- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉਮੀਦ ਸੀ ਕਿ ਬਘੇਲ ਆਪਣੇ ਤਜਰਬੇ ਅਤੇ ਸਿਆਸੀ ਕੱਦ ਨਾਲ ਵੱਖ-ਵੱਖ ਧੜਿਆਂ ਨੂੰ ਇਕ ਲਕੀਰ ’ਤੇ ਲਿਆਉਣਗੇ ਪਰ ਹੁਣ ਇੰਚਾਰਜ ਬਦਲ ਦਿੱਤਾ ਗਿਆ ਹੈ। ਇਸ ਨਾਲ ਸੁਭਾਵਿਕ ਤੌਰ ’ਤੇ ਇਹ ਸਵਾਲ ਉੱਠਦਾ ਹੈ ਕਿ ਕੀ ਪਿਛਲਾ ਪ੍ਰਯੋਗ ਅਸਫਲ ਰਿਹਾ ਜਾਂ ਕਾਂਗਰਸ ਨੇ ਸਮੱਸਿਆ ਦੀ ਜੜ੍ਹ ਤੱਕ ਪਹੁੰਚਣ ਦੀ ਬਜਾਏ ਇਕ ਹੋਰ ਨਵਾਂ ਚਿਹਰਾ ਅਜ਼ਮਾਉਣ ਦਾ ਰਸਤਾ ਚੁਣਿਆ ਹੈ? ਸਚਿਨ ਪਾਇਲਟ ਬੇਸ਼ੱਕ ਕਾਂਗਰਸ ਦੇ ਹਰਮਨਪਿਆਰੇ ਅਤੇ ਪ੍ਰਭਾਵਸ਼ਾਲੀ ਆਗੂ ਹਨ।

ਪੰਜਾਬ ਕਾਂਗਰਸ ਦੀ ਅੰਦਰੂਨੀ ਲੜਾਈ ਖ਼ਤਮ ਕਰਨ ਲਈ ਭੁਪੇਸ਼ ਬਘੇਲ ਵਰਗੇ ਸੀਨੀਅਰ ਚਿਹਰੇ ਤੋਂ ਬਾਅਦ ਹੁਣ ਸਚਿਨ ਪਾਇਲਟ ਨੂੰ ਇੰਚਾਰਜ ਬਣਾਉਣ ਨਾਲ ਸਭ ਤੋਂ ਵੱਡਾ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਕਾਂਗਰਸ ਲੜਾਈ ਖ਼ਤਮ ਕਰਨ ਜਾ ਰਹੀ ਹੈ ਜਾਂ ਸਿਰਫ਼ ਲੜਾਈ ਦੇ ਮੰਚ ’ਤੇ ਚਿਹਰੇ ਬਦਲ ਰਹੀ ਹੈ? ਜਿਸ ਪਾਰਟੀ ਨੂੰ ਪੰਜਾਬ ਦੇ ਸੀਨੀਅਰ ਆਗੂਆਂ ਨੂੰ ਇੱਕ ਮੇਜ਼ ’ਤੇ ਬਿਠਾਉਣ ਲਈ ਇਕ ਤਜਰਬੇਕਾਰ ਆਗੂ ਦੀ ਲੋੜ ਮਹਿਸੂਸ ਹੋਈ, ਉਹੀ ਪਾਰਟੀ ਹੁਣ ਇਕ ਅਜਿਹੇ ਨੇਤਾ ਨੂੰ ਇਹ ਜ਼ਿੰਮੇਵਾਰੀ ਸੌਂਪ ਰਹੀ ਹੈ ਜੋ ਖੁਦ ਰਾਜਸਥਾਨ ’ਚ ਲੀਡਰਸ਼ਿਪ ਦੀ ਖਿੱਚੋਤਾਣ ਦਾ ਹਿੱਸਾ ਰਹੇ ਹਨ। ਇਸ ਤੋਂ ਵੀ ਵੱਡੀ ਸਿਆਸੀ ਵਿਡੰਬਨਾ ਇਹ ਹੈ ਕਿ ਰਾਜਸਥਾਨ ’ਚ ਸੁਖਜਿੰਦਰ ਸਿੰਘ ਰੰਧਾਵਾ ਇੰਚਾਰਜ ਹਨ ਤੇ ਪਾਇਲਟ ਇਕ ਧਿਰ, ਜਦਕਿ ਪੰਜਾਬ ’ਚ ਪਾਇਲਟ ਇੰਚਾਰਜ ਹਨ ਤੇ ਰੰਧਾਵਾ ਇਕ ਧਿਰ। ਫਿਰ ਸਵਾਲ ਸਿੱਧਾ ਹੈ-ਕੀ ਕਾਂਗਰਸ ਨੇ ਧੜੇਬੰਦੀ ਦਾ ਹੱਲ ਲੱਭ ਲਿਆ ਹੈ ਜਾਂ ਸਿਰਫ਼ ਧੜਿਆਂ ਦੇ ਪਤੇ ਬਦਲੇ ਹਨ? ਜਦੋਂ ਭੁਪੇਸ਼ ਬਘੇਲ ਨੂੰ ਪੰਜਾਬ ਦਾ ਇੰਚਾਰਜ ਬਣਾਇਆ ਗਿਆ ਸੀ ਤਾਂ ਇਹ ਸੰਦੇਸ਼ ਗਿਆ ਸੀ ਕਿ ਹਾਈਕਮਾਂਡ ਪੰਜਾਬ ਕਾਂਗਰਸ ਦੀ ਖਿੱਚੋਤਾਣ ਨੂੰ ਗੰਭੀਰਤਾ ਨਾਲ ਲੈ ਰਹੀ ਹੈ। ਉਮੀਦ ਸੀ ਕਿ ਬਘੇਲ ਆਪਣੇ ਤਜਰਬੇ ਅਤੇ ਸਿਆਸੀ ਕੱਦ ਨਾਲ ਵੱਖ-ਵੱਖ ਧੜਿਆਂ ਨੂੰ ਇਕ ਲਕੀਰ ’ਤੇ ਲਿਆਉਣਗੇ ਪਰ ਹੁਣ ਇੰਚਾਰਜ ਬਦਲ ਦਿੱਤਾ ਗਿਆ ਹੈ। ਇਸ ਨਾਲ ਸੁਭਾਵਿਕ ਤੌਰ ’ਤੇ ਇਹ ਸਵਾਲ ਉੱਠਦਾ ਹੈ ਕਿ ਕੀ ਪਿਛਲਾ ਪ੍ਰਯੋਗ ਅਸਫਲ ਰਿਹਾ ਜਾਂ ਕਾਂਗਰਸ ਨੇ ਸਮੱਸਿਆ ਦੀ ਜੜ੍ਹ ਤੱਕ ਪਹੁੰਚਣ ਦੀ ਬਜਾਏ ਇਕ ਹੋਰ ਨਵਾਂ ਚਿਹਰਾ ਅਜ਼ਮਾਉਣ ਦਾ ਰਸਤਾ ਚੁਣਿਆ ਹੈ? ਸਚਿਨ ਪਾਇਲਟ ਬੇਸ਼ੱਕ ਕਾਂਗਰਸ ਦੇ ਹਰਮਨਪਿਆਰੇ ਅਤੇ ਪ੍ਰਭਾਵਸ਼ਾਲੀ ਆਗੂ ਹਨ। ਉਨ੍ਹਾਂ ਦੀ ਆਪਣੀ ਸਿਆਸੀ ਪਛਾਣ ਹੈ ਤੇ ਨੌਜਵਾਨ ਵਰਗ ’ਚ ਵੀ ਉਨ੍ਹਾਂ ਦੀ ਅਪੀਲ ਹੈ ਪਰ ਪੰਜਾਬ ਦੀ ਚੁਣੌਤੀ ਵੱਖਰੀ ਹੈ। ਇੱਥੇ ਲੜਾਈ ਸਿਰਫ਼ ਦੋ ਆਗੂਆਂ ਵਿਚਕਾਰ ਨਹੀਂ, ਸਗੋਂ ਕਈ ਸਿਆਸੀ ਕੇਂਦਰਾਂ, ਨਿੱਜੀ ਮਹੱਤਵਾਕਾਂਖਾਵਾਂ ਤੇ ਭਵਿੱਖ ਦੀ ਲੀਡਰਸ਼ਿਪ ਨੂੰ ਲੈ ਕੇ ਹੈ। ਸਵਾਲ ਇਹ ਹੈ ਕਿ ਕੀ ਪਾਇਲਟ ਕੋਲ ਇਨ੍ਹਾਂ ਸਾਰੇ ਧੜਿਆਂ ਨੂੰ ਕਾਬੂ ਕਰਨ ਲਈ ਸਿਰਫ਼ ਹਾਈਕਮਾਂਡ ਦਾ ਹੁਕਮ ਹੋਵੇਗਾ ਜਾਂ ਫ਼ੈਸਲੇ ਲਾਗੂ ਕਰਵਾਉਣ ਦਾ ਅਸਲ ਅਧਿਕਾਰ ਵੀ? ਇੱਥੇ ਰਾਜਸਥਾਨ ਦਾ ਹਵਾਲਾ ਹੋਰ ਵੀ ਦਿਲਚਸਪ ਬਣ ਜਾਂਦਾ ਹੈ। ਪਾਇਲਟ ਖੁਦ ਰਾਜਸਥਾਨ ਕਾਂਗਰਸ ਦੀ ਲੀਡਰਸ਼ਿਪ ਦੀ ਖਿੱਚੋਤਾਣ ’ਚ ਇਕ ਪ੍ਰਮੁੱਖ ਧਿਰ ਰਹੇ ਹਨ। ਅਸ਼ੋਕ ਗਹਿਲੋਤ ਨਾਲ ਉਨ੍ਹਾਂ ਦਾ ਟਕਰਾਅ ਕਾਂਗਰਸ ਦੀ ਅੰਦਰੂਨੀ ਸਿਆਸਤ ਦਾ ਖੁੱਲ੍ਹਾ ਅਧਿਆਇ ਹੈ। ਅਜਿਹੇ ’ਚ ਪੰਜਾਬ ਦੀ ਧੜੇਬੰਦੀ ਸੁਲਝਾਉਣ ਲਈ ਪਾਇਲਟ ਦੀ ਨਿਯੁਕਤੀ ਵਿਰੋਧਾਭਾਸ ਪੈਦਾ ਕਰਦੀ ਹੈ। ਕੀ ਜਿਹੜਾ ਨੇਤਾ ਖੁਦ ਅੰਦਰੂਨੀ ਸਿਆਸੀ ਟਕਰਾਅ ਦਾ ਤਜਰਬਾ ਰੱਖਦਾ ਹੈ, ਉਹ ਦੂਜੇ ਸੂਬੇ ’ਚ ਧੜਿਆਂ ਨੂੰ ਇੱਕਜੁੱਟ ਕਰਨ ਲਈ ਸਭ ਤੋਂ ਢੁੱਕਵਾਂ ਚਿਹਰਾ ਸਾਬਤ ਹੋਵੇਗਾ? ਸਿਆਸਤ ਦਾ ਇਕ ਹੋਰ ਅਜੀਬ ਇਤਫ਼ਾਕ ਵੀ ਹੈ। ਰਾਜਸਥਾਨ ’ਚ ਪੰਜਾਬ ਦੇ ਆਗੂ ਸੁਖਜਿੰਦਰ ਸਿੰਘ ਰੰਧਾਵਾ ਇੰਚਾਰਜ ਹਨ ਤੇ ਪਾਇਲਟ ਉੱਥੇ ਇਕ ਮਹੱਤਵਪੂਰਨ ਧਿਰ ਹਨ। ਪੰਜਾਬ ’ਚ ਹੁਣ ਪਾਇਲਟ ਇੰਚਾਰਜ ਹਨ ਤੇ ਰੰਧਾਵਾ ਇੱਥੇ ਇਕ ਮਹੱਤਵਪੂਰਨ ਧਿਰ। ਇਕ ਸੂਬੇ ’ਚ ਜਿਹੜਾ ਆਗੂ ਦੂਜੇ ਧੜੇ ਦੀ ਸਿਆਸਤ ਨੂੰ ਦੇਖ ਰਿਹਾ ਹੈ, ਦੂਜੇ ਸੂਬੇ ’ਚ ਉਹੀ ਸਿਆਸੀ ਸਮੀਕਰਨ ਉਲਟੇ ਰੂਪ ’ਚ ਖੜ੍ਹਾ ਹੈ। ਇਹ ਪ੍ਰਬੰਧ ਆਪਣੇ-ਆਪ ’ਚ ਕਾਂਗਰਸ ਦੀ ਰਣਨੀਤੀ ’ਤੇ ਸਵਾਲ ਖੜ੍ਹੇ ਕਰਦਾ ਹੈ। ਅਸਲ ’ਚ ਪੰਜਾਬ ਕਾਂਗਰਸ ਨੂੰ ਹੁਣ ਇੰਚਾਰਜ ਬਦਲਣ ਤੋਂ ਅੱਗੇ ਵਧਣਾ ਪਵੇਗਾ। ਪਾਰਟੀ ਨੂੰ ਤੈਅ ਕਰਨਾ ਪਵੇਗਾ ਕਿ ਪੰਜਾਬ ’ਚ ਉਸ ਦੀ ਲੀਡਰਸ਼ਿਪ ਕੌਣ ਕਰੇਗੀ, ਸੰਗਠਨ ਕਿਸ ਤਰੀਕੇ ਨਾਲ ਚੱਲੇਗਾ ਅਤੇ ਧੜੇਬੰਦੀ ਦੀ ਹੱਦ ਕਿੱਥੇ ਖ਼ਤਮ ਹੋਵੇਗੀ। ਜੇ ਹਾਈਕਮਾਂਡ ਸਪਸ਼ਟ ਫ਼ੈਸਲੇ ਲੈਣ ਤੋਂ ਬਚਦੀ ਰਹੀ ਅਤੇ ਹਰ ਧੜੇ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦੀ ਰਹੀ ਤਾਂ ਕੋਈ ਵੀ ਇੰਚਾਰਜ ਇਸ ਲੜਾਈ ਨੂੰ ਸਥਾਈ ਤੌਰ ’ਤੇ ਖ਼ਤਮ ਨਹੀਂ ਕਰ ਸਕੇਗਾ। ਸਚਿਨ ਪਾਇਲਟ ਦੀ ਅਸਲ ਪਰਖ ਇਸ ਗੱਲ ’ਚ ਹੋਵੇਗੀ ਕਿ ਉਹ ਪੰਜਾਬ ਕਾਂਗਰਸ ਦੇ ਆਗੂਆਂ ਵਿਚਕਾਰ ਸਿਰਫ਼ ਸਮਝੌਤੇ ਕਰਵਾਉਂਦੇ ਹਨ ਜਾਂ ਪਾਰਟੀ ਲਈ ਇੱਕ ਨਵੀਂ ਸਿਆਸੀ ਦਿਸ਼ਾ ਤੈਅ ਕਰਦੇ ਹਨ। ਕਿਉਂਕਿ ਕਾਂਗਰਸ ਨੂੰ ਹੁਣ ਚਿਹਰੇ ਨਹੀਂ, ਸਿਆਸੀ ਫ਼ੈਸਲੇ ਬਦਲਣ ਦੀ ਲੋੜ ਹੈ। ਜੇ ਫਿਰ ਸਿਰਫ਼ ਇੰਚਾਰਜ ਬਦਲਿਆ ਅਤੇ ਧੜਿਆਂ ਦੀ ਸਿਆਸਤ ਜਿਉਂ ਦੀ ਤਿਉਂ ਰਹੀ ਤਾਂ ਕੁਝ ਸਮੇਂ ਬਾਅਦ ਪੰਜਾਬ ਕਾਂਗਰਸ ਸਾਹਮਣੇ ਸਵਾਲ ਫਿਰ ਉਹੀ ਹੋਵੇਗਾ—ਇੰਚਾਰਜ ਬਦਲਿਆ, ਪਰ ਲੜਾਈ ਕਿੱਥੇ ਬਦਲੀ?