- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੱਜ ਦੇ ਦੌਰ ’ਚ ਮੈਡੀਕਲ ਖੇਤਰ ਨੂੰ ਸਭ ਤੋਂ ਵੱਕਾਰੀ ਤੇ ਬਿਹਤਰ ਕਰੀਅਰ ਬਦਲਾਂ ਵਿੱਚੋਂ ਇਕ ਮੰਨਿਆ ਜਾਂਦਾ ਹੈ। ਆਮ ਤੌਰ ’ਤੇ ਵਿਦਿਆਰਥੀ ਤੇ ਮਾਪੇ ਇਹ ਮੰਨ ਲੈਂਦੇ ਹਨ ਕਿ ਮੈਡੀਕਲ ਖੇਤਰ ’ਚ ਜਾਣ ਦਾ ਮਤਲਬ ਸਿਰਫ਼ ਐੱਮਬੀਬੀਐੱਸ ਕਰਨਾ ਹੀ ਹੈ ਪਰ ਜਦੋਂ ਅਸੀਂ ਹਕੀਕਤ ਦੇ ਅੰਕੜਿਆਂ ਤੇ ਪ੍ਰਸਥਿਤੀਆਂ ’ਤੇ ਨਜ਼ਰ ਮਾਰਦੇ ਹਾਂ, ਤਾਂ ਤਸਵੀਰ ਬਿਲਕੁਲ ਵੱਖਰੀ ਨਜ਼ਰ ਆਉਂਦੀ ਹੈ।

ਅੱਜ ਦੇ ਦੌਰ ’ਚ ਮੈਡੀਕਲ ਖੇਤਰ ਨੂੰ ਸਭ ਤੋਂ ਵੱਕਾਰੀ ਤੇ ਬਿਹਤਰ ਕਰੀਅਰ ਬਦਲਾਂ ਵਿੱਚੋਂ ਇਕ ਮੰਨਿਆ ਜਾਂਦਾ ਹੈ। ਆਮ ਤੌਰ ’ਤੇ ਵਿਦਿਆਰਥੀ ਤੇ ਮਾਪੇ ਇਹ ਮੰਨ ਲੈਂਦੇ ਹਨ ਕਿ ਮੈਡੀਕਲ ਖੇਤਰ ’ਚ ਜਾਣ ਦਾ ਮਤਲਬ ਸਿਰਫ਼ ਐੱਮਬੀਬੀਐੱਸ ਕਰਨਾ ਹੀ ਹੈ ਪਰ ਜਦੋਂ ਅਸੀਂ ਹਕੀਕਤ ਦੇ ਅੰਕੜਿਆਂ ਤੇ ਪ੍ਰਸਥਿਤੀਆਂ ’ਤੇ ਨਜ਼ਰ ਮਾਰਦੇ ਹਾਂ, ਤਾਂ ਤਸਵੀਰ ਬਿਲਕੁਲ ਵੱਖਰੀ ਨਜ਼ਰ ਆਉਂਦੀ ਹੈ। ਜਿਵੇਂ ਇਕ ਅਖ਼ਬਾਰ ਦੀ ਰਿਪੋਰਟ ’ਚ ਦੱਸਿਆ ਗਿਆ ਹੈ ਕਿ ਭਾਰਤ ਵਿਚ ਹਰ ਸਾਲ ਲਗਪਗ 25 ਲੱਖ ਵਿਦਿਆਰਥੀ ਨੀਟ ਦੀ ਪ੍ਰੀਖਿਆ ਦਿੰਦੇ ਹਨ, ਜਦੋਂਕਿ ਐੱਮਬੀਬੀਐੱਸ ਦੀਆਂ ਕੁੱਲ ਸੀਟਾਂ ਸਿਰਫ਼ 1.20 ਲੱਖ ਦੇ ਕਰੀਬ ਹਨ। ਇਸ ਵੱਡੇ ਪਾੜੇ
ਕਾਰਨ ਬਹੁਤ ਹੀ ਸੀਮਤ ਵਿਦਿਆਰਥੀਆਂ ਨੂੰ ਐੱਮਬੀਬੀਐੱਸ ’ਚ ਦਾਖ਼ਲਾ ਮਿਲਦਾ ਹੈ।
ਜਿੱਥੇ ਚਾਹ, ਉੱਥੇ ਰਾਹ
ਜੇ ਤੁਹਾਡਾ ਮਕਸਦ ਮਨੁੱਖਤਾ ਦੀ ਸੇਵਾ ਕਰਨਾ ਹੈ ਤਾਂ ਸਫਲਤਾ ਦਾ ਸਿਰਫ਼ ਇਕ ਹੀ ਰਸਤਾ ਨਹੀਂ ਹੁੰਦਾ। ਨੀਟ ਕੁਆਲੀਫਾਈ ਨਾ ਹੋਣ ਦਾ ਮਤਲਬ ਸੁਪਨਿਆਂ ਦਾ ਅੰਤ ਨਹੀਂ ਸਗੋਂ ਨਵੀਂ ਸ਼ੁਰੂਆਤ ਹੈ। ਸਿਆਣਪ ਇਸੇ ’ਚ ਹੈ ਕਿ ਅਸੀਂ ਅਸਲੀਅਤ ਨੂੰ ਖੁੱਲ੍ਹੇ ਮਨ ਨਾਲ ਸਵੀਕਾਰ ਕਰੀਏ ਤੇ ਐੱਮਬੀਬੀਐੱਸ ਤੋਂ ਅੱਗੇ ਵੱਧ ਕੇ ਸਿਹਤ ਵਿਗਿਆਨ ਦੀਆਂ ਹੋਰ ਅਨੰਤ ਸੰਭਾਵਨਾਵਾਂ
ਦੀ ਭਾਲ ਕਰੀਏ।
ਮਾਨਸਿਕ ਦਬਾਅ ਤੋਂ ਬਾਹਰ ਨਿਕਲਣਾ ਜ਼ਰੂਰੀ
ਇਕ ਵਿਸ਼ਲੇਸ਼ਣ ਅਨੁਸਾਰ ਐੱਮਬੀਬੀਐੱਸ ’ਚ ਦਾਖ਼ਲਾ ਲੈਣ ਲਈ ਕਈ ਵਿਦਿਆਰਥੀ ਲਗਾਤਾਰ 3 ਤੋਂ 4 ਸਾਲਾਂ ਤੱਕ ਡ੍ਰੌਪ ਲੈਂਦੇ ਰਹਿੰਦੇ ਹਨ। ਇਸ ਨਿਰੰਤਰ ਕੋਸ਼ਿਸ਼ ਨਾਲ ਵਿਦਿਆਰਥੀਆਂ ’ਤੇ ਮਾਨਸਿਕ ਦਬਾਅ ਬਹੁਤ ਜ਼ਿਆਦਾ ਵੱਧ ਜਾਂਦਾ ਹੈ, ਜਿਸ ਦਾ ਸਿੱਧਾ ਅਸਰ ਉਨ੍ਹਾਂ ਦੇ ਅਕਾਦਮਿਕ ਪ੍ਰਦਰਸ਼ਨ ਤੇ ਸਮੁੱਚੀ ਸ਼ਖ਼ਸੀਅਤ ਦੇ ਵਿਕਾਸ ’ਤੇ ਪੈਂਦਾ ਹੈ।
‘ਸਮਾਂ ਸਭ ਤੋਂ ਵੱਡਾ ਸਰਮਾਇਆ ਹੈ, ਇਸ ਨੂੰ ਉਮੀਦ ਦੀ ਉਡੀਕ ’ਚ ਹਾਰਨਾ ਸਮਝਦਾਰੀ ਨਹੀਂ।’ ਸਮਾਂ ਰਹਿੰਦਿਆਂ ਵਿਕਲਪਿਕ ਕਰੀਅਰ ਦੇ ਰਸਤਿਆਂ ’ਤੇ ਵਿਚਾਰ ਕਰਨਾ ਕੋਈ ਹਾਰ ਨਹੀਂ ਸਗੋਂ ਇਕ ਗਤੀਸ਼ੀਲ ਫ਼ੈਸਲਾ ਹੈ। ਦੂਜਿਆਂ ਨਾਲ ਤੁਲਨਾ ਕਰਨ ਦੀ ਬਜਾਏ ਆਪਣੀ ਰੁਚੀ ਤੇ ਸਮਰੱਥਾ ਦਾ ਆਤਮ-ਵਿਸ਼ਲੇਸ਼ਣ ਕਰਨਾ ਸਭ ਤੋਂ ਵੱਧ ਮਹੱਤਵਪੂਰਨ ਹੈ।
ਵਿਦੇਸ਼ ’ਚ ਪੜ੍ਹਾਈ
ਕੁਝ ਵਿਦਿਆਰਥੀ ਭਾਰਤ ’ਚ ਸੀਟ ਨਾ ਮਿਲਣ ਕਾਰਨ ਐੱਮਬੀਬੀਐੱਸ ਦੀ ਪੜ੍ਹਾਈ ਲਈ ਵਿਦੇਸ਼ ਜਾਣ ਦਾ ਬਦਲ ਚੁਣਦੇ ਹਨ। ਹਾਲਾਂਕਿ ਇਹ ਚੰਗਾ ਮੌਕਾ ਹੋ ਸਕਦਾ ਹੈ ਪਰ ਸਾਨੂੰ ਇਸ ਦੇ ਦੂਜੇ ਪਹਿਲੂ ਵੀ ਸੁਚੇਤ ਕਰਦੇ ਹਨ। ਭਾਰਤ ’ਚ ਇਕ ਡਾਕਟਰ ਵਜੋਂ ਪ੍ਰੈਕਟਿਸ ਕਰਨ ਲਈ ਵਿਦੇਸ਼ੀ ਮੈਡੀਕਲ ਗ੍ਰੈਜੂਏਟਾਂ ਨੂੰ ਸਖ਼ਤ ਲਾਇਸੈਂਸਿੰਗ ਪ੍ਰੀਖਿਆ ਪਾਸ ਕਰਨੀ ਪੈਂਦੀ ਹੈ, ਜਿਸ ਲਈ ਵਾਧੂ ਤਿਆਰੀ ਤੇ ਸਖ਼ਤ ਮਿਹਨਤ ਦੀ ਲੋੜ ਹੁੰਦੀ ਹੈ। ਵਿਦੇਸ਼ ਜਾਣ ਦਾ ਫ਼ੈਸਲਾ ਸਿਰਫ਼ ਉੱਥੇ ਦਾਖ਼ਲਾ ਮਿਲਣ ਦੀ ਸੌਖ ਦੇ ਅਧਾਰ ’ਤੇ ਨਹੀਂ ਸਗੋਂ ਸਿੱਖਿਆ ਦੀ ਗੁਣਵੱਤਾ, ਕੁੱਲ ਖ਼ਰਚੇ ਤੇ ਭਵਿੱਖ ਦੀਆਂ ਲਾਇਸੈਂਸਿੰਗ ਪ੍ਰਕਿਰਿਆਵਾਂ ਨੂੰ ਧਿਆਨ ਵਿਚ ਰੱਖ ਕੇ ਹੀ ਲੈਣਾ ਚਾਹੀਦਾ ਹੈ।
ਹੋਰ ਵੱਕਾਰੀ ਤੇ ਬਿਹਤਰ ਬਦਲ
ਨਰਸਿੰਗ : ਸਿਹਤ ਸੇਵਾਵਾਂ ਦੀ ਰੀੜ੍ਹ ਦੀ ਹੱਡੀ, ਜਿਸ ਦੀ ਮੰਗ ਦੇਸ਼ ਤੇ ਵਿਦੇਸ਼ ਵਿਚ ਹਮੇਸ਼ਾ ਬਣੀ ਰਹਿੰਦੀ ਹੈ।
ਐਲਾਈਡ ਹੈਲਥ ਸਾਇੰਸਜ਼ : ਇਸ ਵਿਚ ਲੈਬ ਤਕਨੀਸ਼ੀਅਨ, ਰੇਡੀਓਲੋਜੀ ਤੇ ਓਪਰੇਸ਼ਨ ਥੀਏਟਰ ਵਰਗੇ ਕਈ ਤਕਨੀਕੀ ਤੇ ਰੁਜ਼ਗਾਰ-ਮੁਖੀ ਕੋਰਸ ਸ਼ਾਮਲ ਹਨ।
ਆਯੁਰਵੇਦ, ਬੀਏਐੱਮਐੱਸ ਤੇ ਹੋਮਿਓਪੈਥੀ-ਬੀਐੱਚਐੱਮਐੱਸ: ਪ੍ਰੰਪਰਾਗਤ ਤੇ ਵਿਕਲਪਿਕ ਚਿਕਿਤਸਾ ਪ੍ਰਣਾਲੀਆਂ, ਜੋ ਅੱਜ-ਕੱਲ੍ਹ ਪੂਰੀ ਦੁਨੀਆ ’ਚ ਤੇਜ਼ੀ ਨਾਲ ਪ੍ਰਸਿੱਧ ਹੋ ਰਹੀਆਂ ਹਨ।
ਡੈਂਟਲ ਸਾਇੰਸ-ਬੀਡੀਐੱਸ: ਦੰਦਾਂ ਦੀ ਸਿਹਤ ਦੇ ਖੇਤਰ ’ਚ ਸੁਤੰਤਰ ਤੇ ਸਥਿਰ ਕਰੀਅਰ ਬਣਾਉਣ ਦਾ ਵਧੀਆ ਮੌਕਾ।
ਵੈਟਰਨਰੀ ਸਾਇੰਸ : ਪਸ਼ੂਆਂ ਦੇ ਇਲਾਜ ਤੇ ਭਲਾਈ ਨਾਲ ਜੁੜਿਆ ਬੇਹੱਦ ਨੇਕ ਤੇ ਮੰਗ ਵਾਲਾ ਖੇਤਰ।
ਬੀ.ਫਾਰਮੇਸੀ : ਦਵਾਈਆਂ ਦੇ ਨਿਰਮਾਣ, ਖੋਜ ਤੇ ਮਾਰਕੀਟਿੰਗ ਨਾਲ ਜੁੜਿਆ ਵਿਸ਼ਾਲ ਉਦਯੋਗ।
ਯੋਗ ਪੇਸ਼ੇਵਰਾਂ ਦੀ ਨਿਰੰਤਰ ਬਣੀ ਰਹਿੰਦੀ ਮੰਗ
ਕਿਸੇ ਵੀ ਹਸਪਤਾਲ ਦੀ ਇਮਾਰਤ ਸਿਰਫ਼ ਇਕ ਡਾਕਟਰ ਨਾਲ ਨਹੀਂ ਸਗੋਂ ਪੂਰੀ ਮੈਡੀਕਲ ਟੀਮ ਦੇ ਸਹਿਯੋਗ ਤੇ ਸਮਰਪਣ ਨਾਲ ਚੱਲਦੀ ਹੈ। ਇਹ ਸਾਰੇ ਖੇਤਰ ਸਾਡੀ ਸਿਹਤ ਪ੍ਰਣਾਲੀ ਦਾ ਅਨਿੱਖੜਵਾਂ ਅੰਗ ਹਨ ਅਤੇ ਇਨ੍ਹਾਂ ਵਿਚ ਸਿਖਲਾਈ ਪ੍ਰਾਪਤ ਪੇਸ਼ੇਵਰਾਂ ਦੀ ਨਿਰੰਤਰ ਮੰਗ ਬਣੀ ਰਹਿੰਦੀ ਹੈ। ਇਹ ਵਿਕਲਪਿਕ ਕੋਰਸ ਨਾ ਕੇਵਲ ਬਿਹਤਰ ਰੁਜ਼ਗਾਰ ਤੇ ਆਰਥਿਕ ਸਥਿਰਤਾ ਦੇ ਮੌਕੇ ਪ੍ਰਦਾਨ ਕਰਦਾ ਹੈ ਸਗੋਂ ਸਮਾਜ ਦੀ ਸੱਚੇ ਮਨੋਂ ਸੇਵਾ ਕਰਨ ਤੇ ਅੰਦਰੂਨੀ ਪੇਸ਼ੇਵਰ ਸੰਤੁਸ਼ਟੀ ਪ੍ਰਾਪਤ ਕਰਨ ਦਾ ਵੀ ਪੂਰਾ ਅਧਿਕਾਰ ਦਿੰਦਾ ਹੈ।
ਇਸ ਲਈ ਨੀਟ ਦੇ ਨਤੀਜੇ ਨੂੰ ਆਪਣੀ ਜ਼ਿੰਦਗੀ ਦਾ ਆਖ਼ਰੀ ਫ਼ੈਸਲਾ ਨਾ ਮੰਨੋ। ਆਪਣੀ ਸੋਚ ਦੇ ਦਾਇਰੇ ਨੂੰ ਸਿਰਫ਼ ਇਕ ਡਿਗਰੀ ਤੱਕ ਸੀਮਤ ਨਾ ਰੱਖ ਕੇ ਮੈਡੀਕਲ ਜਗਤ ਦੇ ਇਸ ਵਿਸ਼ਾਲ ਸੰਸਾਰ ਵਿਚ ਖੁੱਲ੍ਹੇ ਦਿਲ ਨਾਲ ਪ੍ਰਵੇਸ਼ ਕਰੋ ਕਿਉਂਕਿ ਇੱਥੇ ਤੁਹਾਡੀ ਮਿਹਨਤ, ਲਗਨ ਤੇ ਹਮਦਰਦੀ ਲਈ ਸਫਲਤਾ ਦਾ ਸੁਨਹਿਰੀ ਅਸਮਾਨ ਤੁਹਾਡਾ ਇੰਤਜ਼ਾਰ ਕਰ ਰਿਹਾ ਹੈ।
• ਪ੍ਰਿੰ. ਮਨਿੰਦਰ ਕੌਰ