- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਪੰਚ ਸਾਹਿਬ ਨੇ ਪੰਚਾਇਤ ਦੀ ਸਹਿਮਤੀ ਨਾਲ ਸਕੂਲ ’ਚ ਪ੍ਰੋਗਰਾਮ ਰੱਖ ਲਿਆ। ਪਿੰਡ ਦੇ ਹੋਰ ਵੀ 25-30 ਪਤਵੰਤੇ ਲੋਕ ਬੁਲਾਏ ਹੋਏ ਸਨ। ਮੈਂ ਠੀਕ ਨਿਰਧਾਰਿਤ ਸਮੇਂ ਅਨੁਸਾਰ ਸਕੂਲ ਪਹੁੰਚ ਗਿਆ। ਸਾਰੇ ਪਿੰਡ ਦੇ ਸਰਪੰਚ ਸਾਹਿਬ ਮੈਂਬਰ ਸਾਹਿਬਾਨ ਤੇ ਪਤਵੰਤੇ ਸੱਜਣਾਂ ਨੂੰ ਫ਼ਤਹਿ ਬੁਲਾਈ ਤੇ ਸਕੂਲ ਦੇ ਬਣੇ ਮੰਚ ’ਤੇ ਬੈਠ ਗਏ। ਸਰਪੰਚ ਸਾਹਿਬ ਨੂੰ ਮੇਰੇ ਬਾਰੇ ਜਿੰਨੀ ਕੁ ਜਾਣਕਾਰੀ ਸੀ, ਉਹ ਸਭ ਪਤਵੰਤਿਆ ਨੂੰ ਦਿੱਤੀ।

ਸੁਰਿੰਦਰ ਸ਼ਰਮਾ ਨਾਗਰਾ
ਮੇਰਾ ਪਿੰਡ ਨਾਗਰਾ ਹੈ। ਮੈਂ ਅਕਸਰ ਪਿੰਡ ਆਉਂਦਾ ਜਾਂਦਾ ਰਹਿੰਦਾ ਹਾਂ। ਆਪਣੇ ਪਿੰਡ ਦੇ ਸੱਭਿਆਚਾਰ ਵਾਰੇ ਲਿਖੀ ਕਿਤਾਬ ‘ਮਾਲਵੇ ਦੇ ਸੱਭਿਆਚਾਰ ਦੀ ਖੁਸ਼ਬੋਈ, ਮੇਰਾ ਪਿੰਡ ਨਾਗਰਾ’ ਕਾਰਨ ਪਿੰਡ ਦੇ ਲੋਕ ਬਹੁਤ ਪਿਆਰ ਕਰਦੇ ਹਨ। ਅੱਜ ਕੱਲ੍ਹ ਨਵੇਂ ਬਣੇ ਪੜ੍ਹੇ ਲਿਖੇ ਸਰਪੰਚ ਸਾਬਕਾ ਫ਼ੌਜੀ ਸੂਬੇਦਾਰ ਨਾਲ ਬਹੁਤ ਵਧੀਆ ਸੰਬੰਧ ਹਨ। ਕਿਉਂਕਿ ਮੈਂ ਪੰਜਵੀਂ ਜਮਾਤ ਤੱਕ ਅਪਣੇ ਪਿੰਡ ਪੜ੍ਹਿਆ ਹਾਂ ਤੇ ਉਸ ਸਮੇਂ ਦੇ ਸੱਭਿਆਚਾਰ ਵਾਰੇ ਸਕੂਲ ਦੀਆਂ ਪੜ੍ਹਾਈਆਂ ਬਾਰੇ ਖੁੱਲ੍ਹ ਕੇ ਜਾਣਕਾਰੀ ਲਈ ਇੱਕ ਤਰ੍ਹਾਂ ਨਾਲ ਸਰਪੰਚ ਸਾਹਿਬ ਨੇ ਮੇਰਾ ਰੂਬਰੂ ਸਕੂਲ ’ਚ ਰੱਖ ਲਿਆ। ਵੈਸੇ ਵੀ ਮੇਰੇ ਪਾਸ ਬਹੁਤ ਕਿਤਾਬਾਂ ਪਈਆਂ ਸਨ। ਉਹ ਵੀ ਮੈਂ ਪਿੰਡ ਦੀ ਅਧੁਨਿਕ ਲਾਇਬ੍ਰੇਰੀ ਨੂੰ ਭੇਂਟ ਕਰਨੀਆਂ ਸਨ। ਇਹ ਲਾਇਬ੍ਰੇਰੀ ਪੰਜਾਬ ਸਰਕਾਰ ਦੀ ਗ੍ਰਾਂਟ ਨਾਲ ਸਾਲ ਕੁ ਪਹਿਲਾਂ ਬਣਾਈ ਸੀ। ਮੈਨੂੰ ਬਹੁਤ ਖੁਸ਼ੀ ਹੋਈ ਕਿ ਮੇਰੇ ਪਿੰਡ ਦੇ ਲੋਕ ਅਪਣੇ ਵਿਹਲੇ ਸਮੇਂ ’ਚ ਕਿਤਾਬਾਂ ਨਾਲ ਜੁੜਨਗੇ।
ਸਰਪੰਚ ਸਾਹਿਬ ਨੇ ਪੰਚਾਇਤ ਦੀ ਸਹਿਮਤੀ ਨਾਲ ਸਕੂਲ ’ਚ ਪ੍ਰੋਗਰਾਮ ਰੱਖ ਲਿਆ। ਪਿੰਡ ਦੇ ਹੋਰ ਵੀ 25-30 ਪਤਵੰਤੇ ਲੋਕ ਬੁਲਾਏ ਹੋਏ ਸਨ। ਮੈਂ ਠੀਕ ਨਿਰਧਾਰਿਤ ਸਮੇਂ ਅਨੁਸਾਰ ਸਕੂਲ ਪਹੁੰਚ ਗਿਆ। ਸਾਰੇ ਪਿੰਡ ਦੇ ਸਰਪੰਚ ਸਾਹਿਬ ਮੈਂਬਰ ਸਾਹਿਬਾਨ ਤੇ ਪਤਵੰਤੇ ਸੱਜਣਾਂ ਨੂੰ ਫ਼ਤਹਿ ਬੁਲਾਈ ਤੇ ਸਕੂਲ ਦੇ ਬਣੇ ਮੰਚ ’ਤੇ ਬੈਠ ਗਏ। ਸਰਪੰਚ ਸਾਹਿਬ ਨੂੰ ਮੇਰੇ ਬਾਰੇ ਜਿੰਨੀ ਕੁ ਜਾਣਕਾਰੀ ਸੀ, ਉਹ ਸਭ ਪਤਵੰਤਿਆ ਨੂੰ ਦਿੱਤੀ। ਸਕੂਲ ਦੇ ਪ੍ਰਿੰਸੀਪਲ ਸਾਹਿਬ ਨੇ ਵੀ ਸਕੂਲ ਦੀ ਪ੍ਰੋਗਰੈੱਸ ਬਾਰੇ ਚਾਨਣਾ ਪਾਇਆ ਤੇ ਪੁਸਤਕਾਂ ਦੇ ਮਹਤੱਵ ਬਾਰੇ ਦੱਸਿਆ। ਉਸ ਤੋਂ ਬਾਅਦ ਉਨ੍ਹਾਂ ਮੈਨੂੰ ਬੇਨਤੀ ਕੀਤੀ ਕਿ ਅਪਣੇ ਬਾਰੇ, ਸਕੂਲ ਬਾਰੇ ਤੇ 60-65 ਸਾਲ ਪਹਿਲਾਂ ਦੇ ਮਹੌਲ ਬਾਰੇ ਬੋਲਣ ਲਈ ਕਿਹਾ।
ਮੈਂ ਉਠਿਆ, ਸਭ ਨੂੰ ਫ਼ਤਹਿ ਬੁਲਾਈ ਤੇ ਬੋਲਣਾ ਸ਼ੁਰੂ ਕੀਤਾ, ਕਿਹਾ ਕਿ ਮੈਂ ਪਹਿਲੀ ਤੋਂ ਪੰਜਵੀਂ ਤੱਕ ਇਸ ਪ੍ਰਾਇਮਰੀ ਸਕੂਲ (ਜੋ ਉਸ ਸਮੇਂ ਹੁੰਦਾ ਸੀ) ’ਚ ਪੜ੍ਹਿਆ। ਉਸ ਸਮੇਂ ਬੱਚਿਆਂ ਨੂੰ ਬਹੁਤਾ ਪੜ੍ਹਾਉਣ ਦਾ ਰਿਵਾਜ ਨਹੀਂ ਸੀ। 80 ਫ਼ੀਸਦ ਲੋਕ ਖੇਤੀ ਕਰਦੇ ਸਨ ਤੇ ਬਾਕੀ ਵੀ ਖੇਤੀ ਦੇ ਧੰਦੇ ਨਾਲ ਕਿਸੇ ਨਾ ਕਿਸੇ ਤਰੀਕੇ ਜੁੜੇ ਹੋਏ ਸਨ। ਬਹੁਤੇ ਕਿਸਾਨ ਅਪਣੇ ਅਪਣੇ ਬੱਚਿਆਂ ਨੂੰ ਪੜ੍ਹਾਉਣ ਦੀ ਬਜਾਏ ਖੇਤੀ ਵੱਲ ਖਿੱਚਦੇ। ਪਹਿਲਾਂ ਡੰਗਰਾਂ ਦਾ ਪਾਲ਼ੀ ਲਾ ਦਿੰਦੇ, ਜਦੋਂ ਗੱਭਰੂ ਹੁੰਦਾ ਹਲ ਦਾ ਮੁੰਨਾ ਫੜਾ ਦਿੰਦੇ। ਉਨ੍ਹਾਂ ਦੀ ਕੋਸ਼ਿਸ਼ ਹੁੰਦੀ ਕਿ ਜੁਆਕ ਕਦੇ ਸਕੂਲ ਅੱਗੋਂ ਨਾ ਲੰਘੇ ਕਿਤੇ ਪੜ੍ਹਾਈ ਕਰਨ ਨੂੰ ਮਨ ਲਲਚਾਅ ਜਾਵੇ। ਸਕੂਲ ’ਚ ਵੱਖ-ਵੱਖ ਭਾਈਚਾਰਿਆਂ ਦੇ ਬੱਚੇ ਪੜ੍ਹਦੇ। ਜੱਟਾਂ ਦੇ ਉਹ ਬੱਚੇ ਪੜ੍ਹਦੇ ਜਿੰਨ੍ਹਾਂ ਦੇ ਘਰ ਕੋਈ ਪਹਿਲਾਂ ਪੜ੍ਹਿਆ ਲਿਖਿਆ ਹੁੰਦਾ ਜਾਂ ਜੁਆਕ ਕਈ ਕਈ ਹੁੰਦੇ ਤਾਂ ਇਕ ਦੋ ਨੂੰ ਸਕੂਲ ਪੜ੍ਹਨ ਭੇਜ ਦਿੰਦੇ। ਮੈਂ ਬਹੁਤ ਹੀ ਗਰੀਬ ਬ੍ਰਾਹਮਣ ਪਰਿਵਾਰ ’ਚੋਂ ਸੀ ਤੇ ਦਾਦਾ ਦਾਦੀ ਕੋਲ ਰਹਿੰਦਾ ਸੀ। ਕਿਉਂਕਿ ਮੇਰੇ ਪਿਤਾ ਜੀ ਬਾਹਰ ਨੌਕਰੀ ਕਰਦੇ ਸਨ। ਹਾਲਾਂਕਿ ਮੇਰੇ ਦਾਦਾ ਜੀ ਗ਼ਰੀਬ ਬ੍ਰਾਹਮਣ ਸਨ ਪਰ ਉਨ੍ਹਾਂ ਨੇ ਔਖੇ-ਸੌਖੇ ਕਿਵੇਂ ਨੇ ਕਿਵੇ ਅਪਣੇ ਛੇ ਪੁੱਤਰਾਂ ਨੂੰ ਪੜ੍ਹਾਇਆ ਤੇ ਸੱਤਵਾਂ ਮੈਂ ਪੜ੍ਹਨਾ ਸ਼ੁਰੂ ਕੀਤਾ।
ਇਕ ਕਾਇਦਾ ਲੈ ਕੇ ਤੇ ਇਕ ਗੁੜ ਦੀ ਰੋੜੀ ਲੈ ਕੇ ਉਹ ਰੋਜ਼ ਮੈਨੂੰ ਸਕੂਲ ਛੱਡਣ ਆਉਂਦੇ। ਕਦੇ-ਕਦੇ ਮੈਂ ਰਸਤੇ ’ਚੋਂ ਹੀ ਘਰ ਮੁੜ ਜਾਂਦਾ, ਉਹ ਫਿਰ ਘੜੀਸ ਕੇ ਸਕੂਲ ਛੱਡ ਜਾਂਦੇ। ਇਸ ਤਰਾਂ ਪਹਿਲੀ ਤੋ ਦੂਜੀ ਫਿਰ ਤੀਜੀ ਜਮਾਤ ’ਚ ਹੋ ਗਏ। ਸਕੂਲ ਦੇ ਅਧਿਆਪਕ ਬਹੁਤ ਮਿਹਨਤੀ ਤੇ ਨਿਸ਼ਠਾਵਾਨ ਸਨ। ਸਾਰੇ ਬੱਚਿਆਂ ’ਤੇ ਬਹੁਤ ਮਿਹਨਤ ਕਰਦੇ ਸਨ। ਉਨ੍ਹਾਂ ਦਿਨਾਂ ’ਚ ਸਲੇਟ ਤੇ ਫੱਟੀਆਂ ’ਤੇ ਸਿਆਹੀ ਨਾਲ ਲਿਖਣ ਦਾ ਜ਼ਮਾਨਾ ਸੀ। ਕਦੀ ਘਰੇ ਫੱਟੀ ਪੋਚਣੀ ਭੁੱਲ ਜਾਂਦੇ ਤੇ ਰਸਤੇ ’ਚ ਪੈਂਦੇ ਟੋਭੇ ਕਿਨਾਰੇ ਬੈਠ ਫੱਟੀਆਂ ਪੋਚ ਲੈਂਦੇ ਤੇ ਘੁੰਮਾਉਂਦੇ ਹੋਏ ਸਕੂਲ ਪਹੁੰਚ ਜਾਂਦੇ। ਫੱਟੀਆਂ ਰਸਤੇ ‘ਚ ਸੁੱਕ ਜਾਂਦੀਆਂ। ਨਾਲ ਹੀ ਗਾਈਂ ਜਾਂਦੇ, ਸੂਰਜਾ-ਸੂਰਜਾ ਫੱਟੀ ਸੁਕਾਅ, ਆਦਿ। ਸਕੂਲ ’ਚ ਜੇਕਰ ਕੋਈ ਸ਼ਰਾਰਤ ਕਰਦਾ, ਜਾਂ ਤਾਂ ਉਸ ਦੇ ਕੰਨ ਫੜਾ ਦਿੰਦੇ ਭਾਵ ਮੁਰਗਾ ਬਣਾ ਦਿੰਦੇ ਜਾਂ ਫਿਰ ਨਲਕਾ ਗੇੜ ਕੇ ਬੂਟਿਆਂ ’ਚ ਪਾਣੀ ਪਾਉਣ ਦੀ ਸਜ਼ਾ ਮਿਲਦੀ। ਜੇਕਰ ਦੋ ਜਣੇ ਲੜਦੇ ਤਾ ਦੋਨਾਂ ਨੂੰ ਇਕ ਦੂਜੇ ਦੇ ਕੰਨ ਫੜਾ ਕੇ ਡੰਡ ਬੈਠਕਾਂ ਲਵਾ ਦਿੰਦੇ। ਸ਼ਰਾਰਤਾਂ ਵੀ ਕਿਹੋ ਜਿਹੀਆਂ ਹੁੰਦੀਆ। ਕੋਈ ਕਿਸੇ ਦੀ ਸਲੇਟੀ ਕੱਢ ਲੈਂਦਾ ਜਾਂ ਸਿਆਹੀ ਦੀ ਦਵਾਤ ਡੋਲ੍ਹ ਦਿੰਦਾ, ਕੋਈ ਕਿਸੇ ਦੀ ਘਰੋਂ ਲਿਆਂਦੀ ਮੂੰਗਫਲੀ ਕੱਢ ਕੇ ਖਾ ਜਾਂਦਾ। ਇਨ੍ਹਾਂ ਸ਼ਰਾਰਤਾਂ ਪਿੱਛੇ ਛਿੱਤਰ ਖਾਈ ਜਾਂਦੇ। ਇਕ ਵਾਰ ਸੰਗਰੂਰ ਵਾਲੇ ਅਧਿਆਪਕ ਲਾਭ ਸਿੰਘ ਜੀ ਨੇ ਮੇਰੇ ਕਮਰੇ ’ਚ ਕੰਨ ਫੜਾ ਦਿੱਤੇ ਤੇ ਬਾਹਰ ਆ ਕੇ ਭੁੱਲ ਗਏ। ਮੇਰੇ ਮੁੰਹ ’ਚੋਂ ਲਾਲਾਂ, ਨੱਕ ’ਚੋਂ ਪਾਣੀ ਵਗੇ। ਉਧਰੋਂ ਕਿਤੇ ਮੇਰੇ ਦਾਦਾ ਜੀ ਡਾਕ ਦੇ ਕੰਮ ਸਕੂਲ ਆ ਗਏ, ਡਾਕ ਦਾ ਕੰਮ ਵੀ ਸਕੂਲ ’ਚ ਹੀ ਹੁੰਦਾ ਸੀ। ਜਦੋਂ ਮੇਰੀ ਇਹ ਹਾਲਤ ਦੇਖੀ ਤਾਂ ਲਾਭ ਸਿੰਘ ਦੇ ਗਲ਼ ਪੈ ਗਏ। ਬੜੀ ਮੁਸ਼ਕਲ ਮਸਲਾ ਹੱਲ ਹੋਇਆ।
ਮੇਰਾ ਹਮਜਮਾਤੀ ਬਾਣੀਆਂ ਦਾ ਮੁੰਡਾ ਪੂਰਨ ਚੰਦ ਹੁੰਦਾ ਸੀ। ਉਹ ਬਹੁਤ ਗੁਸੈਲ ਕਿਸਮ ਦਾ ਬੰਦਾ ਸੀ ਪਰ ਮੇਰਾ ਗੂੜ੍ਹਾ ਮਿੱਤਰ ਸੀ। ਅਸੀਂ ਜਮਾਤ ’ਚ ਇਕੱਠੇ ਬੈਠਦੇ ਹੁੰਦੇ ਸੀ। ਇਕ ਦਿਨ ਮਾਸਟਰ ਜੀ ਕਲਾਸ ’ਚ ਨਾ ਆਏ। ਅਸੀਂ ਨਿਚਲੇ ਕਿਵੇਂ ਬੈਠ ਸਕਦੇ ਸੀ, ਸ਼ਰਾਰਤਾਂ ਕਰਨ ਲੱਗ ਪਏ। ਮੈਂ ਪੂਰਨ ਨੂੰ ਪੂੰ-ਪੂੰ ਕਹਿ ਕੇ ਭੱਜ ਪਿਆ। ਉਹ ਪੂੰ ਪੂੰ ਕਹੇ ਤੋਂ ਬਹੁਤ ਖਿਝਦਾ ਸੀ। ਉਸ ਨੇ ਆ ਦੇਖਿਆ ਨਾ ਤਾਅ, ਅਪਣੀ ਟੁੱਟੀ ਸਲੇਟ ਕੱਢ ਕੇ ਬੱਘਵੀਂ ਮਾਰੀ ਜਿਹੜੀ ਮੇਰੇ ਗਿੱਟੇ ’ਤੇ ਆ ਕੇ ਲੱਗੀ। ਸੱਟ ਲੱਗੀ ਤੇ ਲਹੂ ਵਗਣ ਲੱਗ ਪਿਆ। ਨਲਕੇ ਹੇਠ ਕਰ ਕੇ ਧੋਂਦੇ ਰਹੇ ਤੇ ਪਾਣੀ ਪੱਟੀ ਬੰਨ੍ਹੀ ਤਾਂ ਕਿਤੇ ਜਾ ਕੇ ਲਹੂ ਬੰਦ ਹੋਇਆ, ਉਸ ਦਾ ਦਾਗ਼ ਅੱਜ ਵੀ ਮੇਰੇ ਗਿੱਟੇ ’ਤੇ ਹੈ। ਸਜ਼ਾ ਦੇ ਤੌਰ ’ਤੇ ਪੂਰਨ ਦੀ ਚੰਗੀ ਚੰਡਾਈ ਹੋਈ। ਇਸ ਤਰਾਂ ਘਾਹ ਲੱਗੇ ਗਰਾਊਂਡ ਦੇ ਆਲ਼ੇ-ਦੁਆਲ਼ੇ ਫੁੱਲਾਂ ਵਾਲੇ ਬੂਟੇ ਲਾਏ ਹੋਏ ਸਨ। ਉਨ੍ਹਾਂ ਦੇ ਫੁੱਲਾਂ ’ਤੇ ਭੌਰੇ, ਦੰਦਈਏ ਤੇ ਭਰਿੰਡਾ ਬਹੁਤ ਆਉਂਦੀਆਂ ਸਨ। ਅਸੀ ਸ਼ਰਾਰਤਾਂ ਕਰਦੇ ਜੁੱਤੀਆਂ ਮਾਰ-ਮਾਰ ਉਹਨਾਂ ਨੂੰ ਭਜਾਉਂਦੇ ਤਾਂ ਕਿ ਉਹ ਲੜ ਨਾ ਜਾਣ। ਕਾਦਰ ਤੇਲੀ ਦੇ ਮੁੰਡੇ ਸ਼ੇਰੇ ਨੇ ਐਸੀ ਜੁੱਤੀ ਮਾਰੀ ਕਿ ਸਣੇ ਭਰਿੰਡ ਮੇਰੇ ਮੂੰਹ ’ਤੇ ਵੱਜੀ। ਵੱਜਣ ਸਾਰ ਭਰਿੰਡ ਨੇ ਦੰਦੀ ਵੱਢ ਲਈ। ਥੋੜ੍ਹੀ ਜਿਹੀ ਦੇਰ ’ਚ ਮੂੰਹ ਸੁੱਜ ਕੇ ਪਾਥੀ ਵਰਗਾ ਹੋ ਗਿਆ। ਠੀਕ ਹੋਣ ਨੂੰ ਕਈ ਦਿਨ ਲੱਗ ਗਏ। ਸਕੂਲੋਂ ਨਿਕਲਦੇ ਟੋਭੇ ਦੇ ਲਾਗਿਓਂ ਟੁੱਟੇ ਘੜੇ ਜਾਂ ਤੌੜੀਆਂ ਦੇ ਟੁਕੜੇ ਇੱਕਠੇ ਕਰਕੇ ਇੱਟ ਦੇ ਰੋੜੇ ਨਾਲ ਗੋਲ਼-ਗੋਲ਼ ਘੜ ਲੈਂਦੇ ਤੇ ਫਿਰ ਉੱਥੇ ਹੀ ਘੁੱਤੀ ਪੱਟ ਕੇ ਘੁਤੀ ਪੌਣੇ ਖੇਡਣ ਲੱਗ ਜਾਂਦੇ। ਇਕ ਦਿਨ ਡੀਕਰੀਆਂ ਇਕੱਠੀਆਂ ਦੀ ਉੱਪਰ ਵਲ ਸੁੱਟ ਕੇ ਲੁੱਟ ਪਾ ਦਿੱਤੀ। ਇੱਕ ਡੀਕਰੀ ਲਾਭ ਕੇ ਗੁਰਤੇਜ ਦੇ ’ਚ ਵੱਜੀ। ਲਹੂ ਨਿਕਲਣ ਲਗ ਪਿਆ। ਅਸੀਂ ਡਰਦੇ ਮਾਰੇ ਘਰਾਂ ਨੂੰ ਭੱਜ ਗਏ। ਬਾਅਦ ’ਚ ਉਸ ਦੀ ਦਾਦੀ ਸਾਡੇ ਘਰ ਉਲਾਂਭਾ ਲੈ ਕੇ ਆਈ। ਮੇਰੀ ਦਾਦੀ ਨੇ ਉੱਪਰੋਂ-ਉੱਪਰੋਂ ਮੇਰੀ ਖਾਸੀ ਝਾੜ-ਝੰਭ ਕੀਤੀ ਤੇ ਗੁਰਤੇਜ ਦੀ ਦਾਦੀ ਦੇ ਜਾਣ ਤੋਂ ਬਾਅਦ ਮੈਨੂੰ ਅਪਣੀ ਹਿੱਕ ਨਾਲ ਲਾ ਲਿਆ। ਪੁਰਾਣਾ ਸਮੇਂ ਦੀਆਂ ਗੱਲਾਂ ਮੇਰੇ ਮੂਹੋਂ ਸੁਣ ਕੇ ਪਿੰਡ ਵਾਲੇ ਬਹੁਤ ਖੁਸ਼ ਹੋਏ।