- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਰਦਮਸ਼ੁਮਾਰੀ ਦੌਰਾਨ ਮੈਨੂੰ ਸਭ ਤੋਂ ਪਹਿਲਾਂ ਇਹ ਸਿੱਖਣ ਨੂੰ ਮਿਲਿਆ ਕਿ ਕੋਈ ਵੀ ਕੰਮ ਔਖਾ ਨਹੀਂ ਹੁੰਦਾ। ਦੂਜੀ ਗੱਲ ਇਸ ਦੌਰਾਨ ਜੋ ਮੈਂ ਸਿੱਖਿਆ ਕਿ ਲੋਕ ਕਿੰਨੇ ਛੋਟੇ ਘਰਾਂ ’ਚ ਰਹਿ ਕੇ ਆਪਣਾ ਜੀਵਨ ਬਸਰ ਕਰ ਰਹੇ ਹਨ ਫਿਰ ਵੇਖ ਖੁਸ਼ ਹਨ। ਤੀਜੀ ਗੱਲ ਮੈਂ ਇਹ ਦੇਖੀ ਕਿ ਕਿੰਨੀਆਂ ਔਰਤਾ ਅਜਿਹੀਆਂ ਸਨ, ਜੋ ਇਕੱਲੀਆਂ ਹੋ ਕੇ ਔਖੇ ਹੋ ਕੇ ਬੱਚਿਆਂ ਨੂੰ ਪਾਲ ਰਹੀਆਂ ਸਨ ਤੇ ਉਹਨਾਂ ਨੂੰ ਕਿਸੇ ਦੀ ਖਾਸ ਸਹਾਇਤਾ ਵੀ ਨਹੀਂ ਸੀ।

ਜਦੋਂ ਮੈਨੂੰ ਆਪਣੇ ਸਕੂਲ ’ਚ ਇਹ ਪਤਾ ਲੱਗਾ ਕਿ ਮੇਰਾ ਨਾਂ ਮਰਦਮਸ਼ੁਮਾਰੀ ਦੀ ਡਿਊਟੀ ’ਚ ਦਿੱਤਾ ਗਿਆ ਹੈ ਤਾਂ ਮੇਰੇ ਦਿਮਾਗ ’ਚ ਇਕ ਗੱਲ ਵਾਰ ਵਾਰ ਆ ਰਹੀ ਸੀ ਕਿ ਮੈਂ ਤਾਂ ਕਦੇ ਇਸ ਤਰ੍ਹਾਂ ਦੀ ਡਿਊਟੀ ਨਹੀਂ ਕੀਤੀ। ਮੈਂ ਕਿਸ ਤਰ੍ਹਾਂ ਘਰ-ਘਰ ਜਾ ਕੇ ਲੋਕਾਂ ਤੋਂ ਪੁੱਛਗਿੱਛ ਕਰਾਂਗੀ, ਘਰ ਵੀ ਸੰਭਾਲਣਾ ਹੈ, ਬੱਚੇ ਛੋਟੇ ਹਨ। ਇਸ ਤਰਾਂ ਦੀਆਂ ਗੱਲਾਂ ਮੇਰੇ ਦਿਮਾਗ ’ਚ ਆਉਣ ਕਰਕੇ ਮੈਂ ਇਸ ਡਿਊਟੀ ਲਈ ਬਿਲਕੁਲ ਵੀ ਤਿਆਰ ਨਹੀਂ ਸੀ। ਮੈਨੂੰ ਤਾਂ ਨਕਸ਼ਾ ਬਣਾਉਣਾ ਕੀ, ਦੇਖਣਾ ਤੱਕ ਨਹੀਂ ਆਉਂਦਾ ਤੇ ਇਹ ਡਿਊਟੀ ਮੇਰੇ ਤੋਂ ਕਿਵੇਂ ਹੋਵੇਗੀ। ਪ੍ਰਾਈਵੇਟ ਅਧਿਆਪਕਾ ਹੋਣ ਦੇ ਨਾਤੇ ਮੇਰੇ ਤੋਂ ਸਕੂਲ ’ਚ ਮਨ੍ਹਾਂ ਨਹੀਂ ਕੀਤਾ ਗਿਆ ਕਿ ਮੈਂ ਇਹ ਕੰਮ ਨਹੀਂ ਕਰਨਾ। ਫਿਰ ਸੋਚਿਆ ਜੇ ਢੋਲ ਗਲ ’ਚ ਪੈ ਹੀ ਗਿਆ ਹੈ ਤਾਂ ਵਜਾਉਣਾ ਪੈਣਾ ਹੈ। ਸੋ ਜਨਗਣਨਾ ਦੇ ਪਹਿਲੇ ਦਿਨ ਕਿਸੇ ਜਾਣ-ਪਛਾਣ ਵਾਲੇ ਦੀ ਮਦਦ ਨਾਲ ਮੈਂ ਸਿਖਰ ਦੁਪਹਿਰੇ ਅਪਣਾ ਖੇਤਰ ਦੇਖਿਆ। ਅਸੀਂ ਸਕੂਲ ਤੋਂ ਬਾਅਦ ਆਪਣੇ ਖੇਤਰ ਵੱਲ ਚੱਲ ਪਏ। ਫਿਰ ਅਗਲੇ ਦਿਨ ਮੈਂ ਆਪਣੇ ਪਤੀ ਦੀ ਸਹਾਇਤਾ ਨਾਲ ਇਹ ਪਹਾੜ ਜਿੱਡਾ ਕੰਮ ਸ਼ੁਰੂ ਕੀਤਾ। ਮੇਰੇ ਪਤੀ ਨੇ ਇਸ ਕੰਮ ’ਚ ਮੇਰੀ ਕਾਫੀ ਸਹਾਇਤਾ ਕੀਤੀ। ਨਜ਼ਰੀ ਨਕਸ਼ਾ ਤਿਆਰ ਕਰਨ ਤੋਂ ਲੈ ਕੇ ਜਨਗਣਨਾ ਦੇ ਕੰਮ ਤੱਕ ਉਹਨਾਂ ਨੇ ਮੇਰਾ ਸਾਥ ਦਿੱਤਾ। ਇਮਾਰਤਾਂ ਦੇ ਨੰਬਰ ਲਗਾਏ ਗਏ ਤੇ ਕੰਮ ਸ਼ੁਰੂ ਕੀਤਾ ਗਿਆ। ਜਿਵੇਂ-ਜਿਵੇਂ ਅਸੀਂ ਘਰ-ਘਰ ਜਾ ਕੇ ਲੋਕਾਂ ਨੂੰ ਪੁੱਛਦੇ ਸੀ ਤਾਂ ਮੇਰੇ ਸਾਹਮਣੇ ਕਈ ਤਰ੍ਹਾਂ ਦੇ ਲੋਕ ਆਏ ਜਿਵੇਂ ਕਿ ਕਈ ਲੋਕ ਤਾਂ ਆਸਾਨੀ ਨਾਲ ਸਾਰੇ ਪ੍ਰਸ਼ਨਾਂ ਦੇ ਜਵਾਬ ਦੇ ਦਿੰਦੇ ਸੀ। ਕੁਝ ਡਰਦੇ ਮਾਰੇ ਦਰਵਾਜ਼ਾ ਨਹੀਂ ਖੋਲ੍ਹਦੇ ਸਨ। ਅਸੀਂ ਵੀ ਕਿਸੇ ਨਾਲ ਜਬਰਦਸਤੀ ਨਹੀਂ ਕੀਤੀ ਕਿ ਉਹ ਸਾਡੇ ਪ੍ਰਸ਼ਨਾਂ ਦੇ ਉੱਤਰ ਦੇਵੇ। ਕਈ ਲੋਕ ਅਜਿਹੇ ਵੀ ਸਨ, ਜੋ ਕਿੰਨੀ ਆਰਾਮ ਦੀ ਜ਼ਿੰਦਗੀ ਬਤੀਤ ਕਰਦੇ ਹਨ। ਦੂਜੇ ਪਾਸੇ ਉੱਥੇ ਹੀ ਕੁਝ ਲੋਕ ਅਜਿਹੇ ਵੀ ਸਨ, ਜੋ ਇਕ ਕਮਰੇ ’ਚ ਛੇ-ਛੇ ਜਣੇ ਰਹਿ ਰਹੇ ਸਨ। ਇਕ ਕਮਰੇ ’ਚ ਛੇ ਜਣਿਆਂ ਦਾ ਗੁਜ਼ਾਰਾ ਹੁੰਦਾ ਤਾਂ ਮੁਸ਼ਕਿਲ ਹੀ ਹੈ। ਇਹ ਸਭ ਦੇਖ ਕੇ ਮੈਂ ਪਰਮਾਤਮਾ ਦਾ ਸ਼ੁਕਰ ਕੀਤਾ ਕਿ ਅੱਜ ਮੇਰੇ ਕੋਲ ਫਿਰ ਵੀ ਬਹੁਤ ਕੁਝ ਹੈ। ਇਕ ਘਰ ’ਚ ਜਦੋਂ ਮੈਂ ਗਈ ਤਾਂ ਉੱਥੇ ਜਾ ਕੇ ਮੈਂ ਦੇਖ ਕੇ ਅੰਦਾਜ਼ਾ ਲਗਾਇਆ ਕਿ ਉਹ ਬਿਹਾਰ ਤੋਂ ਹਨ ਤੇ ਉਹ ਹਿੰਦੀ ’ਚ ਗੱਲ ਕਰਨਗੇ ਪਰ ਜਦ ਉਹਨਾਂ ਤੋਂ ਪੁੱਛਗਿੱਛ ਸ਼ੁਰੂ ਕੀਤੀ ਤਾਂ ਉਹ ਸਾਰੇ ਉੱਤਰ ਪੰਜਾਬੀ ’ਚ ਹੀ ਦੇ ਰਹੇ ਸਨ। ਉੱਥੇ ਇਕ ਔਰਤ ਵੀ ਸੀ, ਜੋ ਦੇਖਣ ’ਚ ਸਾਦੀ ਜਿਹੀ ਸੀ, ਕੱਪੜੇ ਵੀ ਬਹੁਤ ਸਾਦੇ ਪਾਏ ਹੋਏ ਸਨ। ਗੱਲ ਕੀਤੀ ਤਾਂ ਉਸ ਦੇ ਗੱਲ ਕਰਨ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਸੀ। ਹਰ ਪ੍ਰਸ਼ਨ ਨੂੰ ਧਿਆਨ ਨਾਲ ਸੁਣ ਰਹੀ ਸੀ ਤੇ ਜਵਾਬ ਵੀ ਦੇ ਰਹੀ ਸੀ। ਜਦ ਉਸ ਤੋਂ ਪੁੱਛਿਆ ਗਿਆ ਕਿ ‘ਕਿੰਨੇ ਕਮਰੇ ਹਨ ਤੁਹਾਡੇ ਕੋਲ’ ਤਾਂ ਉਸ ਦਾ ਜਵਾਬ ਸੀ ‘ਇੱਕ ਹੀ’ ਤੇ ਜਦ ਮੈਂ ਸਰਸਰੀ ਜਿਹੇ ਪੁੱਛਿਆ ਕਿ ‘ਤੁਸੀਂ ਨੌਕਰੀ ਕਰਦੇ ਹੋ? ਤਾਂ ਉਸਦਾ ਜਵਾਬ ਸੀ ਨੌਕਰੀ! ਨੌਕਰੀ ਕਿੱਥੇ? ਆਪਣਾ ਕੰਮ ਕਰਕੇ ਵਾਪਸ ਆ ਗਏ ਪਰ ਕਿੰਨੇ ਹੀ ਦਿਨ ਮੇਰੇ ਦਿਮਾਗ ’ਚ ਇਹ ਗੱਲ ਘੁੰਮਦੀ ਰਹੀ ਕਿ ਆਖਰ ਉਹ ਪੜ੍ਹੀ ਲਿਖੀ ਹੋਣ ਦੇ ਬਾਵਜੂਦ ਉਸ ਨੇ ਇੱਥੇ ਵਿਆਹ ਕਿਉਂ ਕਰਵਾਇਆ ਉਹ ਤਾਂ ਚੰਗੀ ਭਲੀ ਲੱਗਦੀ ਹੈ ਤੇ ਜਿਸ ਨਾਲ ਉਸ ਦਾ ਵਿਆਹ ਹੋਇਆ ਉਹ ਤਾਂ ਪੜ੍ਹਿਆ ਲਿਖਿਆ ਨਹੀਂ ਸੀ। ਮਰਦਮਸ਼ੁਮਾਰੀ ਦੌਰਾਨ ਮੈਨੂੰ ਸਭ ਤੋਂ ਪਹਿਲਾਂ ਇਹ ਸਿੱਖਣ ਨੂੰ ਮਿਲਿਆ ਕਿ ਕੋਈ ਵੀ ਕੰਮ ਔਖਾ ਨਹੀਂ ਹੁੰਦਾ। ਦੂਜੀ ਗੱਲ ਇਸ ਦੌਰਾਨ ਜੋ ਮੈਂ ਸਿੱਖਿਆ ਕਿ ਲੋਕ ਕਿੰਨੇ ਛੋਟੇ ਘਰਾਂ ’ਚ ਰਹਿ ਕੇ ਆਪਣਾ ਜੀਵਨ ਬਸਰ ਕਰ ਰਹੇ ਹਨ ਫਿਰ ਵੇਖ ਖੁਸ਼ ਹਨ। ਤੀਜੀ ਗੱਲ ਮੈਂ ਇਹ ਦੇਖੀ ਕਿ ਕਿੰਨੀਆਂ ਔਰਤਾ ਅਜਿਹੀਆਂ ਸਨ, ਜੋ ਇਕੱਲੀਆਂ ਹੋ ਕੇ ਔਖੇ ਹੋ ਕੇ ਬੱਚਿਆਂ ਨੂੰ ਪਾਲ ਰਹੀਆਂ ਸਨ ਤੇ ਉਹਨਾਂ ਨੂੰ ਕਿਸੇ ਦੀ ਖਾਸ ਸਹਾਇਤਾ ਵੀ ਨਹੀਂ ਸੀ। ਇਕ ਹੋਰ ਗੱਲ ਦੇਖਣ ’ਚ ਆਈ ਜੋ ਕਿ ਸਾਡੇ ਦੇਸ਼ ਦੀ ਬਹੁਤ ਵੱਡੀ ਸਮੱਸਿਆ ਵੀ ਹੈ ਕਈ ਘਰਾਂ ’ਚ ਇਕੱਲੇ ਬਜ਼ੁਰਗ ਹੀ ਰਹਿ ਰਹੇ ਸਨ, ਜਿਨ੍ਹਾਂ ਦੇ ਬੱਚੇ ਵਿਦੇਸ਼ਾਂ ’ਚ ਸਨ ਜਾਂ ਜਿਨ੍ਹਾਂ ਦੀਆਂ ਧੀਆਂ ਹੀ ਸਨ, ਜੋ ਵਿਆਹੀਆਂ ਹੋਈਆਂ ਸਨ ਤੇ ਉਹ ਇਕੱਲੇ ਹੀ ਘਰ ’ਚ ਰਹਿ ਕੇ ਆਪਣੀ ਰਹਿੰਦੀ ਜ਼ਿੰਦਗੀ ਬਤੀਤ ਕਰ ਰਹੇ ਸਨ। ਮੈਂ ਸੋਚਿਆ ਕਿ ਸਾਡੇ ਭਾਰਤ ’ਚ ਹੋਰ ਵੀ ਕਈ ਅਜਿਹੇ ਖੇਤਰ ਹੋਣਗੇ, ਜਿੱਥੇ ਅਜਿਹੇ ਲੋਕ ਆਪਣਾ ਜੀਵਨ ਬਤੀਤ ਕਰਦੇ ਹਨ।
-ਇੰਦਰਪ੍ਰੀਤ ਕੌਰ, ਲੁਧਿਆਣਾ। ਸੰਪਰਕ : 9888690280