- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰੱਬ ਨੇ ਪੁੱਛਿਆ, ‘ਤੂੰ ਇਹ ਕਿਉਂ ਕਰ ਰਹੀ ਹੈ?’ ਕੁੜੀ ਮੁਸਕਰਾਈ, ‘ਮੈਂ ਆਪਣੇ ਬਾਬਾ ਜੀ ਨਾਲ ਮਿਲ ਕੇ ਇਸ ਧਰਤੀ ਨੂੰ ਬਚਾਉਣਾ ਚਾਹੁੰਦੀ ਹਾਂ। ਬਜੁਰਗ ਬੋਲਿਆ, ‘ਕੁਦਰਤ ਰੱਬ ਦੀ ਕਿਤਾਬ ਏ, ਹਰ ਪੰਨਾ ਸਬਕ ਸਿਖਾਉਂਦਾ, ਜਿਹੜਾ ਇਸ ਨੂੰ ਪਿਆਰ ਨਾਲ ਪੜ੍ਹ ਲੈਂਦਾ, ਉਹੀ ਜੀਵਨ ਨੂੰ ਸਮਝ ਪਾਉਂਦਾ। ਰੱਬ ਦੇ ਚਿਹਰੇ ’ਤੇ ਹੌਲੀ ਜਿਹੀ ਮੁਸਕਰਾਹਟ ਆ ਗਈ। ਉਸ ਨੇ ਸੋਚਿਆ, ‘ਹਾਲੇ ਵੀ ਆਸ ਬਾਕੀ ਹੈ।’

ਜਗਜੀਤ ਸਿੰਘ ਗਣੇਸ਼ਪੁਰ
ਪੰਜਾਬ ਦੀ ਮਾਣਮੱਤੀ ਲੇਖਿਕਾ ਦਲੀਪ ਕੌਰ ਟਿਵਾਣਾ ਦੀ ਕਹਾਣੀ ‘ਰੱਬ ਤੇ ਰੁੱਤਾਂ’ ਮਨੁੱਖੀ ਸੰਵੇਦਨਾ ਤੇ ਬਦਲਦੀ ਜੀਵਨ-ਸ਼ੈਲੀ ਦੀ ਇਕ ਬੇਹਤਰੀਨ ਝਲਕ ਹੈ। ਉਨ੍ਹਾਂ ਨੇ ਬਹੁਤ ਖ਼ੂਬਸੂਰਤੀ ਨਾਲ ਦਰਸਾਇਆ ਹੈ ਕਿ ਕਿਵੇਂ ਟਿਊਬਵੈੱਲ, ਬਿਜਲੀ ਦੇ ਪੱਖੇ ਤੇ ਆਧੁਨਿਕ ਸੁਖ-ਸਹੂਲਤਾਂ ਦੀ ਹੋੜ ਨੇ ਮਨੁੱਖ ਨੂੰ ਕੁਦਰਤ ਤੋਂ ਦੂਰ ਕਰ ਦਿੱਤਾ ਹੈ। ਮਸ਼ੀਨੀ ਸਾਧਨਾਂ ’ਤੇ ਵਧਦੀ ਨਿਰਭਰਤਾ ਕਾਰਨ ਸਾਡੀ ਰੋਜ਼ਾਨਾ ਜ਼ਿੰਦਗੀ ’ਚੋਂ ਬਦਲਦੇ ਮੌਸਮਾਂ ਦੀ ਆਮਦ ਤੇ ਮਹੱਤਵ ਕਿਤੇ ਗਵਾਚ ਗਿਆ ਹੈ। ਅੱਜ ਜਦੋਂ ਅਸੀਂ ਸੋਸ਼ਲ ਮੀਡੀਆ ਤੇ ਆਰਟੀਫ਼ਿਸ਼ਲ ਇੰਟੈਲੀਜੈਂਸ ਦੇ ਦੌਰ ’ਚ ਜੀ ਰਹੇ ਹਾਂ, ਤਾਂ ਇਹ ਕਹਾਣੀ ਹੋਰ ਵੀ ਢੁਕਵੀਂ ਜਾਪਦੀ ਹੈ। ਅੱਜ ਦੇ ਮੌਜੂਦਾ ਹਾਲਾਤ, ਮਨੁੱਖ ਦੀ ਵਧ ਰਹੀ ਇਕੱਲਤਾ ਤੇ ਮਸ਼ੀਨਾਂ ’ਤੇ ਪੂਰਨ ਨਿਰਭਰਤਾ ਨੂੰ ਵੇਖ ਕੇ ਇਹ ਖ਼ਿਆਲ ਆਉਣਾ ਲਾਜ਼ਮੀ ਹੈ ਕਿ ਜੇਕਰ ਅੱਜ ਟਿਵਾਣਾ ਜੀ ਸਾਡੇ ’ਚ ਹੁੰਦੇ, ਤਾਂ ਉਹ ਯਕੀਨਨ ਇਸ ਕਹਾਣੀ ਦਾ ਦੂਜਾ ਭਾਗ ਲਿਖਦੇ। ਉਹ ਅਜੋਕੇ ਡਿਜੀਟਲ ਯੁੱਗ ’ਚ ਮਨੁੱਖੀ ਰਿਸ਼ਤਿਆਂ ਤੇ ਕੁਦਰਤ ਤੋਂ ਟੁੱਟਦੇ ਮੋਹ ਦੇ ਦਰਦ ਨੂੰ ਇਕ ਨਵੀਂ ਸ਼ਬਦ-ਛੋਹ ਦਿੰਦੇ।
ਕਹਾਣੀ ’ਚ ਦੱਸਿਆ ਗਿਆ ਹੈ ਕਿ ਕਿਵੇਂ ਰੁੱਤਾਂ ਦੀ ਸ਼ਿਕਾਇਤ ਤੇ ਰੱਬ ਚਿੜੀ ਬਣ ਕੇ ਧਰਤੀ ’ਤੇ ਇਸ ਸ਼ਿਕਾਇਤ ਬਾਰੇ ਜਾਂਚ ਪੜਤਾਲ ਕਰਨ ਆਉਂਦਾ ਹੈ। ਕੋਸ਼ਿਸ਼ ਕੀਤੀ ਹੈ ਮੌਜੂਦਾ ਹਾਲਾਤ ਨੂੰ ਮੁੱਖ ਰੱਖ ਕੇ, ਦੂਜਾ ਭਾਗ ਲਿਖਣ ਦੀ। ਹੋਇਆ ਇੰਝ ਕਿ ਚਿੜੀ ਬਣਿਆ ਰੱਬ ਹੁਣ ਸ਼ਹਿਰ ਦੀਆਂ ਉੱਚੀਆਂ ਇਮਾਰਤਾਂ ਦੇ ਵਿਚਕਾਰ ਇਕ ਮੋਬਾਈਲ ਟਾਵਰ ’ਤੇ ਬੈਠਾ ਸੀ। ਸਭ ਤੋਂ ਪਹਿਲਾਂ ਉਸ ਨੂੰ ਟਾਵਰ ’ਚੋਂ ਨਿਕਲ ਰਹੀਆਂ ਬਿਜਲਈ ਤਰੰਗਾਂ ਨਾਲ ਘਬਰਾਹਟ ਜਿਹੀ ਹੋਈ, ਉਸ ਨੇ ਡੂੰਘਾ ਸਾਹ ਲਿਆ ਪਰ ਤੁਰੰਤ ਹੀ ਖੰਘਣ ਲੱਗ ਪਿਆ। ਹਵਾ ਪ੍ਰਦੁਸ਼ਣ ਨਾਲ਼ ਉਸ ਨੂੰ ਸਾਹ ਲੈਣ ’ਚ ਤਕਲੀਫ਼ ਮਹਿਸੂਸ ਹੋਈ। ਉਹ ਹੁਣ ਅੱਗੇ ਵਧਿਆ। ਜਿੱਥੇ ਕਦੇ ਦਰਿਆ ਦਾ ਨਿਰਮਲ ਪਾਣੀ ਵਗਦਾ ਸੀ, ਉੱਥੇ ਹੁਣ ਗੰਦਾ ਪਾਣੀ ਅਤੇ ਪਲਾਸਟਿਕ ਦੇ ਢੇਰ ਸਨ। ਪੰਛੀਆਂ ਦੀ ਚਹਿਕ ਨਹੀਂ ਸੀ, ਸਿਰਫ਼ ਗੱਡੀਆਂ ਦਾ ਸ਼ੋਰ ਸੀ। ਰੁੱਖ ਘੱਟ ਸਨ, ਪਰ ਉੱਚੀਆਂ ਇਮਾਰਤਾਂ ਬਹੁਤ ਸਨ। ਰੱਬ ਨੇ ਸੜਕ ਦੇ ਕਿਨਾਰੇ ਕਿਤਾਬਾਂ ਦੇ ਵੱਡੇ ਬੈਗ ਨੂੰ ਆਪਣੇ ਮੋਢਿਆਂ ਉੱਤੇ ਚੁੱਕੀ ਆਉਂਦੇ ਦੇਖਿਆ ਕਿ ਇਕ ਬਜ਼ੁਰਗ ਨੇ ਬੱਚੇ ਨੂੰ ਪੁੱਛਿਆ ਕਿ ‘ਪੁੱਤਰ, ਕੀ ਤੂੰ ਕਦੇ ਸਾਫ਼ ਦਰਿਆ ਵਗਦਾ ਵੇਖਿਆ?’ ਬੱਚਾ ਹੱਸਿਆ, ‘ਸਾਫ਼ ਦਰਿਆ?’ ਉਹ ਕੀ ਹੁੰਦਾ ਹੈ? ਮੈਂ ਤਾਂ ਸਿਰਫ਼ ਮੋਬਾਈਲ ’ਚ ਹੀ ਵੇਖਿਆ ਹੈ।’ ਰੱਬ ਦੀਆਂ ਅੱਖਾਂ ਭਰ ਗਈਆਂ। ਉਸ ਨੇ ਇਕ ਪਿੰਡ ਵੱਲ ਨੂੰ ਉਡਾਰੀ ਭਰੀ। ਉੱਥੇ ਵੀ ਹਾਲ ਕੁਝ ਵੱਖਰਾ ਨਹੀਂ ਸੀ। ਖੇਤਾਂ ’ਚ ਰਸਾਇਣ ਭਰੇ ਹੋਏ ਸਨ, ਮਿੱਟੀ ਦੀ ਖੁਸ਼ਬੂ ਗਾਇਬ ਸੀ, ਲੋਕ ਸਾਹ ਤੇ ਕੈਂਸਰ ਵਰਗੀਆਂ ਨਾਮੁਰਾਦ ਬਿਮਾਰੀਆਂ ਨਾਲ ਜੂਝ ਰਹੇ ਸਨ ਪਰ ਫਿਰ ਵੀ ਤਰੱਕੀ ਦੇ ਗੀਤ ਗਾ ਰਹੇ ਸਨ। ਰੱਬ ਨੇ ਇਕ ਬੁਜ਼ੁਰਗ ਨੂੰ ਪੁੱਛਿਆ, ‘ਇਹ ਕੀ ਹੋ ਗਿਆ ਤੁਹਾਡੀ ਧਰਤੀ ਨੂੰ?’ ਬੁਜ਼ੁਰਗ ਨੇ ਹੌਲੀ ਆਵਾਜ਼ ’ਚ ਕਿਹਾ, ‘ਅਸੀਂ ਸਭ ਕੁਝ ਖੁਦ ਹੀ ਖ਼ਤਮ ਕਰ ਦਿੱਤਾ। ਰੁੱਖ ਵੱਢੇ, ਪਾਣੀ ਗੰਧਲਾ ਕੀਤਾ, ਹਵਾ ਨੂੰ ਜ਼ਹਿਰੀਲਾ ਬਣਾ ਦਿੱਤਾ ਤੇ ਹੁਣ ਸਜ਼ਾ ਵੀ ਆਪ ਹੀ ਭੁਗਤ ਰਹੇ ਹਾਂ।’ ਰੱਬ ਚੁੱਪ ਹੋ ਗਿਆ। ਉਸ ਨੇ ਆਕਾਸ਼ ਵੱਲ ਵੇਖਿਆ, ਉਹ ਵੀ ਧੂੰਏ ਨਾਲ ਢੱਕਿਆ ਹੋਇਆ ਸੀ। ਬੱਚੇ, ਜਵਾਨ ਤੇ ਕੀ ਸਿਆਣੇ ਸਭ ਦੀਆਂ ਫੋ਼ਨ ’ਚ ਝੁਕੀਆਂ ਧੋਣਾ ਵੇਖ ਉਹ ਚਿੰਤਤ ਦਿਸਿਆ। ਜਿੱਥੇ ਕਦੇ ਬਸੰਤ ਦੇ ਮੌਸਮ ’ਚ ਫੁੱਲ ਖਿੜਦੇ ਸਨ, ਉੱਥੇ ਹੁਣ ਕੰਕਰੀਟ ਦੇ ਜੰਗਲ ਖੜੇ ਸਨ। ਬਹਾਰ, ਗਰਮੀ, ਪਤਝੜ ਅਤੇ ਸਰਦੀ ਦੀਆਂ ਰੁੱਤਾਂ ਹਰੇਕ ਆਪਣੇ ਕੰਮ ’ਚ ਲੱਗੀਆ ਹੋਈਆਂ ਸਨ ਪਰ ਮਨੁੱਖ ਦੀ ਕੁਦਰਤ ਨਾਲ ਛੇੜ-ਛਾੜ ਤੇ ਦਖਲਅੰਦਾਜ਼ੀ ਨੇ ਬਹੁਤ ਕੁਝ ਵਿਗਾੜ ਦਿੱਤਾ ਹੈ।
ਰੱਬ ਨੂੰ ਇਹ ਵੇਖ ਕੇ ਹੈਰਾਨੀ ਹੋਈ ਕਿ ਜਿਹੜਾ ਮਨੁੱਖ ਕਦੇ ਰੁੱਖਾਂ ਦੀ ਛਾਂ ਹੇਠ ਬੈਠ ਕੇ ਸਕੂਨ ਲੱਭਦਾ ਸੀ, ਉਹੀ ਅੱਜ ਰੁੱਖਾਂ ਨੂੰ ਵੱਢ ਕੇ ਘਰ ’ਚ ‘ਮਸਨੂਈ ਗ੍ਰੀਨ ਪਾਰਕ’ ਬਣਾਉਂਦਾ ਹੈ। ਧਰਤੀ ਦੇ ਫੇਫੜੇ ਭਾਵ ਜੰਗਲਾਂ ਨੂੰ ਸ਼ਹਿਰੀਕਰਨ ਨਿਗਲ ਰਿਹਾ ਹੈ। ਪਤਝੜ ਨੇ ਪੱਤਿਆਂ ਨੂੰ ਸੋਨੇ-ਚਾਂਦੀ ਵਰਗਾ ਰੰਗ ਦਿੱਤਾ ਪਰ ਲੋਕ ਰੁੱਤਾਂ ਦੇ ਸੁੰਦਰਤਾ ਨੂੰ ਤਸਵੀਰਾਂ ਰਾਹੀ ਸਨੈਪਚੈਟ ’ਚ ਪੋਸਟ ਕਰਨ ਤੱਕ ਹੀ ਸੀਮਤ ਦਿਸੇ। ਬਹਾਰ ਆਈ ਪਰ ਘਰਾਂ ਦੇ ਪੱਥਰ ਦੇ ਨਾਲ਼ ਬਣੇ ਵਿਹੜਿਆਂ ’ਚ ਫੁੱਲ ਬੂਟਿਆਂ ਲਈ ਕੋਈ ਥਾਂ ਨਾ ਹੋਣ ਕਰਕੇ ਰੱਬ ਨੂੰ ਬਹੁਤ ਨਿਰਾਸ਼ਾ ਹੋਈ, ਬਹਾਰ ਨੇ ਸ਼ਹਿਰ ਦੇ ਪਾਰਕਾਂ ’ਚ ਫੁੱਲ ਖਿੜਾਏ ਪਰ ਬੱਚੇ ਉਸੇ ਪਾਰਕ ’ਚ ਕੁਦਰਤ ਦੇ ਰੰਗ ਮਾਣਨ ਦੀ ਬਜਾਏ ਫੋਨ ’ਚ ਰੀਲਾਂ ਬਣਾਉਣ ’ਚ ਹੀ ਰੁੱਝੇ ਹੋਏ ਸਨ। ਗਰਮੀ ਤੋਂ ਬਚਣ ਲਈ ਕਿਸੇ ਸੰਘਣੇ ਦਰਖ਼ਤ ਦੀ ਛਾਂ ਹੇਠਾਂ ਬੈਠਣ ਦੀ ਥਾਂ, ਲੋਕ ਬੰਦ ਕਮਰਿਆਂ ’ਚ ਏਅਰਕੰਡੀਸ਼ਨ ਲਗਾ ਕੇ ਆਲਮੀ ਤਪਸ਼ ਨੂੰ ਹੋਰ ਵਧਾ ਰਹੇ ਸਨ। ਰੱਬ ਨੇ ਸੋਚਿਆ, ‘ਮੈਂ ਸ੍ਰਿਸ਼ਟੀ ਦੀ ਰਚਨਾ ਕੀਤੀ ਪਰ ਇਹ ਮਨੁੱਖ ਆਪਣੀ ਅਖੌਤੀ ਤਰੱਕੀ ਦੇ ਸੁਪਨੇ ’ਚ ਹੀ ਗਵਾਚ ਗਿਆ ਹੈ, ਦਰ-ਹਕੀਕਤ ਇਹ ਕਿਵੇਂ ਰੁੱਤਾਂ ਦੇ ਰੰਗ ਤੇ ਖ਼ੂਬਸੂਰਤੀ ਨੂੰ ਮਾਣੇਗਾ?’ ਸਰਦੀਆਂ ’ਚ ਇੱਕਠੇ ਹੋ ਕੇ ਚੁੱਲ੍ਹੇ ਅੱਗੇ ਬੈਠ ਕੇ ਦੁੱਖ-ਸੁੱਖ ਸਾਂਝਾ ਕਰਨ ਦੀ ਥਾਂ ਹੁਣ ਪਰਿਵਾਰ ਦਾ ਹਰ ਮੈਂਬਰ ਅਲੱਗ-ਅਲੱਗ ਕਮਰਿਆਂ ’ਚ ਹੀਟਰ ਲਗਾ ਕੇ ਨਿੱਜਤਾ ਨੂੰ ਮਾਣ ਰਿਹਾ ਹੈ। ਚਿੜੀ ਬਣਿਆ ਰੱਬ ਸ਼ਹਿਰ ’ਚ ਉੱਡਦਾ ਹੋਇਆ ਵੇਖ ਰਿਹਾ ਸੀ ਕਿ ਲੋਕ ਕਿਵੇਂ ਤਕਨੀਕੀ ਗਿਆਨ ਦੇ ਪਿੱਛੇ ਆਪਣਾ ਧਿਆਨ ਗੁਆ ਰਹੇ ਹਨ। ਹਵਾ ’ਚ ਪੰਛੀ ਨਹੀਂ ਉੱਡ ਰਹੇ, ਟਾਵਾਂ-ਟਾਵਾਂ ਦਰਖ਼ਤ ਪ੍ਰਦੁਸ਼ਣ ਨਾਲ਼ ਭਰਿਆ ਹੋਇਆ ਜਿਵੇਂ ਆਖਰੀ ਸਾਹ ਲੈ ਰਿਹਾ ਪ੍ਰਤੀਤ ਹੋ ਰਿਹਾ ਸੀ। ਸਮਾਜਿਕ ਜੀਵਨ ਵੀ ਇਸ ਤਰੱਕੀ ਦੇ ਨਾਂ ’ਤੇ ਬਦਲ ਗਿਆ ਹੈ। ਪਹਿਲਾਂ ਗਵਾਂਢੀ ਇਕ-ਦੂਜੇ ਨਾਲ ਮਿਲ ਕੇ ਰਹਿੰਦੇ ਸਨ, ਹੁਣ ‘ਵਾਈ-ਫਾਈ’ ਨਾਲ ਜੁੜੇ ਹੋਏ ਹਨ। ਰਿਸ਼ਤੇ ਵੀ ਹੁਣ ‘ਲਾਈਕ’-‘ਡਿਸਲਾਈਕ’ ਦੇ ਅਧਾਰ ’ਤੇ ਬਣਦੇ ਹਨ। ਮਨੁੱਖ ਹਜ਼ਾਰਾਂ ਫੋਲੋਅਰਜ਼ ਦੇ ਨਾਲ ਵੀ ਅੰਦਰੋਂ ਪੂਰੀ ਤਰ੍ਹਾਂ ਨਾਲ ਇਕੱਲਾ ਹੈ। ਰੱਬ ਨੂੰ ਵੇਖਿਆ ਕਿ ਜਿਸ ਕਿਸੇ ਨੂੰ ਵੀ ਜਦੋਂ ਕਿਤੇ ਦੋ ਮਿੰਟ ਦਾ ਵਿਹਲਾ ਸਮਾਂ ਮਿਲਦਾ ਹੈ ਤਾਂ ਉਹ ਤੁਰੰਤ ਫ਼ੋਨ ਕੱਢ ਲੈਂਦਾ। ਕੁਦਰਤ ਦੀ ਗੋਦ ’ਚ ਚੁੱਪਚਾਪ ਬੈਠਣ, ਆਲੇ-ਦੁਆਲੇ ਨੂੰ ਦੇਖਣ ਅਤੇ ਸ਼ਾਂਤੀ ਨਾਲ ਸੋਚਣ ਦਾ ਵੇਲਾ ਉਸ ਕੋਲ ਨਹੀਂ ਰਿਹਾ। ਰਾਹੀ ਹੁਣ ਆਪਣੀ ਮੰਜਿਲ ਦਾ ਰਸਤਾ ਕਿਸੇ ਇਨਸਾਨ ਕੋਲੋਂ ਨਹੀਂ ਪੁੱਛਦਾ ਸਗੋਂ ਹਰ ਰਾਹ ਲਈ ਗੂਗਲ ਮੈਂਪਸ ਦੀ ਵਰਤੋਂ ਕਰ ਰਿਹਾ ਸੀ, ਆਲੇ-ਦੁਆਲੇ ਦੇ ਨਿਸ਼ਾਨਾਂ ਤੇ ਦਿਸ਼ਾਵਾਂ ਨੂੰ ਆਪਣੇ-ਆਪ ਯਾਦ ਰੱਖਣਾ ਹੁਣ ਬੀਤੇ ਦੀਆਂ ਗੱਲਾਂ ਜਾਪ ਰਹੀਆਂ ਸਨ। ਇਹ ਸਭ ਵੇਖ ਕੇ ਚਿੜੀ ਬਣਿਆ ਰੱਬ ਨਿਰਾਸ਼ ਹੋ ਕੇ ਮੁੜਣ ਹੀ ਲੱਗਾ ਸੀ ਪਰ ਓਸੇ ਵੇਲੇ ਉਸ ਨੇ ਇਕ ਛੋਟੀ ਜਿਹੀ ਕੁੜੀ ਨੂੰ ਆਪਣੇ ਦਾਦੇ ਨਾਲ਼ ਇਸ ਅਖੌਤੀ ਡਿਜੀਟਲ ਸੰਸਾਰ ਦੀ ਚਮਕ-ਦਮਕ ਤੋਂ ਦੂਰ ਆਪਣੇ ਘਰ ਦੇ ਵਿਹੜੇ ਇਕ ਨਿੱਕਾ ਜਿਹਾ ਰੁੱਖ ਲਗਾਉਂਦੇ ਵੇਖਿਆ।
ਰੱਬ ਨੇ ਪੁੱਛਿਆ, ‘ਤੂੰ ਇਹ ਕਿਉਂ ਕਰ ਰਹੀ ਹੈ?’ ਕੁੜੀ ਮੁਸਕਰਾਈ, ‘ਮੈਂ ਆਪਣੇ ਬਾਬਾ ਜੀ ਨਾਲ ਮਿਲ ਕੇ ਇਸ ਧਰਤੀ ਨੂੰ ਬਚਾਉਣਾ ਚਾਹੁੰਦੀ ਹਾਂ। ਬਜੁਰਗ ਬੋਲਿਆ, ‘ਕੁਦਰਤ ਰੱਬ ਦੀ ਕਿਤਾਬ ਏ, ਹਰ ਪੰਨਾ ਸਬਕ ਸਿਖਾਉਂਦਾ, ਜਿਹੜਾ ਇਸ ਨੂੰ ਪਿਆਰ ਨਾਲ ਪੜ੍ਹ ਲੈਂਦਾ, ਉਹੀ ਜੀਵਨ ਨੂੰ ਸਮਝ ਪਾਉਂਦਾ। ਰੱਬ ਦੇ ਚਿਹਰੇ ’ਤੇ ਹੌਲੀ ਜਿਹੀ ਮੁਸਕਰਾਹਟ ਆ ਗਈ। ਉਸ ਨੇ ਸੋਚਿਆ, ‘ਹਾਲੇ ਵੀ ਆਸ ਬਾਕੀ ਹੈ।’ ਉਸ ਨੇ ਅਸਮਾਨ ਵੱਲ ਦੇਖ ਕੇ ਕਿਹਾ, ‘ਜਦ ਤੱਕ ਇਹੋ-ਜਿਹੇ ਬਜੁਰਗ ਅਤੇ ਬੱਚੇ ਹਨ, ਧਰਤੀ ਨੂੰ ਬਚਾਇਆ ਜਾ ਸਕਦਾ ਹੈ।’ ਫਿਰ ਉਹ ਚੁੱਪਚਾਪ ਵਾਪਸ ਚਲਾ ਗਿਆ, ਇੱਕ ਉਮੀਦ ਦੇ ਨਾਲ ਕਿ ਮਨੁੱਖ ਆਪਣੀ ਗ਼ਲਤੀ ਸਮਝ ਲਏਗਾ ਕਿ ਦਰਿਆਵਾਂ ਦੀ ਰਵਾਨੀ, ਪਹਾੜਾਂ ਦੀ ਮਜ਼ਬੂਤੀ ਅਤੇ ਜੰਗਲਾਂ ਦੀ ਹਰਿਆਵਲੀ ਸਾਨੂੰ ਜੀਵਨ ਦੀ ਅਸਲ ਸੁੰਦਰਤਾ ਦਾ ਅਹਿਸਾਸ ਕਰਾਉਂਦੇ ਹਨ। ਕੁਦਰਤ ਸਾਨੂੰ ਸਿਖਾਉਂਦੀ ਹੈ ਕਿ ਜੀਵਨ ’ਚ ਸੰਤੁਲਨ ਕਿੰਨਾ ਜ਼ਰੂਰੀ ਹੈ।
(ਸੰਪਰਕ : 94655-76022)