱਲ ਸਕਿਆ।

ਪੰਜਾਬ ਦਾ ਸਿੱਖਿਆ ਹੱਬ ਮੰਨੇ ਜਾਂਦੇ ਪਟਿਆਲਾ ਸ਼ਹਿਰ ਦੇ ਕਾਫ਼ੀ ਨਜ਼ਦੀਕ ਹੋਣ ਦੇ ਬਾਵਜੂਦ ਘਨੌਰ ਉੁਚੇਰੀ ਸਿੱਖਿਆ ਤੋਂ ਸੱਖਣਾ ਹੀ ਰਿਹਾ ਤੇ ਵਿੱਦਿਅਕ ਪੱਛੜਾਪਣ ਇੱਥੋਂ ਦੇ ਸਰਬਪੱਖੀ ਵਿਕਾਸ ’ਚ ਅੜਿੱਕਾ ਬਣਦਾ ਰਿਹਾ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਦਾ ਵਿੱਦਿਅਕ ਤਲਿਸਮ ਵੀ ਇੱਥੋਂ ਦੇ ਪਾੜਿਆਂ ’ਤੇ ਨਾ ਚੱਲ ਸਕਿਆ। ਸਾਲ 2010-11 ਤੱਕ ਇਸ ਇਲਾਕੇ ਦਾ ਕੋਈ ਵਿਰਲਾ ਵਿਦਿਆਰਥੀ ਹੀ ਯੂਨੀਵਰਸਿਟੀ ਦੇ ਵਿਭਾਗ ਵਿਚ ਨਜ਼ਰੀਂ ਪੈਂਦਾ ਸੀ। ਬਾਰ੍ਹਵੀਂ ਤੋਂ ਬਾਅਦ ਬਹੁਤੇ ਨੌਜਵਾਨ ਅੱਗੇ ਪੜ੍ਹਾਈ ਕਰਨ ਨਾਲੋਂ ਲੋਕਲ ਫੈਕਟਰੀਆਂ ਜਾਂ ਮਜ਼ਦੂਰੀ ਦੇ ਹੋਰ ਧੰਦੇ ਅਪਣਾਉਣ ਨੂੰ ਵਧੇਰੇ ਤਰਜੀਹ ਦਿੰਦੇ ਸਨ। ਨੌਜਵਾਨ ਲੜਕੀਆਂ ਨੂੰ ਸਿੱਖਿਆ ਦੇਣ ਦਾ ਵਿਚਾਰ ਤਾਂ ਲੋਕਾਂ ਦੀ ਸੋਚ ਦਾ ਹਿੱਸਾ ਵੀ ਨਹੀਂ ਸੀ। ਇਲਾਕੇ ਦੇ ਲੋਕ ਬਹੁਤੇ ਜਾਗਰੂਕ ਨਾ ਹੋਣ ਕਰਕੇ ਉਨ੍ਹਾਂ ਦੁਆਰਾ ਕਦੇ ਵੀ ਕਾਲਜ ਸਥਾਪਤ ਕਰਨ ਦੀ ਮੰਗ ਮੌਜੂਦਾ ਸਰਕਾਰਾਂ ਅੱਗੇ ਨਹੀਂ ਸੀ ਰੱਖੀ ਗਈ।
2011 ’ਚ ਹੋਇਆ ਸਥਾਪਤ
ਚੰਗੇ ਭਾਗਾਂ ਨਾਲ ਭਾਰਤ ਸਰਕਾਰ ਵੱਲੋਂ ਦੇਸ਼ ’ਚ ਵਿੱਦਿਅਕ ਤੌਰ ਉੱਤੇ ਪੱਛੜੇ ਇਲਾਕੇ ਤਲਾਸ਼ਣ ਲਈ ਸਰਵੇ ਕਰਵਾਇਆ ਗਿਆ ਤੇ ਉਨ੍ਹਾਂ ਪੱਛੜੇ ਇਲਾਕਿਆਂ ’ਚ ਉੁਚੇਰੀ ਸਿੱਖਿਆ ਪ੍ਰਦਾਨ ਕਰਨ ਹਿੱਤ ਸਰਕਾਰੀ ਡਿਗਰੀ ਕਾਲਜ ਖੋਲ੍ਹਣ ਦਾ ਫ਼ੈਸਲਾ ਕੀਤਾ ਗਿਆ। ਸਾਲ 2011 ’ਚ ਪੰਜਾਬ ਸਰਕਾਰ ਦੁਆਰਾ ਵਿੱਦਿਅਕ ਤੌਰ ’ਤੇ ਪੱਛੜੇ ਇਲਾਕੇ ਘਨੌਰ ’ਚ ਯੂਨੀਵਰਸਿਟੀ ਕਾਲਜ ਸਥਾਪਤ ਕੀਤਾ ਗਿਆ, ਜਿਸ ਨੂੰ ਚਲਾਉਣ ਦਾ ਜ਼ਿੰਮਾ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੂੰ ਸੌਂਪਿਆ ਗਿਆ। ਯੂਨੀਵਰਸਿਟੀ ਕਾਲਜ, ਘਨੌਰ ਦੀ ਸਥਾਪਨਾ ਇਲਾਕੇ ਲਈ ਉਹ ਸੌਗਾਤ ਸੀ, ਜਿਸ ਦੁਆਰਾ ਹੋਣ ਵਾਲੀ ਕਰਾਮਾਤ ਲੋਕਾਂ ਦੀ ਕਲਪਨਾ ਤੋਂ ਵੀ ਪਰ੍ਹੇ ਸੀ। ਸਾਲ 2011 ਨੂੰ ਕਾਲਜ ਦੇ ਰੂਪ ’ਚ ਲਾਇਆ ਉਹ ਵਿੱਦਿਅਕ ਬੂਟਾ ਅੱਜ ਵਿਸ਼ਾਲ ਦਰੱਖ਼ਤ ਬਣ ਚੁੱਕਿਆ ਹੈ, ਜੋ ਛਾਂਦਾਰ ਵੀ ਹੈ ਤੇ ਫ਼ਲਦਾਰ ਵੀ। ਲਗਪਗ 50 ਪਿੰਡਾਂ ਦੇ ਵਿਦਿਆਰਥੀ ਦੂਰ-ਦੁਰਾਡੇ ਜਾਣ ਦੀ ਬਜਾਏ ਆਪਣੇ ਇਲਾਕੇ ਵਿਚ ਹੀ (ਬੀਏ, ਬੀਕਾਮ, ਬੀਸੀਏ, ਬੀਐੱਸਸੀ ਨਾਨ-ਮੈਡੀਕਲ, ਪੀਜੀਡੀਸੀਏ ਤੇ ਐੱਮਏ ਪੰਜਾਬੀ) ਉੱਚ ਦਰਜੇ ਦੀ ਸਿੱਖਿਆ ਪ੍ਰਾਪਤ ਕਰ ਰਹੇ ਹਨ।
ਮਿਆਰੀ ਸਿੱਖਿਆ ਦੇਣ ਲਈ ਵਚਨਬੱਧ
ਗ਼ਰੀਬ ਵਿਦਿਆਰਥਣਾਂ ਲਈ ਤਾਂ ਪੜ੍ਹਾਈ ਇਕ ਸੁਪਨੇ ਵਾਂਗ ਸੀ। ਸਥਾਪਨਾ ਤੋਂ ਲੈ ਕੇ ਹੁਣ ਤੱਕ ਯੂਨੀਵਰਸਿਟੀ ਕਾਲਜ ਘਨੌਰ ਅਜਿਹੇ ਵਿਦਿਆਰਥੀਆਂ ਨੂੰ ਬਹੁਤ ਘੱਟ ਫ਼ੀਸਾਂ ’ਤੇ ਮਿਆਰੀ ਸਿੱਖਿਆ ਦੇਣ ਲਈ ਵਚਨਬੱਧ ਹੈ। ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਅਧੀਨ ਪੂਰੀ ਫ਼ੀਸ ਮੁਆਫ਼ ਹੋਣ ਕਾਰਨ ਗ਼ਰੀਬ ਪਰਿਵਾਰਾਂ ਦੇ ਕਿੰਨੇ ਹੀ ਵਿਦਿਆਰਥੀ ਉਚੇਰੀ ਸਿੱਖਿਆ ਪ੍ਰਾਪਤ ਕਰਨ ਦਾ ਸੁਪਨਾ ਸਾਕਾਰ ਕਰਨ ਵਿਚ ਕਾਮਯਾਬ ਹੋਏ ਹਨ। ਪੜ੍ਹਾਈ ਦੇ ਨਾਲ-ਨਾਲ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਕਾਲਜ ਵਿਚ ਐੱਨਐੱਸਐੱਸ, ਐੱਨਸੀਸੀ (ਆਰਮੀ ਅਤੇ ਏਅਰ) ਅਤੇ ਖੇਡ ਵਿੰਗ ਸਰਗਰਮ ਹਨ। ਕਾਲਜ ਦੇ ਕਈ ਐੱਨਸੀਸੀ ਕੈਡਿਟ ਭਾਰਤੀ ਫ਼ੌਜ ਵਿਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰ ਰਹੇ ਹਨ। ਖੇਡਾਂ ਵਿਚ ਵੀ ਕਾਲਜ ਨੇ ਨਾਮਣਾ ਖੱਟਿਆ ਹੈ। ਕਾਲਜ ਤੋਂ ਆਪਣੀ ਪੜ੍ਹਾਈ ਮੁਕੰਮਲ ਕਰਨ ਤੋਂ ਬਾਅਦ ਬਹੁਤ ਸਾਰੇ ਵਿਦਿਆਰਥੀ ਸਰਕਾਰੀ ਅਤੇ ਗ਼ੈਰ-ਸਰਕਾਰੀ ਵਿਭਾਗਾਂ ਵਿਚ ਨੌਕਰੀਆਂ ਕਰ ਰਹੇ ਹਨ।
ਮਨ ਨੂੰ ਮਿਲਦਾ ਸਕੂਨ
ਅੱਜ ਜਦੋਂ ਪਿਛਾਂਹ ਵੱਲ ਝਾਤ ਮਾਰਦੇ ਹਾਂ ਤਾਂ ਮਨ ਨੂੰ ਬੜਾ ਸਕੂਨ ਅਤੇ ਤਸੱਲੀ ਮਿਲਦੀ ਹੈ ਕਿ ਜਿਸ ਮਕਸਦ ਨਾਲ ਕਾਲਜ ਸਥਾਪਿਤ ਕੀਤਾ ਗਿਆ ਸੀ, ਉਹ ਉਸ ’ਚ ਕਾਫ਼ੀ ਹੱਦ ਤੱਕ ਸਫਲ ਸਾਬਿਤ ਹੋਇਆ ਹੈ। ਜਿਸ ਤਰ੍ਹਾਂ ਪਾਣੀ ਦੀ ਇਕ ਬੂੰਦ ਦੀ ਅਸਲੀ ਕੀਮਤ ਮਾਰੂਥਲ ’ਚ ਬੈਠਾ ਪਿਆਸਾ ਵਿਅਕਤੀ ਹੀ ਜਾਣ ਸਕਦਾ ਹੈ, ਠੀਕ ਉਸੇ ਤਰ੍ਹਾਂ ਘਨੌਰ ਕਾਲਜ ਦੀ ਅਹਿਮੀਅਤ ਉਹੀ ਪਰਿਵਾਰ ਜਾਣਦੇ ਹਨ, ਜਿਨ੍ਹਾਂ ਨੂੰ ਇਸ ਕਾਲਜ ਨੇ ਉਨ੍ਹਾਂ ਦੇ ਖ਼ਾਨਦਾਨ ਦਾ ਪਹਿਲਾ ਗ੍ਰੈਜੂਏਟ ਦਿੱਤਾ ਹੈ। ਗਿਆਨ ਦੇ ਵਿਸ਼ਾਲ ਸਮੁੰਦਰ ਵਿਚ ਇਹ ਕਾਲਜ ਇਕ ਬੂੰਦ ਮਾਤਰ ਤਾਂ ਜ਼ਰੂਰ ਹੋ ਸਕਦਾ ਹੈ ਪਰ ਯਕੀਨ ਨਾਲ ਕਹਿ ਸਕਦੇ ਹਾਂ ਕਿ ਪੁਆਧ ਦਾ ਵੱਡਾ ਇਲਾਕਾ ਗਿਆਨ ਵਿਹੂਣਾ ਮਾਰੂਥਲ ਹੁੰਦਾ, ਜੇ ਯੂਨੀਵਰਸਿਟੀ ਕਾਲਜ ਘਨੌਰ ਨਾ ਹੁੰਦਾ।
• ਡਾ. ਜਤਿੰਦਰ ਸਿੰਘ
98883-00691