- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਕਾਰ ਹੁਣ ਅਜਿਹੇ ਇਤਿਹਾਸਕ ਬਦਲਾਅ ’ਤੇ ਵਿਚਾਰ ਕਰ ਰਹੀ ਹੈ, ਜੋ ਵਿਦਿਆਰਥੀਆਂ ਦੇ ਮੋਢਿਆਂ ਤੋਂ ‘ਕਰੋ ਜਾਂ ਮਰੋ’ ਵਾਲੀ ਪ੍ਰੀਖਿਆ ਦਾ ਭਾਰੀ ਬੋਝ ਘਟਾ ਸਕਦਾ ਹੈ। ਸੂਤਰਾਂ ਮੁਤਾਬਕ ਹੁਣ ਮੈਡੀਕਲ ਅਤੇ ਇੰਜੀਨੀਅਰਿੰਗ ਕੋਰਸਾਂ ਵਿਚ ਦਾਖ਼ਲੇ ਲਈ ਸਿਰਫ਼ ਪ੍ਰਵੇਸ਼ ਪ੍ਰੀਖਿਆ ਦੇ ਅੰਕ ਕਾਫ਼ੀ ਨਹੀਂ ਹੋਣਗੇ, ਸਗੋਂ 12ਵੀਂ ਬੋਰਡ ਪ੍ਰੀਖਿਆ ਦੇ ਅੰਕਾਂ ਨੂੰ ਵੀ 50 ਫ਼ੀਸਦ ਦਾ ਵੱਡਾ ਵੈਟੇਜ ਦਿੱਤਾ ਜਾ ਸਕਦਾ ਹੈ।

ਨਵੀਂ ਦਿੱਲੀ (ਪੀਟੀਆਈ) : ਦੇਸ਼ ਦੀਆਂ ਸਭ ਤੋਂ ਵੱਕਾਰੀ ਅਤੇ ਤਣਾਅ ਵਾਲੀਆਂ ਪ੍ਰਵੇਸ਼ ਪ੍ਰੀਖਿਆਵਾਂ ਨੀਟ ਤੇ ਜੇਈਈ ਦੀ ਤਿਆਰੀ ਕਰਨ ਵਾਲੇ ਲੱਖਾਂ ਵਿਦਿਆਰਥੀਆਂ ਲਈ ਵੱਡੀ ਅਤੇ ਰਾਹਤ ਭਰੀ ਖ਼ਬਰ ਆ ਰਹੀ ਹੈ। ਸਰਕਾਰ ਹੁਣ ਅਜਿਹੇ ਇਤਿਹਾਸਕ ਬਦਲਾਅ ’ਤੇ ਵਿਚਾਰ ਕਰ ਰਹੀ ਹੈ, ਜੋ ਵਿਦਿਆਰਥੀਆਂ ਦੇ ਮੋਢਿਆਂ ਤੋਂ ‘ਕਰੋ ਜਾਂ ਮਰੋ’ ਵਾਲੀ ਪ੍ਰੀਖਿਆ ਦਾ ਭਾਰੀ ਬੋਝ ਘਟਾ ਸਕਦਾ ਹੈ। ਸੂਤਰਾਂ ਮੁਤਾਬਕ ਹੁਣ ਮੈਡੀਕਲ ਅਤੇ ਇੰਜੀਨੀਅਰਿੰਗ ਕੋਰਸਾਂ ਵਿਚ ਦਾਖ਼ਲੇ ਲਈ ਸਿਰਫ਼ ਪ੍ਰਵੇਸ਼ ਪ੍ਰੀਖਿਆ ਦੇ ਅੰਕ ਕਾਫ਼ੀ ਨਹੀਂ ਹੋਣਗੇ, ਸਗੋਂ 12ਵੀਂ ਬੋਰਡ ਪ੍ਰੀਖਿਆ ਦੇ ਅੰਕਾਂ ਨੂੰ ਵੀ 50 ਫ਼ੀਸਦ ਦਾ ਵੱਡਾ ਵੈਟੇਜ ਦਿੱਤਾ ਜਾ ਸਕਦਾ ਹੈ।
ਇਸ ਵੱਡੇ ਬਦਲਾਅ ਦਾ ਮੁੱਖ ਟੀਚਾ ਕਿਸੇ ਇਕ ਪ੍ਰੀਖਿਆ ਦੇ ਤਣਾਅ ਨੂੰ ਘਟਾਉਣਾ ਹੈ। ਹਾਲੀਆ ਦਿਨਾਂ ਵਿਚ ਪੇਪਰ ਲੀਕ ਤੇ ਮੁਲਾਂਕਣ ਵਿਚ ਗੜਬੜੀ ਵਰਗੀਆਂ ਘਟਨਾਵਾਂ ਨੇ ਦੇਸ਼ ਦੀ ਪ੍ਰੀਖਿਆ ਪ੍ਰਣਾਲੀ ਦੀ ਸਾਖ਼ ’ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਇਨ੍ਹਾਂ ਕਮੀਆਂ ਨੂੰ ਸੁਧਾਰਣ ਅਤੇ ਵਿਦਿਆਰਥੀਆਂ ਨੂੰ ਕੋਚਿੰਗ ਸੈਂਟਰਾਂ ਦੇ ਲਪੇਟੇ ਤੋਂ ਮੁਕਤ ਕਰਨ ਲਈ ਸਿੱਖਿਆ ਮੰਤਰਾਲੇ ਦੀ 9 ਮੈਂਬਰੀ ਕਮੇਟੀ ਡੂੰਘਾਈ ਨਾਲ ਵਿਚਾਰ ਕਰ ਰਹੀ ਹੈ। ਕਮੇਟੀ ਦਾ ਮੰਨਣਾ ਹੈ ਕਿ ਬੋਰਡ ਪ੍ਰੀਖਿਆਵਾਂ ਨੂੰ ਅਹਿਮੀਅਤ ਦੇਣ ਨਾਲ ‘ਡਮੀ ਸਕੂਲਾਂ’ ਦੇ ਵਧਦੇ ਰੁਝਾਨ ’ਤੇ ਰੋਕ ਲੱਗੇਗੀ ਅਤੇ ਵਿਦਿਆਰਥੀ ਆਪਣੀ ਸਕੂਲੀ ਪੜ੍ਹਾਈ ਨੂੰ ਗੰਭੀਰਤਾ ਨਾਲ ਲੈਣਗੇ।
ਸਫ਼ਰ ਹੋਵੇਗਾ ਆਸਾਨ : ਕਈ ਕੋਸ਼ਿਸ਼ਾਂ ਤੇ ਕੰਪਿਊਟਰ ਅਧਾਰਤ ਟੈਸਟ :
ਸੂਤਰਾਂ ਮੁਤਾਬਕ ਨੀਟ-ਜੇਈਈ ਵਿਚ ਸਿਰਫ਼ ਬੋਰਡ ਪ੍ਰੀਖਿਆ ਦੇ 50 ਫ਼ੀਸਦ ਅੰਕ ਹੀ ਨਹੀਂ ਜੁੜ ਸਕਦੇ, ਸਗੋਂ ਪ੍ਰਵੇਸ਼ ਪ੍ਰੀਖਿਆਵਾਂ ਦੇ ਪੂਰੇ ਢਾਂਚੇ ਨੂੰ ਵਿਦਿਆਰਥੀ-ਮਿੱਤਰ ਬਣਾਇਆ ਜਾਵੇਗਾ। ਹੁਣ ਪ੍ਰੀਖਿਆਵਾਂ ਨੂੰ ਸਕੂਲ ਦੇ ਸਿਲੇਬਸ ਮੁਤਾਬਕ ਤਿਆਰ ਕੀਤਾ ਜਾਵੇਗਾ ਤਾਂ ਜੋ ਪ੍ਰੀਖਿਆਰਥੀਆਂ ਨੂੰ ਵੱਖਰੇ ਤੌਰ ’ਤੇ ਮਹਿੰਗੀ ਕੋਚਿੰਗ ਨਾ ਲੈਣੀ ਪਵੇ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਇਕ ਤੋਂ ਵੱਧ ਕੋਸ਼ਿਸ਼ਾਂ ਕਰਨ ਅਤੇ ਹੌਲੀ-ਹੌਲੀ ‘ਆਨ-ਡਿਮਾਂਡ ਕੰਪਿਊਟਰ-ਅਧਾਰਤ ਟੈਸਟ’ ਵੱਲ ਵਧਣ ਦੀ ਸਿਫਾਰਸ਼ ਵੀ ਕੀਤੀ ਗਈ ਹੈ। ਕਮੇਟੀ ਆਪਣੀ ਆਖ਼ਰੀ ਰਿਪੋਰਟ ਆਉਣ ਵਾਲੇ ਕੁਝ ਹਫ਼ਤਿਆਂ ਵਿਚ ਸਰਕਾਰ ਨੂੰ ਸੌਂਪ ਸਕਦੀ ਹੈ। ਜੇ ਇਹ ਸਿਫਾਰਸ਼ਾਂ ਲਾਗੂ ਹੁੰਦੀਆਂ ਹਨ ਤਾਂ ਇਹ ਭਾਰਤੀ ਸਿੱਖਿਆ ਪ੍ਰਣਾਲੀ ਵਿਚ ਮਨੁੱਖੀ ਅਤੇ ਸਕਾਰਾਤਮਕ ਬਦਲਾਅ ਦੀ ਨਵੀਂ ਸਵੇਰ ਹੋਵੇਗੀ, ਜਿੱਥੇ ਬੱਚਿਆਂ ਦਾ ਭਵਿੱਖ ਸਿਰਫ ਤਿੰਨ ਘੰਟਿਆਂ ਦੇ ਇਮਤਿਹਾਨ ਤੋਂ ਨਿਰਧਾਰਤ ਨਹੀਂ ਹੋਵੇਗਾ ਸਗੋਂ ਸਮੁੱਚੀ ਕਾਬਲੀਅਤ ਦੇਖੀ ਜਾਵੇਗੀ।