- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਫ਼ਗਾਨਿਸਤਾਨ ਦੇ ਸ਼ਹਿਰ ਕਾਬੁਲ ’ਚ ਸ਼ੋਰ ਬਾਜ਼ਾਰ ਵਿਚ ਗੁਰਦੁਆਰਾ ਗੁਰੂ ਹਰਰਾਇ ਹੈ। ਉਥੇ ਕਈ ਚਿਰਾਂ ਤੋਂ ਬ੍ਰਾਹਮਣ ਨੌਕਰ ਰੱਖਿਆ ਹੋਇਆ ਸੀ। ਉਸ ਕੋਲ ਇਕ-ਦੋ ਮਿਥਿਹਾਸਕ ਹਿੰਦੂ ਦੇਵੀ-ਦੇਵਤਿਆਂ ਦੇ ਬੁੱਤ ਸਨ, ਜਿਸ ਨੂੰ ਉਹ ‘ਠਾਕਰ’ ਕਹਿੰਦਾ ਸੀ। ਉਹ ਗੁਰਦੁਆਰੇ ’ਚ ਰਹਿੰਦਾ ਹੁੰਦਾ ਸੀ ਤੇ ਆਪਣੇ ਕੋਲ ‘ਠਾਕਰ’ (ਬੁੱਤ) ਇਕ ਬਾਰੀ (ਕੰਧ ਵਿਚ ਆਲਾ) ’ਚ ਰੱਖਿਆ ਸੀ।

ਅਫ਼ਗਾਨਿਸਤਾਨ ਦੇ ਸ਼ਹਿਰ ਕਾਬੁਲ ’ਚ ਸ਼ੋਰ ਬਾਜ਼ਾਰ ਵਿਚ ਗੁਰਦੁਆਰਾ ਗੁਰੂ ਹਰਰਾਇ ਹੈ। ਉਥੇ ਕਈ ਚਿਰਾਂ ਤੋਂ ਬ੍ਰਾਹਮਣ ਨੌਕਰ ਰੱਖਿਆ ਹੋਇਆ ਸੀ। ਉਸ ਕੋਲ ਇਕ-ਦੋ ਮਿਥਿਹਾਸਕ ਹਿੰਦੂ ਦੇਵੀ-ਦੇਵਤਿਆਂ ਦੇ ਬੁੱਤ ਸਨ, ਜਿਸ ਨੂੰ ਉਹ ‘ਠਾਕਰ’ ਕਹਿੰਦਾ ਸੀ। ਉਹ ਗੁਰਦੁਆਰੇ ’ਚ ਰਹਿੰਦਾ ਹੁੰਦਾ ਸੀ ਤੇ ਆਪਣੇ ਕੋਲ ‘ਠਾਕਰ’ (ਬੁੱਤ) ਇਕ ਬਾਰੀ (ਕੰਧ ਵਿਚ ਆਲਾ) ’ਚ ਰੱਖਿਆ ਸੀ। ਕਦੇ-ਕਦੇ ਉਹ ਆਪਣੇ ਠਾਕਰ ਗੁਰਦੁਆਰੇ ’ਚ ਹੀ ਛੱਡ ਜਾਂਦਾ ਸੀ। ਸਿੱਖ ਖੁੱਲ੍ਹੇ ਸੁਭਾਅ ਦੇ ਹੁੰਦੇ ਹਨ, ਉਨ੍ਹਾਂ ਨੇ ਬ੍ਰਾਹਮਣ ਦੇ ਠਾਕਰਾਂ ਨੂੰ ਪਿਆ ਰਹਿਣ ਦਿੱਤਾ। ਸਾਲ 1905 ’ਚ ਬ੍ਰਾਹਮਣ ਮਰ ਗਿਆ। ਗੁਰਦੁਆਰੇ ਦੇ ਪ੍ਰਬੰਧਕ ਸਿੱਖਾਂ ਨੇ ਉਸ ਬ੍ਰਾਹਮਣ ਦੇ ਬੁੱਤ ਇਕ ਹੋਰ ਬ੍ਰਾਹਮਣ ਨੂੰ ਦੇ ਦਿੱਤੇ ਪਰ ਹੁਣ ਬ੍ਰਾਹਮਣਾਂ ਨੇ ਦਾਅਵਾ ਕੀਤਾ ਕਿ ਉਹ ਗੁਰਦੁਆਰੇ ’ਚ ਬ੍ਰਾਹਮਣ ਦੇ ਰਹਿਣ ਵਾਲੀ ਥਾਂ ’ਤੇ ਆਪਣੇ ਠਾਕਰਾਂ ਦੀ ਪੂਜਾ ਕਰਿਆ ਕਰਨਗੇ। ਅਖ਼ੀਰ ਜਦੋਂ ਝਗੜਾ ਵੱਧ ਗਿਆ ਤਾਂ ਇਹ ਮਸਲਾ ਸਰਕਾਰ ਕੋਲ ਪਹੁੰਚਿਆ।

ਸਰਕਾਰ ਨੇ ਕਮਿਸ਼ਨ ਬਿਠਾ ਦਿੱਤਾ। ਕਮਿਸ਼ਨ ਦੇ ਮੈਂਬਰਾਂ ਦੀ ਬ੍ਰਾਹਮਣਾਂ ਨਾਲ ਨੇੜਤਾ ਸੀ। ਉਨ੍ਹਾਂ ਨੇ ਫ਼ੈਸਲਾ ਦਿੱਤਾ ਕਿ ਬੁੱਤ ਗੁਰਦੁਆਰੇ ਦੇ ਕਮਰੇ ’ਚ ਹੀ ਰਹਿਣ ਦਿੱਤੇ ਜਾਣੇ ਚਾਹੀਦੇ ਹਨ। ਇਸ ਫ਼ੈਸਲੇ ਖ਼ਿਲਾਫ਼ ਸਿੱਖਾਂ ਨੇ ਆਵਾਜ਼ ਉਠਾਈ ਤਾਂ ਕਾਬੁਲ ਦੇ ਅਮੀਰ (ਬਾਦਸ਼ਾਹ) ਅਬਦੁਲ ਰਹਿਮਾਨ ਨੇ ਇਹ ਕੇਸ ਆਪਣੇ ਹੱਥ ’ਚ ਲੈ ਲਿਆ। ਪੜਤਾਲ ਮਗਰੋਂ ਬਾਦਸ਼ਾਹ ਨੇ ਫ਼ੈਸਲਾ ਦਿੱਤਾ ਕਿ ਗੁਰੂ ਨਾਨਕ ਸਾਹਿਬ ਦੇ ਪੈਰੋਕਾਰ ਇਕ ਰੱਬ ਦੀ ਇਬਾਦਤ ਕਰਦੇ ਹਨ ਤੇ ਉਹ ਬੁੱਤਪ੍ਰਸਤੀ ਦੇ ਖ਼ਿਲਾਫ਼ ਹਨ। ਇਸ ਕਰਕੇ ਗੁਰਦੁਆਰੇ ’ਚ ਬੁੱਤਾਂ ਦਾ ਕੋਈ ਮਤਲਬ ਨਹੀਂ। ਹਿੰਦੂਆਂ ਦਾ ਗੁਰਦੁਆਰੇ ਤੇ ਸਿੱਖਾਂ ਦਾ ‘ਠਾਕਰ ਦੁਆਰੇ’ ਤੇ ‘ਸ਼ਿਵ ਦੁਆਰੇ’ (ਯਾਨੀ ਮੰਦਰ) ਨਾਲ ਕੋਈ ਸਬੰਧ ਨਹੀਂ ਹੋ ਸਕਦਾ। ਇਸ ਮਗਰੋਂ ਹਿੰਦੂ ਉਨ੍ਹਾਂ ਬੁੱਤਾਂ ਨੂੰ ਗੁਰਦੁਆਰੇ ਵਿੱਚੋਂ ਚੁੱਕ ਕੇ ਲੈ ਗਏ। ਇਹ ਫ਼ੈਸਲਾ ਇੰਜ ਸੀ :
‘ਮਨ ਕਿਹ ਅਮੀਰ ਕਾਬੁਲ ਅਬਦੁਲ ਰਹਿਮਾਨ ਖ਼ਾਨ ਹਾਲ ਬਾਦਸ਼ਾਹੇ ਸਲਤਨਤੇ ਅਫ਼ਗ਼ਾਨਸਤਾਨ ਮੀ ਬਾਸ਼ਮ, ਦਰ ਅਹਿਦੇ ਮਾ ਯਕ ਮੁਕੱਦਮਾ ਮਾਬੈਨ ਖ਼ੁਦਾ ਪਰਸਤਾਂ ਵ ਬੁਤ ਪਰਸਤਾਂ ਪੇਸ਼ ਆਮਦ। ਯਕ ਧਰਮਸਾਲਾ ਮੌਸੂਮ ‘ਧਰਮਸਾਲ ਗੁਰੁ ਹਰਿ ਰਾਇ’ ਦਰ ਆਬਾਦੀਏ ਸ਼ਹਿਰ ਅਸਤ। ਬੁਤ ਪਰਸਤਾ ਦਾਅਵਾ ਮੇ ਕੁਨਦ ਕਿ ਯਕ ਮਕਾਨ ਦਰ ਧਰਮਸ਼ਾਲਾ ਬਾ ਕਬਜ਼ਾਏ ਮਾ ਮਰਦੁਮ ਮੇ ਬਾਸ਼ਦ ਕਿ ਆਂ ਜਾਇ ਮਾ ਮਰਦੁਮਾਂ ਬੁਤ ਪਰਸਤੀ ਮੇ ਕੁਨੰਦ। ਖ਼ੁਦਾ ਪਰਸਤਾ ਮੇ ਗੋਇਅੰਦ ਕਿ ਬਾ ਯਕ ਤਾਕਚਚਹ ਖਿਮਤਗਾਰੈਸ ਧਰਮਸ਼ਾਲ ਬ੍ਰਾਹਮਨ ਬੂਦ, ਕਯਾਮਸ਼ ਬੁਤਾਂ ਰਾ ਪੇਸ਼ੀਦਾ ਨਿਗਾਹ ਕਰਦਾ ਬੂਦ, ਪਦ ਅਜ਼ ਮੁਰਦਨੇ ਓ ਬ੍ਰਾਹਮਨ; ਮਾ ਸਿਖਾਂ ਰਾਬ-ਹਵਾਲਾ ਯਕ ਬਰਾਹਮਨ ਕਰਦੇਮ। ਕੌਲੇ ਖ਼ੁਦਾ ਪਰਸਤਾਂ ਵਜ਼ਨ ਦਾਰਦ ਵ ਤਸਦੀਕ ਸ਼ੁਦ। ਬਖਿਆਲੇ-ਮਾ ਮਰ ਜਾਏ ਕਿ ਨਾਮਸ਼ ਧਰਮਸ਼ਾਲ ਬਾਸ਼ਦ, ਬਾ ਓ ਜਾਏ ਬੁਤ ਪਰਸਤਾਂ ਹੇਚ ਨਾ ਗਰਜ਼ ਨ ਦਾਰੰਦ। ਈਂ ਧਰਮਸ਼ਾਲਾ ਬਾ ਨਾਮੇ ਗੁਰੁ ਹਰਿ ਰਾਇ ਕਾਇਮ ਅਸਤ। ਗੁਰੁ ਹਰਿ ਰਾਇ ਹਫ਼ਤਮ ਸੱਜਾਦਾ ਨਸ਼ੀਨੇ ਬਾਬਾ ਨਾਨਕ ਸਾਹਿਬ ਬੂਦ। ਕਿ ਓ-ਮਵਾਹਿਦ ਤਰ ਅਜ਼ ਮਵਾਹਿਦਾ ਬੂਦ, ਵ ਮੁਖ਼ਾਲਿਫ਼ ਬੁਤ-ਪਰਸਤੀ ਬੂਦ। ਹਰਿ ਜਾਇ ਕਿ ਨਾਮਸ਼ ਠਾਕਰ ਦੁਆਰਾ ਯਾ ਸ਼ਿਬ ਦੁਆਰਾ ਬਾਸ਼ਦ ਬਾ ਓ ਜਾਏ ਬੁਤ ਪਰਸਤਾਂ ਤਅੱਲਕ ਦਾਰੰਦ, ਸਿਖਾਂ ਹੇਚ ਗਰਜ਼ ਨੇਸਤ। ਉਲਾਚਿ ਈ ਜਾਇ ਧਰਮਸਾਲ ਅਸ, ਹਮਹ ਤਅੱਲਕ ਬਾ-ਖ਼ੁਦਾ ਪਰਸਤਾਂ ਮੇ ਦਾਰਦ। ਮਾ ਬ-ਹੈਸੀਅਤੇ ਬਾਦਸ਼ਾਹ ਹੁਕਮ ਮੇ ਦਿਹੇਮ ਕਿ ਦਾਅਵਾ ਏ ਬੁਤ ਪਰਸਤਾਂ ਖ਼ਾਰਜ ਅਸਤ।’
ਫ਼ਾਰਸੀ ਤੋਂ ਤਰਜਮਾ
ਮੈਂ ਅਮੀਰ ਕਾਬਲ ਅਬਦੁਲ ਰਹਿਮਾਨ ਖ਼ਾਂ ਅਫ਼ਗ਼ਾਨਿਸਤਾਨ ਦਾ ਇਸ ਵੇਲੇ ਬਾਦਸ਼ਾਹ ਹਾਂ। ਮੇਰੇ ਰਾਜ ’ਚ ਇਕ ਝਗੜਾ ਰੱਬ ਦੇ ਉਪਾਸਕਾਂ ਤੇ ਬੁੱਤ ਪੂਜਕਾਂ ’ਚ ਖੜ੍ਹਾ ਹੋ ਗਿਆ ਹੈ। ਇਕ ਧਰਮਸ਼ਾਲ ਜੋ ‘ਗੁਰੂ ਹਰਿ ਰਾਇ ਧਰਮਸ਼ਾਲ’ ਦੇ ਨਾਂ ਨਾਲ ਕਾਬੁਲ ਸ਼ਹਿਰ ਦੀ ਵਸੋਂ ਵਿਚ ਹੈ। ਬੁੱਤ ਪੂਜਕਾਂ ਨੇ ਸ਼ਿਕਾਇਤ ਕੀਤੀ ਹੈ ਕਿ ਧਰਮਸ਼ਾਲਾ ਦਾ ਇਕ ਮਕਾਨ ਸਾਡੇ ਕਬਜ਼ੇ ਵਿਚ ਹੈ ਤੇ ਸਾਡੇ ਲੋਕ ਉਥੇ ਠਾਕਰ ਪੂਜਦੇ ਹਨ। ਖ਼ੁਦਾ ਪਰਸਤ ਕਹਿੰਦੇ ਹਨ ਕਿ ਧਰਮਸ਼ਾਲਾ ’ਚ ਇਕ ਬਹੁਤ ਪੁਰਾਣਾ ਨੌਕਰ ਬ੍ਰਾਹਮਣ ਸੀ, ਉਹ ਉੱਥੇ ਰਹਿੰਦਾ ਹੋਇਆ ਇਕ ਬਾਰੀ ਵਿਚ ਆਪਣੇ ਬੁੱਤਾਂ ਨੂੰ ਲੁਕਾ ਕੇ ਰੱਖਦਾ ਹੁੰਦਾ ਸੀ। ਅਸੀਂ ਸਿੱਖਾਂ ਨੇ ਉਸ ਬ੍ਰਾਹਮਣ ਦੇ ਮਰਨ ਪਿੱਛੋਂ ਬੁੱਤ ਇਕ ਹੋਰ ਬ੍ਰਾਹਮਣ ਨੂੰ ਸੌਂਪ ਦਿੱਤੇ। ਖ਼ੁਦਾ ਪਰਸਤਾਂ ਦਾ ਦਾਅਵਾ ਵਜ਼ਨ ਰੱਖਦਾ ਹੈ ਤੇ ਸਹੀ ਸਾਬਿਤ ਹੁੰਦਾ ਹੈ। ਮੇਰੀ ਰਾਇ ਵਿਚ ਜਿਸ ਜਗ੍ਹਾ ਦਾ ਨਾਂ ਧਰਮਸ਼ਾਲਾ ਗੁਰੂ ਹਰਿ ਰਾਇ ਜੀ ਦੇ ਨਾਂ ’ਤੇ ਕਾਇਮ ਹੈ, ਗੁਰੂ ਹਰਿ ਰਾਇ ਜੀ ਗੁਰੂ ਨਾਨਕ ਜੀ ਦੇ ਸੱਤਵੇਂ ਥਾਂ ਗੱਦੀ ਨਸ਼ੀਨ ਸਨ, ਜੋ ਇਕ ਰੱਬ ਦੀ ਪੂਜਾ ਕਰਨ ਵਾਲਿਆਂ ਵਿੱਚੋਂ ਸਭ ਤੋਂ ਸ਼੍ਰੋਮਣੀ ਇਕ ਦੀ ਪੂਜਾ ਕਰਨ ਵਾਲੇ ਮੰਨੇ ਜਾਂਦੇ ਹਨ ਤੇ ਬੁੱਤ ਪੂਜਾ ਦੇ ਮੁਖ਼ਾਲਿਫ਼ ਸਨ। ਹਰ ਜਗ੍ਹਾ ਜੋ ਠਾਕਰ ਦੁਆਰਾ ਜਾਂ ਸ਼ਿਵ ਦੁਆਰਾ ਅਖਾਵੈ, ਉਸ ਜਗ੍ਹਾ ਨਾਲ ਬੁੱਤ ਪਰਸਤਾਂ ਦਾ ਤਾਅਲੁਕ ਹੈ, ਸਿੱਖਾਂ ਦਾ ਉਸ ਨਾਲ ਕੋਈ ਵਾਸਤਾ ਨਹੀਂ। ਸੋ ਇਹ ਜਗ੍ਹਾ ਧਰਮਸ਼ਾਲਾ ਦੀ ਹੈ ਤੇ ਇਸ ਨਾਲ ਤਾਅਲੁਕ ਖ਼ੁਦਾ ਪਰਸਤ ਹੀ ਰੱਖਦੇ ਹਨ। ਅਸੀਂ ਬਾਦਸ਼ਾਹ ਹੋਣ ਦੀ ਹੈਸੀਅਤ ’ਚ ਹੁਕਮ ਦਿੰਦੇ ਹਾਂ ਕਿ ਬੁੱਤ ਪਰਸਤਾਂ ਦਾ ਦਾਅਵਾ ਖਾਰਿਜ ਹੈ।
ਚੇਤੇ ਰਹੇ ਕਿ 25 ਮਾਰਚ 2020 ਦੇ ਦਿਨ ਦਹਿਸ਼ਤਗਰਦਾਂ ਨੇ ਹਮਲਾ ਕਰ ਕੇ 25 ਸਿੱਖ ਮਾਰ ਦਿੱਤੇ ਤੇ 8 ਨੂੰ ਬੁਰੀ ਤਰ੍ਹਾ ਜ਼ਖ਼ਮੀ ਕਰ ਦਿੱਤਾ ਸੀ।
- ਹਰਜਿੰਦਰ ਸਿੰਘ ਦਿਲਗੀਰ, ਡਾ.
ਲੇਖਕ ਗੁਰੂ ਨਾਨਕ ਰਿਸਰਚ ਇੰਸਟੀਚਿਊਟ, ਬਰਮਿੰਘਮ, ਇੰਗਲੈਂਡ ’ਚ ਡਾਇਰੈਕਟਰ ਹਨ।