- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਿਕਰਯੋਗ ਹੈ ਕਿ ਇਕ ਮਹੀਨੇ ਪਹਿਲਾਂ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐੱਸਈ) ਨੇ ਐਲਾਨ ਕੀਤਾ ਸੀ ਕਿ ਦੋ ਭਾਰਤੀ ਭਾਸ਼ਾਵਾਂ ਸਣੇ ਤਿੰਨ ਭਾਸ਼ਾਵਾਂ ਦਾ ਅਧਿਐਨ ਨੌਵੀਂ ਜਮਾਤ ਦੇ ਵਿਦਿਆਰਥੀਆਂ ਲਈ ਇਕ ਜੁਲਾਈ ਤੋਂ ਲਾਜ਼ਮੀ ਕਰ ਦਿੱਤਾ ਗਿਆ ਹੈ।

ਨਵੀਂ ਦਿੱਲੀ (ਪੀਟੀਆਈ) : ਕੇਂਦਰ ਸਰਕਾਰ ਨੇ ਸੀਬੀਐੱਸਈ ਵਿਚ ਦੋ ਭਾਰਤੀ ਭਾਸ਼ਾਵਾਂ ਸਣੇ ਤਿੰਨ ਭਾਸ਼ਾਵਾਂ ਪੜ੍ਹਨ ਦੀ ਲਾਜ਼ਮੀਅਤਾ ਦੇ ਵਿਵਾਦ ’ਤੇ ਫਿਲਹਾਲ ਰੋਕ ਲਗਾਉਂਦਿਆਂ ਇਸ ਸੈਸ਼ਨ ਵਿਚ ਲੱਖਾਂ ਵਿਦਿਆਰਥੀਆਂ ਨੂੰ ਛੋਟ ਦਿੱਤੀ ਹੈ। ਸੀਬੀਐੱਸਈ ਦੇ ਅਧਿਕਾਰੀਆਂ ਨੇ ਦੱਸਿਆ ਕਿ ਤਿੰਨ ਭਾਸ਼ਾਈ ਨੀਤੀ ਤਹਿਤ ਦੋ ਵਿਦੇਸ਼ੀ ਭਾਸ਼ਾਵਾਂ ਦਾ ਬਦਲ ਚੁਣਨ ਵਾਲੇ ਸੱਤਵੀਂ ਤੋਂ ਨੌਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਦਸਵੀਂ ਜਮਾਤ ਵਿਚ ਵੀ ਉਸੇ ਭਾਸ਼ਾ-ਸੰਯੋਜਨ ਨਾਲ ਪੜ੍ਹਾਈ ਜਾਰੀ ਰੱਖਣ ਦੀ ਮਨਜ਼ੂਰੀ ਦਿੱਤੀ ਜਾਵੇਗੀ। ਸਿੱਖਿਆ ਮੰਤਰਾਲੇ ਦੇ ਸੂਤਰਾਂ ਦਾ ਕਹਿਣਾ ਹੈ ਕਿ ਦੋ ਭਾਰਤੀ ਭਾਸ਼ਾਵਾਂ ਨੂੰ ਪੜ੍ਹਨ ਦੀ ਲਾਜ਼ਮੀਅਤਾ ਛੇਵੀਂ ਜਮਾਤ ਤੋਂ ਲਾਗੂ ਕੀਤੀ ਜਾਵੇਗੀ। ਇਸ ਲਈ ਇਸ ਸਮੇਂ ਸੱਤਵੀਂ, ਅੱਠਵੀਂ ਅਤੇ ਨੌਵੀਂ ਜਮਾਤ ਵਿਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਤਿੰਨ ਭਾਸ਼ਾਵਾਂ ਪੜ੍ਹਨ ਦੇ ਨਿਯਮ ਤੋਂ ਫਿਲਹਾਲ ਛੋਟ ਮਿਲੇਗੀ।
ਜ਼ਿਕਰਯੋਗ ਹੈ ਕਿ ਇਕ ਮਹੀਨੇ ਪਹਿਲਾਂ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐੱਸਈ) ਨੇ ਐਲਾਨ ਕੀਤਾ ਸੀ ਕਿ ਦੋ ਭਾਰਤੀ ਭਾਸ਼ਾਵਾਂ ਸਣੇ ਤਿੰਨ ਭਾਸ਼ਾਵਾਂ ਦਾ ਅਧਿਐਨ ਨੌਵੀਂ ਜਮਾਤ ਦੇ ਵਿਦਿਆਰਥੀਆਂ ਲਈ ਇਕ ਜੁਲਾਈ ਤੋਂ ਲਾਜ਼ਮੀ ਕਰ ਦਿੱਤਾ ਗਿਆ ਹੈ। ਕਈ ਵਿਦਿਆਰਥੀਆਂ ਤੇ ਮਾਪਿਆਂ ਨੇ ਸੀਬੀਐੱਸਈ ਦੇ ਹੁਕਮ ਖ਼ਿਲਾਫ਼ ਅਦਾਲਤ ਦਾ ਰੁਖ਼ ਕੀਤਾ ਸੀ।
ਬੋਰਡ ਦੇ ਇਕ ਸੀਨੀਅਰ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਨਵੀਂ ਭਾਸ਼ਾ ਨੀਤੀ ਤਹਿਤ ਘੱਟੋ-ਘੱਟ ਦੋ ਭਾਰਤੀ ਭਾਸ਼ਾਵਾਂ ਦਾ ਅਧਿਐਨ ਕਰਨ ਦੀ ਲੋੜ ਛੇਵੀਂ ਜਮਾਤ ਤੋਂ ਲਾਗੂ ਹੋਵੇਗੀ ਅਤੇ ਇਹ ਪਹਿਲਾਂ ਹੀ ਸੱਤਵੀਂ ਤੋਂ ਨੌਵੀਂ ਜਮਾਤ ਵਿਚ ਪੜ੍ਹ ਰਹੇ ਵਿਦਿਆਰਥੀਆਂ ’ਤੇ ਲਾਗੂ ਨਹੀਂ ਹੋਵੇਗੀ। ਇਸ ਦੀ ਸਪੱਸ਼ਟਤਾ ਲਈ ਇਕ ਅਧਿਕਾਰਤ ਨੋਟੀਫਿਕੇਸ਼ਨ ਜਲਦੀ ਹੀ ਜਾਰੀ ਕੀਤਾ ਜਾਵੇਗਾ। ਬੋਰਡ ਨੇ ਮਈ ਵਿਚ ਕਿਹਾ ਸੀ ਕਿ ਜਦੋਂ ਤੱਕ ਸਮਰਪਿਤ ਆਰ3 ਪਾਠ-ਪੁਸਤਕਾਂ ਮੁਹੱਈਆ ਨਹੀਂ ਹੁੰਦੀਆਂ, ਨੌਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਚੁਣੀ ਹੋਈ ਭਾਸ਼ਾ ਦੀ ਛੇਵੀਂ ਜਮਾਤ ਦੀਆਂ ਆਰ3 ਪਾਠਪੁ-ਸਤਕਾਂ (2026-27 ਐਡੀਸ਼ਨ) ਦਾ ਇਸਤੇਮਾਲ ਕਰਨਾ ਪਵੇਗਾ। 15 ਮਈ ਨੂੰ ਜਾਰੀ ਕੀਤੇ ਗਏ ਸਰਕੁਲਰ ਮੁਤਾਬਕ, ਜਿਹੜੇ ਵਿਦਿਆਰਥੀ ਵਿਦੇਸ਼ੀ ਭਾਸ਼ਾ ਦਾ ਬਦਲ ਚੁਣਦੇ ਹਨ, ਉਹ ਸਿਰਫ਼ ਉਦੋਂ ਹੀ ਅਜਿਹਾ ਕਰ ਸਕਦੇ ਹਨ ਜਦੋਂ ਉਹ ਦੋ ਭਾਰਤੀ ਭਾਸ਼ਾਵਾਂ ਪੜ੍ਹ ਚੁੱਕੇ ਹੋਣ ਜਾਂ ਇਸ ਨੂੰ ਇਕ ਵਾਧੂ ਚੌਥੀ ਭਾਸ਼ਾ ਦੇ ਤੌਰ ’ਤੇ ਚੁਣ ਸਕਦੇ ਹਨ। ਅਪ੍ਰੈਲ ਵਿਚ ਸੀਬੀਐੱਸਈ ਨੇ ਛੇਵੀਂ ਜਮਾਤ ਤੋਂ ਤਿੰਨ ਭਾਸ਼ਾਈ ਨੀਤੀ ਦੇ ਪੜਾਅਵਾਰ ਅਮਲ ਦਾ ਐਲਾਨ ਕੀਤਾ ਸੀ ਅਤੇ 2026-27 ਵਿੱਦਿਅਕ ਸੈਸ਼ਨ ਤੋਂ ਨੌਵੀਂ ਜਮਾਤ ਲਈ ਗਣਿਤ ਤੇ ਵਿਗਿਆਨ ਲਈ ਦੋ ਪੱਧਰਾਂ ਦੀ ਪ੍ਰਣਾਲੀ ਦਾ ਪਰਿਚੈ ਦਿੱਤਾ ਸੀ।
ਗਣਿਤ ਤੇ ਵਿਗਿਆਨ ’ਚ ਦੋ ਪੱਧਰ ਹੋਣਗੇ
ਤਜਵੀਜ਼ਸ਼ੁਦਾ ਢਾਂਚੇ ਤਹਿਤ ਗਣਿਤ ਤੇ ਵਿਗਿਆਨ ਵਿਚ ਦੋ ਪੱਧਰ ਹੋਣਗੇ- ਲਾਜ਼ਮੀ ਮਿਆਰੀ ਤੇ ਬਦਲਵਾਂ ਉੱਨਤ ਸਿਲੇਬਸ। ਸਾਰੇ ਵਿਦਿਆਰਥੀਆਂ ਨੂੰ ਇਕ ਸਧਾਰਨ 80 ਅੰਕਾਂ ਦੀ ਪ੍ਰੀਖਿਆ ਵਿਚ ਬੈਠਣਾ ਪਵੇਗਾ, ਜਦਕਿ ਉੱਚ ਮੁਹਾਰਤ ਦਾ ਬਦਲ ਚੁਣਨ ਵਾਲੇ ਵਿਦਿਆਰਥੀ ਇਕ ਵਾਧੂ ਉੱਨਤ ਪੱਧਰ ਦਾ ਪੇਪਰ ਲੈ ਸਕਦੇ ਹਨ, ਜਿਸ ਦਾ ਟੀਚਾ ਡੂੰਘੀ ਵਿਚਾਰਕ ਸਮਝ ਅਤੇ ਉੱਚ ਕ੍ਰਮ ਦੇ ਸੋਚ ਹੁਨਰ ਦੀ ਜਾਂਚ ਕਰਨਾ ਹੈ। ਸੀਬੀਐੱਸਈ ਨੇ ਉਦੋਂ ਕਿਹਾ ਸੀ ਕਿ ਨਵੀਂ ਦੋ-ਪੱਧਰੀ ਪ੍ਰਣਾਲੀ (ਮਿਆਰੀ ਤੇ ਉੱਨਤ) ਤਹਿਤ ਪਹਿਲਾਂ ਦਸਵੀਂ ਜਮਾਤ ਦੀ ਬੋਰਡ ਪ੍ਰੀਖਿਆ 2028 ਵਿਚ 2026-27 ਨੌਵੀਂ ਜਮਾਤ ਦੇ ਸਮੂਹ ਲਈ ਕਰਵਾਈ ਜਾਵੇਗੀ।