- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਜੇ ਬਟਾਲਵੀ ਦੀ ਆਪਣੀ ਆਵਾਜ਼ ਵੀ ਬੇਹੱਦ ਸੁਰੀਲੀ ਸੀ ਤੇ ਉਨ੍ਹਾਂ ਦੇ ਗੀਤਾਂ ਨਾਲ ਸਜੀਆਂ ਕਈ ਐਲਬਮਾਂ ਨਾਮਵਰ ਕੰਪਨੀਆਂ ਨੇ ਰਿਲੀਜ਼ ਕੀਤੀਆਂ ਸਨ। ਉਨ੍ਹਾਂ ਦੇ ਸਹਿਯੋਗ ਨਾਲ ਹੀ ਮੇਰੇ ਪਿਤਾ ਸ਼ਰਨਜੀਤ ਸਿੰਘ ਉਰਫ਼ ਫ਼ਿਦਾ ਬਟਾਲਵੀ ਨੂੰ ਵੀ ਫਿਲਮ ਨਗਰੀ ਮੁੰਬਈ ਵਿਚ ਬਤੌਰ ਗੀਤਕਾਰ ਆਪਣਾ ਨਾਮ ਕਮਾਉਣ ਦਾ ਮੌਕਾ ਮਿਲਿਆ ਸੀ।

ਇਕ ਦਿਨ ਮੈਂ ਸੋਸ਼ਲ ਮੀਡੀਆ ’ਤੇ ਇਕ ਬੜਾ ਹੀ ਭਾਵੁਕ ਵੀਡੀਓ ਵੇਖ ਰਿਹਾ ਸਾਂ। ਵਿਦੇਸ਼ ਗਿਆ ਇਕ ਲੜਕਾ ਕਈ ਵਰਿ੍ਹਆਂ ਬਾਅਦ ਪੰਜਾਬ ਪਰਤਿਆ ਸੀ ਤੇ ਏਅਰਪੋਰਟ ’ਤੇ ਉਹ ਆਪਣੇ ਪਿਤਾ ਨੂੰ ਬੜੀ ਹੀ ਸ਼ਿੱਦਤ ਤੇ ਬੜੇ ਭਾਵੁਕ ਅੰਦਾਜ਼ ਵਿਚ ਘੁੱਟ ਕੇ ਗਲੇ ਮਿਲ ਰਿਹਾ ਸੀ। ਪਿਤਾ ਤੇ ਪੁੱਤਰ ਦੀਆਂ ਅੱਖਾਂ ’ਚੋਂ ਵਗਦੇ ਹੰਝੂ ਅਮੁੱਕ ਸਨ ਤੇ ਵਰਿ੍ਹਆਂ ਦਾ ਉਹ ਵਿਛੋੜਾ ਭਲਾ ਘੜੀ-ਪਲ ਵਿਚ ਪੂਰਾ ਕਿਵੇਂ ਹੋ ਸਕਦਾ ਸੀ? ਉੱਥੇ ਹਾਜ਼ਰ ਉਸ ਅਤਿਅੰਤ ਜਜ਼ਬਾਤੀ ਮਿਲਾਪ ਦੀ ਘੜੀ ਦੇ ਸਭ ਗਵਾਹ ਵੀ ਭਾਵੁਕ ਹੋ ਰਹੇ ਸਨ। ਉਸ ਦ੍ਰਿਸ਼ ਨੇ ਮੈਨੂੰ ਵੀ ਭਾਵੁਕ ਕਰ ਦਿੱਤਾ ਸੀ।
ਮੈਨੂੰ ਆਪਣਾ ਦੁੱਖ ਤੇ ਦਿਲ ਦੀ ਪੀੜ ਪਹਾੜ ਤੋਂ ਵੀ ਵੱਡੇ ਜਾਪ ਰਹੇ ਸਨ। ਉਹ ਖ਼ੁਸ਼ਕਿਸਮਤ ਬੇਟਾ ਕਈ ਸਾਲ ਦੇ ਵਿਛੋੜੇ ਤੋਂ ਬਾਅਦ ਆਪਣੇ ਬਾਪ ਨੂੰ ਗਲ ਲੱਗ ਕੇ ਮਿਲ ਰਿਹਾ ਸੀ ਪਰ ਮੈਂ ਤਾਂ ਬਹੁਤ ਬਦਕਿਸਮਤ ਸਾਂ ਕਿਉਂਕਿ ਮੇਰੇ ਕਰਮਾਂ ’ਚ, ਮੇਰੀ ਜ਼ਿੰਦਗੀ ’ਚ ਇਹ ਦਿਨ ਕਦੇ ਨਹੀਂ ਆਉਣਾ ਸੀ। ਮੇਰੇ ਪਿਤਾ ਜੀ ਸਾਲ 2021 ਵਿਚ ਬ੍ਰੇਨ ਟਿਊਮਰ ਦਾ ਸ਼ਿਕਾਰ ਹੋ ਕੇ ਸਦੀਵੀ ਵਿਛੋੜਾ ਦੇ ਗਏ ਸਨ ਤੇ ਉਨ੍ਹਾਂ ਦੀ ਇਕ ਝਲਕ, ਇਕ ਛੋਹ ਨੂੰ ਤਰਸਦਾ ਹੋਇਆ ਮੈਂ ਪੰਜ ਸਾਲਾਂ ਤੋਂ ਤੜਫ ਰਿਹਾ ਹਾਂ। ਮੌਤ ਦੀ ਹਕੀਕਤ ਪਤਾ ਵੀ ਹੈ ਪਰ ਮਨ ਨਹੀਂ ਮੰਨਦਾ।
ਮਨ ਤਾਂ ਪਿਤਾ ਜੀ ਨੂੰ ਘੁੱਟ ਗਲਵਕੜੀ ਪਾਉਣ ਲਈ ਸਦਾ ਹੀ ਵਿਆਕੁਲ ਰਹਿੰਦਾ ਹੈ। ਮੇਰੀ ਸਭ ਨੂੰ ਬੇਨਤੀ ਹੈ ਕਿ ਆਪਣੇ ਮਾਪਿਆਂ ਨੂੰ ਰੱਜਵਾਂ ਪਿਆਰ ਤੇ ਸਤਿਕਾਰ ਦਿਉ ਕਿਉਂਕਿ ਮਾਪੇ ਸਦਾ ਸਿਰ ’ਤੇ ਨਹੀਂ ਰਹਿਣੇ ਹਨ। ਪਿਤਾ ਦੇ ਵਿਛੋੜੇ ਦੀ ਟੀਸ ਅਨੁਭਵ ਕਰਦਿਆਂ ਹੋਇਆਂ ਜਿਸ ਅਫ਼ਸੋਸ ਤੇ ਸੋਗ ’ਚੋਂ ਮੈਂ ਹਰ ਵਕਤ ਲੰਘਦਾ ਹਾਂ, ਕਾਸ਼ ਕਿਸੇ ਹੋਰ ਨੂੰ ਉਹ ਟੀਸ ਸਹਿਣੀ ਨਾ ਪਏ। ਅਸੀਂ ਅਕਸਰ ਆਪਣੀਆਂ ਮਾਵਾਂ ਨਾਲ ਤਾਂ ਆਪਣਾ ਦੁੱਖ ਸਾਂਝਾ ਕਰ ਲੈਂਦੇ ਹਾਂ ਪਰ ਬਾਪ ਨਾਲ ਕੋਈ ਗੱਲ ਕਰਨ ਲੱਗਿਆਂ ਅਸੀਂ ਝਿਜਕ ਜਾਂਦੇ ਹਾਂ। ਮੇਰੇ ਪਿਤਾ ਜੀ ਨੇ ਮੇਰੇ ਲਈ ਬਹੁਤ ਕੁਝ ਕੀਤਾ ਸੀ ਤੇ ਮੈਂ ਉਨ੍ਹਾਂ ਨੂੰ ਕਦੇ ਧੰਨਵਾਦ ਨਹੀਂ ਕਹਿ ਸਕਿਆ ਸਾਂ। ਉਨ੍ਹਾਂ ਦਾ ‘ਸ਼ੁਕਰੀਆ’ ਅਦਾ ਕਰਨ ਦੀ ਹਸਰਤ ਮੇਰੇ ਮਨ ’ਚ ਹੀ ਰਹਿ ਗਈ ਹੈ।
ਮੈਂ ਵੇਲਾ ਖੁੰਝ ਗਿਆ ਹਾਂ ਪਰ ਤੁਸੀਂ ਹਰਗ਼ਿਜ਼ ਨਾ ਖੁੰਝਣਾ। ਮੇਰੇ ਲਈ ਦੁੱਖ ਤੇ ਅਫ਼ਸੋਸ ਦਾ ਇਕ ਕਾਰਨ ਹੋਰ ਵੀ ਹੈ। ਮੇਰੇ ਪਿਤਾ ਜੀ ਦੇ ਭਰਾਵਾਂ ਵਰਗੇ ਦੋਸਤ ਵਿਜੇ ਬਟਾਲਵੀ ਮੁੰਬਈ ਵਿਖੇ ਬਤੌਰ ਸੰਗੀਤ ਨਿਰਦੇਸ਼ਕ ਕੰਮ ਕਰਦੇ ਸਨ। ਉਨ੍ਹਾਂ ਨੇ ਉੱਥੇ ਮੁਹੰਮਦ ਰਫ਼ੀ, ਸੁਰੇਸ਼ ਵਾਡੇਕਰ, ਪੰਕਜ ਉਧਾਸ, ਮਨਹਰ ਉਧਾਸ, ਆਸ਼ਾ ਭੌਂਸਲੇ, ਸ਼੍ਰੇਆ ਘੋਸ਼ਾਲ, ਉਦਿਤ ਨਾਰਾਇਣ, ਅਲਕਾ ਯਾਗਨਿਕ ਆਦਿ ਜਿਹੇ ਕਈ ਹੋਰ ਵੱਡੇ ਗਾਇਕਾਂ ਲਈ ਸੰਗੀਤ ਨਿਰਦੇਸ਼ਨ ਕੀਤਾ ਸੀ।
ਵਿਜੇ ਬਟਾਲਵੀ ਦੀ ਆਪਣੀ ਆਵਾਜ਼ ਵੀ ਬੇਹੱਦ ਸੁਰੀਲੀ ਸੀ ਤੇ ਉਨ੍ਹਾਂ ਦੇ ਗੀਤਾਂ ਨਾਲ ਸਜੀਆਂ ਕਈ ਐਲਬਮਾਂ ਨਾਮਵਰ ਕੰਪਨੀਆਂ ਨੇ ਰਿਲੀਜ਼ ਕੀਤੀਆਂ ਸਨ। ਉਨ੍ਹਾਂ ਦੇ ਸਹਿਯੋਗ ਨਾਲ ਹੀ ਮੇਰੇ ਪਿਤਾ ਸ਼ਰਨਜੀਤ ਸਿੰਘ ਉਰਫ਼ ਫ਼ਿਦਾ ਬਟਾਲਵੀ ਨੂੰ ਵੀ ਫਿਲਮ ਨਗਰੀ ਮੁੰਬਈ ਵਿਚ ਬਤੌਰ ਗੀਤਕਾਰ ਆਪਣਾ ਨਾਮ ਕਮਾਉਣ ਦਾ ਮੌਕਾ ਮਿਲਿਆ ਸੀ। ਮੇਰੇ ਪਿਤਾ ਤੇ ਵਿਜੇ ਹੁਰਾਂ ਦੀ ਦੋਸਤੀ ਕੋਈ ਪੰਜਾਹ ਸਾਲ ਤੱਕ ਨਿਭੀ ਸੀ ਪਰ ਇਕ ਦਿਨ ਕਿਸੇ ਗੱਲ ਤੋਂ ਦੋਵਾਂ ਵਿਚਕਾਰ ਐਸਾ ਮਨ-ਮੁਟਾਵ ਹੋਇਆ ਕਿ ਉਨ੍ਹਾਂ ਦੋਵਾਂ ਨੇ ਇਕ-ਦੂਜੇ ਨਾਲ ਮੇਲ-ਮਿਲਾਪ ਬੰਦ ਕਰ ਦਿੱਤਾ।
ਪਿਤਾ ਜੀ ਲੇਖਕ ਹੋਣ ਕਰਕੇ ਥੋੜ੍ਹੇ ਜ਼ਿਆਦਾ ਸੰਵੇਦਨਸ਼ੀਲ ਤੇ ਭਾਵੁਕ ਸਨ। ਉਹ ਵੱਖ-ਵੱਖ ਮੌਕਿਆਂ ’ਤੇ ਫੋਨ ਕਰਕੇ ਵਿਜੇ ਬਟਾਲਵੀ ਨਾਲ ਸੰਪਰਕ ਦੀ ਕੋਸ਼ਿਸ਼ ਕਰਦੇ ਪਰ ਸਭ ਕੋਸ਼ਿਸ਼ਾਂ ਨਾਕਾਮ ਰਹੀਆਂ। ਜਦੋਂ ਪਿਤਾ ਜੀ ਬ੍ਰੇਨ ਟਿਊਮਰ ਨਾਲ ਪੀੜਤ ਹੋ ਕੇ ਜ਼ਿੰਦਗੀ ਤੇ ਮੌਤ ਦਰਮਿਆਨ ਜੰਗ ਲੜ ਰਹੇ ਸਨ ਤਾਂ ਉਨ੍ਹਾਂ ਨੇ ਮੈਨੂੰ ਕਿਹਾ ਕਿ ਉਹ ਆਪਣੇ ਯਾਰ ਵਿਜੇ ਬਟਾਲਵੀ ਨੂੰ ਇਕ ਵਾਰ ਗਲ ਨਾਲ ਲਾ ਕੇ ਸਾਰੇ ਗਿਲੇ-ਸ਼ਿਕਵੇ ਮਿਟਾ ਲੈਣੇ ਚਾਹੁੰਦੇ ਹਨ।
ਮੈਨੂੰ ਬੇਹੱਦ ਅਫ਼ਸੋਸ ਹੈ ਕਿ ਉਨ੍ਹਾਂ ਦੀ ਇਹ ਖ਼ਾਹਿਸ਼ ਪੂਰੀ ਨਾ ਹੋ ਸਕੀ। ਚੰਦਰੇ ਬ੍ਰੇਨ ਟਿਊਮਰ ਦੀ ਆਖ਼ਰੀ ਸਟੇਜ ਜਲਦੀ ਹੀ ਆ ਗਈ ਤੇ ਪਿਤਾ ਜੀ ਦੀ ਸਾਰੀ ਯਾਦ-ਸ਼ਕਤੀ ਚਲੀ ਗਈ। ਇਸ ਦੌਰਾਨ ਮੈਨੂੰ ਪਤਾ ਲੱਗਿਆ ਕਿ ਬਟਾਲਵੀ ਆਪਣੇ ਕਿਸੇ ਸੰਗੀਤਕ ਸਮਾਗਮ ਲਈ ਮੁੰਬਈ ਤੋਂ ਪਠਾਨਕੋਟ ਪੁੱਜੇ ਸਨ। ਮੇਰੇ ਮਨ ’ਚ ਆਸ ਜਾਗੀ ਕਿ ਸ਼ਾਇਦ ਹੁਣ ਦੋ ਵਿਛੜੇ ਦੋਸਤਾਂ ਦਾ ਮਿਲਨ ਹੋ ਸਕਦਾ ਸੀ ਪਰ ਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ।
ਪਠਾਨਕੋਟ ਵਿਖੇ ਆਪਣੇ ਇਕ ਗੀਤ ਦੀ ਰਿਕਾਰਡਿੰਗ ਦੌਰਾਨ ਵਿਜੇ ਬਟਾਲਵੀ ਨੂੰ ਦਿਲ ਦਾ ਦੌਰਾ ਪਿਆ ਤੇ ਉਹ ਅਚਨਚੇਤ ਹੀ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ਼ ਗਏ। ਦੋ ਜਿਗਰੀ ਯਾਰਾਂ ਵੱਲੋਂ ਗਿਲੇ-ਸ਼ਿਕਵੇ ਭੁਲਾ ਕੇ ਇਕ-ਦੂਜੇ ਨੂੰ ਘੁੱਟ ਕੇ ਗਲਵਕੜੀ ਪਾਉਣ ਦੀ ਹਸਰਤ ਦਿਲ ’ਚ ਹੀ ਰਹਿ ਗਈ ਤੇ ਬੇਸੁੱਧ ਪਏ ਮੇਰੇ ਪਿਤਾ ਨੂੰ ਪਤਾ ਵੀ ਨਹੀਂ ਸੀ ਕਿ ਉਨ੍ਹਾਂ ਦਾ ਜਿਗਰੀ ਯਾਰ ਉਨ੍ਹਾਂ ਦਾ ਸਾਥ ਸਦਾ ਲਈ ਛੱਡ ਕੇ ਉਨ੍ਹਾਂ ਰਾਹਾਂ ’ਤੇ ਤੁਰ ਗਿਆ ਸੀ ਜਿੱਥੋਂ ਕੋਈ ਵੀ ਵਾਪਸ ਨਹੀਂ ਪਰਤਦਾ ਹੈ।
ਇੱਧਰ ਪਿਤਾ ਜੀ ਦੀ ਸਰੀਰਕ ਹਾਲਤ ਹੋਰ ਵਿਗੜ ਗਈ ਤੇ ਆਪਣੇ ਯਾਰ ਦੇ ਜਾਣ ਦੇ ਚੰਦ ਦਿਨਾਂ ਬਾਅਦ ਹੀ ਉਹ ਵੀ ਸਦੀਵੀ ਵਿਛੋੜਾ ਦੇ ਗਏ। ਮੈਂ ਅੱਜ ਵੀ ਸੋਚਦਾ ਹਾਂ ਕਿ ਦੋਵਾਂ ਦੋਸਤਾਂ ਦੇ ਇਸ ਰਿਸ਼ਤੇ ਵਿਚ ਦਿਲ ਦੀਆਂ ਗੱਲਾਂ ਦਿਲ ਵਿਚ ਹੀ ਰਹਿ ਗਈਆਂ ਸਨ ਤੇ ਉਹ ਦੋਵੇਂ ਇਕ-ਦੂਜੇ ਤੋਂ ਮਾਫ਼ੀ ਮੰਗ ਕੇ ਇਕ-ਦੂਜੇ ਦੇ ਗਲ ਨਹੀਂ ਲੱਗ ਸਕੇ ਸਨ। ਹੁਣ ਇਹ ਮਿਲਾਪ ਕਦੇ ਵੀ ਨਹੀਂ ਹੋ ਸਕਣਾ ਸੀ। ਮੈਂ ਸੋਚਦਾ ਹਾਂ ਕਿ ਜ਼ਿੰਦਗੀ ਬੜੀ ਹੀ ਛੋਟੀ ਤੇ ਅਣਕਿਆਸੀ ਹੈ। ਸਾਨੂੰ ਆਪਣੇ ਦਿਲ ਦੀ ਗੱਲ ਇਕ-ਦੂਜੇ ਨੂੰ ਕਹਿਣ ’ਚ ਰਤਾ ਵੀ ਦੇਰ ਨਹੀਂ ਕਰਨੀ ਚਾਹੀਦੀ।
ਜੇਕਰ ਕਿਸੇ ਆਪਣੇ ਪਰਿਵਾਰਕ ਮੈਂਬਰ, ਰਿਸ਼ਤੇਦਾਰ ਜਾਂ ਦੋਸਤ-ਮਿੱਤਰ ਪ੍ਰਤੀ ਮਨ ’ਚ ਰੱਖਿਆ ਹੋਇਆ ਕੋਈ ਗੁੱਸਾ-ਗਿਲਾ ਦੂਰ ਕਰ ਕੇ ਮੁੜ ਤੋਂ ਇਕ-ਮਿਕ ਹੋਣ ਦੀ ਜ਼ਰਾ ਜਿੰਨੀ ਵੀ ਗੁੰਜਾਇਸ਼ ਹੈ ਤਾਂ ਸਾਨੂੰ ਦੇਰ ਕੀਤੇ ਬਿਨਾਂ ਤੁਰੰਤ ਹੀ ਲੋੜੀਂਦੇ ਕਦਮ ਚੁੱਕ ਲੈਣੇ ਚਾਹੀਦੇ ਹਨ। ਚੇਤੇ ਰੱਖੋ ਕਿ ਮਾਫ਼ੀ ਮੰਗਣ ਤੇ ਮਾਫ਼ ਕਰਨ ਵਿਚ ਦੇਰ ਬਿਲਕੁਲ ਨਾ ਕਰੋ। ਟੁੱਟੇ ਰਿਸ਼ਤਿਆਂ ਨੂੰ ਗੰਢਣ ਲਈ ਅੱਗੇ ਵਧੋ ਕਿਉਂਕਿ ਇਹ ਜ਼ਿੰਦਗੀ ਦਾ ਮੇਲਾ ਕੇਵਲ ਚਾਰ ਕੁ ਦਿਨਾਂ ਦਾ ਹੈ। ਜੀਵਨ ਇਸ ਤਰ੍ਹਾਂ ਗੁਜ਼ਾਰੋ ਕਿ ਮਰਨ ਤੋਂ ਬਾਅਦ ਵੀ ਦੁਨੀਆ ਤੁਹਾਡੀਆਂ ਬਾਤਾਂ ਪਾਵੇ ਤੇ ਮਰਨ ਸਮੇਂ ਤੁਹਾਡੀ ਆਤਮਾ ’ਤੇ ਨਾ ਕੋਈ ਬੋਝ ਹੋਵੇ ਤੇ ਨਾ ਦਿਲ ’ਚ ਕੋਈ ਅਫ਼ਸੋਸ।
-ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ
-ਮੋਬਾਈਲ : 97816-46008