- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਸੰਸਥਾ ਨੂੰ ਅਰਥ ਸੇਵਿਅਰ ਫਾਊਂਡੇਸ਼ਨ ਦਾ ਨਾਂ ਦੇ ਦਿੱਤਾ ਗਿਆ। ਅੱਜ ਇਸ ਸੰਸਥਾ ’ਚ ਇਨ੍ਹਾਂ ਲੋਕਾਂ ਦੀ ਦੇਖਭਾਲ ਕਰਨ ਲਈ ਡਾਕਟਰ, ਨਰਸਾਂ, ਐਂਬੂਲੈਂਸਾਂ, ਗੱਡੀਆਂ ਅਤੇ ਹੋਰ ਕਰਮਚਾਰੀ ਹਨ। ਲੋੜਵੰਦ ਲੋਕਾਂ ਦੀ ਗਿਣਤੀ ਜ਼ਿਆਦਾ ਹੈ, ਉਨ੍ਹਾਂ ਨੂੰ ਰੱਖਣ ਲਈ ਜਗ੍ਹਾ ਘੱਟ ਹੈ, ਖ਼ਰਚ ਬਹੁਤ ਜ਼ਿਆਦਾ ਹੈ। ਖ਼ਰਚ ਅਨੁਸਾਰ ਪੈਸੇ ਦਾ ਪ੍ਰਬੰਧ ਨਹੀਂ ਹੋ ਰਿਹਾ ਪਰ ਫੇਰ ਵੀ ਸਾਡਾ ਇਹ ਮਿਸ਼ਨ ਰੁਕਣ ਵਾਲਾ ਨਹੀਂ ਹੈ।

ਕਿੰਨੀ ਹੈਰਾਨਗੀ ਦੀ ਗੱਲ ਹੈ ਕਿ ਹਰ ਬਸ਼ਰ ਇਸ ਸਚਾਈ ਤੋਂ ਚੰਗੀ ਤਰ੍ਹਾਂ ਜਾਣੂ ਹੈ ਕਿ ਹਰ ਇਕ ਬੰਦੇ ਨੂੰ ਇਕ ਨਾ ਇਕ ਦਿਨ ਮੌਤ ਜ਼ਰੂਰ ਆਉਣੀ ਹੈ। ਇਸ ਧਰਤੀ ’ਤੇ ਕਿਸੇ ਨੇ ਵੀ ਜਿਉਂਦਾ ਨਹੀਂ ਰਹਿਣਾ। ਹਰ ਧਰਮ ਦੇ ਪੀਰ ਪੈਗੰਬਰ ਤੇ ਗ੍ਰੰਥ ਮਨੁੱਖ ਨੂੰ ਨੇਕੀ ਅਤੇ ਭਲੇ ਦੇ ਕੰਮ ਕਰਨ ਦੀ ਪ੍ਰੇਰਨਾ ਦਿੰਦੇ ਹਨ ਪਰ ਉਸ ਪ੍ਰੇਰਨਾ ਉੱਤੇ ਵਿਰਲੇ ਦਾਨਿਸ਼ਮੰਦ ਲੋਕ ਹੀ ਅਮਲ ਕਰਦੇ ਹਨ। ਉਹ ਲੋਕ ਮੌਤ ਤੋਂ ਬਾਅਦ ਭਾਵੇਂ ਸਰੀਰਕ ਤੌਰ ’ਤੇ ਇਸ ਦੁਨੀਆ ’ਚ ਨਹੀਂ ਰਹਿੰਦੇ ਪਰ ਉਹ ਫਰਿਸ਼ਤਿਆਂ ਵਰਗੇ ਲੋਕ ਆਪਣੇ ਨੇਕ ਅਤੇ ਭਲੇ ਦੇ ਕੀਤੇ ਗਏ ਕੰਮਾਂ ਕਾਰਨ ਲੋਕਾਂ ’ਚ ਜਿਉਂਦੇ ਰਹਿੰਦੇ ਹਨ।
ਉਹ ਦੁਨੀਆ ਦੇ ਲੋਕਾਂ ਲਈ ਪ੍ਰੇਰਨਾ ਦੇ ਸ੍ਰੋਤ ਬਣੇ ਰਹਿੰਦੇ ਹਨ। ਉਨ੍ਹਾਂ ਦੀਆਂ ਉਦਾਹਰਣਾਂ ਦਿੱਤੀਆਂ ਜਾਂਦੀਆਂ ਹਨ। ਉਹ ਅਮਰ ਹੋ ਜਾਂਦੇ ਹਨ। ਉਨ੍ਹਾਂ ਦੀਆਂ ਬਰਸੀਆਂ ਮਨਾਈਆਂ ਜਾਂਦੀਆਂ ਹਨ। ਦੇਵਤਿਆਂ ਵਰਗੇ ਉਨ੍ਹਾਂ ਲੋਕਾਂ ’ਚੋਂ ‘ਅਰਥ ਸੇਵੀਅਰ’ ਨਾਂ ਦੀ ਇੱਕ ਸੰਸਥਾ ਚਲਾਉਣ ਵਾਲੇ ਰਵੀ ਕਾਲੜਾ ਦੀ ਜ਼ਿੰਦਗੀ ਦੀ ਕਹਾਣੀ ਬਹੁਤ ਹੀ ਪ੍ਰੇਰਨਾਦਾਇਕ ਹੈ। ਉਹ ਆਪਣੀ ਜ਼ਿੰਦਗੀ ਦੀ ਦਾਸਤਾਨ ਬਿਆਨ ਕਰਦੇ ਹੋਏ ਕਹਿੰਦੇ ਹਨ ਕਿ ਮੈਂ ਆਪਣੇ ਵਿਦਿਆਥੀ ਜੀਵਨ ’ਚ ਆਪਣੇ ਸਕੂਲ ਦੇ ਗ਼ਰੀਬ ਬੱਚਿਆਂ ਨੂੰ ਜਦੋਂ ਆਪਣੇ ਘਰ ਤੋਂ ਬਿਨਾ ਨਾਸ਼ਤਾ ਕੀਤੇ ਸਕੂਲ ਆਇਆ ਹੋਇਆ ਵੇਖਦਾ ਸਾਂ ਤਾਂ ਮੈਂ ਉਨ੍ਹਾਂ ਨੂੰ ਆਪਣਾ ਖਾਣੇ ਦਾ ਡਿੱਬਾ ਦੇ ਦਿੰਦਾ ਸਾਂ। ਮਾਂ ਦੇ ਨਾਲ ਹਰ ਐਤਵਾਰ ਨੂੰ ਗਰੀਬ ਲੋਕਾਂ ਲਈ ਖਾਣਾ ਲੈਕੇ ਜਾਣ ਦੇ ਸੰਸਕਾਰਾਂ ਨੇ ਮੇਰੇ ਮਨ ਅੰਦਰ ਦੂਜਿਆਂ ਲਈ ਜਿਊਣ ਦੀ ਭਾਵਨਾ ਪੈਦਾ ਕਰ ਦਿੱਤੀ ਸੀ। ਪਿਤਾ ਜੀ ਪ੍ਰਧਾਨ ਮੰਤਰੀ ਦੀ ਸੁਰੱਖਿਆ ’ਚ ਕਮਾਂਡੋ ਸਨ।
ਪੜ੍ਹ ਲਿਖ ਕੇ ਇਕ ਸਰਕਾਰੀ ਵਿਭਗ ’ਚ ਚੰਗੀ ਨੌਕਰੀ ਲੱਗ ਗਈ ਸੀ। ਵਿਆਹ ਤੋਂ ਬਾਅਦ ਦੋ ਬੱਚੇ ਵੀ ਹੋ ਗਏ ਸਨ ਪਰ ਇਕ ਦਿਨ ਆਪਣੀ ਕਾਰ ’ਚ ਜਾਂਦਿਆਂ ਮੇਰੀ ਨਜ਼ਰ ਸੜਕ ’ਤੇ ਭੁੱਖ ਕਾਰਨ ਕਚਰਾ ਖਾਂਦੇ ਹੋਏ ਇਕ ਛੋਟੇ ਜਿਹੇ ਬੱਚੇ ’ਤੇ ਪਈ। ਬਹੁਤ ਦੁਖੀ ਮਨ ਨਾਲ ਮੈਂ ਉਸ ਬੱਚੇ ਨੂੰ ਆਪਣੇ ਘਰ ਲੈ ਆਇਆਂ। ਉਸ ਦਿਨ ਤੋਂ ਹੀ ਆਪਣਾ ਸਾਰਾ ਕੁਝ ਦੀਨ ਦੁਖੀਆਂ ਦੀ ਸੇਵਾ ਕਰਨ ਦੇ ਲੇਖੇ ਲਾਉਣਾ ਦਾ ਮਨ ਬਣਾ ਲਿਆ। ਸੜਕਾਂ ਤੋਂ ਲਵਾਰਿਸ ਬੱਚਿਆਂ, ਬਜ਼ੁਰਗਾਂ, ਬਿਮਾਰਾਂ ਅਤੇ ਔਲਾਦ ਵੱਲੋਂ ਘਰਾਂ ਤੋਂ ਕੱਢੇ ਗਏ ਆਪਣੇ ਮਾਂ-ਬਾਪ ਨੂੰ ਆਪਣੇ ਕੋਲ ਲਿਆ ਕੇ ਉਨ੍ਹਾਂ ਦੀ ਸੇਵਾ ਕਰਨ ਨੂੰ ਜ਼ਿੰਦਗੀ ਦਾ ਮਿਸ਼ਨ ਬਣਾ ਲਿਆ।
ਕਹਿੰਦੇ ਨੇ ਕਿ ਸਵਾਰਥ ਰਹਿਤ ਨੇਕ ਕੰਮ ਕਰਨ ਦੇ ਰਾਹ ’ਚ ਔਕੜਾਂ ਵੀ ਬਹੁਤ ਆਉਂਦੀਆਂ ਹਨ ਪਰ ਸਵਾਮੀ ਵਿਵੇਕਾਨੰਦ ਦਾ ਕਥਨ ਹੈ ਕਿ ਚੰਗੇ ਕੰਮ ਕਰਨ ਸਮੇਂ ਲੋਕ ਪਹਿਲਾਂ ਤੁਹਾਡੀ ਆਲੋਚਨਾ ਕਰਦੇ ਹਨ ਫੇਰ ਵਿਰੋਧ ਕਰਦੇ ਹਨ ਪਰ ਬਾਅਦ ’ਚ ਤੁਹਾਡੇ ਨਾਲ ਤੁਰ ਪੈਂਦੇ ਹਨ। ਮੇਰੇ ਨਾਲ ਵੀ ਕੁਝ ਇਹੋ ਜਿਹਾ ਹੀ ਵਾਪਰਿਆ। ਪਤਨੀ ਨੇ ਸਰਕਾਰੀ ਨੌਕਰੀ ਛੱਡ ਕੇ ਸਮਾਜ ਦੇ ਲੋੜਵੰਦ ਲੋਕਾਂ ਦੇ ਲਈ ਆਪਣੀ ਜ਼ਿੰਦਗੀ ਲਗਾਉਣ ਦਾ ਵਿਰੋਧ ਕੀਤਾ। ਇਕ ਦਿਨ ਉਹ ਬੱਚੇ ਲੈਕੇ ਮੈਨੂੰ ਛੱਡ ਕੇ ਚਲੀ ਗਈ। ਮਾਤਾ ਪਿਤਾ ਨੇ ਵੀ ਕੁਝ ਸਮਾਂ ਮੈਨੂੰ ਰੋਕਣ ਦਾ ਯਤਨ ਕੀਤਾ ਪਰ ਮੈਂ ਆਪਣੇ ਮਿਸ਼ਨ ’ਚ ਲੱਗਾ ਰਿਹਾ। ਉਸ ਤੋਂ ਬਾਅਦ ਮੇਰੇ ਵਾਸਤੇ ਇਨ੍ਹਾਂ ਲੋਕਾਂ ਲਈ ਕੰਮ ਕਰਨਾ ਹੋਰ ਵੀ ਸੌਖਾ ਹੋ ਗਿਆ। ਮੈਂ ਦਿਨ ਰਾਤ ਸੇਵਾ ’ਚ ਲੱਗਾ ਰਹਿੰਦਾ। ਮੈਂ ਸੜਕਾਂ ’ਤੇ ਪਈਆਂ ਅਤੇ ਪੁਲਿਸ ਵੱਲੋਂ ਦਿੱਤੀਆਂ ਜਾਣ ਵਾਲੀਆਂ ਲਵਾਰਿਸ ਲਾਸ਼ਾਂ ਦਾ ਦਾਹ ਸਸਕਾਰ ਵੀ ਕਰਨ ਲੱਗ ਪਿਆ।
ਉਹ ਭਾਵੁਕ ਹੋਕੇ ਆਪਣਾ ਅਨੁਭਵ ਬਿਆਨ ਕਰਦੇ ਹੋਏ ਕਹਿੰਦੇ ਹਨ ਕਿ ਮੈਂ ਜ਼ਿੰਦਗੀ ’ਚ ਕਦੇ ਸੋਚਿਆ ਵੀ ਨਹੀਂ ਸੀ ਕਿ ਔਲਾਦ ਆਪਣੇ ਮਾਪਿਆਂ ਨਾਲ ਇਹੋ ਜਿਹਾ ਭੈੜਾ ਵਰਤਾਓ ਵੀ ਕਰ ਸਕਦੀ ਹੈ। ਬੱਚੇ ਆਪਣੇ ਬੇਬਸ ਮਾਪਿਆਂ ਨੂੰ ਉਨ੍ਹਾਂ ਦੀ ਸੰਸਥਾ ਦੇ ਦਰਵਾਜ਼ੇ ਅੱਗੇ ਛੱਡ ਜਾਂਦੇ ਹਨ। ਫੁੱਟਪਾਥਾਂ, ਮੰਦਰਾਂ, ਗਿਰਜਾਘਰਾਂ, ਸੜਕਾਂ, ਬੱਸ ਅੱਡਿਆਂ, ਰੇਲਵੇ ਸਟੇਸ਼ਨਾਂ ’ਤੇ ਜਨਤਕ ਸਥਾਨਾਂ ’ਤੇ ਮਰਨ ਲਈ ਛੱਡ ਜਾਂਦੇ ਹਨ। ਮੈਂ ਉਨ੍ਹਾਂ ਨੂੰ ਆਪਣੇ ਕੋਲ ਲੈ ਆਉਂਦਾ।
ਆਪਣੀ ਆਰਥਿਕ ਸਮਰਥਾ ਅਨੁਸਾਰ ਉਨ੍ਹਾਂ ਦੀ ਹਰ ਪੱਖੋਂ ਦੇਖ ਭਾਲ ਕਰਦਾ। ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਇਸ ਦੁਨੀਆ ’ਚ ਨੇਕ ਅਤੇ ਰਹਿਮਦਿਲ ਇਨਸਾਨ ਵੀ ਬਹੁਤ ਹਨ। ਹੋਲੀ-ਹੋਲੀ ਅਨੇਕਾਂ ਦਾਨਿਸ਼ਮੰਦ ਲੋਕ ਮੇਰੇ ਨਾਲ ਜੁੜਕੇ ਇਸ ਭਲੇ ਦੇ ਕੰਮ ’ਚ ਆਪਣਾ ਯੋਗਦਾਨ ਪਾਉਣ ਲੱਗ ਪਏ। ਇੱਕ ਆਈਏਐੱਸ ਅਧਿਕਾਰੀ ਸੁਨੀਲ ਗੁਲਾਟੀ ਮੇਰੇ ਨਾਲ ਸੇਵਾ ਦੇ ਇਸ ਮਿਸ਼ਨ ਦੇ ਪ੍ਰਮੁੱਖ ਵਿਅਕਤੀ ਬਣ ਗਏ। ਜਿਵੇਂ-ਜਿਵੇਂ ਇਸ ਸੰਸਥਾ ’ਚ ਬਿਮਾਰਾਂ, ਲਵਾਰਿਸ ਲੋਕਾਂ, ਅਨਾਥ ਬੱਚਿਆਂ ਅਤੇ ਬੱਚਿਆਂ ਵੱਲੋਂ ਘਰਾਂ ਤੋਂ ਕੱਢੇ ਗਏ ਬਜ਼ੁਰਗਾਂ ਦੀ ਗਿਣਤੀ ਵੱਧਣ ਲੱਗੀ ਉਵੇਂ-ਉਵੇਂ ਇਨ੍ਹਾਂ ਲੋਕਾਂ ਦੀ ਸੇਵਾ ਕਰਨ ਵਾਲੇ ਦਾਨੀ ’ਤੇ ਦਾਨਿਸ਼ਮੰਦ ਇਨਸਾਨਾਂ ਦੀ ਗਿਣਤੀ ਵਿਚ ਵਾਧਾ ਹੁੰਦਾ ਗਿਆ।
ਇਸ ਸੰਸਥਾ ਨੂੰ ਅਰਥ ਸੇਵਿਅਰ ਫਾਊਂਡੇਸ਼ਨ ਦਾ ਨਾਂ ਦੇ ਦਿੱਤਾ ਗਿਆ। ਅੱਜ ਇਸ ਸੰਸਥਾ ’ਚ ਇਨ੍ਹਾਂ ਲੋਕਾਂ ਦੀ ਦੇਖਭਾਲ ਕਰਨ ਲਈ ਡਾਕਟਰ, ਨਰਸਾਂ, ਐਂਬੂਲੈਂਸਾਂ, ਗੱਡੀਆਂ ਅਤੇ ਹੋਰ ਕਰਮਚਾਰੀ ਹਨ। ਲੋੜਵੰਦ ਲੋਕਾਂ ਦੀ ਗਿਣਤੀ ਜ਼ਿਆਦਾ ਹੈ, ਉਨ੍ਹਾਂ ਨੂੰ ਰੱਖਣ ਲਈ ਜਗ੍ਹਾ ਘੱਟ ਹੈ, ਖ਼ਰਚ ਬਹੁਤ ਜ਼ਿਆਦਾ ਹੈ। ਖ਼ਰਚ ਅਨੁਸਾਰ ਪੈਸੇ ਦਾ ਪ੍ਰਬੰਧ ਨਹੀਂ ਹੋ ਰਿਹਾ ਪਰ ਫੇਰ ਵੀ ਸਾਡਾ ਇਹ ਮਿਸ਼ਨ ਰੁਕਣ ਵਾਲਾ ਨਹੀਂ ਹੈ। ਹੁਣ ਹਸਪਤਾਲਾਂ ਤੋਂ ਹਰ ਰੋਜ਼ 40 ਤੋਂ 50 ਤੱਕ ਲਵਾਰਿਸ ਲਾਸ਼ਾਂ ਦਾਹ ਸਸਕਾਰ ਕਰਨ ਲਈ ਆ ਰਹੀਆਂ ਹਨ। ਬਹੁਤ ਸਾਰੇ ਬੱਚੇ ਸੰਸਥਾ ਦੀ ਸੇਵਾ ਭਾਵਨਾ ਤੋਂ ਪ੍ਰੇਰਿਤ ਹੋ ਕੇ ਇਸ ਨਾਲ ਜੁੜਦੇ ਜਾ ਰਹੇ ਹਨ ਅਤੇ ਆਪਣੇ ਬਜ਼ੁਰਗਾਂ ਨੂੰ ਘਰ ਲੈ ਗਏ ਹਨ।
ਮੇਰੇ ਮਾਂ ਬਾਪ ਮੇਰੇ ਕੋਲ ਆਕੇ ਮੇਰੇ ਇਸ ਮਿਸ਼ਨ ਦਾ ਹਿੱਸਾ ਬਣ ਗਏ ਹਨ। ਪਤਨੀ ਅਤੇ ਬੱਚੇ ਵੀ ਮੁੜ ਆਏ ਹਨ। ਉਹ ਹਰ ਰੋਜ਼ ਰਾਤ ਨੂੰ ਲਵਾਰਿਸ ਲੋਕਾਂ ਨੂੰ ਲੱਭਣ ਲਈ ਘਰ ਤੋਂ ਨਿਕਲਦੇ ਹਨ। ਜਿਵੇਂ-ਜਿਵੇਂ ਮੇਰੀ ਉਮਰ ਵੱਧ ਰਹੀ ਹੈ, ਉਵੇਂ-ਉਵੇਂ ਲੋੜਵੰਦ ਲੋਕਾਂ ਦੀ ਸੇਵਾ ਕਰਨ ਦਾ ਜਜ਼ਬਾ ਵੱਧ ਰਿਹਾ ਹੈ। ਆਪਣੇ ਲਈ ਜਿਊਣ ਨਾਲੋਂ ਦੂਜਿਆਂ ਲਈ ਜਿਊਣ ਨਾਲ ਮਨ ਨੂੰ ਇਕ ਸਕੂਨ ਮਿਲਦਾ ਹੈ। ਆਪਣੇ ਲਈ ਹਰ ਕੋਈ ਜੀਅ ਲੈਂਦਾ ਹੈ ਪਰ ਦੂਜਿਆਂ ਲਈ ਜਿਊਣ ਵਾਲੇ ਲੋਕ ਵਿਰਲੇ ਹੀ ਹੁੰਦੇ ਹਨ ਪਰ ਉਹ ਲੋਕ ਮੌਤ ਤੋਂ ਬਾਅਦ ਵੀ ਜਿਉਂਦੇ ਰਹਿੰਦੇ ਹਨ। ਰਵੀ ਕਾਲੜਾ ਅਤੇ ਸੁਨੀਲ ਗੁਲਾਟੀ ਵਰਗੇ ਦਾਨਿਸ਼ਵੰਦ ਲੋਕਾਂ ਦੀ ਸੋਚ ਦੇਸ਼ ਅਤੇ ਸਮਾਜ ਦੇ ਹਰ ਕੋਨੇ ਤੱਕ ਪਹੁੰਚਣੀ ਚਾਹੀਦੀ ਹੈ।
ਪ੍ਰਿੰਸੀਪਲ ਵਿਜੈ ਕੁਮਾਰ