- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੁਨਰ-ਮੁਲਾਂਕਣ ਲਈ ਅਪਲਾਈ ਕਰਨ ਵਾਲੇ ਕਈ ਵਿਦਿਆਰਥੀਆਂ ਨੇ ਬੋਰਡ ਕੋਲ ਸ਼ਿਕਾਇਤ ਕੀਤੀ ਹੈ ਕਿ ਉਨ੍ਹਾਂ ਦੇ ਅੰਕਾਂ 'ਚ ਬਹੁਤ ਘੱਟ ਜਾਂ ਬਿਲਕੁਲ ਵੀ ਵਾਧਾ ਨਹੀਂ ਹੋਇਆ। ਕਈ ਵਿਦਿਆਰਥੀਆਂ ਦਾ ਦਾਅਵਾ ਹੈ ਕਿ ਫਿਜ਼ਿਕਸ, ਕੈਮਿਸਟਰੀ ਤੇ ਐੱਮਸੀਕਿਊ ਸੈਕਸ਼ਨ 'ਚ ਵੀ ਸਿਰਫ਼ 1-4 ਅੰਕ ਹੀ ਵਧੇ ਹਨ, ਜਦੋਂਕਿ ਉਨ੍ਹਾਂ ਨੂੰ ਕਾਫ਼ੀ ਜ਼ਿਆਦਾ ਸੁਧਾਰ ਦੀ ਉਮੀਦ ਸੀ।

ਡਿਜੀਟਲ ਡੈਸਕ, ਨਵੀਂ ਦਿੱਲੀ : ਕੇਂਦਰੀ ਮਾਧਿਅਮਿਕ ਸਿੱਖਿਆ ਬੋਰਡ (ਸੀਬੀਐੱਸਈ) ਨੇ ਜਮਾਤ 12ਵੀਂ ਦੀਆਂ ਪ੍ਰੀਖਿਆਵਾਂ ਦੇ ਪੁਨਰ-ਮੁਲਾਂਕਣ ਤੇ ਵੈਰੀਫਿਕੇਸ਼ਨ ਦੇ ਨਤੀਜੇ 21 ਜੂਨ ਨੂੰ ਅਪਡੇਟ ਕਰਨਾ ਸ਼ੁਰੂ ਕਰ ਦਿੱਤਾ। ਉਮੀਦ ਸੀ ਕਿ ਬੋਰਡ ਦੇ ਪ੍ਰਯੋਗਾਂ ਕਾਰਨ ਹੋਈਆਂ ਗ਼ਲਤੀਆਂ ਸੁਧਰਨਗੀਆਂ, ਪਰ ਇਸ ਪ੍ਰਕਿਰਿਆ ਨੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਹੋਰ ਨਿਰਾਸ਼ ਕਰ ਦਿੱਤਾ। ਸੋਸ਼ਲ ਮੀਡੀਆ 'ਤੇ ਵਿਦਿਆਰਥੀਆਂ ਨੇ ਸੀਬੀਐੱਸਈ ਖ਼ਿਲਾਫ਼ ਸ਼ਿਕਾਇਤਾਂ ਦੇ ਅੰਬਾਰ ਲਗਾ ਦਿੱਤੇ ਹਨ।
ਪੁਨਰ-ਮੁਲਾਂਕਣ ਲਈ ਅਪਲਾਈ ਕਰਨ ਵਾਲੇ ਕਈ ਵਿਦਿਆਰਥੀਆਂ ਨੇ ਬੋਰਡ ਕੋਲ ਸ਼ਿਕਾਇਤ ਕੀਤੀ ਹੈ ਕਿ ਉਨ੍ਹਾਂ ਦੇ ਅੰਕਾਂ 'ਚ ਬਹੁਤ ਘੱਟ ਜਾਂ ਬਿਲਕੁਲ ਵੀ ਵਾਧਾ ਨਹੀਂ ਹੋਇਆ। ਕਈ ਵਿਦਿਆਰਥੀਆਂ ਦਾ ਦਾਅਵਾ ਹੈ ਕਿ ਫਿਜ਼ਿਕਸ, ਕੈਮਿਸਟਰੀ ਤੇ ਐੱਮਸੀਕਿਊ ਸੈਕਸ਼ਨ 'ਚ ਵੀ ਸਿਰਫ਼ 1-4 ਅੰਕ ਹੀ ਵਧੇ ਹਨ, ਜਦੋਂਕਿ ਉਨ੍ਹਾਂ ਨੂੰ ਕਾਫ਼ੀ ਜ਼ਿਆਦਾ ਸੁਧਾਰ ਦੀ ਉਮੀਦ ਸੀ। ਹਾਲਾਂਕਿ, ਬੋਰਡ ਦਾ ਕਹਿਣਾ ਹੈ ਕਿ ਪੂਰੀ ਪ੍ਰਕਿਰਿਆ ਮਾਹਿਰਾਂ ਦੀ ਨਿਗਰਾਨੀ ਹੇਠ ਮੁਕੰਮਲ ਹੋਈ ਹੈ। ਇਸ ਦੇ ਬਾਵਜੂਦ ਨਤੀਜੇ ਮਾਯੂਸ ਕਰ ਰਹੇ ਹਨ।
ਝੱਜਰ ਸਥਿਤ ਜੀਏਵੀ ਪਬਲਿਕ ਸਕੂਲ ਪਟੌਦਾ ਦੇ ਇਕ ਵਿਦਿਆਰਥੀ ਮੁਹੰਮਦ ਫੈਜ਼ ਸ਼ੇਖ ਨੇ ਬੋਰਡ ਦੀ ਅਧਿਕਾਰਤ ਪੋਸਟ 'ਤੇ ਸ਼ਿਕਾਇਤ ਕਰਦਿਆਂ ਦੱਸਿਆ ਕਿ ਉਸ ਨੇ ਸਿਰਫ਼ ਕੰਪਿਊਟਰ ਸਾਇੰਸ (083) ਵਿਸ਼ੇ 'ਚ ਪੁਨਰ-ਮੁਲਾਂਕਣ ਲਈ ਅਪਲਾਈ ਕੀਤਾ ਸੀ, ਜਿਸ ਵਿਚ ਉਸਦੇ ਅੰਕ 12 ਤੋਂ ਵੱਧ ਕੇ ਸਹੀ ਢੰਗ ਨਾਲ 23 ਹੋ ਗਏ। ਪਰ ਬਿਨਾਂ ਕਿਸੇ ਅਪਲਾਈ ਕੀਤੇ, ਕੈਮਿਸਟਰੀ (043) ਥਿਊਰੀ ਦੇ ਅੰਕ ਗ਼ਲਤ ਤਰੀਕੇ ਨਾਲ 23 ਤੋਂ ਘਟਾ ਕੇ 13 ਕਰ ਦਿੱਤੇ ਗਏ। ਵਿਦਿਆਰਥੀ ਨੇ ਇਸ ਗੰਭੀਰ ਤਰੁਟੀ (ਗ਼ਲਤੀ) ਨੂੰ ਤੁਰੰਤ ਸੁਧਾਰਨ ਅਤੇ ਨਵੀਂ ਮਾਰਕਸ਼ੀਟ ਜਾਰੀ ਕਰਨ ਦੀ ਤੁਰੰਤ ਮੰਗ ਕੀਤੀ ਹੈ।
ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' (X) 'ਤੇ ਸੀਬੀਐੱਸਈ ਦੀ ਅਧਿਕਾਰਤ ਪੋਸਟ 'ਤੇ ਸੈਂਕੜੇ ਕਮੈਂਟਸ 'ਚ ਵਿਦਿਆਰਥੀਆਂ ਨੇ ਆਪਣਾ ਗੁੱਸਾ ਤੇ ਨਿਰਾਸ਼ਾ ਜ਼ਾਹਰ ਕੀਤੀ ਹੈ। ਕਈ ਵਿਦਿਆਰਥੀਆਂ ਨੇ ਕਿਹਾ ਕਿ ਸਹੀ ਐੱਮਸੀਕਿਊ ਉੱਤਰਾਂ ਨੂੰ ਵੀ ਗ਼ਲਤ ਮੰਨਿਆ ਗਿਆ, ਉੱਤਰ-ਪੱਤਰੀਆਂ ਦੀ ਠੀਕ ਤਰ੍ਹਾਂ ਜਾਂਚ ਨਹੀਂ ਹੋਈ ਅਤੇ ਜੇਈਈ/ਐੱਨਆਈਟੀ (JEE/NIT) ਦਾਖ਼ਲੇ ਲਈ ਲੋੜੀਂਦੇ 75 ਫ਼ੀਸਦੀ ਅੰਕ ਸਿਰਫ਼ 1-2 ਨੰਬਰਾਂ ਕਰਕੇ ਰਹਿ ਗਏ।
ਇਕ ਵਿਦਿਆਰਥੀ ਨੇ ਲਿਖਿਆ, 'ਮੇਰਾ ਇਕ ਐੱਮਸੀਕਿਊ ਗ਼ਲਤ ਮਾਰਕ ਕੀਤਾ ਗਿਆ... ਫਿਰ ਵੀ ਅੰਕ ਨਹੀਂ ਵਧੇ। ਮੈਂ ਪੂਰੀ ਤਰ੍ਹਾਂ ਲਾਚਾਰ ਮਹਿਸੂਸ ਕਰ ਰਿਹਾਂ।' ਇਕ ਮਾਤਾ-ਪਿਤਾ ਨੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਨੂੰ ਕੈਮਿਸਟਰੀ 'ਚ 19 ਅੰਕਾਂ ਦੀ ਉਮੀਦ ਸੀ, ਪਰ ਜ਼ੀਰੋ ਵਾਧਾ ਹੋਇਆ। ਕਈ ਵਿਦਿਆਰਥੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਸਿਰਫ਼ ਇਕ ਅੰਕ ਦੀ ਲੋੜ ਸੀ ਅਤੇ ਉਨ੍ਹਾਂ ਨੇ ਗ੍ਰੇਸ ਮਾਰਕਸ ਜਾਂ ਤੁਰੰਤ ਦਖ਼ਲਅੰਦਾਜ਼ੀ ਦੀ ਅਪੀਲ ਕੀਤੀ। ਉੱਥੇ ਹੀ, ਕੁਝ ਵਿਦਿਆਰਥੀਆਂ ਨੇ ਦਾਅਵਾ ਕੀਤਾ ਕਿ ਸਹੀ ਉੱਤਰਾਂ ਦਾ ਸਬੂਤ ਈਮੇਲ ਰਾਹੀਂ ਭੇਜਣ ਦੇ ਬਾਵਜੂਦ ਪੂਰੀ ਤਰ੍ਹਾਂ ਸੁਧਾਰ ਨਹੀਂ ਕੀਤਾ ਗਿਆ।
ਸੀਬੀਐੱਸਈ ਨੇ ਆਪਣੇ ਅਧਿਕਾਰਤ ਦਸਤਾਵੇਜ਼ 'ਚ ਸਪਸ਼ਟ ਕੀਤਾ ਹੈ ਕਿ ਪੁਨਰ-ਮੁਲਾਂਕਣ ਇਕ ਸਮੀਖਿਆ ਪ੍ਰਕਿਰਿਆ ਹੈ ਜਿਸ ਵਿਚ ਅੰਕਾਂ ਦੇ ਬਦਲਾਅ ਦੀ ਕੋਈ ਗਾਰੰਟੀ ਨਹੀਂ ਹੈ। ਸੁਧਾਰੇ ਹੋਏ ਨਤੀਜੇ ਡਿਜੀਲੌਕਰ 'ਤੇ ਪੜਾਅਵਾਰ ਤਰੀਕੇ ਨਾਲ ਅਪਲੋਡ ਕੀਤੇ ਜਾ ਰਹੇ ਹਨ। ਬੋਰਡ ਨੇ ਕਿਹਾ ਕਿ ਹਰ ਅਰਜ਼ੀ ਦੀ ਦੋ ਮੁਲਾਂਕਣਕਰਤਾਵਾਂ ਵੱਲੋਂ ਮੈਰਿਟ ਦੇ ਅਧਾਰ 'ਤੇ ਜਾਂਚ ਕੀਤੀ ਗਈ ਅਤੇ ਆਈਆਈਟੀ ਮਾਹਿਰਾਂ ਤੇ ਅਧਿਕਾਰੀਆਂ ਵੱਲੋਂ ਨਿਗਰਾਨੀ ਰੱਖੀ ਗਈ। ਬੋਰਡ ਨੇ ਫੀਸ ਘੱਟ ਕਰਨ, ਵਾਧੂ ਪੇਮੈਂਟ/ਅੰਕ ਵਾਧੇ 'ਤੇ ਰਿਫੰਡ ਅਤੇ 24 ਗੁਣਾ 7 ਮਾਨਸਿਕ ਸਿਹਤ ਹੈਲਪਲਾਈਨ ਵਰਗੀਆਂ ਸਹੂਲਤਾਂ ਦੀ ਵੀ ਜਾਣਕਾਰੀ ਦਿੱਤੀ।
ਹਾਲਾਂਕਿ, ਇਨ੍ਹਾਂ ਭਰੋਸਿਆਂ ਦੇ ਬਾਵਜੂਦ ਸੋਸ਼ਲ ਮੀਡੀਆ 'ਤੇ ਵਿਦਿਆਰਥੀਆਂ ਦੀਆਂ ਦਰਦ ਭਰੀਆਂ ਪ੍ਰਤੀਕਿਰਿਆਵਾਂ ਛਾਈਆਂ ਹੋਈਆਂ ਹਨ। ਕਈ ਵਿਦਿਆਰਥੀਆਂ ਨੇ ਕਰੀਅਰ ਬਰਬਾਦ ਹੋਣ, ਕਾਲਜ ਦਾਖ਼ਲੇ ਰੱਦ ਹੋਣ ਅਤੇ ਉਚਿਤ ਸਮਰਥਨ ਦੀ ਮੰਗ ਕੀਤੀ ਹੈ। ਸੀਬੀਐੱਸਈ ਨੇ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣਾ ਰੋਲ ਨੰਬਰ ਅਤੇ ਹੋਰ ਵੇਰਵਿਆਂ ਦੀ ਵਰਤੋਂ ਕਰਕੇ ਡਿਜੀਲੌਕਰ ਪੋਰਟਲ 'ਤੇ ਸਟੇਟਸ ਚੈੱਕ ਕਰਨ। ਬਾਕੀ ਸਮੱਸਿਆਵਾਂ ਲਈ ਖੇਤਰੀ ਦਫ਼ਤਰਾਂ 'ਚ ਉੱਤਰ-ਪੱਤਰੀਆਂ ਦੀ ਭੌਤਿਕ ਜਾਂਚ ਜਲਦੀ ਹੀ ਸ਼ੁਰੂ ਹੋਵੇਗੀ। ਸਪਲੀਮੈਂਟਰੀ/ਸੁਧਾਰ ਪ੍ਰੀਖਿਆ ਦਾ ਨੋਟੀਫਿਕੇਸ਼ਨ ਵੀ ਜਲਦੀ ਹੀ ਜਾਰੀ ਹੋਣ ਵਾਲਾ ਹੈ।ਦੂਜੇ ਪਾਸੇ, ਵੱਖ-ਵੱਖ ਕੋਰਸਾਂ 'ਚ ਦਾਖ਼ਲੇ ਦੀਆਂ ਆਖ਼ਰੀ ਤਾਰੀਖਾਂ ਨੇੜੇ ਆਉਣ ਦੇ ਨਾਲ, ਪੁਨਰ-ਮੁਲਾਂਕਣ 'ਚ ਨਾਮਾਤਰ ਬਦਲਾਅ ਨੇ 12ਵੀਂ ਜਮਾਤ ਦੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਡੂੰਘੀ ਚਿੰਤਾ ਵਿਚ ਪਾ ਦਿੱਤਾ ਹੈ। ਇਹ ਘਟਨਾ ਭਾਰਤ ਦੀ ਮੁਕਾਬਲੇਬਾਜ਼ੀ ਵਾਲੀ ਸਿੱਖਿਆ ਪ੍ਰਣਾਲੀ ਵਿੱਚ ਮੁਲਾਂਕਣ ਮਿਆਰਾਂ ਅਤੇ ਵਿਦਿਆਰਥੀ ਸਮਰਥਨ 'ਤੇ ਨਵੇਂ ਸਿਰੇ ਤੋਂ ਬਹਿਸ ਛੇੜ ਰਹੀ ਹੈ।
ਸੀਬੀਐੱਸਈ ਜਮਾਤ 12ਵੀਂ ਕੈਮਿਸਟਰੀ ਵਿਸ਼ੇ ਵਿਚ ਇਕ ਵਿਦਿਆਰਥਣ ਨੇ ਦੱਸਿਆ ਕਿ ਉਸਨੂੰ 5 ਪ੍ਰਸ਼ਨਾਂ ਵਿਚ ਅੰਕਾਂ ਦੀ ਉਮੀਦ ਸੀ। ਇਨ੍ਹਾਂ ਵਿੱਚੋਂ 2 ਪ੍ਰਸ਼ਨਾਂ 'ਚ 0/1 ਅੰਕ ਦਿੱਤੇ ਗਏ, ਇੱਕ ਐੱਮਸੀਕਿਊ ਗ਼ਲਤ ਮਾਰਕ ਕੀਤਾ ਗਿਆ ਅਤੇ 2 ਪ੍ਰਸ਼ਨਾਂ 'ਚ 1/3 ਅੰਕ ਹੀ ਮਿਲੇ। ਵਿਦਿਆਰਥਣ ਦਾ ਕਹਿਣਾ ਹੈ ਕਿ ਇਨ੍ਹਾਂ ਪ੍ਰਸ਼ਨਾਂ 'ਚ ਕੀਵਰਡ ਅਧਿਕਾਰਤ ਮਾਰਕਿੰਗ ਸਕੀਮ ਨਾਲ ਮੈਚ ਕਰ ਰਹੇ ਸੀ, ਇਸ ਲਈ ਨੰਬਰ ਕੱਟਣਾ ਸੰਭਵ ਨਹੀਂ ਸੀ, ਫਿਰ ਵੀ ਕੁੱਲ ਅੰਕ ਵਧਣ ਦੀ ਬਜਾਏ ਉਹੀ ਰਹਿ ਗਏ।
ਇਕ ਹੋਰ ਵਿਦਿਆਰਥੀ ਤਾਰਾਂਸ਼ ਤਿਆਗੀ ਨੇ ਲਿਖਿਆ ਕਿ ਉਸਦਾ ਇੱਕ ਐੱਮਸੀਕਿਊ ਮਾਰਕਿੰਗ ਸਕੀਮ ਅਨੁਸਾਰ ਸਹੀ ਸੀ, ਪਰ ਚੈੱਕਰ ਦੁਆਰਾ ਗ਼ਲਤ ਮਾਰਕ ਕੀਤਾ ਗਿਆ। ਪੁਨਰ-ਮੁਲਾਂਕਣ ਤੋਂ ਬਾਅਦ ਵੀ ਅੰਕ ਨਹੀਂ ਵਧੇ। ਵਿਦਿਆਰਥੀ ਨੇ ਮਦਦ ਦੀ ਗੁਹਾਰ ਲਗਾਉਂਦੇ ਹੋਏ ਕਿਹਾ ਕਿ ਉਹ ਇਸ ਸਥਿਤੀ ਵਿੱਚ ਲਾਚਾਰ ਮਹਿਸੂਸ ਕਰ ਰਿਹਾ ਹੈ।
ਉੱਥੇ ਹੀ, ਸੁਨੀਤਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ 5 ਐੱਮਸੀਕਿਊ ਪ੍ਰਸ਼ਨਾਂ ਵਿੱਚ 5 ਅੰਕ ਵਧਣੇ ਚਾਹੀਦੇ ਸਨ, ਪਰ ਪੁਨਰ-ਮੁਲਾਂਕਣ ਵਿੱਚ ਸਿਰਫ਼ 4 ਅੰਕ ਹੀ ਵਧੇ। ਉਨ੍ਹਾਂ ਕਿਹਾ ਕਿ ਜੇਕਰ ਐੱਮਸੀਕਿਊ ਸਹੀ ਹੈ ਤਾਂ 1 ਅੰਕ ਜ਼ਰੂਰ ਦਿੱਤਾ ਜਾਣਾ ਚਾਹੀਦੇ। ਉਨ੍ਹਾਂ ਨੂੰ ਜੇਈਈ ਦੇ 75 ਫ਼ੀਸਦੀ ਐਗਰੀਗੇਟ ਕ੍ਰਾਈਟੇਰੀਆ ਲਈ ਸਿਰਫ਼ 1 ਅੰਕ ਦੀ ਲੋੜ ਹੈ, ਜੋ ਨਹੀਂ ਮਿਲ ਸਕਿਆ।
ਇਕ ਮਾਤਾ-ਪਿਤਾ ਨੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਨੇ ਪੁਨਰ-ਮੁਲਾਂਕਣ ਲਈ ਲਗਭਗ 55 ਅੰਕਾਂ ਦੇ ਸੁਧਾਰ ਦੀ ਮੰਗ ਕੀਤੀ ਸੀ, ਪਰ ਨਤੀਜੇ ਵਿੱਚ 'ਨੋ ਚੇਂਜ' (ਕੋਈ ਬਦਲਾਅ ਨਹੀਂ) ਦਿਖਾਇਆ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਅਸਲੀ ਜਾਂਚ ਨਹੀਂ ਕੀਤੀ ਗਈ ਅਤੇ ਬਿਨਾਂ ਸਹੀ ਰੀ-ਵੈਰੀਫਿਕੇਸ਼ਨ ਦੇ ਅੰਤਿਮ ਨਤੀਜੇ ਘੋਸ਼ਿਤ ਕਰ ਦਿੱਤੇ ਗਏ।
ਊਸ਼ਾ ਦੇਵੀ ਨੇ ਸ਼ਿਕਾਇਤ ਕੀਤੀ ਕਿ ਉਨ੍ਹਾਂ ਦਾ ਕੁੱਲ ਅੰਕ 43 ਹੋਣਾ ਚਾਹੀਦਾ ਸੀ, ਨਾ ਕਿ 41। ਉਨ੍ਹਾਂ ਨੇ ਪ੍ਰਸ਼ਨ ਨੰਬਰ 33 ਦੇ ਭਾਗ 'ਬੀ' ਵਿੱਚ 4.5 ਅੰਕ ਪ੍ਰਾਪਤ ਕੀਤੇ ਸਨ, ਪਰ ਸਿਸਟਮ ਦੀ ਗੜਬੜੀ ਕਾਰਨ ਇਹ ਅੰਕ ਭਾਗ 'ਏ' ਵਿੱਚ 2 ਅੰਕ ਦੇ ਰੂਪ ਵਿੱਚ ਦਿਖਾਇਆ ਜਾ ਰਿਹਾ ਹੈ ਅਤੇ ਕੁੱਲ ਜੋੜ ਵਿਚ ਸ਼ਾਮਲ ਨਹੀਂ ਹੋ ਰਿਹਾ।
ਯੁਵਾਨ ਸ਼ੰਕਰ ਰਾਜਾ ਨੇ ਦੱਸਿਆ ਕਿ ਉਨ੍ਹਾਂ ਕੈਮਿਸਟਰੀ 'ਚ 47/100 ਅੰਕ ਪ੍ਰਾਪਤ ਕੀਤੇ ਅਤੇ ਪਾਸ ਹੋਣ ਤੋਂ ਸਿਰਫ਼ 6 ਅੰਕ ਘੱਟ ਸਨ। ਪੁਨਰ-ਮੁਲਾਂਕਣ ਤੋਂ ਬਾਅਦ ਵੀ ਉਨ੍ਹਾਂ ਦੇ ਅੰਕ ਨਹੀਂ ਵਧੇ, ਜਦੋਂ ਕਿ ਸਮਾਨ ਸਥਿਤੀ ਵਾਲੇ ਦੂਜੇ ਵਿਦਿਆਰਥੀ ਨੂੰ ਵਾਧੂ ਅੰਕ ਮਿਲ ਗਏ। ਉਨ੍ਹਾਂ ਰੋਲ ਨੰਬਰ ਦਾ ਹਵਾਲਾ ਦਿੰਦੇ ਹੋਏ ਆਪਣੇ ਕੇਸ ਦੀ ਸਮੀਖਿਆ ਅਤੇ ਸਪਸ਼ਟ ਮਾਪਦੰਡ ਦੀ ਮੰਗ ਕੀਤੀ।
ਉੱਥੇ ਹੀ, ਪ੍ਰਿਯ ਰੰਜਨ ਮਿਸ਼ਰਾ ਨਾਮਕ ਐਕਸ ਯੂਜ਼ਰ ਨੇ ਬੋਰਡ 'ਤੇ ਦੋਸ਼ ਲਗਾਇਆ ਕਿ ਪਹਿਲਾਂ ਸਕੈਨ ਕਾਪੀ ਲਈ ਡੁਪਲੀਕੇਟ ਪੇਮੈਂਟ ਦਾ ਰਿਫੰਡ ਨਹੀਂ ਕੀਤਾ ਗਿਆ ਅਤੇ ਹੁਣ ਪੁਨਰ-ਮੁਲਾਂਕਣ ਵੀ ਠੀਕ ਤਰ੍ਹਾਂ ਨਹੀਂ ਕੀਤਾ ਗਿਆ। ਉਨ੍ਹਾਂ ਨੇ ਇਸ ਨੂੰ ਪੂਰੀ ਪ੍ਰਕਿਰਿਆ ਦਾ ਮਜ਼ਾਕ ਦੱਸਿਆ ਹੈ। ਇਹ ਕੁਝ ਚੋਣਵੇਂ ਕਮੈਂਟ ਉਦਾਹਰਣ ਹਨ ਕਿ ਬੋਰਡ ਵੱਲੋਂ ਜਾਰੀ ਕੀਤੇ ਪੁਨਰ-ਮੁਲਾਂਕਣ ਦੇ ਨਤੀਜੇ ਕਿੰਨੇ ਅਸੰਤੋਸ਼ਜਨਕ ਹਨ।