- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਸਾ ਨਦੀ ’ਚ ਮਲਮੂਤਰ ਤੇ ਗੰਦਗੀ ਅਸੀਂ ਹੀ ਪਹੁੰਚਾਈ ਹੈ, ਹੋਰ ਕਿੱਥੋਂ ਆਈ, ਇਹ ਸਵਾਲ ਸਾਨੂੰ ਵਾਰ-ਵਾਰ ਸੋਚਣ ਲਈ ਮਜਬੂਰ ਕਰਦਾ ਹੈ। ਗੁਰਬਾਣੀ ’ਚ ਪਾਣੀ ਨੂੰ ਪਿਤਾ ਤੇ ਮਾਤਾ ਨੂੰ ਧਰਤੀ ਦਾ ਦਰਜਾ ਦਿੱਤਾ ਗਿਆ ਹੈ ਪਰ ਅਸੀਂ ਆਪਣੇ ਮਾਤਾ ਪਿਤਾ ਦੀ ਬਹੁਤ ਵਧੀਆ ਸੇਵਾ ਕਰ ਰਹੇ ਹਾਂ। ਪੰਜਾਬ ਦੇ ਪਾਣੀਆਂ ਦਾ ਸੁਨਹਿਰੀ ਇਤਿਹਾਸ ਹੈ। ਸਰਸਾ ਉਹ ਨਦੀ, ਜਿੱਥੇ ਦਸਮੇਸ਼ ਪਿਤਾ ਦਾ ਪਰਿਵਾਰ ਵਿਛੋੜਾ ਹੋਇਆ।

ਪਾਣੀ ਜੀਵਨ ਲਈ ਜ਼ਰੂਰੀ ਹੈ ਜਾਂ ਇਹ ਕਹਿ ਲਿਆ ਜਾਵੇ ਕਿ ਪਾਣੀ ਬਿਨਾਂ ਜੀਵਨ ਅਧੂਰਾ ਹੈ ਤਾਂ ਇਸ ’ਚ ਕੋਈ ਅਤਿਕਥਨੀ ਨਹੀਂ ਹੋਵੇਗੀ। ਪਾਣੀ ਦੇ ਮੁੱਦੇ ’ਤੇ ਹਮੇਸ਼ਾ ਹੀ ਬਹਿਸ ਹੁੰਦੀ ਰਹੀ ਹੈ ਪਰ ਇਸ ਦਾ ਹੱਲ ਤਲਾਸ਼ਣ ਲਈ ਅਸੀਂ ਬਹੁਤ ਘੱਟ ਸਿਰ ਜੋੜ ਇਕੱਠੇ ਹੋਏ ਹਾਂ। ਅਸੀਂ ਇਹ ਵਾਰ-ਵਾਰ ਕਹਿੰਦੇ ਹਾਂ ਕਿ ਪਾਣੀ ਅਨਮੋਲ ਹੈ, ਇਹ ਅਜਾਈਂ ਨਾ ਗਵਾਓ, ਇਸ ਦੀ ਵਰਤੋਂ ਸੰਜਮ ਨਾਲ ਕਰੋ। ਜ਼ੇਕਰ ਪਾਣੀ ਕੀਮਤੀ ਹੈ ਤਾਂ ਫ਼ਿਰ ਅਸੀਂ ਬਰਬਾਦ ਕਿਉਂ ਕਰ ਰਹੇ ਹਾਂ? ਇਹ ਸਵਾਲ ਵਾਰ-ਵਾਰ ਮਨ ਨੂੰ ਝੰਜੋੜਦਾ ਹੈ ਕਿ ਅਸੀਂ ਕਦੋਂ ਸੰਭਲਾਗੇ, ਅਸੀਂ ਕਿਉਂ ਆਪਣੀਂ ਆਉਣ ਵਾਲੀਆਂ ਪੀੜ੍ਹੀਆਂ ਲਈ ਕੰਡੇ ਬੀਜ ਰਹੇ ਹਾਂ। ਕੁਦਰਤ ਸਾਨੂੰ ਕਈ ਵਾਰ ਇਸ਼ਾਰੇ ਕਰ ਚੁੱਕੀ ਹੈ ਕਿ ਅਸੀਂ ਸੰਭਲ ਜਾਈਏ ਪਰ ਨਹੀਂ, ਪਰਨਾਲਾ ਓਥੇ ਦਾ ਓਥੇ ਹੀ ਹੈ। ਪਾਣੀ ਨਾਲ ਸਬੰਧਤ ਦੋ ਰਿਪੋਰਟਾਂ ਤਾਜ਼ੀਆਂ ਹਨ। ਇਕ ਸਾਡੇ ਲਈ ਖ਼ੁਸ਼ੀ ਤੇ ਦੂਜੀ ਖ਼ਬਰ ਸਾਨੂੰ ਆਪਣੀ ਪੀੜ੍ਹੀ ਥੱਲੇ ਸੋਟਾ ਮਾਰਨ ਲਈ ਮਜਬੂਰ ਕਰਦੀ ਹੈ। ਪਹਿਲੀ ਰਿਪੋਰਟ ਜਿਸ ਨੂੰ ਕੇਂਦਰੀ ਗਰਾਊਂਡ ਵਾਟਰ ਬੋਰਡ ਨੇ ਪੇਸ਼ ਕੀਤਾ ਹੈ, ਉਸ ’ਚ ਤਾਜ਼ਾ ਅੰਕੜੇ ਜਾਰੀ ਕਰਦੇ ਹੋਏ ਪੰਜਾਬ ਦੀ ਪਿੱਠ ਥਾਪੜੀ ਹੈ ਕਿ ਪੰਜਾਬ ਸੂਬੇ ਨੇ ਧਰਤੀ ਹੇਠਲੇ ਪਾਣੀ ਦੀ ਸਥਿਤੀ ’ਚ ਸੁਧਾਰ ਲਿਆਂਦਾ ਹੈ। 2025 ’ਚ ਧਰਤੀ ਹੇਠੋਂ 156.36 ਫ਼ੀਸਦੀ ਪਾਣੀ ਕੱਢਿਆ ਜਾਂਦਾ ਸੀ ਜਦਕਿ ਮੌਜੂਦਾ ਸਾਲ 2026 ’ਚ ਇਹ ਘਟ ਕੇ 152.22 ਫ਼ੀਸਦੀ ਹੋ ਗਿਆ ਹੈ, ਜੋ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਕੀਤੀਆਂ ਕੋਸ਼ਿਸ਼ਾਂ ਦਾ ਨਤੀਜਾ ਹਨ। ਦੂਜੀ ਰਿਪੋਰਟ ਪੇਸ਼ ਕੀਤੀ ਹੈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ, ਜਿਸ ’ਚ ਬੋਰਡ ਨੇ ਅੰਕੜੇ ਪੇਸ਼ ਕੀਤੇ ਹਨ ਕਿ ਸਰਸਾ ਨਦੀ ਹੁਣ ਇਕ ਨਦੀ ਨਹੀਂ ਸਗੋਂ ਗੰਦਾ ਨਾਲਾ ਬਣ ਚੁੱਕੀ ਹੈ, ਜਿਸ ’ਚ ਮਲਮੂਤਰ ਬੈਕਟੀਰੀਆ (ਫੀਕਲ ਕਾਲੀਫਾਰਮ) ਮੌਜੂਦਾ ਦਰ ਤੋਂ ਵੱਧ ਪਾਏ ਗਏ ਹਨ। ਸਰਸਾ ਨਦੀ ਅੱਗੇ ਜਾ ਕੇ ਸਤਲੁਜ ਦਰਿਆ ’ਚ ਮਿਲਦੀ ਹੈ ਤੇ ਸਤਲੁਜ ਦਾ ਪਾਣੀ ਅੱਗੇ ਪੀਣ ਤੇ ਸਿੰਚਾਈ ਲਈ ਵਰਤਿਆ ਜਾਂਦਾ ਹੈ। ਬੋਰਡ ਦੀ ਇਹ ਰਿਪੋਰਟ ਸਾਨੂੰ ਸਾਰਿਆਂ ਨੂੰ ਸ਼ਰਮਸ਼ਾਰ ਕਰਦੀ ਹੈ ਕਿ ਅਸੀਂ ਆਪਣੇ ਹੀ ਪੈਰ ’ਤੇ ਆਪ ਕੁਹਾੜੀ ਕਿਉਂ ਮਾਰ ਰਹੇ ਹਾਂ? ਸਰਸਾ ਨਦੀ ’ਚ ਮਲਮੂਤਰ ਤੇ ਗੰਦਗੀ ਅਸੀਂ ਹੀ ਪਹੁੰਚਾਈ ਹੈ, ਹੋਰ ਕਿੱਥੋਂ ਆਈ, ਇਹ ਸਵਾਲ ਸਾਨੂੰ ਵਾਰ-ਵਾਰ ਸੋਚਣ ਲਈ ਮਜਬੂਰ ਕਰਦਾ ਹੈ। ਗੁਰਬਾਣੀ ’ਚ ਪਾਣੀ ਨੂੰ ਪਿਤਾ ਤੇ ਮਾਤਾ ਨੂੰ ਧਰਤੀ ਦਾ ਦਰਜਾ ਦਿੱਤਾ ਗਿਆ ਹੈ ਪਰ ਅਸੀਂ ਆਪਣੇ ਮਾਤਾ ਪਿਤਾ ਦੀ ਬਹੁਤ ਵਧੀਆ ਸੇਵਾ ਕਰ ਰਹੇ ਹਾਂ। ਪੰਜਾਬ ਦੇ ਪਾਣੀਆਂ ਦਾ ਸੁਨਹਿਰੀ ਇਤਿਹਾਸ ਹੈ। ਸਰਸਾ ਉਹ ਨਦੀ, ਜਿੱਥੇ ਦਸਮੇਸ਼ ਪਿਤਾ ਦਾ ਪਰਿਵਾਰ ਵਿਛੋੜਾ ਹੋਇਆ। ਅਸੀਂ ਨਾ ਇਤਿਹਾਸ ਸੰਭਾਲ ਸਕੇ ਹਾਂ ਨਾ ਵਰਤਮਾਨ। ਲੁਧਿਆਣੇ ਦੇ ਬੁੱਢੇ ਨਾਲੇ ’ਚ ਪੈ ਰਿਹਾ ਫੈਕਟਰੀਆਂ ਦਾ ਗੰਦਾ ਪਾਣੀ ਅੱਜ ਤੱਕ ਨਹੀਂ ਰੁਕਿਆ। ਜੇ ਇਹ ਦੂਸ਼ਿਤ ਪਾਣੀ ਸਾਫ਼ ਪਾਣੀ ’ਚ ਮਿਲਣ ਦਾ ਸਿਲਸਿਲਾ ਨਾ ਰੁਕਿਆ ਤਾਂ ਆਉਣ ਵਾਲੇ ਸਮੇਂ ਪੰਜਾਬ ਸੂਰਬੀਰਾਂ ਅਤੇ ਯੋਧਿਆਂ ਦੀ ਧਰਤੀ ਨਹੀਂ ਸਗੋਂ ਬਿਮਾਰੀਆਂ ਨਾਲ ਜੂਝ ਰਹੇ ਸੂਬੇ ਵਜੋਂ ਉਭਰੇਗਾ।
- ਰਜਵਿੰਦਰ ਪਾਲ ਸ਼ਰਮਾ, ਬਠਿੰਡਾ। ਸੰਪਰਕ : 7087367969