
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਇੰਗਲੈਂਡ ਇਕ ਅਜਿਹਾ ਦੇਸ਼ ਹੈ, ਜਿੱਥੇ ਹਰ ਗਲੀ ’ਚ ਇਤਿਹਾਸ ਆਪਣੇ ਮੂੰਹੋਂ ਬੋਲਦਾ ਹੈ। ਇਹ ਘੁੰਮਣ, ਪੜ੍ਹਨ ਅਤੇ ਪੁਰਾਣੀ ਸੱਭਿਅਤਾ ਸਮਝਣ ਲਈ ਵਧੀਆ ਹੈ। ਕਿਹਾ ਜਾਂਦਾ ਹੈ ਕਿ ਇੰਗਲੈਂਡ ਨੂੰ ਸਮਝਣਾ ਹੈ ਤਾਂ ਉਸ ਦੀ ਬਾਰਿਸ਼, ਉਸ ਦੀ ਚਾਹ ਅਤੇ ਉਸ ਦੀ ਲਾਇਬਰੇਰੀ ’ਚ ਬੈਠੋ, ਇੰਗਲੈਂਡ ਮਿਹਨਤ ਨਿਯਮ ਤੇ ਗੌਰਵ ਦਾ ਪ੍ਰਤੀਕ ਹੈ।


ਪ੍ਰਿੰਸੀਪਲ ਡਾ. ਸੁਨੀਤਾ ਕੋਸ਼ਲ
ਮੈਨੂੰ ਸ਼ੁਰੂ ਤੋਂ ਇੰਗਲੈਂਡ ਵੇਖਣ ਦਾ ਬਹੁਤ ਚਾਅ ਸੀ। ਤਸਵੀਰਾਂ ’ਚ ਦੇਖੇ ਗਏ ਇੰਗਲੈਂਡ ਨੂੰ ਅੱਖੀਂ ਵੇਖਣਾ ਆਪਣਾ ਹੀ ਵੱਖਰੇ ਤਰ੍ਹਾਂ ਦਾ ਅਨੁਭਵ ਹੈ। ਕਿਹਾ ਜਾਂਦਾ ਹੈ ਕਿ ਜਿਸ ਚੀਜ਼ ਨੂੰ ਲੈ ਕੇ ਮਨ ’ਚ •ਸ਼ਿੱਦਤ ਹੋਵੇ, ਉਹ ਕਿਸੇ ਨਾ ਕਿਸੇ ਬਹਾਨੇ ਸਾਹਮਣੇ ਆ ਹੀ ਜਾਂਦੀ ਹੈ। ਮੇਰੇ ਨਾਲ ਵੀ ਅਜਿਹਾ ਹੀ ਕੁਝ ਵਾਪਰਿਆ। ਆਖ਼ਰ ਉਹ ਦਿਨ ਵੀ ਆ ਹੀ ਗਿਆ, ਜਦੋਂ ਮੇਰਾ ਇੰਗਲੈਂਡ ਦਾ ਵੀਜ਼ਾ ਲੱਗ ਗਿਆ। ਇਹ ਕਿਸੇ ਚਮਤਕਾਰ ਤੋਂ ਘੱਟ ਨਹੀਂ ਸੀ। ਮਹਿਕਮੇ ’ਚ ਹੋਣ ਕਾਰਨ ਵਿਭਾਗ ਕੋਲੋਂ ਛੁੱਟੀ ਦੀ ਮਨਜ਼ੂਰੀ ਲਈ ਅਪਲਾਈ ਕਰ ਦਿੱਤਾ। ਇੰਗਲੈਂਡ ਜਾਣ ਲਈ ਟਿਕਟ ਬੁੱਕ ਕਰਵਾਈ ਗਈ ਸੀ ਅਤੇ ਜਾਣ ਲਈ ਥੋੜ੍ਹੇ ਦਿਨ ਹੀ ਰਹਿ ਗਏ ਸਨ।
ਜਦੋਂ ਮੇਰੀ ਛੁੱਟੀ ਮਨਜ਼ੂਰ ਹੋਣ ਬਾਰੇ ਸੂਚਨਾ ਮਿਲੀ ਤਾਂ ਕਿਤੇ ਜਾ ਕੇ ਸੁੱਖ ਦਾ ਸਾਹ ਆਇਆ। ਇਸ ਤੋਂ ਬਾਅਦ ਪੂਰੇ ਚਾਅ ਨਾਲ ਇੰਗਲੈਂਡ ਜਾਣ ਦੀ ਤਿਆਰੀ ਕੀਤੀ ਅਤੇ ਚਾਅ ਵੀ ਇੰਨਾ ਸੀ ਕਿ ਰਾਜਾਸਾਂਸੀ ਏਅਰਪੋਰਟ ਅੰਮ੍ਰਿਤਸਰ ਤੋਂ ਇੰਗਲੈਂਡ ਜਾਣ ਲਈ ਨਿਸ਼ਚਿਤ ਸਮੇਂ ਤੋਂ ਤਿੰਨ ਘੰਟੇ ਪਹਿਲਾਂ ਹੀ ਪਹੁੰਚ ਗਏ। ਹਾਲਾਂਕਿ ਏਅਰਪੋਰਟ ’ਤੇ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਇਸ ਤਰ੍ਹਾਂ ਲੱਗਣ ਲੱਗਾ ਕਿ ਸ਼ਾਇਦ ਸਾਡੇ ਕੋਲੋਂ ਨਾ ਜਾਇਆ ਨਹੀਂ ਜਾਣਾ ਪਰ ਏਅਰਪੋਰਟ ਸਟਾਫ਼ ਨੂੰ ਸਾਰਾ ਰਿਕਾਰਡ ਦਿਖਾਉਣ ਤੋਂ ਬਾਅਦ ਬੋਰਡਿੰਗ ਪਾਸ ਵੀ ਮਿਲ ਗਿਆ ਅਤੇ ਅਸੀਂ ਇੰਮੀਗਰੇਸ਼ਨ ਕਰਵਾਉਣ ਅਤੇ ਸਮਾਨ ਜਮ੍ਹਾਂ ਕਰਵਾਉਣ ਤੋਂ ਬਾਅਦ ਨਿਸ਼ਚਿਤ ਸਥਾਨ ’ਤੇ ਚਲੇ ਗਏ। ਇਸ ਤੋਂ ਬਾਅਦ ਨਿਰਧਾਰਤ ਸਮੇਂ ’ਤੇ ਅਸੀਂ ਜਹਾਜ ’ਚ ਬੈਠ ਗਏ ਅਤੇ ਇੰਗਲੈਂਡ ਪੁੱਜਣ ਦਾ ਜੋ ਸਮਾਂ ਸੀ, ਉਸ ਮੁਤਾਬਕ ਅਸੀਂ ਇੰਗਲੈਂਡ ਪਹੁੰਚ ਗਏ।
ਮਨ ’ਚ ਸ਼ੰਕਾ ਸੀ ਕਿ ਸ਼ਾਇਦ ਉੱਥੇ ਵੀ ਇੰਮੀਗ੍ਰੇਸ਼ਨ ਸਮੇਂ ਸਾਨੂੰ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ ਪਰ ਉੱਥੋਂ ਦੇ ਸਟਾਫ ਨੇ ਬਹੁਤ ਵਧੀਆ ਤਰੀਕੇ ਨਾਲ ਸਾਨੂੰ ਅਟੈਂਡ ਕੀਤਾ। ਇੰਮੀਗਰੇਸ਼ਨ ਹੋਣ ਤੋਂ ਬਾਅਦ ਆਪਣਾ ਸਮਾਨ ਲੈ ਕੇ ਅਸੀਂ ਏਅਰਪੋਰਟ ਬਰਮਿੰਘਮ ਤੋਂ ਬਾਹਰ ਨਿਕਲੇ। ਬਾਹਰ ਮੇਰੀ ਛੋਟੀ ਭੈਣ ਤੇ ਉਸ ਦਾ ਪਰਿਵਾਰ ਸਾਡਾ ਇੰਤਜ਼ਾਰ ਕਰ ਰਹੇ ਸਨ। ਉਨ੍ਹਾਂ ਬਹੁਤ ਚਾਅ ਨਾਲ ਸਾਡਾ ਸਵਾਗਤ ਕੀਤਾ ਅਤੇ ਅਸੀਂ ਵਿਲਹਿੰਮਟਨ ਵੱਲ ਜਾਣ ਲਈ ਕਾਰ ’ਚ ਬੈਠ ਕੇ ਰਵਾਨਾ ਹੋ ਗਏ।
ਕਹਿੰਦੇ ਹਨ ਕਿ ਇੰਗਲੈਂਡ ਆਪਣੇ ਅਮੀਰ, ਇਤਿਹਾਸਿਕ ਵਿਰਸੇ, ਖ਼ੂਬਸੂਰਤ ਸਥਾਨਾਂ ਅਤੇ ਵਿਸ਼ਵ ਪ੍ਰਸਿੱਧ ਸੱਭਿਆਚਾਰ ਲਈ ਜਾਣਿਆ ਜਾਂਦਾ ਹੈ। ਇੰਗਲੈਂਡ ਇਕ ਅਜਿਹਾ ਦੇਸ਼ ਹੈ, ਜਿੱਥੇ ਹਰ ਗਲੀ ’ਚ ਇਤਿਹਾਸ ਆਪਣੇ ਮੂੰਹੋਂ ਬੋਲਦਾ ਹੈ। ਇਹ ਘੁੰਮਣ, ਪੜ੍ਹਨ ਅਤੇ ਪੁਰਾਣੀ ਸੱਭਿਅਤਾ ਸਮਝਣ ਲਈ ਵਧੀਆ ਹੈ। ਕਿਹਾ ਜਾਂਦਾ ਹੈ ਕਿ ਇੰਗਲੈਂਡ ਨੂੰ ਸਮਝਣਾ ਹੈ ਤਾਂ ਉਸ ਦੀ ਬਾਰਿਸ਼, ਉਸ ਦੀ ਚਾਹ ਅਤੇ ਉਸ ਦੀ ਲਾਇਬਰੇਰੀ ’ਚ ਬੈਠੋ, ਇੰਗਲੈਂਡ ਮਿਹਨਤ ਨਿਯਮ ਤੇ ਗੌਰਵ ਦਾ ਪ੍ਰਤੀਕ ਹੈ।
ਇੱਥੇ ਪ੍ਰਾਈਵੇਸੀ ਸਭ ਤੋਂ ਉੱਪਰ ਹੈ। ਇੰਗਲੈਂਡ ’ਚ ਪਰਿਵਾਰ ਛੋਟੇ ਹਨ, ਲਾਈਨ ’ਚ ਲੱਗਣਾ, ਟਾਈਮ ਦੀ ਪਾਬੰਦੀ, ਨਿਯਮ ਤੋੜਨਾ ਗੁਨਾਹ ਹੈ। ਇੱਥੇ ਜੀਵਨ ਸ਼ਾਂਤ ਅਤੇ ਨਿਯਮਬੰਦ ਹੈ। ਘਰ ਛੋਟੇ ਹਨ ਪਰ ਕੀਮਤ ਮਹਿੰਗੀ ਹੈ। ਬਾਹਰ ਦਾ ਖਾਣਾ ਮਹਿੰਗਾ ਪੈਂਦਾ ਹੈ। ਕਹਿੰਦੇ ਹਨ ਕਿ ਇੰਗਲੈਂਡ ਨਿਯਮ ਅਤੇ ਇਤਿਹਾਸ ਦਾ ਦੇਸ਼ ਹੈ, ਇੰਗਲੈਂਡ ’ਚ ਜੀਣਾ ਹੈ ਤਾਂ ਪੈਸਾ ਅਤੇ ਸ਼ਾਂਤੀ ਚਾਹੀਦੀ ਹੈ। ਅਸੀਂ ਤਕਰੀਬਨ 15 ਦਿਨ ਇੰਗਲੈਂਡ ’ਚ ਰਹੇ। ਇਸ ਦੌਰਾਨ ਅਸੀਂ ਇਸ ਦੇਸ਼ ਨੂੰ ਬਹੁਤ ਹੀ ਨਜ਼ਦੀਕ ਤੋਂ ਸਮਝਿਆ। ਇਸ ਸਮੇਂ ਦੌਰਾਨ ਅਸੀਂ ਬਹੁਤ ਸਾਰੇ ਸਥਾਨਾਂ ਦੀ ਸੈਰ ਕੀਤੀ। ਲੰਡਨ ਉਹ ਖ਼ੂਬਸੂਰਤ ਸ਼ਹਿਰ ਹੈ, ਜੋ ਦੁਨੀਆ ਭਰ ਦੇ ਸੈਲਾਨੀਆਂ ਨੂੰ ਆਕਰਸ਼ਿਤ ਕਰਦਾ ਹੈ। ਲੰਡਨ ਆਈ, ਬਿਗ ਬੈਨ ਲੰਡਨ ਟਾਵਰ, ਬਕਿੰਘਮ ਪੈਲੇਸ, ਵਿਸ਼ਵ ਪ੍ਰਸਿੱਧ ਸੰਗੀਤ, ਸਾਹਿਤ ਸ਼ੇਕਸਪੀਅਰ ਦੀ ਧਰਤੀ, ਅਜਾਇਬ ਘਰ, ਖ਼ੂਬਸੂਰਤ ਸਮੁੰਦਰੀ ਕੰਢੇ ਤੇ ਹਰੇ ਭਰੇ ਇਲਾਕੇ ਦੇਖਣ ਯੋਗ ਹਨ ਸਭ ਤੋਂ ਵਧੀਆ ਗੱਲ ਲੋਕਾਂ ਦਾ ਅਨੁਸ਼ਾਸਨ ’ਚ ਰਹਿਣਾ, ਇਕ ਦੂਸਰੇ ਨੂੰ ਇੱਜਤ ਦੇਣੀ ਆਪਣੀ ਵਾਰੀ ਦਾ ਇੰਤਜ਼ਾਰ ਕਰਨਾ, ਕੋਈ ਵੀ ਨਿਯਮ ਤੋੜਨ ਦੀ ਕੋਸ਼ਿਸ਼ ਨਹੀਂ ਕਰਦਾ।
ਇਸ ਦੇ ਨਾਲ-ਨਾਲ ਲੋਕਾਂ ਵੱਲੋਂ ਆਪਣੇ ਪੱਧਰ ਤੇ ਸਫ਼ਾਈ ਦਾ ਬਹੁਤ ਧਿਆਨ ਰੱਖਿਆ ਜਾਂਦਾ ਹੈ, ਜਿਸ ਪਾਸੇ ਵੀ ਨਜ਼ਰ ਮਾਰੀਏ, ਸਭ ਕੁਝ ਬਹੁਤ ਸਾਫ਼-ਸੁਥਰਾ ਸੀ। ਇੰਗਲੈਂਡ ਤੋਂ ਵਾਪਸੀ ਦਾ ਵੀ ਦਿਨ ਆ ਗਿਆ। ਅਸੀਂ ਏਅਰਪੋਰਟ ਲਈ ਰਵਾਨਾ ਹੋ ਗਏ। ਮੇਰੀ ਛੋਟੀ ਭੈਣ ਬਹੁਤ ਹੀ ਦੁਖੀ ਸੀ ਪਰ ਵਾਪਸ ਤਾਂ ਆਉਣਾ ਹੀ ਸੀ। ਜਦੋਂ ਅਸੀਂ ਅੰਮਿਤਸਰ ਏਅਰਪੋਰਟ ਤੋਂ ਬਾਹਰ ਆਏ ਤਾਂ ਸ਼ਹਿਰ ’ਚ ਕੂੜੇ ਦੇ ਢੇਰਾਂ ਨੂੰ ਦੇਖ ਕੇ ਮਨ ’ਚ ਪ੍ਰਸ਼ਨ ਉੱਠ ਰਹੇ ਸਨ ਕਿ ਅਸੀਂ ਵੀ ਆਪਣੇ ਦੇਸ਼ ਨੂੰ ਕਾਫ਼ੀ ਸੁੰਦਰ ਬਣਾ ਸਕਦੇ ਹਾਂ। ਜੇਕਰ ਅਸੀਂ ਸਾਰੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝ ਲਈਏ ਤਾਂ ਇਹ ਕੰਮ ਇੰਨਾ ਵੀ ਔਖਾ ਨਹੀਂ। ਇਹ ਕਰਨਾ ਸਾਡੇ ਲਈ ਵੀ ਓਨਾਂ ਹੀ ਸੌਖਾ ਹੈ, ਜਿੰਨਾ ਇੰਗਲੈਂਡ ਲਈ।
ਇੱਥੇ ਇਹ ਗੱਲ ਦੱਸਣਯੋਗ ਹੈ ਕਿ ਭਾਂਵੇ ਅਸੀਂ ਜਿੰਨੇ ਮਰਜ਼ੀ ਦੂਸਰੇ ਦੇਸ਼ ਘੁੰਮ ਲਈਏ, ਉਥੇ ਸਭ ਕੁਝ ਹੋਣ ਦੇ ਬਾਵਜੂਦ ਵੀ ਇਹ ਕਮੀ ਰੜਕਦੀ ਹੈ। ਆਪਣੇਪਣ ਦੀ ਕਮੀ, ਉਥੋਂ ਵਾਪਸ ਆਉਣ ਨੂੰ ਦਿਲ ਕਰਦਾ ਹੈ ਕਿਉਂਕਿ ਜੋ ਪਿਆਰ ਸਾਡੇ ਦੇਸ਼ ’ਚ ਹੈ, ਉਹ ਕਿਤੇ ਵੀ ਨਹੀਂ। ਖੁੱਲ੍ਹਾ ਖਾਣਾ ਪੀਣਾ, ਪਰਿਵਾਰ ਦਾ ਨਿੱਘ ਮਾਨਣਾ, ਰਲ-ਮਿਲ ਕੇ ਸਾਰੇ ਤਿਉਹਾਰ ਇੱਕਠੇ ਮਨਾਉਣਾ, ਹੱਸਣਾ-ਖੇਡਣਾ, ਵੱਡਿਆਂ ਦੀ ਸ਼ਰਮ, ਇਕ ਦੂਸਰੇ ਦੇ ਦੁੱਖ-ਸੁੱਖ ’ਚ ਸ਼ਾਮਿਲ ਹੋਣਾ, ਇਹ ਹੈ ਸਾਡੇ ਦੇਸ਼ ਦੀ ਪਛਾਣ, ਮੈਂ ਸੋਚਦੀ ਹਾਂ, ਜੋ ਖ਼ੂਬੀਆਂ ਦੂਸਰੇ ਦੇਸ਼ਾਂ ’ਚ ਹਨ, ਜੋ ਸਾਨੂੰ ਉਹਨਾਂ ਦੇਸ਼ਾਂ ’ਚ ਜਾਣ ਲਈ ਆਕਰਸ਼ਿਤ ਕਰਦੀਆਂ ਹਨ।
ਉਨ੍ਹਾਂ ਨੂੰ ਅਪਣਾਉਣਾ ਕੋਈ ਜ਼ਿਆਦਾ ਮੁਸ਼ਕਲ ਨਹੀਂ। ਜੇਕਰ ਅਸੀਂ ਉਨ੍ਹਾਂ ਖੂਬੀਆਂ ਨੂੰ ਆਪਣੇ ਦੇਸ਼ ’ਚ ਅਪਣਾ ਲਈਏ ਤਾਂ ਸਾਡਾ ਦੇਸ਼ ਸਾਰੇ ਸੰਸਾਰ ਨਾਲੋਂ ਸੁੰਦਰ ਹੋ ਜਾਵੇ। ਅਜਿਹਾ ਵੀ ਨਹੀਂ ਹੈ ਕਿ ਸਾਡੇ ਮੁਲਕ ਵਿਚ ਸੁੱਖ ਸਹੂਲਤਾਂ ਨਹੀਂ ਹਨ ਪਰ ਇਨ੍ਹਾਂ ਸਹੂਲਤਾਂ ਨੂੰ ਸਿਸਟਮ ਦੇ ਮੁਤਾਬਿਕ ਦਰੁਸਤ ਕਰਨ ਦੀ ਫ਼ੌਰੀ ਜ਼ਰੂਰਤ ਹੈ। ਦੂਜੇ ਪਾਸੇ ਬੇਸ਼ੱਕ ਸਾਡਾ ਮੁਲਕ ਕਈ ਤਰ੍ਹਾਂ ਦੀਆਂ ਕਮੀਆਂ-ਪੇਸ਼ੀਆਂ ਨਾਲ ਲੱਦਿਆ ਹੋਇਆ ਹੈ ਪਰ ਫਿਰ ਵੀ ਇਹ ਤਾਂ ਕਹਿ ਹੀ ਸਕਦੇ ਹਾਂ ਕਿ ‘ਮੇਰਾ ਭਾਰਤ ਮਹਾਨ।’
(ਸੰਪਰਕ : 99146-97976)।