- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਿਤਾਬਾਂ ਨਾਲ ਜੁੜਿਆ ਇਹ ਰਿਸ਼ਤਾ ਸਿਰਫ਼ ਨਿੱਜੀ ਮਾਣ ਤੱਕ ਸੀਮਤ ਨਹੀਂ ਸੀ। ਇਸ ਦਾ ਇਕ ਸਮਾਜਿਕ ਅਤੇ ਪ੍ਰੇਰਨਾਦਾਇਕ ਪੱਖ ਵੀ ਸੀ। ਜਦੋਂ ਕੋਈ ਵਿਦਿਆਰਥੀ ਆਪਣੇ ਹੱਥ ’ਚ ਕਿਸੇ ਵਿਸ਼ੇ ਦੀ ਕਿਤਾਬ ਲੈ ਕੇ ਜਾਂਦਾ ਦਿਖਾਈ ਦਿੰਦਾ ਸੀ ਤਾਂ ਦੂਜੇ ਵਿਦਿਆਰਥੀਆਂ ਦੇ ਮਨ ’ਚ ਵੀ ਉਸ ਵਿਸ਼ੇ ਬਾਰੇ ਜਾਣਨ ਦੀ ਇੱਛਾ ਪੈਦਾ ਹੋ ਸਕਦੀ ਸੀ। ਕੋਈ ਉਸ ਕੋਲ ਜਾ ਕੇ ਕਿਤਾਬ ਬਾਰੇ ਪੁੱਛ ਲੈਂਦਾ, ਕੋਈ ਉਸ ਦੇ ਪੰਨੇ ਪਲਟ ਕੇ ਦੇਖ ਲੈਂਦਾ ਅਤੇ ਕੋਈ ਉਸ ਤੋਂ ਕਿਤਾਬ ਪੜ੍ਹਨ ਲਈ ਲੈ ਲੈਂਦਾ ਸੀ।

ਛਿੰਦਰਪਾਲ ਕੌਰ ਸਿਵੀਆ
ਕਈ ਵਾਰ ਜ਼ਿੰਦਗੀ ਦੀਆਂ ਕੁਝ ਸਧਾਰਨ ਜਿਹੀਆਂ ਯਾਦਾਂ ਮਨ ਦੇ ਕਿਸੇ ਕੋਨੇ ’ਚੋਂ ਉੱਭਰ ਕੇ ਬੀਤੇ ਸਮੇਂ ਦੀ ਪੂਰੀ ਤਸਵੀਰ ਸਾਹਮਣੇ ਲਿਆ ਖੜ੍ਹੀਆਂ ਕਰਦੀਆਂ ਹਨ। ਇਹ ਯਾਦਾਂ ਕਿਸੇ ਵੱਡੀ ਘਟਨਾ ਨਾਲ ਸਬੰਧਤ ਨਹੀਂ ਹੁੰਦੀਆਂ, ਪਰ ਇਨ੍ਹਾਂ ’ਚ ਇਕ ਪੂਰਾ ਦੌਰ ਸਮਾਇਆ ਹੁੰਦਾ ਹੈ। ਅਜਿਹੀ ਹੀ ਇਕ ਯਾਦ ਅੱਜ ਮੇਰੇ ਮਨ ’ਚ ਤਾਜ਼ਾ ਹੋ ਗਈ ਹੈ, ਜਦੋਂ ਮੈਂ ਆਪਣੇ ਕਾਲਜ ਦੇ ਦਿਨਾਂ ਬਾਰੇ ਸੋਚ ਰਹੀ ਸੀ। ਉਹ ਸਮਾਂ, ਜਦੋਂ ਵਿਦਿਆਰਥੀ ਕਿਤਾਬਾਂ ਨੂੰ ਬੈਗਾਂ ’ਚ ਲੁਕਾ ਕੇ ਨਹੀਂ, ਸਗੋਂ ਬਾਂਹਾਂ ’ਚ ਸਾਂਭ ਕੇ ਕਾਲਜ ਜਾਂਦੇ ਸਨ। ਉਸ ਦੌਰ ਦੀ ਇਕ ਤਸਵੀਰ ਅੱਜ ਵੀ ਮੇਰੀਆਂ ਅੱਖਾਂ ਸਾਹਮਣੇ ਬਿਲਕੁਲ ਸਪੱਸ਼ਟ ਹੈ। ਕਾਲਜ ਜਾਂਦੀਆਂ ਵਿਦਿਆਰਥਣਾਂ ਦੀਆਂ ਬਾਂਹਾਂ ’ਚ ਚਾਰ-ਪੰਜ ਅਤੇ ਕਈ ਵਾਰ ਛੇ-ਸੱਤ ਕਿਤਾਬਾਂ ਹੁੰਦੀਆਂ ਸਨ। ਕਿਸੇ ਕੋਲ ਪੰਜਾਬੀ ਤੇ ਅੰਗਰੇਜ਼ੀ ਦੀਆਂ ਕਿਤਾਬਾਂ ਹੁੰਦੀਆਂ, ਕਿਸੇ ਕੋਲ ਇਤਿਹਾਸ ਜਾਂ ਰਾਜਨੀਤੀ ਸ਼ਾਸਤਰ ਦੀਆਂ, ਜਦਕਿ ਵਿਗਿਆਨ ਦੇ ਵਿਦਿਆਰਥੀਆਂ ਕੋਲ ਬਾਇਓਲੋਜੀ, ਕੈਮਿਸਟਰੀ ਤੇ ਫਿਜ਼ਿਕਸ ਦੀਆਂ ਮੋਟੀਆਂ ਕਿਤਾਬਾਂ ਹੁੰਦੀਆਂ ਸਨ। ਕਿਤਾਬਾਂ ਨੂੰ ਬਾਂਹ ਉੱਤੇ ਰੱਖ ਕੇ ਤੁਰਨ ’ਚ ਇਕ ਵੱਖਰਾ ਹੀ ਮਾਣ ਅਤੇ ਆਪਣਾਪਣ ਮਹਿਸੂਸ ਹੁੰਦਾ ਸੀ।
ਮੈਂ ਖ਼ੁਦ ਮੈਡੀਕਲ ਦੀ ਵਿਦਿਆਰਥਣ ਸੀ। ਮੇਰੇ ਹੱਥਾਂ ’ਚ ਵੀ ਬਾਇਓਲੋਜੀ, ਕੈਮਿਸਟਰੀ ਤੇ ਫਿਜ਼ਿਕਸ ਦੀਆਂ ਕਿਤਾਬਾਂ ਹੁੰਦੀਆਂ ਸਨ। ਇਨ੍ਹਾਂ ਦੇ ਨਾਲ ਪ੍ਰੈਕਟੀਕਲ ਦੀਆਂ ਨੋਟ-ਬੁੱਕਸ ਵੀ ਹੁੰਦੀਆਂ ਸਨ। ਉਹ ਕਿਤਾਬਾਂ ਮੇਰੇ ਲਈ ਸਿਰਫ਼ ਸਿਲੇਬਸ ਦਾ ਹਿੱਸਾ ਨਹੀਂ ਸਨ, ਸਗੋਂ ਮੇਰੀ ਵਿਦਿਆਰਥੀ ਪਛਾਣ ਦਾ ਅਹਿਮ ਹਿੱਸਾ ਸਨ। ਉਨ੍ਹਾਂ ਨੂੰ ਆਪਣੇ ਨਾਲ ਲੈ ਕੇ ਤੁਰਦਿਆਂ ਮਨ ’ਚ ਅਜਿਹਾ ਅਹਿਸਾਸ ਹੁੰਦਾ ਸੀ, ਜਿਵੇਂ ਮੇਰੀ ਪੜ੍ਹਾਈ, ਮੇਰੀ ਮਿਹਨਤ ਅਤੇ ਮੇਰੇ ਸੁਪਨੇ ਮੇਰੇ ਨਾਲ-ਨਾਲ ਤੁਰ ਰਹੇ ਹੋਣ।
ਉਸ ਸਮੇਂ ਕਿਤਾਬਾਂ ਨੂੰ ਦਿਖਾਉਣ ’ਚ ਕੋਈ ਝਿਜਕ ਨਹੀਂ ਸੀ। ਸਗੋਂ ਕਿਸੇ ਵਿਦਿਆਰਥੀ ਦੇ ਹੱਥ ਵਿੱਚ ਫੜੀ ਕਿਤਾਬ ਹੀ ਉਸ ਦੀ ਪੜ੍ਹਾਈ ਅਤੇ ਦਿਲਚਸਪੀ ਬਾਰੇ ਬਹੁਤ ਕੁਝ ਦੱਸ ਦਿੰਦੀ ਸੀ। ਇਹ ਇਕ ਤਰ੍ਹਾਂ ਦੀ ਦਿਖਾਈ ਦੇਣ ਵਾਲੀ ਸਿੱਖਿਆ-ਸੱਭਿਆਚਾਰ ਦੀ ਤਸਵੀਰ ਸੀ।
ਕਿਤਾਬਾਂ ਨਾਲ ਜੁੜਿਆ ਇਹ ਰਿਸ਼ਤਾ ਸਿਰਫ਼ ਨਿੱਜੀ ਮਾਣ ਤੱਕ ਸੀਮਤ ਨਹੀਂ ਸੀ। ਇਸ ਦਾ ਇਕ ਸਮਾਜਿਕ ਅਤੇ ਪ੍ਰੇਰਨਾਦਾਇਕ ਪੱਖ ਵੀ ਸੀ। ਜਦੋਂ ਕੋਈ ਵਿਦਿਆਰਥੀ ਆਪਣੇ ਹੱਥ ’ਚ ਕਿਸੇ ਵਿਸ਼ੇ ਦੀ ਕਿਤਾਬ ਲੈ ਕੇ ਜਾਂਦਾ ਦਿਖਾਈ ਦਿੰਦਾ ਸੀ ਤਾਂ ਦੂਜੇ ਵਿਦਿਆਰਥੀਆਂ ਦੇ ਮਨ ’ਚ ਵੀ ਉਸ ਵਿਸ਼ੇ ਬਾਰੇ ਜਾਣਨ ਦੀ ਇੱਛਾ ਪੈਦਾ ਹੋ ਸਕਦੀ ਸੀ। ਕੋਈ ਉਸ ਕੋਲ ਜਾ ਕੇ ਕਿਤਾਬ ਬਾਰੇ ਪੁੱਛ ਲੈਂਦਾ, ਕੋਈ ਉਸ ਦੇ ਪੰਨੇ ਪਲਟ ਕੇ ਦੇਖ ਲੈਂਦਾ ਅਤੇ ਕੋਈ ਉਸ ਤੋਂ ਕਿਤਾਬ ਪੜ੍ਹਨ ਲਈ ਲੈ ਲੈਂਦਾ ਸੀ।
ਇਸ ਤਰ੍ਹਾਂ ਇਕ ਕਿਤਾਬ ਦੂਜੇ ਵਿਦਿਆਰਥੀ ਲਈ ਪ੍ਰੇਰਣਾ ਦਾ ਸਰੋਤ ਬਣ ਜਾਂਦੀ ਸੀ। ਪੜ੍ਹਾਈ ਸਿਰਫ਼ ਕਲਾਸਰੂਮ ਦੀਆਂ ਚਾਰ ਦੀਵਾਰਾਂ ਤੱਕ ਸੀਮਤ ਨਹੀਂ ਰਹਿੰਦੀ ਸੀ, ਸਗੋਂ ਕਾਲਜ ਦੇ ਗਲਿਆਰਿਆਂ, ਲਾਇਬ੍ਰੇਰੀ ਅਤੇ ਆਉਣ-ਜਾਣ ਦੇ ਰਸਤਿਆਂ ਵਿੱਚ ਵੀ ਇਸ ਦੀ ਮੌਜੂਦਗੀ ਮਹਿਸੂਸ ਹੁੰਦੀ ਸੀ।
ਸਮੇਂ ਦੇ ਨਾਲ ਪੜ੍ਹਾਈ ਦੇ ਢੰਗ ਅਤੇ ਵਿਦਿਆਰਥੀਆਂ ਦੀ ਜੀਵਨ-ਸ਼ੈਲੀ ’ਚ ਵੀ ਤਬਦੀਲੀ ਆਈ। ਸਾਡੇ ਬੱਚਿਆਂ ਦੇ ਸਕੂਲੀ ਜੀਵਨ ਦੌਰਾਨ ਕਿਤਾਬਾਂ ਅਤੇ ਕਾਪੀਆਂ ਉੱਤੇ ਕਵਰ ਚੜ੍ਹਾਉਣ ਦੀ ਪ੍ਰਥਾ ਹੋਰ ਆਮ ਹੋ ਗਈ। ਮਾਪੇ ਬੜੇ ਸਲੀਕੇ ਨਾਲ ਬੱਚਿਆਂ ਦੀਆਂ ਕਿਤਾਬਾਂ ਨੂੰ ਕਵਰ ਕਰਦੇ, ਉਨ੍ਹਾਂ ਉੱਤੇ ਨਾਮ ਅਤੇ ਜਮਾਤ ਲਿਖਦੇ ਅਤੇ ਬੈਗ ’ਚ ਸਜਾ ਕੇ ਰੱਖ ਦਿੰਦੇ ਸਨ। ਇਸ ਪਿੱਛੇ ਨਿਸ਼ਚਿਤ ਤੌਰ 'ਤੇ ਕਿਤਾਬਾਂ ਦੀ ਸਾਂਭ-ਸੰਭਾਲ ਅਤੇ ਸਫ਼ਾਈ ਦਾ ਚੰਗਾ ਉਦੇਸ਼ ਸੀ ਪਰ ਇਸ ਬਦਲਾਅ ਦੇ ਨਾਲ ਇੱਕ ਵਿਚਾਰ ਕਰਨ ਵਾਲਾ ਪੱਖ ਵੀ ਜੁੜਿਆ ਹੋਇਆ ਹੈ। ਕਈ ਵਾਰ ਬੱਚਿਆਂ ਦੀਆਂ ਕਿਤਾਬਾਂ ਦੀ ਚੋਣ, ਉਨ੍ਹਾਂ ਦੀ ਸੰਭਾਲ ਅਤੇ ਬੈਗ ਵਿੱਚ ਰੱਖਣ ਦੀ ਪੂਰੀ ਜ਼ਿੰਮੇਵਾਰੀ ਮਾਪੇ ਹੀ ਨਿਭਾਉਂਦੇ ਹਨ। ਇਸ ਪ੍ਰਕਿਰਿਆ ਵਿੱਚ ਬੱਚੇ ਦਾ ਆਪਣੀਆਂ ਕਿਤਾਬਾਂ ਨਾਲ ਨਿੱਜੀ ਸਬੰਧ ਬਣਾਉਣ ਦਾ ਮੌਕਾ ਕਿਤੇ ਘੱਟ ਨਾ ਰਹਿ ਜਾਵੇ, ਇਸ ਬਾਰੇ ਸੋਚਣ ਦੀ ਲੋੜ ਹੈ। ਇੱਥੇ ਇੱਕ ਅਹਿਮ ਸਵਾਲ ਪੈਦਾ ਹੁੰਦਾ ਹੈ ਕਿ ਕੀ ਅਸੀਂ ਬੱਚਿਆਂ ਨੂੰ ਕਿਤਾਬਾਂ ਨਾਲ ਪਿਆਰ ਕਰਨਾ ਸਿਖਾ ਰਹੇ ਹਾਂ ਜਾਂ ਸਿਰਫ਼ ਉਨ੍ਹਾਂ ਵਿੱਚੋਂ ਪ੍ਰਸ਼ਨਾਂ ਦੇ ਉੱਤਰ ਯਾਦ ਕਰਵਾਉਣ ਤੱਕ ਹੀ ਆਪਣੀ ਸਿੱਖਿਆ ਨੂੰ ਸੀਮਤ ਕਰ ਰਹੇ ਹਾਂ?
ਅੱਜ ਦਾ ਯੁੱਗ ਤਕਨੀਕੀ ਵਿਕਾਸ ਦਾ ਯੁੱਗ ਹੈ। ਮੋਬਾਈਲ ਫੋਨ, ਟੈਬਲੈਟ, ਕੰਪਿਊਟਰ, ਈ-ਬੁੱਕ ਅਤੇ ਇੰਟਰਨੈੱਟ ਨੇ ਗਿਆਨ ਪ੍ਰਾਪਤ ਕਰਨ ਦੇ ਅਨੇਕਾਂ ਰਸਤੇ ਖੋਲ੍ਹ ਦਿੱਤੇ ਹਨ। ਹੁਣ ਇੱਕ ਛੋਟੀ ਜਿਹੀ ਸਕਰੀਨ ’ਚ ਹਜ਼ਾਰਾਂ ਕਿਤਾਬਾਂ, ਵਿਸ਼ਵ ਪੱਧਰੀ ਲਾਇਬ੍ਰੇਰੀਆਂ ਅਤੇ ਵੱਖ-ਵੱਖ ਵਿਸ਼ਿਆਂ ਦੀ ਜਾਣਕਾਰੀ ਉਪਲਬਧ ਹੈ।
ਬੱਚਿਆਂ ’ਚ ਪੜ੍ਹਨ ਦੀ ਆਦਤ ਪੈਦਾ ਕਰਨ ਲਈ ਸਿਰਫ਼ ਉਪਦੇਸ਼ ਦੇਣਾ ਕਾਫ਼ੀ ਨਹੀਂ ਹੁੰਦਾ। ਇਸ ਲਈ ਘਰ ਅਤੇ ਸਕੂਲ ਦਾ ਮਾਹੌਲ ਵੀ ਪੜ੍ਹਨ ਦੇ ਅਨੁਕੂਲ ਹੋਣਾ ਚਾਹੀਦਾ ਹੈ। ਬੱਚਿਆਂ ਨੂੰ ਉਨ੍ਹਾਂ ਦੀ ਰੁਚੀ ਅਨੁਸਾਰ ਕਿਤਾਬਾਂ ਚੁਣਨ ਦਾ ਮੌਕਾ ਦੇਣਾ ਚਾਹੀਦਾ ਹੈ। ਕਹਾਣੀਆਂ, ਕਵਿਤਾਵਾਂ, ਜੀਵਨੀਆਂ, ਵਿਗਿਆਨਕ ਤੱਥਾਂ ਅਤੇ ਕੁਦਰਤ ਨਾਲ ਸਬੰਧਤ ਪੁਸਤਕਾਂ ਉਨ੍ਹਾਂ ਦੀ ਉਮਰ ਅਤੇ ਸਮਝ ਅਨੁਸਾਰ ਉਪਲਬਧ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ। ਇਹ ਸਮਝਣਾ ਜ਼ਰੂਰੀ ਹੈ ਕਿ ਕਿਤਾਬ ਨੂੰ ਬੈਗ ’ਚ ਰੱਖਣਾ ਅਤੇ ਕਿਤਾਬ ਨੂੰ ਆਪਣੇ ਵਿਚਾਰਾਂ ਦਾ ਹਿੱਸਾ ਬਣਾਉਣਾ ਦੋ ਵੱਖਰੀਆਂ ਗੱਲਾਂ ਹਨ। ਸਮਾਂ ਬਦਲ ਗਿਆ ਹੈ। ਕਦੇ ਸਾਡੇ ਹੱਥਾਂ ’ਚ ਕਿਤਾਬਾਂ ਹੁੰਦੀਆਂ ਸਨ, ਅੱਜ ਉਨ੍ਹਾਂ ਦੀ ਥਾਂ ਕਈ ਵਾਰ ਸਕਰੀਨਾਂ ਨੇ ਲੈ ਲਈ ਹੈ। ਸ਼ਾਇਦ ਸਾਨੂੰ ਆਪਣੇ ਬੱਚਿਆਂ ਨੂੰ ਮੁੜ ਇਹ ਅਹਿਸਾਸ ਕਰਵਾਉਣ ਦੀ ਲੋੜ ਹੈ ਕਿ ਕਿਤਾਬ ਕੋਈ ਬੋਝ ਨਹੀਂ, ਸਗੋਂ ਇੱਕ ਅਜਿਹਾ ਸਾਥੀ ਹੈ ਜੋ ਜੀਵਨ ਦੇ ਹਰ ਪੜਾਅ 'ਤੇ ਸਾਡਾ ਮਾਰਗਦਰਸ਼ਨ ਕਰ ਸਕਦਾ ਹੈ। (ਸੰਪਰਕ : 9815124450)