- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਪਣੇ ਲੋਕਾਂ ਦੇ ਸੁੱਖ-ਦੁੱਖ ’ਚ ਪਹੁੰਚਣ ਲਈ ਛੁੱਟੀ ਦੀ ਉਡੀਕ ਕਰਨੀ ਪੈਂਦੀ ਹੈ। ਛੁੱਟੀ ਮਨਜ਼ੂਰ ਕਰਨ ਵਾਲਾ ਅਧਿਕਾਰੀ ਵੀ ਕਈ ਵਾਰ ਪ੍ਰਬੰਧ ਦੀਆਂ ਮਜ਼ਬੂਰੀਆਂ ’ਚ ਬੱਝਿਆ ਹੁੰਦਾ ਹੈ। ਇਕ ਪਾਸੇ ਫੋਰਸ ਦੀ ਘਾਟ ਦੇ ਨਾਲ ਡਿਊਟੀ ਦੀ ਲੋੜ ਤੇ ਦੂਜੇ ਪਾਸੇ ਇਕ ਮੁਲਾਜ਼ਮ ਦੀਆਂ ਪਰਿਵਾਰਕ ਜ਼ਿੰਮੇਵਾਰੀਆਂ ਹੁੰਦੀਆਂ ਹਨ। ਅਜਿਹੇ ਹਾਲਾਤਾਂ ’ਚ ਜੇ ਕੋਈ ਕਰਮਚਾਰੀ ਘੱਟ ਤਣਾਅ ਵਾਲੀ ਨੌਕਰੀ, ਘਰ ਦੇ ਨੇੜੇ ਤਾਇਨਾਤੀ ਤੇ ਪਰਿਵਾਰ ਨਾਲ ਵਧੇਰੇ ਸਮੇਂ ਨੂੰ ਤਰਜੀਹ ਦਿੰਦਾ ਹੈ, ਤਾਂ ਉਸ ਦੇ ਫ਼ੈਸਲੇ ਨੂੰ ਸਿਰਫ਼ ਅਹੁਦੇ ਦੀ ਤੁਲਨਾ ਨਾਲ ਨਹੀਂ ਸਮਝਿਆ ਜਾ ਸਕਦਾ।

ਹਾਲ ਹੀ ’ਚ ਰਾਜਸਥਾਨ ’ਚ ਸੇਵਾਦਾਰ ਦੀਆਂ 53 ਹਜ਼ਾਰ 749 ਅਸਾਮੀਆਂ ਲਈ ਹੋਈ ਭਰਤੀ ਨੇ ਸਰਕਾਰੀ ਨੌਕਰੀਆਂ ਬਾਰੇ ਬਣੀਆਂ ਕਈ ਧਾਰਨਾਵਾਂ ਨੂੰ ਮੁੜ ਵਿਚਾਰਨ ਲਈ ਮਜ਼ਬੂਰ ਕੀਤਾ ਹੈ। ਇਨ੍ਹਾਂ ’ਚੋਂ 7 ਹਜ਼ਾਰ 903 ਅਸਾਮੀਆਂ ਸਿਹਤ ਵਿਭਾਗ ਲਈ ਸਨ। ਹੈਰਾਨੀ ਦੀ ਗੱਲ ਇਹ ਹੈ ਕਿ ਚੁਣੇ ਗਏ ਉਮੀਦਵਾਰਾਂ ’ਚ 24 ਪੁਲਿਸ ਕਾਂਸਟੇਬਲ, ਰੇਲਵੇ ਦੇ 11 ਗਰੁੱਪ-ਡੀ ਕਰਮਚਾਰੀ, ਬੀਐੱਸਐੱਫ ਦਾ ਇਕ ਕਾਂਸਟੇਬਲ, ਸੀਆਰਪੀਐੱਫ ਦਾ ਇਕ ਕਾਂਸਟੇਬਲ ਤੇ ਆਮਦਨ ਕਰ ਵਿਭਾਗ ਦਾ ਇਕ ਐੱਮਟੀਐੱਸ ਕਰਮਚਾਰੀ ਵੀ ਸ਼ਾਮਲ ਹਨ। ਪੁਲਿਸ ਦੇ 24 ਕਾਂਸਟੇਬਲਾਂ ਨੇ ਸੇਵਾਦਾਰ ਦੀ ਨੌਕਰੀ ਲਈ ਅਸਤੀਫ਼ੇ ਦੇ ਦਿੱਤੇ ਹਨ। ਹਾਲਾਂਕਿ ਅਸਤੀਫ਼ੇ ਹਾਲੇ ਮਨਜ਼ੂਰ ਨਹੀਂ ਹੋਏ ਪਰ ਉਨ੍ਹਾਂ ਨੂੰ 23 ਨਵੰਬਰ ਤੱਕ ਜੁਆਇਨ ਕਰਨ ਦਾ ਸਮਾਂ ਦਿੱਤਾ ਗਿਆ ਹੈ। ਪਹਿਲੀ ਨਜ਼ਰ ’ਚ ਇਹ ਖ਼ਬਰ ਹੈਰਾਨ ਕਰਦੀ ਹੈ। ਇਕ ਪਾਸੇ ਪੁਲਿਸ ਦੀ ਵਰਦੀ ਹੈ, ਜਿਸ ਨੂੰ ਨੌਜਵਾਨ ਮਾਣ, ਸ਼ਾਨ ਤੇ ਸੇਵਾ ਦਾ ਪ੍ਰਤੀਕ ਮੰਨਦੇ ਹਨ ਅਤੇ ਦੂਜੇ ਪਾਸੇ ਸੇਵਾਦਾਰ ਦੀ ਨੌਕਰੀ ਪਰ ਸਵਾਲ ਅਹੁਦੇ ਦੀ ਉੱਚ-ਨੀਚ ਦਾ ਨਹੀਂ, ਸਗੋਂ ਉਨ੍ਹਾਂ ਹਾਲਾਤਾਂ ਦਾ ਹੈ, ਜਿਨ੍ਹਾਂ ਨੇ ਇਕ ਵਰਦੀਧਾਰੀ ਕਰਮਚਾਰੀ ਨੂੰ ਆਪਣੀ ਨੌਕਰੀ ਬਦਲਣ ਬਾਰੇ ਸੋਚਣ ਲਈ ਮਜ਼ਬੂਰ ਕੀਤਾ ਹੈ। ਪੁਲਿਸ ਦੀ ਨੌਕਰੀ ਨੂੰ ਨੇੜਿਓਂ ਦੇਖਣ ਵਾਲਾ ਜਾਣਦਾ ਹੈ ਕਿ ਇਸ ਦੀ ਅਸਲ ਡਿਊਟੀ ਦਾ ਅੰਦਾਜ਼ਾ ਬਾਹਰੋਂ ਨਹੀਂ ਲਗਾਇਆ ਜਾ ਸਕਦਾ। ਥਾਣੇ ’ਚ ਤਾਇਨਾਤ ਮੁਲਾਜ਼ਮ ਲਈ ਡਿਊਟੀ ਦਾ ਕੋਈ ਤੈਅ ਸਮਾਂ ਨਹੀਂ ਹੁੰਦਾ। ਅਪਰਾਧ ਦੀ ਜਾਂਚ, ਸੜਕ ਹਾਦਸੇ, ਕਦੇ ਚੋਰਾਂ ਮਗਰ, ਕਦੇ ਧਰਨੇ, ਕਦੇ ਰੈਲੀਆਂ, ਵੀਆਈਪੀ ਡਿਊਟੀਆਂ, ਚੋਣ ਡਿਊਟੀਆਂ, ਤਿਉਹਾਰ, ਅਦਾਲਤੀ ਕੰਮ ਤੇ ਧਾਰਮਿਕ ਸਮਾਗਮਾਂ ਤੇ ਡਿਊਟੀਆਂ… ਹਰ ਸਥਿਤੀ ’ਚ ਪੁਲਿਸ ਨੂੰ ਸਭ ਤੋਂ ਪਹਿਲਾਂ ਖੜ੍ਹਨਾ ਪੈਂਦਾ ਹੈ। ਕਈ ਵਾਰ 15-16 ਘੰਟੇ ਦੀ ਲਗਾਤਾਰ ਡਿਊਟੀ ਵੀ ਆਮ ਗੱਲ ਬਣ ਜਾਂਦੀ ਹੈ। ਜ਼ਿਲ੍ਹਾ ਪੁਲਿਸ ਦੀ ਇਕ ਹੋਰ ਹਕੀਕਤ ਇਹ ਹੈ ਕਿ ਸੀਮਤ ਨਫ਼ਰੀ ਨਾਲ ਬੇਅੰਤ ਜ਼ਿੰਮੇਵਾਰੀਆਂ ਨਿਭਾਉਣੀਆਂ ਪੈਂਦੀਆਂ ਹਨ। ਪੀਏਪੀ, ਆਈਆਰਬੀ ਅਤੇ ਹੋਰ ਵਿਸ਼ੇਸ਼ ਬਲਾਂ ਤੋਂ ਇਲਾਵਾ ਥਾਣਿਆਂ ਦਾ ਸਟਾਫ਼ ਹੀ ਕਾਨੂੰਨ-ਵਿਵਸਥਾ, ਅਪਰਾਧਾਂ ਦੀ ਜਾਂਚ, ਲੋਕਾਂ ਦੀਆਂ ਸ਼ਿਕਾਇਤਾਂ ਅਤੇ ਅਚਾਨਕ ਆਉਣ ਵਾਲੀਆਂ ਡਿਊਟੀਆਂ ਦਾ ਮੁੱਖ ਆਧਾਰ ਹੁੰਦਾ ਹੈ। ਕੰਮ ਦਾ ਦਾਇਰਾ ਲਗਾਤਾਰ ਵਧ ਰਿਹਾ ਹੈ ਪਰ ਨਫ਼ਰੀ ਦੀ ਘਾਟ ਇਕ ਵੱਡੀ ਚੁਣੌਤੀ ਬਣੀ ਹੋਈ ਹੈ। ਇਸ ਦੇ ਨਾਲ ਹੀ ਜ਼ਿੰਮੇਵਾਰੀ ਦਾ ਦਬਾਅ ਵੀ ਹਮੇਸ਼ਾ ਬਣਿਆ ਰਹਿੰਦਾ ਹੈ। ਕਿਸੇ ਵੀ ਕੁਤਾਹੀ ਦੀ ਸੂਰਤ ’ਚ ਵਿਭਾਗੀ ਕਾਰਵਾਈ ਦਾ ਡਰ ਹੁੰਦਾ ਹੈ। ਅਜਿਹੇ ਮਾਹੌਲ ’ਚ ਪੁਲਿਸ ਮੁਲਾਜ਼ਮ ਲਈ ਆਪਣੀ ਨਿੱਜੀ ਜ਼ਿੰਦਗੀ ਤੇ ਪਰਿਵਾਰ ਲਈ ਸਮਾਂ ਕੱਢਣਾ ਸੌਖਾ ਨਹੀਂ ਰਹਿੰਦਾ। ਕਈ ਵਾਰ ਘਰ ਦੀਆਂ ਖੁਸ਼ੀਆਂ ਜਾਂ ਗ਼ਮੀਆਂ ’ਚ ਸ਼ਾਮਲ ਹੋਣਾ ਵੀ ਚੁਣੌਤੀ ਬਣ ਜਾਂਦਾ ਹੈ। ਆਪਣੇ ਲੋਕਾਂ ਦੇ ਸੁੱਖ-ਦੁੱਖ ’ਚ ਪਹੁੰਚਣ ਲਈ ਛੁੱਟੀ ਦੀ ਉਡੀਕ ਕਰਨੀ ਪੈਂਦੀ ਹੈ। ਛੁੱਟੀ ਮਨਜ਼ੂਰ ਕਰਨ ਵਾਲਾ ਅਧਿਕਾਰੀ ਵੀ ਕਈ ਵਾਰ ਪ੍ਰਬੰਧ ਦੀਆਂ ਮਜ਼ਬੂਰੀਆਂ ’ਚ ਬੱਝਿਆ ਹੁੰਦਾ ਹੈ। ਇਕ ਪਾਸੇ ਫੋਰਸ ਦੀ ਘਾਟ ਦੇ ਨਾਲ ਡਿਊਟੀ ਦੀ ਲੋੜ ਤੇ ਦੂਜੇ ਪਾਸੇ ਇਕ ਮੁਲਾਜ਼ਮ ਦੀਆਂ ਪਰਿਵਾਰਕ ਜ਼ਿੰਮੇਵਾਰੀਆਂ ਹੁੰਦੀਆਂ ਹਨ। ਅਜਿਹੇ ਹਾਲਾਤਾਂ ’ਚ ਜੇ ਕੋਈ ਕਰਮਚਾਰੀ ਘੱਟ ਤਣਾਅ ਵਾਲੀ ਨੌਕਰੀ, ਘਰ ਦੇ ਨੇੜੇ ਤਾਇਨਾਤੀ ਤੇ ਪਰਿਵਾਰ ਨਾਲ ਵਧੇਰੇ ਸਮੇਂ ਨੂੰ ਤਰਜੀਹ ਦਿੰਦਾ ਹੈ, ਤਾਂ ਉਸ ਦੇ ਫ਼ੈਸਲੇ ਨੂੰ ਸਿਰਫ਼ ਅਹੁਦੇ ਦੀ ਤੁਲਨਾ ਨਾਲ ਨਹੀਂ ਸਮਝਿਆ ਜਾ ਸਕਦਾ। ਹਰ ਵਿਅਕਤੀ ਦੇ ਆਪਣੇ ਹਾਲਾਤ ਤੇ ਤਰਜੀਹਾਂ ਹੁੰਦੀਆਂ ਹਨ। ਇਹ ਘਟਨਾ ਪੁਲਿਸ ਦੀ ਮਹੱਤਤਾ ਨੂੰ ਘੱਟ ਨਹੀਂ ਕਰਦੀ। ਪੁਲਿਸ ਅੱਜ ਵੀ ਸਮਾਜ ਦੀ ਸੁਰੱਖਿਆ ਤੇ ਕਾਨੂੰਨ-ਵਿਵਸਥਾ ਦੀ ਇਕ ਅਹਿਮ ਕੜੀ ਹੈ ਪਰ ਕਿਸੇ ਵੀ ਪ੍ਰਣਾਲੀ ਦੀ ਮਜ਼ਬੂਤੀ ਇਸ ਗੱਲ ਨਾਲ ਜੁੜੀ ਹੁੰਦੀ ਹੈ ਕਿ ਉਸ ’ਚ ਕੰਮ ਕਰਨ ਵਾਲੇ ਲੋਕ ਕਿਹੜੀਆਂ ਹਾਲਾਤਾਂ ’ਚ ਆਪਣੀ ਜ਼ਿੰਮੇਵਾਰੀ ਨਿਭਾਅ ਰਹੇ ਹਨ। ਸਾਹਿਬ ਨੂੰ ਕੌਣ ਆਖੇ ਕਈ ਵਾਰ ਸਿਰਫ਼ ਇਕ ਖ਼ਬਰ ਨਹੀਂ ਹੁੰਦੀ, ਉਹ ਆਪਣੇ ਪਿੱਛੇ ਛੁਪੇ ਕਈ ਸਵਾਲ ਵੀ ਲੈ ਕੇ ਆਉਂਦੀ ਹੈ। ਵਰਦੀ ਦੇ ਪਿੱਛੇ ਵੀ ਇਕ ਇਨਸਾਨ ਹੁੰਦਾ ਹੈ। ਉਸ ਦੇ ਸੁਪਨੇ, ਉਸ ਦਾ ਪਰਿਵਾਰ ਤੇ ਉਸ ਦੀਆਂ ਆਪਣੀਆਂ ਲੋੜਾਂ ਹੁੰਦੀਆਂ ਹਨ। ਜਦੋਂ ਕੋਈ ਵਿਅਕਤੀ ਆਪਣੇ ਭਵਿੱਖ ਬਾਰੇ ਨਵਾਂ ਫ਼ੈਸਲਾ ਕਰਦਾ ਹੈ, ਤਾਂ ਉਸ ਫ਼ੈਸਲੇ ਨੂੰ ਸਿਰਫ਼ ਅਹੁਦੇ ਨਾਲ ਨਹੀਂ, ਸਗੋਂ ਉਸ ਦੇ ਤਜਰਬਿਆਂ ਤੇ ਹਾਲਾਤਾਂ ਨਾਲ ਵੀ ਸਮਝਣ ਦੀ ਲੋੜ ਹੁੰਦੀ ਹੈ। ਜਦੋਂ ਕੋਈ ਵਰਦੀ ਪਹਿਨਣ ਵਾਲਾ ਵੀ ਸਕੂਨ ਦੀ ਤਲਾਸ਼ ’ਚ ਆਪਣਾ ਰਸਤਾ ਬਦਲਣ ਲੱਗੇ, ਤਾਂ ਉਸ ਚੁੱਪ ਆਵਾਜ਼ ਨੂੰ ਸੁਣਨ ਲਈ ਕਿਸੇ ਨੂੰ ਤਾਂ ਸਾਹਿਬ ਨੂੰ ਆਖਣਾ ਪਵੇਗਾ।
-ਜਗਤਾਰ ਸਿੰਘ ਹਿੱਸੋਵਾਲ, ਜਲੁਧਿਆਣਾ, ਸੰਪਰਕ : 98783 30324