- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਦੋਂ ਕਿਸੇ ਸੜਕ ਹਾਦਸੇ ’ਚ ਵੱਡੀ ਗਿਣਤੀ ’ਚ ਲੋਕਾਂ ਦੀ ਜਾਨ ਚਲੀ ਜਾਂਦੀ ਹੈ ਤਾਂ ਸਬੰਧਤ ਸੂਬੇ ਦੇ ਮੁੱਖ ਮੰਤਰੀ ਸਮੇਤ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਵੀ ਇਸ ਦਾ ਨੋਟਿਸ ਲੈਂਦੇ ਹਨ, ਪਰ ਜਿਨ੍ਹਾਂ ਸੜਕ ਹਾਦਸਿਆਂ ਵਿੱਚ ਦੋ-ਚਾਰ ਲੋਕਾਂ ਦੀ ਮੌਤ ਹੁੰਦੀ ਹੈ, ਉਨ੍ਹਾਂ ਦਾ ਨੋਟਿਸ ਤਾਂ ਸਥਾਨਕ ਆਗੂ ਵੀ ਮੁਸ਼ਕਲ ਨਾਲ ਹੀ ਲੈਂਦੇ ਹਨ। ਭਾਵੇਂ ਦੇਸ਼ ’ਚ ਕੌਮੀ ਰਾਜਮਾਰਗਾਂ ਅਤੇ ਐਕਸਪ੍ਰੈੱਸਵੇਅ ਦੀ ਗਿਣਤੀ ਵਧ ਰਹੀ ਹੈ ਪਰ ਇਸ ਦੇ ਨਾਲ ਹੀ ਸੜਕ ਹਾਦਸਿਆਂ ’ਚ ਵੀ ਵਾਧਾ ਹੋ ਰਿਹਾ ਹੈ।

ਰਾਜਸਥਾਨ ਤੇ ਗੁਜਰਾਤ ’ਚ ਵੱਖ-ਵੱਖ ਥਾਵਾਂ ’ਤੇ ਵਾਪਰੇ ਦੋ ਸੜਕ ਹਾਦਸਿਆਂ ’ਚ 16 ਲੋਕਾਂ ਦੀ ਮੌਤ ਇਕ ਵਾਰ ਫਿਰ ਇਸ ਗੱਲ ਨੂੰ ਉਜਾਗਰ ਕਰਦੀ ਹੈ ਕਿ ਤਮਾਮ ਯਤਨਾਂ ਦੇ ਬਾਵਜੂਦ ਸੜਕ ਹਾਦਸੇ ਘਟਣ ਦਾ ਨਾਂ ਨਹੀਂ ਲੈ ਰਹੇ। ਇਸ ਦਾ ਮਾੜਾ ਨਤੀਜਾ ਇਹ ਹੈ ਕਿ ਭਾਰਤ ’ਚ ਹਰ ਸਾਲ ਸੜਕ ਹਾਦਸਿਆਂ ’ਚ ਮਰਨ ਤੇ ਜ਼ਖ਼ਮੀ ਹੋਣ ਵਾਲੇ ਲੋਕਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਇਸ ਗੱਲ ਨਾਲ ਸੰਤੁਸ਼ਟ ਨਹੀਂ ਹੋਇਆ ਜਾ ਸਕਦਾ ਕਿ ਕੇਂਦਰੀ ਸੜਕ ਆਵਾਜਾਈ ਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਸੜਕ ਹਾਦਸਿਆਂ ’ਚ ਵਧ ਰਹੀਆਂ ਮੌਤਾਂ ’ਤੇ ਵਾਰ-ਵਾਰ ਚਿੰਤਾ ਪ੍ਰਗਟਾਉਣ ਦੇ ਨਾਲ-ਨਾਲ ਇਨ੍ਹਾਂ ਨੂੰ ਰੋਕਣ ਦੇ ਉਪਾਅ ਕਰਨ ਦੀਆਂ ਗੱਲਾਂ ਵੀ ਕਰ ਰਹੇ ਹਨ, ਕਿਉਂਕਿ ਇਸ ਦੇ ਕੋਈ ਹਾਂ-ਪੱਖੀ ਨਤੀਜੇ ਸਾਹਮਣੇ ਨਹੀਂ ਆ ਰਹੇ। ਪਿਛਲੇ ਦਿਨੀਂ ਉਨ੍ਹਾਂ ਨੇ ਹੀ ਦੱਸਿਆ ਸੀ ਕਿ ਹਰ ਸਾਲ ਪੰਜ ਲੱਖ ਸੜਕ ਹਾਦਸੇ ਵਾਪਰ ਰਹੇ ਹਨ। ਇਨ੍ਹਾਂ ’ਚ ਤਕਰੀਬਨ ਪੌਣੇ ਦੋ ਲੱਖ ਲੋਕਾਂ ਦੀ ਜਾਨ ਚਲੀ ਜਾਂਦੀ ਹੈ। ਇਨ੍ਹਾਂ ’ਚੋਂ 66 ਫ਼ੀਸਦੀ ਮ੍ਰਿਤਕ 18 ਤੋਂ 34 ਸਾਲ ਦੀ ਉਮਰ ਦੇ ਹੁੰਦੇ ਹਨ। ਆਖ਼ਰ ਸੜਕ ਹਾਦਸਿਆਂ ਅਤੇ ਇਨ੍ਹਾਂ ਵਿੱਚ ਜਾਨ ਗੁਆਉਣ ਵਾਲਿਆਂ ਦੀ ਵਧਦੀ ਗਿਣਤੀ ਬਾਰੇ ਇਸ ਤਰ੍ਹਾਂ ਚਿੰਤਾ ਪ੍ਰਗਟਾਉਣ ਦਾ ਕੀ ਮਹੱਤਵ, ਜਦੋਂ ਉਮੀਦ ਅਨੁਸਾਰ ਨਤੀਜੇ ਹੀ ਸਾਹਮਣੇ ਨਾ ਆਉਣ? ਤ੍ਰਾਸਦੀ ਇਹ ਹੈ ਕਿ ਵੱਡੀ ਗਿਣਤੀ ’ਚ ਸੜਕ ਹਾਦਸੇ ਕੌਮੀ ਰਾਜਮਾਰਗਾਂ ’ਤੇ ਵਾਪਰ ਰਹੇ ਹਨ। ਬੀਤੇ ਦਿਨੀਂ ਕੋਟਾ ਨੇੜੇ ਜਿਸ ਸੜਕ ਹਾਦਸੇ ’ਚ ਇਕੋ ਪਰਿਵਾਰ ਦੇ ਨੌਂ ਲੋਕਾਂ ਦੀ ਮੌਤ ਹੋ ਗਈ ਅਤੇ ਛੇ ਜ਼ਖ਼ਮੀ ਹੋ ਗਏ, ਉਹ ਵੀ ਕੌਮੀ ਰਾਜਮਾਰਗ ’ਤੇ ਹੀ ਵਾਪਰਿਆ। ਇਸ ਹਾਦਸੇ ’ਚ ਇਕ ਕਰੂਜ਼ਰ ਗੱਡੀ ਸੜਕ ’ਤੇ ਖੜ੍ਹੇ ਟਰੱਕ ਨਾਲ ਟਕਰਾ ਗਈ। ਖ਼ਦਸ਼ਾ ਹੈ ਕਿ ਕਾਰ ਚਾਲਕ ਨੂੰ ਨੀਂਦ ਦਾ ਝਟਕਾ ਆ ਗਿਆ ਸੀ, ਪਰ ਪੁਲਿਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਆਖ਼ਰ ਟਰੱਕ ਸੜਕ ’ਤੇ ਕਿਉਂ ਖੜ੍ਹਾ ਸੀ? ਇਸੇ ਤਰ੍ਹਾਂ ਗੁਜਰਾਤ ਦੇ ਕੱਛ ਵਿੱਚ ਕੌਮੀ ਰਾਜਮਾਰਗ ’ਤੇ ਵਾਪਰੇ ਇੱਕ ਹੋਰ ਸੜਕ ਹਾਦਸੇ ’ਚ ਸੱਤ ਲੋਕਾਂ ਦੀ ਮੌਤ ਹੋ ਗਈ। ਇੱਥੇ ਵੀ ਕਾਰ ਅਤੇ ਟਰੱਕ ਵਿਚਾਲੇ ਟੱਕਰ ਹੋਈ। ਜਦੋਂ ਕਿਸੇ ਸੜਕ ਹਾਦਸੇ ’ਚ ਵੱਡੀ ਗਿਣਤੀ ’ਚ ਲੋਕਾਂ ਦੀ ਜਾਨ ਚਲੀ ਜਾਂਦੀ ਹੈ ਤਾਂ ਸਬੰਧਤ ਸੂਬੇ ਦੇ ਮੁੱਖ ਮੰਤਰੀ ਸਮੇਤ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਵੀ ਇਸ ਦਾ ਨੋਟਿਸ ਲੈਂਦੇ ਹਨ, ਪਰ ਜਿਨ੍ਹਾਂ ਸੜਕ ਹਾਦਸਿਆਂ ਵਿੱਚ ਦੋ-ਚਾਰ ਲੋਕਾਂ ਦੀ ਮੌਤ ਹੁੰਦੀ ਹੈ, ਉਨ੍ਹਾਂ ਦਾ ਨੋਟਿਸ ਤਾਂ ਸਥਾਨਕ ਆਗੂ ਵੀ ਮੁਸ਼ਕਲ ਨਾਲ ਹੀ ਲੈਂਦੇ ਹਨ। ਭਾਵੇਂ ਦੇਸ਼ ’ਚ ਕੌਮੀ ਰਾਜਮਾਰਗਾਂ ਅਤੇ ਐਕਸਪ੍ਰੈੱਸਵੇਅ ਦੀ ਗਿਣਤੀ ਵਧ ਰਹੀ ਹੈ ਪਰ ਇਸ ਦੇ ਨਾਲ ਹੀ ਸੜਕ ਹਾਦਸਿਆਂ ’ਚ ਵੀ ਵਾਧਾ ਹੋ ਰਿਹਾ ਹੈ। ਕਈ ਸੜਕ ਹਾਦਸਿਆਂ ਲਈ ਵਾਹਨ ਚਾਲਕ ਵੀ ਜ਼ਿੰਮੇਵਾਰ ਹੁੰਦੇ ਹਨ ਪਰ ਇਕ ਸੱਚਾਈ ਇਹ ਵੀ ਹੈ ਕਿ ਜ਼ਿਆਦਾਤਰ ਸੜਕ ਹਾਦਸੇ ਇਸ ਲਈ ਵਾਪਰ ਰਹੇ ਹਨ, ਕਿਉਂਕਿ ਭਾਰਤੀ ਕੌਮੀ ਰਾਜਮਾਰਗ ਅਥਾਰਟੀ ਵਰਗੀਆਂ ਸੰਸਥਾਵਾਂ ਸੜਕਾਂ ਦਾ ਨੁਕਸ ਰਹਿਤ ਨਿਰਮਾਣ ਯਕੀਨੀ ਬਣਾਉਣ ਵਿੱਚ ਅਸਫ਼ਲ ਰਹਿ ਰਹੀਆਂ ਹਨ। ਇਸ ਦਾ ਸਬੂਤ ਇਹ ਹੈ ਕਿ ਖ਼ੁਦ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਹਾਲ ਹੀ ਵਿੱਚ ਕਿਹਾ ਹੈ ਕਿ ਇੰਜੀਨੀਅਰਾਂ ਦੀ ਢਿੱਲ੍ਹ-ਮੱਠ ਕਾਰਨ ਹਾਦਸਿਆਂ ਦੀ ਸੰਭਾਵਨਾ ਵਾਲੇ ਖ਼ਤਰਨਾਕ ਸਥਾਨ (ਬਲੈਕ ਸਪਾਟ) ਖ਼ਤਮ ਨਹੀਂ ਹੋ ਰਹੇ ਅਤੇ ਨੁਕਸ ਰਹਿਤ ਵਿਸਤ੍ਰਿਤ ਪ੍ਰਾਜੈਕਟ ਰਿਪੋਰਟਾਂ (ਡੀਪੀਆਰ) ਵੀ ਤਿਆਰ ਨਹੀਂ ਹੋ ਰਹੀਆਂ। ਸਵਾਲ ਇਹ ਹੈ ਕਿ ਇਸ ਸਭ ਲਈ ਜ਼ਿੰਮੇਵਾਰ ਕੌਣ ਹੈ?।