- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਕ ਵਾਰ ਸਾਡੇ ਸਕੂਲ ਦੀ ਇੰਸਪੈਕਸ਼ਨ ਲਈ ਡਾਇਰੈਕਟਰ ਸਾਹਿਬ ਆ ਗਏ। ਉਹ ਸਕੂਲ ਦੀ ਲਾਇਬ੍ਰੇਰੀ, ਅਧਿਆਪਕਾਂ ਦੀ ਮਿਹਨਤ, ਸਕੂਲ ਦੀਆਂ ਪ੍ਰਾਪਤੀਆਂ, ਬੱਚਿਆਂ ਦਾ ਗਿਆਨ ਵੇਖ ਕੇ ਬਹੁਤ ਪ੍ਰਭਾਵਿਤ ਹੋਏ। ਉਨ੍ਹਾਂ ਨੇ ਵਿਰਕ ਸਾਹਿਬ ਨੂੰ ਕਿਹਾ, ਹੈਡਮਾਸਟਰ ਸਾਹਿਬ, ਤੁਸੀਂ ਇਹ ਦੱਸੋ ਕਿ ਮੈਂ ਤੁਹਾਡੇ ਸਕੂਲ ਲਈ ਕੀ ਕਰ ਸਕਦਾ ਹਾਂ। ਵਿਰਕ ਸਾਹਿਬ ਨੇ ਅੱਗੋਂ ਕਿਹਾ, ਸਰ ਜੇਕਰ ਹੋ ਸਕੇ ਤਾਂ ਸਕੂਲ ਲਈ ਕਮਰੇ ਤੇ ਲਾਇਬ੍ਰੇਰੀਅਨ ਦੀ ਅਸਾਮੀ ਦੇ ਦਿਓ।

ਪ੍ਰਿੰਸੀਪਲ ਵਿਜੈ ਕੁਮਾਰ
ਮੈਂ ਆਪਣੇ ਵਿਦਿਆਰਥੀ ਜੀਵਨ ’ਚ ਸਿੱਖਿਆ ਦਾ ਸੁਨਿਹਰੀ ਯੁੱਗ ਵੇਖਿਆ ਹੈ। ਉਸ ਸਮੇਂ ਅਧਿਆਪਨ ਇਕ ਪੇਸ਼ਾ ਨਹੀਂ ਸਗੋਂ ਸੇਵਾ ਤੇ ਸਮਰਪਣ ਹੁੰਦੇ ਸਨ। ਆਪਣੇ ਨਾਲੋਂ ਬੱਚਿਆਂ ਦੇ ਭਵਿੱਖ ਦਾ ਜ਼ਿਆਦਾ ਫ਼ਿਕਰ ਹੁੰਦਾ ਸੀ। ਪੀਰੀਅਡ ਦੇ ਪੰਜ ਮਿੰਟ ਖ਼ਰਾਬ ਹੋਣ ਤੇ ਅਧਿਆਪਕਾਂ ਦੀ ਆਪਸ ’ਚ ਬਹਿਸ ਹੋ ਜਾਂਦੀ ਸੀ। ਟੀਚਰ ਟਿਊਟਰ ਨਹੀਂ, ਸਗੋਂ ਸਚਮੁੱਚ ਦੇ ਅਧਿਆਪਕ ਹੁੰਦੇ ਸਨ। ਟਿਊਸ਼ਨ ਕਰਨ, ਸਹਾਇਕ ਪੁਸਤਕਾਂ ਨਾਲ ਬੱਚਿਆਂ ਨੂੰ ਪੜ੍ਹਾਉਣ ਅਤੇ ਪੀਰੀਅਡ ਛੱਡਣ ਨੂੰ ਚੰਗਾ ਨਹੀਂ ਸਮਝਿਆ ਜਾਂਦਾ ਸੀ। ਇਹੋ ਕਾਰਨ ਸੀ ਕਿ ਅਧਿਆਪਕ ਤੇ ਵਿਦਿਆਰਥੀ ਰਿਸ਼ਤੇ ’ਚ ਕੁੜੱਤਣ ਨਹੀਂ ਸੀ। ਸਾਡੇ ਸਕੂਲ ਦੇ ਮੁੱਖ ਅਧਿਆਪਕ ਗੁਰਚਰਨ ਸਿੰਘ ਵਿਰਕ ਗਿਆਨ, ਸੋਚ, ਪੜ੍ਹਾਉਣ ਦੇ ਢੰਗ, ਕਾਰਜਸ਼ੈਲੀ, ਲਿਆਕਤ ਤੇ ਨਜਾਕਤ ਪੱਖੋਂ ਵਿਲੱਖਣ ਸ਼ਖ਼ਸੀਅਤ ਸਨ। ਉਨ੍ਹਾਂ ਦੇ ਹੱਥ ’ਚ ਹਰ ਵੇਲੇ ਟ੍ਰਿਬਿਊਨ ਅਖ਼ਬਾਰ ਤੇ ਕਿਤਾਬ ਹੋਣੀ ਉਨ੍ਹਾਂ ਦੀ ਪੱਕੀ ਪਛਾਣ ਹੁੰਦੀ ਸੀ।
ਜਦੋਂ ਸਰਕਾਰੀ ਸਕੂਲਾਂ ’ਚ ਲਾਇਬ੍ਰੇਰੀ ਦਾ ਰਿਵਾਜ ਨਹੀਂ ਸੀ, ਉਦੋਂ ਵਿਰਕ ਸਾਹਿਬ ਦੀ ਸਕੂਲ ’ਚ ਬਣਾਈ ਹੋਈ ਲਾਇਬ੍ਰੇਰੀ ਵੇਖਣ ਵਾਲੀ ਸੀ। ਕਿਉਂਕਿ ਉਨ੍ਹਾਂ ਨੂੰ ਖੁਦ ਕਿਤਾਬਾਂ ਪੜ੍ਹਨ ਦਾ ਸ਼ੌਕ ਹੁੰਦਾ ਸੀ। ਉਹ ਖੁਦ ਸਕੂਲ ਲਾਇਬ੍ਰੇਰੀ ਲਈ ਕਿਤਾਬਾਂ ਖ਼ਰੀਦ ਕੇ ਲਿਆਉਂਦੇ ਸਨ। ਉਹ ਆਪਣੇ ਆਪ ’ਚ ਇਕ ਸੰਸਥਾ ਸਨ। ਉਨ੍ਹਾਂ ਦੇ ਕਾਰਜ ਕਾਲ ’ਚ ਸਾਡੇ ਸਕੂਲ ਦੀਆਂ ਕਬੱਡੀ ਤੇ ਵਾਲੀਬਾਲ ਦੀਆਂ ਟੀਮਾਂ ਕੌਮੀ ਪੱਧਰ ਤੱਕ ਖੇਡ ਕੇ ਆਈਆਂ ਸਨ। ਉਹ ਸਾਨੂੰ ਸੱਤਵੀਂ ਜਮਾਤ ’ਚ ਅੰਗ੍ਰੇਜ਼ੀ ਤੋਂ ਅੰਗ੍ਰਜ਼ੀ ’ਚ ਪੜ੍ਹਾਉਂਦੇ ਸਨ। ਉਨ੍ਹਾਂ ਨੇ ਸਕੂਲ ਦੀ ਸਮਾਂ ਸਾਰਣੀ ’ਚ ਲਾਇਬ੍ਰੇਰੀ ਦਾ ਪੀਰੀਅਡ ਵੀ ਰਖਵਾਇਆ ਹੋਇਆ ਸੀ।
ਉਹ ਲਾਇਬ੍ਰੇਰੀ ’ਚ ਜਾ ਕੇ ਇਹ ਵੇਖਣ ਲਈ ਕਿ ਬੱਚੇ ਪੁਸਤਕਾਂ ਪੜ੍ਹਦੇ ਵੀ ਹਨ ਜਾਂ ਨਹੀਂ ਬੱਚਿਆਂ ਨੂੰ ਪੁਸਤਕਾਂ ’ਚੋਂ ਪ੍ਰਸ਼ਨ ਵੀ ਪੁੱਛ ਲੈਂਦੇ ਸਨ। ਉਹ ਐੱਸਡੀਐੱਮ, ਡਿਪਟੀ ਕਮਿਸ਼ਨਰ ਪੁਲਿਸ, ਫ਼ੌਜੀ ਅਫ਼ਸਰਾਂ ਅਤੇ ਹੋਰ ਉੱਚ ਅਧਿਕਾਰੀਆਂ ਨੂੰ ਸਕੂਲ ’ਚ ਬੁਲਾ ਕੇ ਉਨ੍ਹਾਂ ਨੂੰ ਬੱਚਿਆਂ ਨਾਲ ਮਿਲਵਾਉਂਦੇ ਰਹਿੰਦੇ ਸਨ ਕਿਉਂਕਿ ਉਨ੍ਹਾਂ ਦਾ ਕਹਿਣਾ ਹੁੰਦਾ ਸੀ ਕਿ ਇਨ੍ਹਾਂ ਅਫ਼ਸਰਾਂ ਨੂੰ ਮਿਲ ਕੇ ਬੱਚਿਆਂ ਦੇ ਮਨਾਂ ’ਚ ਵੱਡੇ ਅਫਸਰ ਬਣਨ ਦੀ ਭਾਵਨਾ ਪੈਦਾ ਹੋ ਸਕਦੀ ਹੈ।
ਇਕ ਵਾਰ ਸਾਡੇ ਸਕੂਲ ਦੀ ਇੰਸਪੈਕਸ਼ਨ ਲਈ ਡਾਇਰੈਕਟਰ ਸਾਹਿਬ ਆ ਗਏ। ਉਹ ਸਕੂਲ ਦੀ ਲਾਇਬ੍ਰੇਰੀ, ਅਧਿਆਪਕਾਂ ਦੀ ਮਿਹਨਤ, ਸਕੂਲ ਦੀਆਂ ਪ੍ਰਾਪਤੀਆਂ, ਬੱਚਿਆਂ ਦਾ ਗਿਆਨ ਵੇਖ ਕੇ ਬਹੁਤ ਪ੍ਰਭਾਵਿਤ ਹੋਏ। ਉਨ੍ਹਾਂ ਨੇ ਵਿਰਕ ਸਾਹਿਬ ਨੂੰ ਕਿਹਾ, ਹੈਡਮਾਸਟਰ ਸਾਹਿਬ, ਤੁਸੀਂ ਇਹ ਦੱਸੋ ਕਿ ਮੈਂ ਤੁਹਾਡੇ ਸਕੂਲ ਲਈ ਕੀ ਕਰ ਸਕਦਾ ਹਾਂ। ਵਿਰਕ ਸਾਹਿਬ ਨੇ ਅੱਗੋਂ ਕਿਹਾ, ਸਰ ਜੇਕਰ ਹੋ ਸਕੇ ਤਾਂ ਸਕੂਲ ਲਈ ਕਮਰੇ ਤੇ ਲਾਇਬ੍ਰੇਰੀਅਨ ਦੀ ਅਸਾਮੀ ਦੇ ਦਿਓ। ਡਾਇਰੈਕਟਰ ਸਾਹਿਬ ਪਹੁੰਚ ਵਾਲੇ ਵਿਅਕਤੀ ਸਨ। ਉਨ੍ਹਾਂ ਨੇ ਸਕੂਲ ਨੂੰ ਕਮਰੇ ਤੇ ਲਾਇਬ੍ਰੇਰੀਅਨ ਦੀ ਅਸਾਮੀ ਦੋਵੇਂ ਭੇਜ ਦਿੱਤੇ।
ਵਿਰਕ ਸਾਹਿਬ ਸਾਡੀ ਦਸਵੀਂ ਦੀ ਜਮਾਤ ਨੂੰ ਅੰਗ੍ਰੇਜ਼ੀ ਦਾ ਵਿਸ਼ਾ ਪੜ੍ਹਾਉਂਦੇ ਸਨ। ਘੰਟੀ ਵੱਜਣ ਤੋਂ ਬਾਅਦ ਵਿਰਕ ਸਾਹਿਬ ਦੇ ਜਮਾਤ ’ਚ ਆਉਣ ਤੋਂ ਪਹਿਲਾਂ ਸਕੂਲ ਦਾ ਸੇਵਾਦਾਰ ਉਨ੍ਹਾਂ ਦਾ ਚਾਕ ਦਾ ਡੱਬਾ, ਕਿਤਾਬ ਐਨਕ ਸਾਡੀ ਜਮਾਤ ’ਚ ਰੱਖ ਕੇ ਜਾਂਦਾ ਸੀ। ਘੰਟੀ ਖ਼ਤਮ ਹੋਣ ਤੋਂ ਬਾਅਦ ਸੇਵਾਦਾਰ ਉਨ੍ਹਾਂ ਦੇ ਹੱਥ ਧਵਾਉਂਦਾ ਸੀ ਤੇ ਉਨ੍ਹਾਂ ਦਾ ਸਮਾਨ ਚੁੱਕ ਕੇ ਦਫਤਰ ’ਚ ਲੈ ਕੇ ਜਾਂਦਾ ਸੀ। ਸਕੂਲ ’ਚ ਕੋਈ ਆ ਜਾਵੇ ਉਹ ਆਪਣੀ ਘੰਟੀ ਛੱਡ ਕੇ ਨਹੀਂ ਜਾਂਦੇ ਸਨ। ਸੇਵਾਦਾਰ ਨੂੰ ਇਹ ਆਦੇਸ਼ ਸੀ ਕਿ ਘੰਟੀ ਖ਼ਤਮ ਹੋਣ ਤੱਕ ਉਨ੍ਹਾਂ ਨੂੰ ਕੋਈ ਬੁਲਾਉਣ ਲਈ ਨਹੀਂ ਆਵੇਗਾ।
ਜਦੋਂ ਵੀ ਕੋਈ ਵਿਅਕਤੀ ਵਿਰਕ ਸਾਹਿਬ ਨੂੰ ਮਿਲਣ ਆਉਂਦਾ ਸੀ ਤਾਂ ਸੇਵਾਦਾਰ ਉਸ ਨੂੰ ਉਡੀਕ ਕਰਨ ਲਈ ਕਹਿੰਦਾ ਸੀ। ਇਕ ਦਿਨ ਮੁੱਖ ਸਕੱਤਰ ਪੰਜਾਬ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ ਰਾਜਨ ਕਸ਼ਅਪ ਸਾਡੇ ਜਿਲ੍ਹੇ ਰੋਪੜ ਦੇ ਡਿਪਟੀ ਕਮਿਸ਼ਨਰ ਸਨ। ਉਹ ਜਲੰਧਰ ਦੇ ਰਹਿਣ ਵਾਲੇ ਸਨ। ਉਹ ਰੋਪੜ ਤੋਂ ਜਲੰਧਰ ਸਾਡੇ ਪਿੰਡ ਵਾਲੇ ਰਸਤੇ ਤੋਂ ਜਾ ਰਹੇ ਸਨ। ਸਾਡਾ ਸਕੂਲ ਸੜਕ ਤੇ ਹੀ ਹੈ।
ਪਤਾ ਨਹੀਂ ਡਿਪਟੀ ਕਮਿਸ਼ਨਰ ਦੇ ਮਨ ’ਚ ਕੀ ਆਇਆ, ਉਹ ਜਲੰਧਰ ਜਾਂਦੇ-ਜਾਂਦੇ ਸਾਡੇ ਸਕੂਲ ’ਚ ਆ ਵੜੇ। ਉਨ੍ਹਾਂ ਨੇ ਸਕੂਲ ਦੇ ਦਫਤਰ ’ਚ ਆ ਕੇ ਚਪੜਾਸੀ ਨੂੰ ਪੁੱਛਿਆ, ਹੈਡਮਾਸਟਰ ਸਾਹਿਬ ਕਿੱਥੇ ਹਨ? ਸੇਵਾਦਾਰ ਨੇ ਅੱਗੋਂ ਕਿਹਾ, ਸਰ, ਉਹ ਦਸਵੀਂ ਜਮਾਤ ’ਚ ਪੜ੍ਹਾ ਰਹੇ ਹਨ, ਘੰਟੀ ਖ਼ਤਮ ਹੋਣ ’ਤੇ ਹੀ ਆਉਣਗੇ। ਡਿਪਟੀ ਕਮਿਸ਼ਨਰ ਦੇ ਪੀਏ ਨੇ ਕਿਹਾ, ਸਾਹਿਬ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਹਨ, ਹੈੱਡਮਾਸਟਰ ਸਾਹਿਬ ਨੂੰ ਹੁਣੇ ਦਫਤਰ ’ਚ ਬੁਲਾ ਕੇ ਲੈ ਕੇ ਆਓ। ਸੇਵਾਦਾਰ ਅੱਗੋਂ ਬੋਲਿਆ, ਸਾਨੂੰ ਸਾਹਿਬ ਦੇ ਸਖ਼ਤ ਹੁਕਮ ਹਨ ਕਿ ਜਮਾਤ ਪੜ੍ਹਾਉਂਦੇ ਹੋਏ ਮੈਨੂੰ ਨਹੀਂ ਬੁਲਾਉਣਾ। ਮਾਫ਼ ਕਰਨਾ, ਮੈਂ ਉਨ੍ਹਾਂ ਨੂੰ ਜਮਾਤ ’ਚੋਂ ਨਹੀਂ ਬੁਲਾ ਸਕਦਾ। ਡਿਪਟੀ ਕਮਿਸ਼ਨਰ ਸਾਹਿਬ ਦਾ ਪੀਏ ਕੁਝ ਬੋਲਣ ਹੀ ਲੱਗਿਆ ਸੀ ਕਿ ਡਿਪਟੀ ਕਮਿਸ਼ਨਰ ਸਾਹਿਬ ਨੇ ਉਸ ਨੂੰ ਰੋਕਦਿਆਂ ਹੋਇਆਂ ਕਿਹਾ, ਕੋਈ ਗੱਲ ਨਹੀਂ, ਘੰਟੀ ਖ਼ਤਮ ਹੋ ਲੈਣ ਦਿਓ।
ਐਨੇ ਨੂੰ ਸਕੂਲ ਦੇ ਇਕ ਸੀਨੀਅਰ ਅਧਿਆਪਕ ਅਤੇ ਕਲਰਕ ਨੇ ਡਿਪਟੀ ਕਮਿਸ਼ਨਰ ਨੂੰ ਬੇਨਤੀ ਕਰਦੇ ਹੋਏ ਕਿਹਾ, ਸਰ, ਤੁਸੀਂ ਚਾਹ ਪਾਣੀ ਪੀਓ, ਸਰ, ਹੁਣੇ ਹੀ ਆ ਜਾਂਦੇ ਹਨ। ਡਿਪਟੀ ਕਮਿਸ਼ਨਰ ਸਾਹਿਬ ਨੇ ਅੱਗੋਂ ਕਿਹਾ, ਮੈਂ ਹੈੱਡਮਾਸਟਰ ਸਾਹਿਬ ਨਾਲ ਹੀ ਚਾਹ ਦਾ ਕੱਪ ਪਿਆਂਗਾ, ਉਨ੍ਹਾਂ ਨੂੰ ਆ ਲੈਣ ਦਿਉ। ਐਨੀ ਗੱਲ ਕਹਿ ਕੇ ਡਿਪਟੀ ਕਮਿਸ਼ਨਰ ਸਾਹਿਬ ਦਸਵੀਂ ਜਮਾਤ ਦੇ ਦੂਜੇ ਸੈਕਸ਼ਨ ’ਚ ਚਲੇ ਗਏ। ਉਸ ਜਮਾਤ ਦੀ ਸਾਇੰਸ ਵਿਸ਼ੇ ਦੀ ਘੰਟੀ ਸੀ।
ਡਿਪਟੀ ਕਮਿਸ਼ਨਰ ਸਾਹਿਬ ਨੇ ਜਮਾਤ ’ਚ ਪੜ੍ਹਾ ਰਹੇ ਅਧਿਆਪਕ ਤੋਂ ਕੁਝ ਪੁੱਛਣ ਤੋਂ ਬਾਅਦ ਉਸ ਨੂੰ ਕਿਹਾ ਕਿ ਤੁਸੀਂ ਬੈਠੋ, ਮੈਂ ਬੱਚਿਆਂ ਨੂੰ ਪੜ੍ਹਾਉਂਦਾ ਹਾਂ। ਡਿਪਟੀ ਕਮਿਸ਼ਨਰ ਸਾਹਿਬ ਤੋਂ ਬੱਚੇ ਪੜ੍ਹ ਕੇ ਬਹੁਤ ਖੁਸ਼ ਹੋਏ। ਘੰਟੀ ਖ਼ਤਮ ਹੋਣ ਤੋਂ ਬਾਅਦ ਵਿਰਕ ਸਾਹਿਬ ਵੀ ਆਪਣੇ ਦਫਤਰ ’ਚ ਆ ਗਏ। ਵਿਰਕ ਸਾਹਿਬ ਨੇ ਡਿਪਟੀ ਕਮਿਸ਼ਨਰ ਸਾਹਿਬ ਨੂੰ ਕਿਹਾ, ਸਰ, ਮੈਂ ਮਾਫ਼ੀ ਚਾਹਾਂਗਾ, ਮੈਂ ਆਪਣੀ ਘੰਟੀ ਛੱਡ ਕੇ ਨਹੀਂ ਆਉਂਦਾ।
ਇਹ ਸਾਰਾ ਕੁਝ ਸੁਣ ਕੇ ਉਸ ਵੇਲੇ ਡਿਪਟੀ ਕਮਿਸ਼ਨਰ ਸਾਹਿਬ ਨੇ ਬਹੁਤ ਹੀ ਨਿਮਰਤਾ ਨਾਲ ਅੱਗੋਂ ਕਿਹਾ, ਹੈੱਡਮਾਸਟਰ ਸਾਹਿਬ, ਇਹ ਕਿੰਨਾ ਚੰਗਾ ਹੁੰਦਾ ਜੇਕਰ ਮੈਂ ਭੀ ਤੁਹਾਡੇ ਜਿਹੇ ਸਮਰਪਿਤ ਅਧਿਆਪਕ ਪਾਸ ਪੜ੍ਹਿਆ ਹੁੰਦਾ। ਉਨ੍ਹਾਂ ਕਿਹਾ ਕਿ ਅੱਜ ਮੈਨੂੰ ਵੀ ਆਪਣਾ ਵਿਦਿਆਰਥੀ ਜੀਵਨ ਯਾਦ ਆ ਗਿਆ। ਇਹ ਸੁਣ ਕੇ ਵਿਰਕ ਸਾਹਿਬ ਨੇ ਅੱਗੋਂ ਕਿਹਾ, ਸਰ, ਸਾਡੇ ਸਕੂਲ ਦੀ ਇਮਾਰਤ ਬਣ ਰਹੀ ਹੈ, ਸਾਨੂੰ ਸੀਮਿੰਟ ਦੇ ਪਰਮਿਟ ਦੀ ਸਮੱਸਿਆ ਹੈ, ਕ੍ਰਿਪਾ ਕਰਕੇ ਇਹ ਹੱਲ ਕਰ ਦਿਉ। ਪੀਏ ਨੇ ਵਿਰਕ ਸਾਹਿਬ ਨੂੰ ਇਕ ਚਿੱਟ ਦਿੰਦੇ ਹੋਏ ਕਿਹਾ, ਤੁਸੀਂ ਇਹ ਚਿੱਟ ਵਿਖਾ ਕੇ ਸੀਮਿੰਟ ਲੈ ਸਕਦੇ ਹੋ। ਉਸ ਦਿਨ ਤੋਂ ਬਾਅਦ ਵੀ ਡਿਪਟੀ ਕਮਿਸ਼ਨਰ ਸਾਹਿਬ ਸਾਡੇ ਸਕੂਲ ’ਚ ਕਈ ਵੇਰ ਆਏ।
(ਸੰਪਰਕ : 98726 27136)।