- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਕੀਕਤ ’ਚ ਧਨਾਢ ਵਿਅਕਤੀਆਂ ਦੇ ਧਨ ਨਾਲ ਚੋਣਾਂ ਜਿੱਤਣ ਦੇ ਜੁਗਾੜ ’ਚ ਹੈ। ਹੈਰਾਨਗੀ ਇਸ ਗੱਲ ਦੀ ਵੀ ਹੈ ਕਿ ਕੈਨੇਡਾ ਵਰਗੇ ਦੇਸ਼ ’ਚ ਸ਼ੋਪੀਫਾਈ ਕਾਰਪੋਰੇਸ਼ਨ ਮੁਖੀ ਟੋਬੀ ਲੁੱਟਕੇ ਲੋਕਤੰਤਰ ਅੰਦਰ ਇਕ ਵਿਅਕਤੀ ਇੱਕ ਵੋਟ ਦੀ ਥਾਂ ਧਨਾਢਾ ਦੇ ਬੋਲ-ਬਾਲੇ ਲਈ ਉਨ੍ਹਾਂ ਦੀ ਵੋਟ ਦੇ ਜ਼ਿਆਦਾ ਮੁੱਲ ਦੀ ਮੰਗ ਕਰ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਆਬਰਾਹਮ ਲਿੰਕਨ ਦੇ ਅਨੁਸਾਰ ਲੋਕਤੰਤਰ ਅੰਦਰ ਸਰਕਾਰ ਲੋਕਾਂ ਦੀ, ਲੋਕਾਂ ਦੁਆਰਾ ਅਤੇ ਲੋਕਾਂ ਲਈ ਨਹੀਂ ਰਹਿਣ ਵਾਲੀ।

ਦਰਬਾਰਾ ਸਿੰਘ ਕਾਹਲੋਂ
ਸੁਤੰਤਰਤਾਵਾਦੀ ਚਿੰਤਕ ਜੇਮਸ ਡੇਲ ਡੇਵਿਡਸਨ ਤੇ ਵਿਲੀਅਮ ਰੀਸ ਮੌਗ ਨੇ 1997 ’ਚ ਆਪਣੀ ਕਿਤਾਬ ‘ਪ੍ਰਭੂ ਸੱਤਾ ਸੰਪੰਨ ਵਿਅਕਤੀ’ ’ਚ ਭਵਿੱਖਬਾਣੀ ਕੀਤੀ ਸੀ ਕਿ ਕੁਝ ਵਿਅਕਤੀ ਭਵਿੱਖ ’ਚ ਇੰਨੇ ਧਨਾਢ ਅਤੇ ਤਾਕਤਵਰ ਬਣ ਜਾਣਗੇ ਕਿ ਉਹ ਰਾਜ ਤੇ ਸਰਕਾਰਾਂ ਦੁਆਰਾ ਕੰਟਰੋਲ ਨਹੀਂ ਹੋ ਸਕਣਗੇ। ਰਾਜ ਤੇ ਸਰਕਾਰਾਂ ਕਾਰਪੋਰੇਸ਼ਨ ਤੇ ਗ੍ਰਾਹਕ ਬਣ ਕੇ ਰਹਿ ਜਾਣਗੇ। ਅਜਿਹੇ ਵਿਅਕਤੀ ਵੱਡੀਆਂ ਤਕਨੀਕੀ ਤੇ ਵਪਾਰਕ ਫਰਮਾਂ ਸਥਾਪਤ ਕਰਨਗੇ, ਜਿਨ੍ਹਾਂ ਦੀ ਆਮਦਨ ਅਕਸਰ ਦੇਸ਼ਾਂ ਦੀ ਕੁੱਲ ਜੀਡੀਪੀ ਨਾਲੋਂ ਵੱਧ ਹੋਵੇਗੀ। ਇਹਨਾਂ ਫਰਮਾਂ ਦੇ ਮੁੱਖ ਕਾਰਜਕਾਰੀ ਅਧਿਕਾਰੀ ਰਾਜਾਂ ਤੇ ਸਰਕਾਰਾਂ ਦੀਆਂ ਨੀਤੀਆਂ ਤੇ ਪ੍ਰਸ਼ਾਸਨ ਨੂੰ ਪ੍ਰਭਾਵਿਤ ਕਰਨਗੇ।
ਉਹ ਸ਼ਾਸਨ ਪ੍ਰਬੰਧ ਨੂੰ ਚਲਾਉਣ ਲਈ ਨਵੀਆਂ ਤਕਨੀਕਾਂ ਇਜਾਦ ਕਰਨਗੇ। ਸਥਾਨਕ ਤੇ ਆਰਥਿਕ ਖੇਤਰ ਵੀ ਉਨ੍ਹਾਂ ਦੇ ਪ੍ਰਭਾਵ ਹੇਠ ਕੰਮ ਕਰਦੇ ਦਿਸਣਗੇ। ਹੋਰਨਾਂ ਤੋਂ ਇਲਾਵਾ ਇਸ ਵਿਸ਼ਵ ਦੇ ਸਭ ਤੋਂ ਤਾਕਤਵਰ ਲੋਕਤੰਤਰ ਕਹਾਉਂਦੇ ਅਮਰੀਕਾ, ਸਭ ਤੋਂ ਪੁਰਾਣਾ ਲੋਕਤੰਤਰ ਕਹਾਉਂਦੇ ਬਰਤਾਨੀਆ ਅਤੇ ਸਭ ਤੋਂ ਵੱਡਾ ਲੋਕਤੰਤਰ ਕਹਾਉਂਦੇ ਭਾਰਤ ’ਚ ਅਜਿਹੀਆਂ ਪ੍ਰਕਿਰਿਆ ਦੀ ਸ਼ੁਰੂਆਤ ਦਾ ਡੰਕਾ ਵੱਜਦਾ ਅਸੀਂ ਵੇਖ ਸਕਦੇ ਹਾਂ। ਐਸੇ ਵਰਤਾਰੇ ਦੇ ਟਰੇਲਰ ਅਸੀਂ ਅਮਰੀਕਾ, ਯੂਕੇ ਤੇ ਭਾਰਤ ਆਦਿ ਦੇਸ਼ਾਂ ’ਚ ਦੇਖ ਰਹੇ ਹਾਂ। ਅਮਰੀਕਾ ਅੰਦਰ ਐਲਨ ਮਸਕ ਵਿਸ਼ਵ ਦਾ ਪਹਿਲਾ ਟਰੇਲੀਅਨਪਤੀ ਧਨਾਢ ਬਣਿਆ ਹੈ। ਉਸ ਨੇ ਆਪਣੇ ਕੋਲ ਇੰਨਾ ਧਨ ਇਕੱਤਰ ਕਰ ਲਿਆ ਹੈ ਕਿ ਉਹ ਅਮਰੀਕਾ ਹੀ ਨਹੀਂ ਬਲਕਿ ਵਿਸ਼ਵ ਦੇ ਹੋਰ ਕਈ ਦੇਸ਼ਾਂ ਅੰਦਰ ਲੋਕਤੰਤਰ ਨੂੰ ਪ੍ਰਭਾਵਿਤ ਕਰਨ ਸਮਰੱਥ ਬਣ ਗਿਆ। ਉਸ ਨੇ ਅਮਰੀਕਾ ਦੀਆਂ ਸਨ 2024 ਦੀਆਂ ਰਾਸ਼ਟਰਪਤੀ ਚੋਣਾਂ ’ਚ ਅਜੋਕੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਚੋਣ ਮੁਹਿੰਮ ’ਚ 280 ਮਿਲੀਅਨ ਡਾਲਰ ਚੰਦੇ ਵਜੋਂ ਦਿੱਤੇ। ਇਵੇਂ ਹੀ ਵੱਖ-ਵੱਖ ਰਾਜਾਂ ’ਚ ਜਨਤਕ ਰਾਏ ਦੀ ਹਵਾ ਦਾ ਰੁਖ਼ ਬਦਲਣ ਧਨ ਦੀ ਬਰਸਾਤ ਕੀਤੀ। ਨਤੀਜੇ ਵਜੋਂ ਉਹ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਅਮਰੀਕੀ ਸ਼ਾਸਨ ਦਾ ਪ੍ਰਭਾਵਸ਼ਾਲੀ ਵਿਅਕਤੀ ਬਣ ਗਿਆ, ਜਿਸ ਦਾ ਰਾਸ਼ਟਰਪਤੀ ਤੇ ਸ਼ਾਸਨ ’ਤੇ ਸਿੱਧਾ ਪ੍ਰਭਾਵ ਦੇਖਿਆ ਜਾ ਰਿਹਾ ਹੈ। ਪਹਿਲਾਂ ਉਸ ਨੂੰ ਗੁਣਵੰਤਾ ਵਿਭਾਗ ਦਾ ਮੁਖੀ ਬਣਾਇਆ ਗਿਆ, ਜਿਸ ’ਚ ਉਸ ਨੇ ਤਾਨਾਸ਼ਾਹ ਤਰ੍ਹਾਂ ਹਜ਼ਾਰਾਂ ਸਰਕਾਰੀ ਅਹੁਦਿਆਂ ਦੀ ਛਾਂਟੀ ਕੀਤੀ। ਕਿਸੇ ਨੇ ਕੋਈ ਸਵਾਲ ਖੜ੍ਹਾ ਨਾ ਕੀਤਾ।
ਹੁਣ ਉਹ ਰਾਜਨੀਤਿਕ ਕਾਰਵਾਈ ਕਮੇਟੀ ਦਾ ਮੁਖੀ ਹੈ, ਜਿਸ ਨੂੰ ਅਮਰੀਕੀ ਧਨਾਢਾ ਤੋਂ ਅਸੀਮਤ ਚੰਦਾ ਲੈਣ ਦੀ ਖੁੱਲ੍ਹ ਹੈ ਜੋ ਚੋਣਾਂ ਦਾ ਮੁਹਾਨਾ ਬਦਲਣ ਲਈ ਵੱਡਾ ਰੋਲ ਅਦਾ ਕਰਦੇ ਹਨ। ਅਮਰੀਕੀ ਮੱਧਕਾਲੀ ਚੋਣਾਂ ਲਈ ਇਹ ਕਮੇਟੀ 100 ਮਿਲੀਅਨ ਡਾਲਰ ਤੋਂ ਵੱਧ ਧੰਨ ਖਰਚ ਕਰ ਰਹੀ ਹੈ ਤਾਂ ਕਿ ਰਿਪਬਲੀਕਨਾ ਦੀ ਜਿੱਤ ਯਕੀਨੀ ਬਣਾਈ ਜਾ ਸਕੇ। ਐਲਨ ਮਸਕ ਅਮਰੀਕਾ ਅੰਦਰ ਤਾਨਾਸ਼ਾਹ ਸ਼ਕਤੀ ਦਾ ਮਾਲਕ ਬਣ ਚੁੱਕਾ ਹੈ, ਜਿਸ ਕੋਲ ਰਾਜ ਦੀਆਂ ਨੀਤੀਆਂ ਨਿਰਧਾਰਿਤ ਕਰਨ ’ਚ ਮਹੱਤਵਪੂਰਨ ਸਥਾਨ ਪ੍ਰਾਪਤ ਹੈ, ਜਿਸ ਲਈ ਉਹ ਕਿਸੇ ਅੱਗੇ ਜਵਾਬ ਦੇ ਨਹੀਂ। ਅਜਿਹਾ ਕਿਉਂ ਹੈ? ਉਸ ਕੋਲ ਗਲੋਬਲ ਸੈਟਲਾਈਟਸ, ਏਆਈ, ਸੋਸ਼ਲ ਮੀਡੀਆ, ਡਿਜੀਟਲ ਟੈਸਲਾ ਵਾਹਨ, ਜੰਗੀ ਟਿਕਾਣਿਆ ਦੀ ਨਿਸ਼ਾਨਦੇਹੀ ਆਦਿ ਦਾ ਏਕਾਧਿਕਾਰ ਪ੍ਰਾਪਤ ਹੋ ਚੁੱਕਾ ਹੈ। ਇਸ ਸਮੇਂ ਉਹ ਜੇਮਸ ਡੇਲ ਡੇਵਿਡਸਨ ਅਤੇ ਰੀਸ ਮੌਗ ਵੱਲੋਂ ਅਨੁਮਾਨਤ ‘ਪ੍ਰਭੂ ਸੱਤਾ ਸੰਪੰਨ ਵਿਅਕਤੀ’ ਬਣਨ ਕਰੀਬ ਪਹੁੰਚ ਚੁੱਕਾ ਹੈ।
ਇੰਝ ਹੀ ਟਰੰਪ ਪ੍ਰਸ਼ਾਸਨ ਅੰਦਰ ਧਨਾਢ ਜੁੰਡਲੀ ਜਿਸ ’ਚ ਉਪ ਰਾਸ਼ਟਰਪਤੀ ਜੇਡੀ ਵਾਂਸ, ਖ਼ਰਬਪਤੀ ਸਕੱਤਰ ਹਾਵਰਡ ਲੁੱਟਨਿਕ, ਬਹੁ ਅਰਬਪਤੀ ਖ਼ਜ਼ਾਨਾ ਸਕੱਤਰ ਸਕਾਟ ਬੇਸੈਂਟ ਅਤੇ ਸੱਜੇ ਪੱਖੀ ਮੀਡੀਆ ਡਾਨ ਨੀਤੀਆਂ ਨਿਰਧਾਰਨ ਵਿਵਸਥਾ ’ਤੇ ਪੂਰੀ ਪਕੜ ਰੱਖਦੇ ਹਨ। ਵੈਸੇ ਤਾਂ ਸਭ ਰਾਸ਼ਟਰਾਂ ਦੇ ਲੋਕ ਅਕਸਰ ਕਹਿੰਦੇ ਵਿਖਾਈ ਦਿੰਦੇ ਹਨ ਕਿ ਉਹ ਖਰੀਦੇ ਨਹੀਂ ਜਾ ਸਕਦੇ। ਉਨ੍ਹਾਂ ਦੀ ਜਮੀਰ ਇੰਨੀ ਮਰੀ ਨਹੀਂ ਕਿ ਉਹਨਾਂ ਨੂੰ ਵੋਟ ਖ਼ਾਤਰ ਖਰੀਦਿਆ ਜਾਵੇ ਪਰ ਖ਼ਰੀਦਦਾਰ ਬਹੁਤ ਚਲਾਕ, ਦੰਬੀ, ਕਲਾਕਾਰ ਅਤੇ ਤਾਕਤਵਰ ਹਨ। ਚੋਣਾਂ ਵੇਲੇ ਵੋਟਰਾਂ ਨੂੰ ਧਨ ਦੀ ਬਰਸਾਤ ਕਿਵੇਂ ਪ੍ਰਭਾਵਿਤ ਕਰਦੀ ਹੈ, ਇਸ ਦੇ ਦ੍ਰਿਸ਼ ਭਾਰਤੀ ਰਾਜਨੀਤਿਕ ਅੰਦਰ ਕਿਸੇ ਤੋਂ ਗੁੱਝੇ ਨਹੀਂ ਹਨ। ਐਸੇ ਧਨ ਦੀ ਵਰਖਾ ਕਰਨ ਵਾਲੇ ਧਨਾਢਾ ਦਾ ਸਰਕਾਰ ਦੀਆਂ ਨੀਤੀਆਂ ਨੂੰ ਨਿਰਧਾਰਨ ਕਰਨ ’ਚ ਸਿੱਧਾ ਦਖਲ ਦੇਖਿਆ ਜਾਂਦਾ ਹੈ। ਇਹੀ ਵਰਤਾਰਾ ਭਾਰਤ ਹੀ ਨਹੀਂ ਬਲਕਿ ਵਿਸ਼ਵ ਭਰ ’ਚ ਪਾਇਆ ਜਾ ਰਿਹਾ ਹੈ। ਬਰਤਾਨੀਆ ਅੰਦਰ ਇਹ ਗੱਲ ਕਿਸੇ ਤੋਂ ਗੁੱਝੀ ਨਹੀਂ ਕਿ ਸੰਨ 2010 ਦੀਆਂ ਪਾਰਲੀਮੈਂਟਰੀ ਚੋਣਾਂ ’ਚ ਲੇਬਰ ਪਾਰਟੀ ਕਿਉਂ ਹਾਰੀ? ਕਿਉਂਕਿ ਉਹ ਕੰਜਰਵੇਟਿਵ ਪਾਰਟੀ ਵਾਂਗ ਧਨ ਦੀ ਵਰਖਾ ਨਹੀਂ ਕਰ ਸਕੀ। ਆਨਲਾਈਨ ਇਸ਼ਤਿਹਾਰਬਾਜੀ ਦੇ ਖੇਤਰ ’ਚ ਬਹੁਤ ਪਿੱਛੇ ਰਹਿ ਗਈ। ਸਨ 2005 ’ਚ ਉਹਨਾਂ ਨੇ ਚੋਣਾਂ ’ਚ ਜਿਵੇਂ ਧਨ ਦਾ ਮੀਂਹ ਵਰ੍ਹਾਇਆ ਸੀ, ਉਸ ਕਰ ਕੇ 25 ਮਿਲੀਅਨ ਪੌਂਡ ਕਰਜ਼ਾ ਚੜ੍ਹ ਗਿਆ ਸੀ।
ਲਿਹਾਜਾ ਸਥਿਤੀ ਅਸਾਵੀਂ ਹੋਣ ਕਰ ਕੇ ਉਹ 2010 ਦੀਆਂ ਚੋਣਾਂ ’ਚ ਸਿਰਫ 8 ਮਿਲੀਅਨ ਪੌਂਡ ਖ਼ਰਚ ਸਕੇ ਜਦ ਕਿ ਟੋਰੀਆਂ ਨੇ 17 ਮਿਲੀਅਨ ਖ਼ਰਚੇ। ਇਸੇ ਕਰਕੇ ਉਹ ਮਾਰ ਖਾ ਗਏ। ਸਭ ਨੂੰ ਪਤਾ ਹੈ ਕਿ ਧਨ ਚੋਣਾਂ ਜਿੱਤਣ ’ਚ ਸਭ ਤੋਂ ਵੱਧ ਪ੍ਰਭਾਵਸ਼ਾਲੀ ਢੰਗ ਨਾਲ ਮਦਦਗਾਰ ਸਾਬਤ ਹੁੰਦਾ ਹੈ। ਬਰਤਾਨੀਆ ’ਚ ਲੋਕਤੰਤਰ ਦੀ ਸ਼ਰੇਆਮ ਵਿਕਰੀ ਹੁੰਦੀ ਵੇਖੀ ਜਾ ਰਹੀ ਹੈ। ਇਸ ਨੂੰ ਰੋਕਣ ਲਈ ਬਰਤਾਨਵੀ ਚੋਣ ਕਮਿਸ਼ਨ ਨੇ ਗੋਰਡਨ ਬਰਾਉਨ ਦੀ ਅਗਵਾਈ ਹੇਠ ਕਮੇਟੀ ਗਠਤ ਕਰਕੇ ਧਨਾਢਾ ਵੱਲੋਂ ਚੰਦੇ ਦੀ ਸੀਮਾ ਨਿਰਧਾਰਿਤ ਕਰਨ ਦਾ ਯਤਨ ਕੀਤਾ ਪਰ ਇਹ ਗੱਲ ਅਜੇ ਤੱਕ ਕਿਸੇ ਤਣ ਪੱਤਣ ਨਹੀਂ ਲੱਗਦੀ ਦਿਖਾਈ ਦੇ ਰਹੀ। ਧਨਾਢਾਂ ਵੱਲੋਂ ਚੰਦੇ ਦੇ ਰੂਪ ’ਚ ਧੰਨ ਰਾਹੀਂ ਲੋਕਤੰਤਰ ’ਤੇ ਕਬਜ਼ੇ ਨੂੰ ਰੋਕਣ ਲਈ ਦਸੰਬਰ, 2025 ’ਚ ਬਰਤਾਨੀਆ ਤੇ 59 ਹੋਰ ਦੇਸ਼ਾਂ ਨੇ ਯੂਐਨਓ ’ਚ ਪਹੁੰਚ ਕੀਤੀ ਕਿ ਲੋਕਤੰਤਰ ’ਚ ਚੰਦਿਆਂ ਦੀ ਹੱਦ ਨਿਰਧਾਰਤ ਕੀਤੀ ਜਾਵੇ।
ਇਸ ਸਬੰਧੀ ਕੈਨੇਡਾ ਨੇ ਸਲਾਨਾ ਪ੍ਰਤੀ ਵਿਅਕਤੀ ਜਾਂ ਕੰਪਨੀ ਨੂੰ ਰਾਜਨੀਤਿਕ ਪਾਰਟੀਆਂ ਨੂੰ ਚੰਦਾ ਦੇਣ ਦੀ ਦਰ 930, ਫਰਾਂਸ ਨੇ ਪਾਰਲੀਮੈਂਟਰੀ ਚੋਣਾਂ ਲਈ 6400 ਤੇ ਰਾਸ਼ਟਰਪਤੀ ਚੋਣ ਮੁਹਿੰਮ ਲਈ 3900, ਇਟਲੀ ਨੇ 85600 ਹਜ਼ਾਰ ਪੌਂਡ ਨਿਰਧਾਰਤ ਕੀਤੀ। ਬਰਤਾਨੀਆ ਨੇ 500000 ਪੌਡ ਨਿਰਧਾਰਿਤ ਕੀਤੀ ਜਦ ਕਿ ਸਤੰਬਰ ’ਚ ਸਟੇਲਾ ਕ੍ਰਿਜੀ ਅਤੇ 63 ਸਾਂਸਦਾਂ ਨੇ 100000 ਪਾਉਂਡ ਦੇ ਸਿਫਾਰਿਸ਼ ਕੀਤੀ। ਬਰਤਾਨੀਆ ਅੰਦਰ ਦੋ ਕਰਿਪਟੋ ਕਰੰਸੀ ਸਬੰਧੀ ਖਰਬਪਤੀਆਂ ਬੈਨ ਡੇਲੋ ਅਤੇ ਜੇ ਪੀ ਮਾਰਗਨ ਨੇ 72 ਮਿਲੀਅਨ ਪੌਂਡ ਰਿਫਾਰਮ ਪਾਰਟੀ, ਜਿਸ ਦੇ ਮੁਖੀ ਨੀਗਲ ਫੈਰਜ ਹਨ, ਚੰਦੇ ਵਜੋਂ ਦੇ ਕੇ ਬਰਤਾਨਵੀ ਰਾਜਨੀਤੀ ਅੰਦਰ ਤਹਿਲਕਾ ਮਚਾ ਕੇ ਰੱਖ ਦਿੱਤਾ ਹੈ। ਇਹ ਦੋਵੇਂ ਬਰਤਾਨੀਆ ਅੰਦਰ ਲੇਬਰ ਅਤੇ ਕੰਜਰਵੇਟਿਵ ਪਾਰਟੀ ਦਾ ਏਕਾਧਿਕਾਰ ਖਤਮ ਕਰਨਾ ਚਾਹੁੰਦੇ ਹਨ। ਉਹ ਬਰਤਨਵੀਂ ਲੋਕਤੰਤਰੀ ਰਾਜਨੀਤੀ ’ਚ ਆਪਣਾ ਏਕਾਧਿਕਾਰ ਸਥਾਪਿਤ ਕਰਨਾ ਚਾਹੁੰਦੇ ਹਨ। ਇਹ ਸਾਬਤ ਹੋ ਚੁੱਕਾ ਹੈ ਕਿ ਨੀਗਲ ਫੈਰਜ ਤੇ ਉਸ ਦੀ ਰਿਫਾਰਮ ਪਾਰਟੀ ਨੇ ਉਦਮੀਆ,ਕਾਰੋਬਾਰੀਆਂ, ਵਪਾਰੀਆਂ ਅਤੇ ਆਮ ਜਨਤਾ ਦੀ ਪ੍ਰਤੀਨਿਧਤਾ ਦਾ ਲਿਬਾਦਾ ਪਹਿਨ ਰੱਖਿਆ ਹੈ। ਹਕੀਕਤ ’ਚ ਧਨਾਢ ਵਿਅਕਤੀਆਂ ਦੇ ਧਨ ਨਾਲ ਚੋਣਾਂ ਜਿੱਤਣ ਦੇ ਜੁਗਾੜ ’ਚ ਹੈ। ਹੈਰਾਨਗੀ ਇਸ ਗੱਲ ਦੀ ਵੀ ਹੈ ਕਿ ਕੈਨੇਡਾ ਵਰਗੇ ਦੇਸ਼ ’ਚ ਸ਼ੋਪੀਫਾਈ ਕਾਰਪੋਰੇਸ਼ਨ ਮੁਖੀ ਟੋਬੀ ਲੁੱਟਕੇ ਲੋਕਤੰਤਰ ਅੰਦਰ ਇਕ ਵਿਅਕਤੀ ਇੱਕ ਵੋਟ ਦੀ ਥਾਂ ਧਨਾਢਾ ਦੇ ਬੋਲ-ਬਾਲੇ ਲਈ ਉਨ੍ਹਾਂ ਦੀ ਵੋਟ ਦੇ ਜ਼ਿਆਦਾ ਮੁੱਲ ਦੀ ਮੰਗ ਕਰ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਆਬਰਾਹਮ ਲਿੰਕਨ ਦੇ ਅਨੁਸਾਰ ਲੋਕਤੰਤਰ ਅੰਦਰ ਸਰਕਾਰ ਲੋਕਾਂ ਦੀ, ਲੋਕਾਂ ਦੁਆਰਾ ਅਤੇ ਲੋਕਾਂ ਲਈ ਨਹੀਂ ਰਹਿਣ ਵਾਲੀ। ਨਾ ਹੀ ਰਾਸ਼ਟਰਪਤੀ ਰੋਨਾਲਡ ਰੀਗਨ ਅਨੁਸਾਰ ਸਰਕਾਰ ਲੋਕਾਂ ਦੁਆਰਾ ਚਲਾਈ ਜਾਣ ਵਾਲੀ ਕਾਰ ਅਤੇ ਲੋਕਾਂ ਦੁਆਰਾ ਆਪਣੇ ਅਧਿਕਾਰਾਂ ਦੀ ਤਰਜਮਾਨੀ ਕਰਨ ਵਾਲੀ ਨਹੀਂ ਰਹਿਣ ਵਾਲੀ। ਅਮਰੀਕੀ ਸੈਨੇਟਰ ਬਰਨੀ ਸੈਂਡਰਜ ਨੇ ਪੂਰੇ ਵਿਸ਼ਵ ਅੱਗੇ ਟਲ ਵਜਾਉਂਦੇ ਹੋਕਾ ਦਿੱਤਾ ਹੈ ਕਿ ਜੁੰਡੀ ਰਾਜ ਸਮੱਸਿਆ ਸਿਰਫ ਅਮਰੀਕੀ ਮੁੱਦਾ ਨਹੀਂ ਹੈ। ਖਰਪਪਤੀ ਵਿਅਕਤੀ ਨਾ ਸਿਰਫ ਅਮਰੀਕੀ ਰਾਜਨੀਤੀ ਖ਼ਰੀਦ ਰਹੇ ਹਨ ਬਲਕਿ ਪੂਰੇ ਵਿਸ਼ਵ ’ਚ ਸੱਜੇ ਪੱਖੀਆਂ ਨੂੰ ਧਨ ਨਾਲ ਤਾਕਤਵਰ ਬਣਾ ਰਹੇ ਹਨ, ਜਿਸ ’ਚ ਬ੍ਰਿਟੇਨ ਦੀ ਰਿਫਾਰਮ ਪਾਰਟੀ ਸ਼ਾਮਿਲ ਹੈ।
ਲੋਕਤੰਤਰ ਤੋਂ ਭਾਵ ਹੈ ਇਕ ਵਿਅਕਤੀ ਇੱਕ ਵੋਟ। ਧਨਾਢ ਲੋਕਾਂ ਨੂੰ ਵਿਸ਼ਵ ਦੇ ਕਿਸੇ ਹਿੱਸੇ ਵਿੱਚ ਸਰਕਾਰ ਖਰੀਦਣ ਦੀ ਕਦਾਚਿਤ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਪਰ ਧਨਾਢਾ ਨਗਾਰਖਾਨੇ ’ਚ ਤੂਤੀ ਦੀ ਆਵਾਜ਼ ਕੋਈ ਮਾਇਨਾ ਨਹੀਂ ਰੱਖਦੀ। ਅਮਰੀਕੀ ਮੱਧਕਾਲੀ ਚੋਣਾਂ ਜਿੱਤਣ ਲਈ ਧਨਾਢਾ ਬਲਬੂਤੇ ਰਾਸ਼ਟਰਪਤੀ ਟਰੰਪ ਨੇ ਐਲਾਨ ਕੀਤਾ ਹੈ ਕਿ ਉਹ ਹਰ ਬਾਲਗ ਵਿਅਕਤੀ ਨੂੰ 5000 ਡਾਲਰ ਮਦਦ ਦੇਵੇਗਾ ਜੇਕਰ ਉਹ ਅਮਰੀਕੀ ਕਾਂਗਰਸ ਤੇ ਸੈਨਟ ’ਚ ਰਿਪਬਲੀਕਨਾ ਨੂੰ ਬਹੁਮਤ ਨਾਲ ਜਿਤਾਉਣਗੇ। ਹਕੀਕਤ ’ਚ ਧਨਾਢ ਵਿਅਕਤੀ ਪੂਰੇ ਵਿਸ਼ਵ ਦੀ ਰਾਜਨੀਤਿਕ, ਆਰਥਿਕ ਤੇ ਭੂਗੋਲਕ ਵਿਵਸਥਾ ’ਤੇ ਕਾਬਜ਼ ਹੋਣ ਲਈ ਘੁੰਡ ਉਤਾਰ ਕੇ ਸਾਮ, ਦਾਮ, ਦੰਡ, ਭੇਦ ਦੀ ਨੀਤੀ ਦਾ ਨਾਚ ਨੱਚ ਰਹੇ ਹਨ। ਯਾਰਵਿਨ ਅਤੇ ਲੈਂਡ ਅਨੁਸਾਰ ਲੋਕਤੰਤਰ, ਸਮਾਨਤਾਵਾਦ ਅਤੇ ਉਦਾਰਵਾਦ ਨੂੰ ਨਕਾਰ ਕੇ ਕਾਰੋਬਾਰ ਨੂੰ ਹਰ ਦੇਸ਼ ਤੇ ਵਿਸ਼ਵ ਅੰਦਰ ਮਾਲਿਕ ਸਥਾਪਿਤ ਕਰਨਾ ਚਾਹੁੰਦੇ ਹਨ।
(ਲੇਖਕ ਸਾਬਕਾ ਰਾਜ ਸੂਚਨਾ ਰਾਜ ਕਮਿਸ਼ਨਰ, ਸੰਪਰਕ : +12898292929)।