- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਵਿਚ ਬਹੁਤ ਵਧੀਆ ਨਿੱਜੀ ਹਸਪਤਾਲ ਅਤੇ ਕਾਬਲ ਡਾਕਟਰ ਮੌਜੂਦ ਹਨ ਅਤੇ ਕਈ ਮਾਮਲਿਆਂ ’ਚ ਇੱਥੇ ਇਲਾਜ ਬਹੁਤ ਉੱਚ ਪੱਧਰ ਦਾ ਹੁੰਦਾ ਹੈ। ਪਰ ਸਵਾਲ ਇਹ ਹੈ ਕਿ ਕੀ ਹਰ ਵਿਅਕਤੀ ਉਸ ਇਲਾਜ ਦਾ ਖ਼ਰਚਾ ਚੁੱਕ ਸਕਦਾ ਹੈ? ਮਹਿੰਗਾ ਇਲਾਜ ਗ਼ਰੀਬ ਅਤੇ ਮੱਧਵਰਗੀ ਪਰਿਵਾਰਾਂ ਲਈ ਵੱਡੀ ਚੁਣੌਤੀ ਬਣ ਜਾਂਦਾ ਹੈ। ਦੂਜੇ ਪਾਸੇ ਸਰਕਾਰੀ ਸਿਹਤ ਸੰਸਥਾਵਾਂ ’ਤੇ ਮਰੀਜ਼ਾਂ ਦਾ ਬੋਝ ਬਹੁਤ ਜ਼ਿਆਦਾ ਹੋਣ ਕਰਕੇ ਹਰ ਮਰੀਜ਼ ਨੂੰ ਲੋੜੀਂਦਾ ਸਮਾਂ ਅਤੇ ਧਿਆਨ ਮਿਲਣਾ ਹਮੇਸ਼ਾ ਸੰਭਵ ਨਹੀਂ ਹੁੰਦਾ। ਸ਼ੁਰੂ ਵਿਚ ਸ਼ਾਇਦ ਵਿਦੇਸ਼ ਜਾਣ ਦਾ ਮਕਸਦ ਮਜਬੂਰੀ ਸੀ।


-ਸਿੰਦਰਪਾਲ ਕੌਰ ਸੀਵੀਆ
ਪੰਜਾਬ ਸਿਰਫ਼ ਧਰਤੀ ਦਾ ਇਕ ਟੁਕੜਾ ਨਹੀਂ, ਇਹ ਪੰਜਾਬੀਆਂ ਦੀ ਪਛਾਣ, ਭਾਵਨਾਵਾਂ, ਯਾਦਾਂ ਤੇ ਜੜ੍ਹਾਂ ਨਾਲ ਜੁੜਿਆ ਹੋਇਆ ਹੈ। ਕੋਈ ਵੀ ਵਿਅਕਤੀ ਆਪਣਾ ਘਰ, ਮਿੱਟੀ, ਰਿਸ਼ਤੇ ਅਤੇ ਆਪਣਾ ਵਤਨ ਛੱਡ ਕੇ ਦੂਰ ਜਾਣਾ ਨਹੀਂ ਚਾਹੁੰਦਾ। ਫਿਰ ਸਵਾਲ ਇਹ ਹੈ ਕਿ ਆਖ਼ਰ ਪੰਜਾਬ ਦੇ ਲੋਕ ਵੱਡੀ ਗਿਣਤੀ ’ਚ ਵਿਦੇਸ਼ਾਂ ਵੱਲ ਕਿਉਂ ਜਾ ਰਹੇ ਹਨ? ਕੀ ਇਹ ਸਿਰਫ਼ ਵਿਦੇਸ਼ੀ ਚਮਕ ਦੀ ਦੌੜ ਹੈ ਜਾਂ ਇਸ ਦੇ ਪਿੱਛੇ ਕੁਝ ਡੂੰਘੀਆਂ ਮਜਬੂਰੀਆਂ ਵੀ ਹਨ? ਜੇ ਅਸੀਂ ਪਿਛਲੇ ਕੁਝ ਦਹਾਕਿਆਂ ਵੱਲ ਨਜ਼ਰ ਮਾਰੀਏ ਤਾਂ ਇੱਥੇ ਕਈ ਅਜਿਹੇ ਦੌਰ ਆਏ ਜਿਨ੍ਹਾਂ ਨੇ ਲੋਕਾਂ ਦੇ ਮਨਾਂ ਵਿਚ ਅਸੁਰੱਖਿਆ ਤੇ ਡਰ ਪੈਦਾ ਕੀਤਾ। ਨਕਸਲਵਾਦ, ਖਾੜਕੂਵਾਦ ਤੇ ਹੋਰ ਹਿੰਸਕ ਦੌਰਾਂ ਨੇ ਪੰਜਾਬ ਦੇ ਸਮਾਜਿਕ ਜੀਵਨ ਨੂੰ ਪ੍ਰਭਾਵਿਤ ਕੀਤਾ। ਅੱਜ ਵੀ ਗੈਂਗਸਟਰਵਾਦ ਅਤੇ ਅਪਰਾਧ ਨਾਲ ਜੁੜੀਆਂ ਘਟਨਾਵਾਂ ਮਾਪਿਆਂ ਦੇ ਮਨ ’ਚ ਜਵਾਨ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਪੈਦਾ ਕਰਦੀਆਂ ਹਨ। ਕਈ ਮਾਪੇ ਇਹ ਸੋਚਦੇ ਹਨ ਕਿ ਕਿਤੇ ਉਨ੍ਹਾਂ ਦਾ ਬੱਚਾ ਕਿਸੇ ਗ਼ਲਤ ਸੰਗਤ ਜਾਂ ਗ਼ਲਤ ਰਸਤੇ ਨਾ ਪੈ ਜਾਵੇ। ਇਸ ਡਰ ਤੇ ਚਿੰਤਾ ਕਰਕੇ ਵੀ ਕਈ ਪਰਿਵਾਰ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਨੂੰ ਇਕ ਸੁਰੱਖਿਅਤ ਬਦਲ ਸਮਝਦੇ ਹਨ। ਇਸ ਤੋਂ ਬਾਅਦ ਆਉਂਦੀ ਹੈ ਰੁਜ਼ਗਾਰ ਦੀ ਸਮੱਸਿਆ। ਬੱਚੇ ਪੜ੍ਹਾਈ ਕਰਦੇ ਹਨ, ਡਿਗਰੀਆਂ ਲੈਂਦੇ ਹਨ ਪਰ ਉਨ੍ਹਾਂ ਦੀ ਯੋਗਤਾ ਦੇ ਅਨੁਸਾਰ ਰੁਜ਼ਗਾਰ ਦੇ ਮੌਕੇ ਹਰ ਕਿਸੇ ਨੂੰ ਨਹੀਂ ਮਿਲਦੇ। ਪੜ੍ਹੇ-ਲਿਖੇ ਨੌਜਵਾਨਾਂ ਦਾ ਲੰਮਾ ਸਮਾਂ ਬੇਰੁਜ਼ਗਾਰ ਰਹਿਣਾ ਉਨ੍ਹਾਂ ਵਿੱਚ ਨਿਰਾਸ਼ਾ ਪੈਦਾ ਕਰਦਾ ਹੈ। ਕਈ ਮਾਪੇ ਸੋਚਦੇ ਹਨ ਕਿ ਬੱਚਾ ਵਿਦੇਸ਼ ਜਾ ਕੇ ਕੋਈ ਵੀ ਇਮਾਨਦਾਰੀ ਵਾਲਾ ਕੰਮ ਕਰੇਗਾ ਤਾਂ ਘੱਟੋ-ਘੱਟ ਆਪਣੀ ਰੋਜ਼ੀ-ਰੋਟੀ ਤਾਂ ਕਮਾ ਸਕੇਗਾ।
ਸਿਸਟਮ ਪ੍ਰਤੀ ਨਿਰਾਸ਼ਾ ਵੀ ਇਸ ਪਲਾਇਨ ਦਾ ਇਕ ਕਾਰਨ ਹੈ। ਜਦੋਂ ਕੋਈ ਆਮ ਵਿਅਕਤੀ ਕਿਸੇ ਸਰਕਾਰੀ ਜਾਂ ਪ੍ਰਸ਼ਾਸਨਿਕ ਪ੍ਰਕਿਰਿਆ ’ਚ ਫਸ ਜਾਂਦਾ ਹੈ ਤਾਂ ਕਈ ਵਾਰ ਉਸ ਨੂੰ ਇੱਕ ਛੋਟਾ ਜਿਹਾ ਕੰਮ ਕਰਵਾਉਣ ਲਈ ਵੀ ਲੰਮੀ ਪ੍ਰਕਿਰਿਆ, ਕਾਗਜ਼ੀ ਕਾਰਵਾਈ ਅਤੇ ਦਫ਼ਤਰਾਂ ਦੇ ਚੱਕਰ ਕੱਟਣੇ ਪੈਂਦੇ ਹਨ। ਜਦੋਂ ਕਿਸੇ ਵਿਅਕਤੀ ਨੂੰ ਲੱਗਣ ਲੱਗੇ ਕਿ ਉਸ ਦੀ ਗੱਲ ਸੁਣਨ ਵਾਲਾ ਕੋਈ ਨਹੀਂ ਜਾਂ ਉਸ ਦਾ ਕੰਮ ਆਸਾਨੀ ਨਾਲ ਨਹੀਂ ਹੋ ਸਕਦਾ ਤਾਂ ਉਸ ਦੇ ਅੰਦਰ ਪ੍ਰਬੰਧ ਪ੍ਰਤੀ ਨਿਰਾਸ਼ਾ ਪੈਦਾ ਹੁੰਦੀ ਹੈ। ਸਾਡੀਆਂ ਰੋਜ਼ਾਨਾ ਦੀਆਂ ਸਮੱਸਿਆਵਾਂ ਵੀ ਇਸ ਸੋਚ ਨੂੰ ਪ੍ਰਭਾਵਿਤ ਕਰਦੀਆਂ ਹਨ। ਟੁੱਟੀਆਂ ਸੜਕਾਂ, ਟ੍ਰੈਫ਼ਿਕ ਨਿਯਮਾਂ ਦੀ ਅਣਦੇਖੀ, ਗਲੀਆਂ-ਨਾਲੀਆਂ ਦੀ ਸਮੱਸਿਆ, ਗੰਦਗੀ, ਪ੍ਰਦੂਸ਼ਣ ਅਤੇ ਸਾਫ਼ ਪਾਣੀ ਨਾਲ ਜੁੜੀਆਂ ਚਿੰਤਾਵਾਂ-ਇਹ ਸਭ ਲੋਕਾਂ ਦੇ ਜੀਵਨ ਦੀ ਗੁਣਵੱਤਾ ’ਤੇ ਅਸਰ ਪਾਉਂਦੇ ਹਨ। ਜਦੋਂ ਕੋਈ ਵਿਅਕਤੀ ਵਿਦੇਸ਼ਾਂ ’ਚ ਸੁਚੱਜੀ ਟ੍ਰੈਫ਼ਿਕ ਵਿਵਸਥਾ, ਸਾਫ਼-ਸੁਥਰਾ ਵਾਤਾਵਰਨ, ਨਿਯਮਾਂ ਦੀ ਪਾਲਣਾ ਅਤੇ ਬਿਹਤਰ ਜਨਤਕ ਸਹੂਲਤਾਂ ਦੇਖਦਾ ਹੈ ਤਾਂ ਉਸ ਨੂੰ ਆਪਣੇ ਇੱਥੋਂ ਦੀਆਂ ਕਮੀਆਂ ਹੋਰ ਵੀ ਸਪਸ਼ਟ ਦਿਖਾਈ ਦੇਣ ਲੱਗਦੀਆਂ ਹਨ। ਸਿਹਤ ਸਹੂਲਤਾਂ ਦਾ ਮਸਲਾ ਵੀ ਇਸ ਵਿਚਾਰ ਦਾ ਇੱਕ ਹਿੱਸਾ ਹੈ। ਪੰਜਾਬ ਵਿਚ ਬਹੁਤ ਵਧੀਆ ਨਿੱਜੀ ਹਸਪਤਾਲ ਅਤੇ ਕਾਬਲ ਡਾਕਟਰ ਮੌਜੂਦ ਹਨ ਅਤੇ ਕਈ ਮਾਮਲਿਆਂ ’ਚ ਇੱਥੇ ਇਲਾਜ ਬਹੁਤ ਉੱਚ ਪੱਧਰ ਦਾ ਹੁੰਦਾ ਹੈ। ਪਰ ਸਵਾਲ ਇਹ ਹੈ ਕਿ ਕੀ ਹਰ ਵਿਅਕਤੀ ਉਸ ਇਲਾਜ ਦਾ ਖ਼ਰਚਾ ਚੁੱਕ ਸਕਦਾ ਹੈ? ਮਹਿੰਗਾ ਇਲਾਜ ਗ਼ਰੀਬ ਅਤੇ ਮੱਧਵਰਗੀ ਪਰਿਵਾਰਾਂ ਲਈ ਵੱਡੀ ਚੁਣੌਤੀ ਬਣ ਜਾਂਦਾ ਹੈ। ਦੂਜੇ ਪਾਸੇ ਸਰਕਾਰੀ ਸਿਹਤ ਸੰਸਥਾਵਾਂ ’ਤੇ ਮਰੀਜ਼ਾਂ ਦਾ ਬੋਝ ਬਹੁਤ ਜ਼ਿਆਦਾ ਹੋਣ ਕਰਕੇ ਹਰ ਮਰੀਜ਼ ਨੂੰ ਲੋੜੀਂਦਾ ਸਮਾਂ ਅਤੇ ਧਿਆਨ ਮਿਲਣਾ ਹਮੇਸ਼ਾ ਸੰਭਵ ਨਹੀਂ ਹੁੰਦਾ। ਸ਼ੁਰੂ ਵਿਚ ਸ਼ਾਇਦ ਵਿਦੇਸ਼ ਜਾਣ ਦਾ ਮਕਸਦ ਮਜਬੂਰੀ ਸੀ। ਫਿਰ ਇਹ ਬਿਹਤਰ ਰੁਜ਼ਗਾਰ ਦੀ ਉਮੀਦ ਬਣਿਆ। ਇਸ ਤੋਂ ਬਾਅਦ ਇਹ ਬਿਹਤਰ ਜੀਵਨ-ਸ਼ੈਲੀ ਦੀ ਇੱਛਾ ਬਣੀ ਅਤੇ ਅੰਤ ਵਿਚ ਕਈ ਥਾਵਾਂ ’ਤੇ ਇਹ ਇਕ ਸਮਾਜਿਕ ਦੌੜ ਦਾ ਰੂਪ ਧਾਰ ਗਿਆ। ਇਕ ਪਰਿਵਾਰ ਦਾ ਬੱਚਾ ਵਿਦੇਸ਼ ਗਿਆ ਤਾਂ ਦੂਜੇ ਪਰਿਵਾਰ ਨੇ ਵੀ ਆਪਣੇ ਬੱਚੇ ਨੂੰ ਭੇਜਣ ਬਾਰੇ ਸੋਚਿਆ। ਹੌਲੀ-ਹੌਲੀ ਇਹ ਧਾਰਨਾ ਬਣ ਗਈ ਕਿ ਜੇ ਬੱਚਾ ਵਿਦੇਸ਼ ਨਹੀਂ ਗਿਆ ਤਾਂ ਸ਼ਾਇਦ ਉਸ ਦਾ ਭਵਿੱਖ ਚੰਗਾ ਨਹੀਂ ਹੋਵੇਗਾ। ਕਈ ਮਾਪੇ ਆਪਣੇ ਬੱਚਿਆਂ ਨੂੰ ਇਸ ਲਈ ਵਿਦੇਸ਼ ਭੇਜਦੇ ਹਨ ਕਿਉਂਕਿ ਉਹ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਉਹ ਮੁਸ਼ਕਲਾਂ ਨਾ ਸਹਿਣ ਜੋ ਉਨ੍ਹਾਂ ਨੇ ਆਪਣੀ ਜ਼ਿੰਦਗੀ ’ਚ ਸਹੀਆਂ ਹਨ। ਉਹ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚਿਆਂ ਨੂੰ ਚੰਗੇ ਮੌਕੇ ਮਿਲਣ, ਉਹ ਸੁਰੱਖਿਅਤ ਮਾਹੌਲ ’ਚ ਰਹਿਣ, ਆਪਣੀ ਮਿਹਨਤ ਦਾ ਮੁੱਲ ਪਾਉਣ ਅਤੇ ਉਹ ਸਹੂਲਤਾਂ ਪ੍ਰਾਪਤ ਕਰਨ ਜੋ ਸ਼ਾਇਦ ਉਨ੍ਹਾਂ ਨੂੰ ਆਪਣੇ ਜੀਵਨ ਵਿੱਚ ਨਹੀਂ ਮਿਲ ਸਕੀਆਂ। ਜਿਹੜਾ ਬੱਚਾ ਆਪਣੀ ਜਵਾਨੀ ਦੇ ਦਸ-ਪੰਦਰਾਂ ਸਾਲ ਕਿਸੇ ਵਿਦੇਸ਼ੀ ਧਰਤੀ ’ਤੇ ਲਗਾ ਦਿੰਦਾ ਹੈ, ਉਸ ਲਈ ਮੁੜ ਆਪਣੇ ਦੇਸ਼ ’ਚ ਆ ਕੇ ਪਹਿਲਾਂ ਵਾਲੀ ਜ਼ਿੰਦਗੀ ਸ਼ੁਰੂ ਕਰਨਾ ਆਸਾਨ ਨਹੀਂ ਹੁੰਦਾ। ਉੱਥੇ ਦੀ ਜੀਵਨ-ਸ਼ੈਲੀ, ਕੰਮ ਕਰਨ ਦਾ ਢੰਗ, ਸਹੂਲਤਾਂ ਅਤੇ ਪ੍ਰਬੰਧ ਉਸ ਦੀਆਂ ਆਦਤਾਂ ਬਦਲ ਦਿੰਦੇ ਹਨ। ਦੂਜੇ ਪਾਸੇ ਇੱਥੇ ਉਸ ਦੇ ਮਾਪੇ ਉਮਰ ਦੇ ਉਸ ਪੜਾਅ ਵਿੱਚ ਪਹੁੰਚ ਜਾਂਦੇ ਹਨ ਜਿੱਥੇ ਉਨ੍ਹਾਂ ਨੂੰ ਬੱਚਿਆਂ ਦੀ ਨੇੜਤਾ ਦੀ ਲੋੜ ਹੁੰਦੀ ਹੈ। ਮਾਪਿਆਂ ਅਤੇ ਬੱਚਿਆਂ ਵਿਚਕਾਰ ਦੂਰੀ ਸਿਰਫ਼ ਕਿਲੋਮੀਟਰਾਂ ਦੀ ਨਹੀਂ ਰਹਿੰਦੀ, ਕਈ ਵਾਰ ਇਹ ਭਾਵਨਾਵਾਂ ਦੀ ਦੂਰੀ ਵੀ ਬਣ ਜਾਂਦੀ ਹੈ। ਅੱਜ ਵਿਦੇਸ਼ ਜਾਣ ਵਾਲੇ ਨੌਜਵਾਨਾਂ ਲਈ ਹਾਲਾਤ ਵੀ ਪਹਿਲਾਂ ਵਰਗੇ ਨਹੀਂ ਰਹੇ। ਕਈ ਦੇਸ਼ ਆਪਣੀਆਂ ਆਰਥਿਕ ਅਤੇ ਇਮੀਗ੍ਰੇਸ਼ਨ ਨੀਤੀਆਂ ਨੂੰ ਬਦਲ ਰਹੇ ਹਨ। ਵਿਦੇਸ਼ ਜਾ ਕੇ ਪੜ੍ਹਾਈ ਕਰਨ ਜਾਂ ਕੰਮ ਕਰਨ ਵਾਲੇ ਨੌਜਵਾਨਾਂ ਨੂੰ ਵੀ ਨਵੇਂ ਨਿਯਮਾਂ, ਮਹਿੰਗੀ ਜੀਵਨ-ਸ਼ੈਲੀ, ਰੁਜ਼ਗਾਰ ਦੀ ਅਨਿਸ਼ਚਿਤਤਾ ਅਤੇ ਵਾਪਸੀ ਦੇ ਦਬਾਅ ਵਰਗੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਇਹ ਮੰਨ ਲੈਣਾ ਵੀ ਠੀਕ ਨਹੀਂ ਕਿ ਵਿਦੇਸ਼ ਜਾਣਾ ਹੀ ਹਰ ਸਮੱਸਿਆ ਦਾ ਹੱਲ ਹੈ। ਅਸਲ ਸਵਾਲ ਇਹ ਨਹੀਂ ਕਿ ਪੰਜਾਬੀ ਵਿਦੇਸ਼ ਕਿਉਂ ਜਾ ਰਹੇ ਹਨ? ਅਸਲ ਸਵਾਲ ਇਹ ਹੈ ਕਿ ਅਸੀਂ ਪੰਜਾਬ ਨੂੰ ਅਜਿਹਾ ਕਿਉਂ ਨਹੀਂ ਬਣਾ ਸਕੇ ਜਿੱਥੇ ਸਾਡੀ ਨੌਜਵਾਨ ਪੀੜ੍ਹੀ ਆਪਣਾ ਭਵਿੱਖ ਇੱਥੇ ਦੇਖ ਸਕੇ? ਸਾਨੂੰ ਨੌਜਵਾਨਾਂ ਨੂੰ ਸਿਰਫ਼ ਇਹ ਕਹਿਣ ਦੀ ਲੋੜ ਨਹੀਂ ਕਿ “ਵਿਦੇਸ਼ ਨਾ ਜਾਓ।” ਸਾਨੂੰ ਪਹਿਲਾਂ ਉਹ ਕਾਰਨ ਦੂਰ ਕਰਨੇ ਪੈਣਗੇ ਜਿਨ੍ਹਾਂ ਕਰਕੇ ਉਹ ਜਾਣਾ ਚਾਹੁੰਦੇ ਹਨ। ਉਨ੍ਹਾਂ ਨੂੰ ਸੁਰੱਖਿਅਤ ਮਾਹੌਲ, ਪਾਰਦਰਸ਼ੀ ਅਤੇ ਜਵਾਬਦੇਹ ਪ੍ਰਬੰਧ, ਯੋਗਤਾ ਅਨੁਸਾਰ ਰੁਜ਼ਗਾਰ, ਬਿਹਤਰ ਸਿਹਤ ਸਹੂਲਤਾਂ, ਸਾਫ਼ ਵਾਤਾਵਰਨ ਅਤੇ ਆਪਣੀ ਮਿਹਨਤ ਦਾ ਸਨਮਾਨ ਚਾਹੀਦਾ ਹੈ। ਪੰਜਾਬ ਨੂੰ ਖਾਲੀ ਹੋਣ ਤੋਂ ਰੋਕਣ ਲਈ ਪੰਜਾਬੀਆਂ ਨੂੰ ਰੋਕਣ ਦੀ ਨਹੀਂ, ਪੰਜਾਬ ਨੂੰ ਬਦਲਣ ਦੀ ਲੋੜ ਹੈ। ਵਿਦੇਸ਼ ਜਾਣਾ ਆਪਣੇ ਆਪ ਵਿੱਚ ਨਾ ਗ਼ਲਤ ਹੈ ਅਤੇ ਨਾ ਹੀ ਹਰ ਵਿਦੇਸ਼ ਜਾਣ ਵਾਲਾ ਸਿਰਫ਼ ਦੌੜ ਦਾ ਹਿੱਸਾ ਹੈ। ਦੁਨੀਆ ਦੇਖਣਾ, ਉੱਚ ਸਿੱਖਿਆ ਲੈਣਾ, ਨਵੀਆਂ ਸੰਭਾਵਨਾਵਾਂ ਲੱਭਣਾ ਅਤੇ ਆਪਣੇ ਜੀਵਨ ਨੂੰ ਬਿਹਤਰ ਬਣਾਉਣਾ ਹਰ ਵਿਅਕਤੀ ਦਾ ਹੱਕ ਹੈ। ਪਰ ਜੇ ਕੋਈ ਨੌਜਵਾਨ ਆਪਣੇ ਘਰ, ਆਪਣੀ ਮਿੱਟੀ ਅਤੇ ਆਪਣੇ ਪਰਿਵਾਰ ਨੂੰ ਇਸ ਲਈ ਛੱਡਣ ਲਈ ਮਜਬੂਰ ਹੋਵੇ ਕਿ ਉਸ ਨੂੰ ਆਪਣੇ ਹੀ ਸੂਬੇ ਵਿੱਚ ਸੁਰੱਖਿਆ, ਰੁਜ਼ਗਾਰ ਅਤੇ ਇੱਜ਼ਤ ਨਾਲ ਜੀਣ ਦੇ ਮੌਕੇ ਨਹੀਂ ਮਿਲ ਰਹੇ, ਤਾਂ ਇਹ ਸਿਰਫ਼ ਉਸ ਨੌਜਵਾਨ ਦੀ ਸਮੱਸਿਆ ਨਹੀਂ—ਇਹ ਪੂਰੇ ਸਮਾਜ ਲਈ ਚਿੰਤਾ ਦਾ ਵਿਸ਼ਾ ਹੈ। ਕਦੇ ਪੰਜਾਬ ਤੋਂ ਲੋਕ ਮਜਬੂਰੀ ਵਿੱਚ ਬਾਹਰ ਗਏ ਸਨ। ਫਿਰ ਲੋਕ ਮੌਕੇ ਦੀ ਭਾਲ ਵਿੱਚ ਬਾਹਰ ਜਾਣ ਲੱਗੇ। ਅਤੇ ਅੱਜ ਕਈ ਥਾਵਾਂ ’ਤੇ ਲੋਕ ਇੱਕ-ਦੂਜੇ ਨੂੰ ਦੇਖ ਕੇ ਬਾਹਰ ਜਾ ਰਹੇ ਹਨ। ਇਹ ਮਜਬੂਰੀ ਤੋਂ ਦੌੜ ਬਣੀ ਯਾਤਰਾ ਸਾਨੂੰ ਇੱਕ ਵੱਡਾ ਸਵਾਲ ਪੁੱਛ ਰਹੀ ਹੈ— “ਕੀ ਅਸੀਂ ਆਪਣੇ ਬੱਚਿਆਂ ਨੂੰ ਵਿਦੇਸ਼ ਜਾਣ ਤੋਂ ਰੋਕਣਾ ਚਾਹੁੰਦੇ ਹਾਂ, ਜਾਂ ਆਪਣੇ ਪੰਜਾਬ ਨੂੰ ਇੰਨਾ ਬਿਹਤਰ ਬਣਾਉਣਾ ਚਾਹੁੰਦੇ ਹਾਂ ਕਿ ਉਹ ਆਪਣੀ ਮਰਜ਼ੀ ਨਾਲ ਇੱਥੇ ਰਹਿਣਾ ਚਾਹੁਣ?” ਸ਼ਾਇਦ ਇਸ ਸਵਾਲ ਦਾ ਜਵਾਬ ਹੀ ਪੰਜਾਬ ਦੇ ਭਵਿੱਖ ਦੀ ਦਿਸ਼ਾ ਤੈਅ ਕਰੇਗਾ।
(ਸੰਪਰਕ : 9815124450)।