- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੈਂ ਸਿਰਫ਼ ਉਸ ਦ੍ਰਿਸ਼ ਤੋਂ ਦੂਰ ਹੋਣਾ ਚਾਹੁੰਦਾ ਸੀ, ਜਿਸ ਨੂੰ ਦੇਖਣ ਦੀ ਹਿੰਮਤ ਮੇਰੇ ’ਚ ਨਹੀਂ ਸੀ ਪਰ ਉੱਥੋਂ ਮੁੜ ਆਉਣ ਤੋਂ ਬਾਅਦ ਵੀ ਉਹ ਦ੍ਰਿਸ਼ ਮੇਰੇ ਨਾਲ ਹੀ ਰਿਹਾ। ਅੱਜ ਤੱਕ ਮੇਰੇ ਮਨ ’ਚ ਇਹ ਗੱਲ ਆਉਂਦੀ ਹੈ ਕਿ ਮੈਂ ਉਨ੍ਹਾਂ ਨੂੰ ਬਚਾ ਕਿਉਂ ਨਾ ਸਕਿਆ? ਕੀ ਮੈਂ ਉਨ੍ਹਾਂ ਨੂੰ ਕਿਸੇ ਹੋਰ ਤਰੀਕੇ ਨਾਲ ਛੁਡਾ ਸਕਦਾ ਸੀ? ਕੀ ਮੈਂ ਆਪਣੀ ਬੇਵਸੀ ਨੂੰ ਉਨ੍ਹਾਂ ਦੀ ਕਿਸਮਤ ਮੰਨ ਕੇ ਉੱਥੋਂ ਮੁੜ ਆਇਆ?

ਗੋਵਰਧਨ ਗੱਬੀ
ਕਈ ਵਾਰ ਜ਼ਿੰਦਗੀ ’ਚ ਵਾਪਰੀ ਕੋਈ ਨਿੱਕੀ ਜਿਹੀ ਘਟਨਾ ਸਾਡੇ ਮਨ ਅੰਦਰ ਇੰਨੀ ਡੂੰਘੀ ਉਤਰ ਜਾਂਦੀ ਹੈ ਕਿ ਅਸੀਂ ਚਾਹੁੰਦੇ ਹੋਏ ਵੀ ਉਸ ਤੋਂ ਮੁਕਤ ਨਹੀਂ ਹੋ ਸਕਦੇ। ਉਹ ਘਟਨਾ ਬਾਹਰੋਂ ਦੇਖਣ ਵਾਲਿਆਂ ਲਈ ਸ਼ਾਇਦ ਕੋਈ ਖ਼ਾਸ ਮਹੱਤਵ ਨਾ ਰੱਖਦੀ ਹੋਵੇ ਪਰ ਸਾਡੇ ਅੰਦਰ ਇਕ ਅਜਿਹਾ ਸਵਾਲ ਛੱਡ ਜਾਂਦੀ ਹੈ, ਜਿਹੜਾ ਸਾਡੇ ਸੁੱਤਿਆਂ, ਜਾਗਦਿਆਂ, ਉੱਠਦਿਆਂ-ਬੈਠਦਿਆਂ ਸਾਡੇ ਨਾਲ-ਨਾਲ ਤੁਰਦਾ ਰਹਿੰਦਾ ਹੈ। ਅਸੀਂ ਆਪਣੇ ਰੋਜ਼ਾਨਾ ਦੇ ਕੰਮਾਂ ’ਚ ਰੁੱਝੇ ਹੁੰਦੇ ਹਾਂ, ਕਿਸੇ ਨਾਲ ਗੱਲ ਕਰ ਰਹੇ ਹੁੰਦੇ ਹਾਂ, ਕੋਈ ਕਿਤਾਬ ਪੜ੍ਹ ਰਹੇ ਹੁੰਦੇ ਹਾਂ ਜਾਂ ਇਕੱਲੇ ਬੈਠੇ ਹੁੰਦੇ ਹਾਂ ਪਰ ਮਨ ਦਾ ਕੋਈ ਕੋਨਾ ਉਸੇ ਘਟਨਾ ’ਚ ਅਟਕਿਆ ਰਹਿੰਦਾ ਹੈ।
ਪਿਛਲੇ ਲਗਪਗ ਡੇਢ ਮਹੀਨੇ ਤੋਂ ਮੇਰੇ ਨਾਲ ਵੀ ਕੁਝ ਅਜਿਹਾ ਹੀ ਹੋ ਰਿਹਾ ਹੈ। ਇਹ ਘਟਨਾ ਸਾਡੇ ਘਰ ’ਚ ਆਏ ਕੁਝ ਚੂਹਿਆਂ ਨਾਲ ਸਬੰਧਤ ਹੈ। ਸੁਣਨ ’ਚ ਸ਼ਾਇਦ ਇਹ ਕੋਈ ਬਹੁਤ ਸਾਧਾਰਨ ਜਿਹੀ ਗੱਲ ਲੱਗੇ ਪਰ ਇਸ ਨੇ ਮੇਰੇ ਮਨ ਅੰਦਰ ਮਨੁੱਖ ਦੀ ਕਰੁਣਾ, ਜੀਵਨ ਦੇ ਅਧਿਕਾਰ ਅਤੇ ਸਾਡੀ ਨੈਤਿਕ ਜ਼ਿੰਮੇਵਾਰੀ ਬਾਰੇ ਕਈ ਸਵਾਲ ਪੈਦਾ ਕਰ ਦਿੱਤੇ ਹਨ।
ਹੋਇਆ ਇੰਝ ਕਿ ਸਾਡੇ ਘਰ ’ਚ ਇਕ ਚੂਹਾ ਆ ਗਿਆ ਸੀ। ਘਰ ਦੀਆਂ ਸਾਰੀਆਂ ਔਰਤਾਂ ਦੀ ਲਗਪਗ ਇੱਕੋ ਹੀ ਸ਼ਿਕਾਇਤ ਸੀ ਕਿ ਚੂਹਾ ਘਰ ਦਾ ਕਾਫ਼ੀ ਨੁਕਸਾਨ ਕਰ ਰਿਹਾ ਹੈ। ਕਦੇ ਰਸੋਈ ’ਚੋਂ ਕੁਝ ਚੁੱਕ ਲੈਂਦਾ, ਕਦੇ ਕਿਸੇ ਚੀਜ਼ ਨੂੰ ਕੁਤਰ ਦਿੰਦਾ ਅਤੇ ਕਦੇ ਅਚਾਨਕ ਸਾਹਮਣੇ ਆ ਕੇ ਸਭ ਨੂੰ ਹੈਰਾਨ ਕਰ ਦਿੰਦਾ। ਉਸ ਨੂੰ ਫੜਨ ਲਈ ਇਕ ਪੁਰਾਣੀ ਲੱਕੜ ਦੀ ਕੁੜਿੱਕੀ ਰੱਖੀ ਗਈ। ਉਸ ’ਚ ਰੋਟੀ ਵੀ ਰੱਖੀ ਜਾਂਦੀ ਪਰ ਚੂਹਾ ਰੋਟੀ ਦੇ ਨੇੜੇ ਆ ਕੇ ਵੀ ਬਚ ਨਿਕਲਦਾ। ਕਈ ਵਾਰ ਲੱਗਦਾ ਕਿ ਸ਼ਾਇਦ ਕੁੜਿੱਕੀ ਪੁਰਾਣੀ ਹੋ ਗਈ ਹੈ ਪਰ ਫਿਰ ਮਨ ’ਚ ਖ਼ਿਆਲ ਆਉਂਦਾ ਕਿ ਕਿਤੇ ਚੂਹਾ ਹੀ ਸਾਡੇ ਨਾਲੋਂ ਵੱਧ ਸਿਆਣਾ ਨਾ ਹੋਵੇ।
ਫਿਰ ਹੌਲੀ-ਹੌਲੀ ਸਾਨੂੰ ਮਹਿਸੂਸ ਹੋਣ ਲੱਗਾ ਕਿ ਚੂਹਾ ਇਕੱਲਾ ਨਹੀਂ ਰਿਹਾ। ਉਸ ਦੇ ਪਿੱਛੇ ਉਸ ਦਾ ਪਰਿਵਾਰ ਵੀ ਆ ਗਿਆ ਸੀ। ਛੋਟੇ-ਛੋਟੇ ਬੱਚੇ ਘਰ ’ਚ ਦੌੜਦੇ ਦਿਖਾਈ ਦੇਣ ਲੱਗੇ। ਕਦੇ ਮੰਜੇ ਹੇਠੋਂ ਨਿਕਲਦੇ, ਕਦੇ ਰਸੋਈ ’ਚ ਭੱਜਦੇ ਅਤੇ ਕਦੇ ਬਾਥਰੂਮ ਵੱਲ ਚਲੇ ਜਾਂਦੇ। ਉਹ ਆਪਣੀ ਨਿੱਕੀ ਜਿਹੀ ਦੁਨੀਆ ’ਚ ਦੌੜਦੇ-ਭੱਜਦੇ ਸਨ ਜਦਕਿ ਸਾਡੀ ਦੁਨੀਆ ’ਚ ਉਹ ਇਕ ਸਮੱਸਿਆ ਬਣ ਗਏ ਸਨ।
ਇਹੋ ਇਕ ਅਜੀਬ ਗੱਲ ਹੈ। ਕਿਸੇ ਇਕ ਲਈ ਜੀਵਨ ਦੀ ਸਾਧਾਰਨ ਜਿਹੀ ਹਰਕਤ ਦੂਜੇ ਲਈ ਮੁਸੀਬਤ ਬਣ ਸਕਦੀ ਹੈ। ਚੂਹਿਆਂ ਲਈ ਸਾਡਾ ਘਰ ਸ਼ਾਇਦ ਇਕ ਸੁਰੱਖਿਅਤ ਟਿਕਾਣਾ ਸੀ, ਜਿੱਥੇ ਖਾਣ ਲਈ ਕੁਝ ਮਿਲ ਜਾਂਦਾ ਸੀ ਅਤੇ ਲੁਕਣ ਲਈ ਥਾਂ ਵੀ ਪਰ ਸਾਡੇ ਲਈ ਉਹੀ ਘਰ, ਜਿਸ ਨੂੰ ਅਸੀਂ ਆਪਣੀ ਮਿਹਨਤ ਨਾਲ ਬਣਾਇਆ ਸੀ, ਉਨ੍ਹਾਂ ਦੀ ਮੌਜੂਦਗੀ ਕਾਰਨ ਪਰੇਸ਼ਾਨੀ ਦਾ ਸਬੱਬ ਬਣ ਰਿਹਾ ਸੀ। ਇਸ ਟਕਰਾਅ ਦਾ ਕੋਈ ਹੱਲ ਤਾਂ ਲੱਭਣਾ ਹੀ ਸੀ। ਇਕ ਦਿਨ ਮੇਰੀ ਛੋਟੀ ਭਰਜਾਈ ਨੇ ਆਪਣੇ ਵੱਡੇ ਪੁੱਤ ਨੂੰ ਚੂਹੇ ਫੜਨ ਵਾਲਾ ਇਕ ਚਿਪਕਣ ਵਾਲਾ ਟ੍ਰੈਪ ਲਿਆਉਣ ਲਈ ਕਿਹਾ। ਉਹ ਇਕ ਕਿਤਾਬ ਵਾਂਗ ਖੁੱਲ੍ਹਣ ਵਾਲਾ ਯੰਤਰ ਸੀ, ਜਿਸ ਦੇ ਅੰਦਰ ਚਿਪਕਣ ਵਾਲਾ ਪਦਾਰਥ ਲੱਗਿਆ ਹੁੰਦਾ ਹੈ। ਉਸ ਉੱਤੇ ਪੈਰ ਰੱਖਣ ਵਾਲਾ ਜੀਵ ਉਸ ’ਚ ਫਸ ਜਾਂਦਾ ਹੈ ਤੇ ਫਿਰ ਜਿੰਨੀ ਵੱਧ ਨਿਕਲਣ ਦੀ ਕੋਸ਼ਿਸ਼ ਕਰਦਾ ਹੈ, ਓਨਾ ਹੀ ਵੱਧ ਉਸ ’ਚ ਉਲਝਦਾ ਜਾਂਦਾ ਹੈ।
ਮੈਨੂੰ ਇਸ ਤਰ੍ਹਾਂ ਦੇ ਟ੍ਰੈਪ ਬਾਰੇ ਪਤਾ ਲੱਗਾ ਤਾਂ ਮੈਂ ਮਨ੍ਹਾਂ ਵੀ ਕੀਤਾ ਪਰ ਘਰ ਦੀ ਪਰੇਸ਼ਾਨੀ ਲਗਾਤਾਰ ਵਧ ਰਹੀ ਸੀ। ਆਖ਼ਰਕਾਰ ਉਹ ਟ੍ਰੈਪ ਲਗਾ ਦਿੱਤਾ ਗਿਆ। ਅਗਲੇ ਦਿਨ ਸਵੇਰ ਮੈਂ ਉੱਠਿਆ ਤਾਂ ਦੇਖਿਆ ਕਿ ਉਸ ’ਚ ਤਿੰਨ ਨਿੱਕੇ ਚੂਹੇ ਚਿਪਕੇ ਹੋਏ ਹਨ। ਉਹ ਤੜਫ਼ ਰਹੇ ਸਨ। ਉਨ੍ਹਾਂ ਨੂੰ ਦੇਖ ਕੇ ਮੇਰਾ ਮਨ ਬਹੁਤ ਪਰੇਸ਼ਾਨ ਹੋ ਗਿਆ। ਮੈਂ ਲੱਕੜ ਦੀ ਇਕ ਪਤਲੀ ਜਿਹੀ ਸਿਲਤਰੀ ਨਾਲ ਉਨ੍ਹਾਂ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ। ਬੜੀ ਮੁਸ਼ਕਲ ਨਾਲ ਉਨ੍ਹਾਂ ਨੂੰ ਵੱਖ ਤਾਂ ਕਰ ਲਿਆ ਪਰ ਉਹ ਜ਼ਖ਼ਮੀ ਹੋ ਚੁੱਕੇ ਸਨ। ਮੈਨੂੰ ਨਹੀਂ ਪਤਾ ਕਿ ਉਹ ਬਚੇ ਵੀ ਸਨ ਜਾਂ ਨਹੀਂ। ਉਸ ਪਲ ਮੇਰੇ ਅੰਦਰ ਕੁਝ ਟੁੱਟਿਆ ਸੀ। ਉਹ ਸਿਰਫ਼ ਤਿੰਨ ਨਿੱਕੇ ਜੀਵ ਸਨ, ਜਿਨ੍ਹਾਂ ਨੂੰ ਅਸੀਂ ਆਪਣੇ ਘਰ ’ਚੋਂ ਕੱਢਣਾ ਚਾਹੁੰਦੇ ਸਾਂ ਪਰ ਜਦੋਂ ਉਹ ਮੇਰੇ ਸਾਹਮਣੇ ਤੜਫ਼ ਰਹੇ ਸਨ ਤਾਂ ਉਨ੍ਹਾਂ ਦੀ ਹੋਂਦ ਮੈਨੂੰ ਸਿਰਫ਼ ਚੂਹਿਆਂ ਦੀ ਹੋਂਦ ਨਹੀਂ ਲੱਗ ਰਹੀ ਸੀ। ਉਹ ਜੀਵਨ ਸੀ, ਇਕ ਨਿੱਕਾ ਜਿਹਾ, ਬੇਵੱਸ ਅਤੇ ਸਾਡੀ ਮਰਜ਼ੀ ਉੱਤੇ ਨਿਰਭਰ।
ਘਰ ਵਾਲਿਆਂ ਦੀ ਸਖ਼ਤ ਹਦਾਇਤ ਸੀ ਕਿ ਟ੍ਰੈਪ ਨੂੰ ਮੁੜ ਲਿਆ ਕੇ ਲਗਾਉਣਾ ਹੈ ਕਿਉਂਕਿ ਬਾਕੀ ਚੂਹੇ ਵੀ ਫੜਨੇ ਸਨ। ਅਗਲੇ ਦਿਨ ਫਿਰ ਉਹੀ ਹੋਇਆ। ਚਾਰ ਹੋਰ ਨਿੱਕੇ ਚੂਹੇ ਉਸ ਨਾਲ ਚਿਪਕ ਗਏ। ਉਨ੍ਹਾਂ ’ਚੋਂ ਕੁਝ ਇੰਨੇ ਬੁਰੀ ਤਰ੍ਹਾਂ ਚਿਪਕ ਚੁੱਕੇ ਸਨ ਕਿ ਉਨ੍ਹਾਂ ਨੂੰ ਛੁਡਾਉਣ ਦੀ ਕੋਸ਼ਿਸ਼ ਕਰਦਿਆਂ ਉਨ੍ਹਾਂ ਦੇ ਸਰੀਰ ਦੇ ਅੰਗਾਂ ਨੂੰ ਨੁਕਸਾਨ ਪਹੁੰਚਣ ਦਾ ਖ਼ਤਰਾ ਸੀ। ਦੋ-ਤਿੰਨ ਤਾਂ ਮਰਨ ਕੰਢੇ ਪਹੁੰਚ ਚੁੱਕੇ ਸਨ। ਮੈਂ ਉਨ੍ਹਾਂ ਨੂੰ ਦੇਖਦਾ ਰਿਹਾ। ਮੇਰੇ ਮਨ ’ਚ ਇਕੋ ਗੱਲ ਘੁੰਮ ਰਹੀ ਸੀ ਕਿ ਅਸੀਂ ਇਹ ਕੀ ਕਰ ਰਹੇ ਹਾਂ? ਮੇਰੀ ਪਤਨੀ ਜਾਂ ਘਰ ਦੇ ਹੋਰ ਜੀਆਂ ਦੀ ਨੀਅਤ ਕਿਸੇ ਜੀਵ ਨੂੰ ਤੜਫ਼ਾਉਣ ਦੀ ਨਹੀਂ ਸੀ। ਉਹ ਵੀ ਇਸ ਪਰੇਸ਼ਾਨੀ ਤੋਂ ਦੁਖੀ ਸਨ। ਉਨ੍ਹਾਂ ਲਈ ਇਹ ਘਰ ਨੂੰ ਬਚਾਉਣ ਅਤੇ ਚੂਹਿਆਂ ਤੋਂ ਛੁਟਕਾਰਾ ਪਾਉਣ ਦਾ ਇਕ ਤਰੀਕਾ ਸੀ। ਮੈਂ ਉਨ੍ਹਾਂ ਦੀ ਪਰੇਸ਼ਾਨੀ ਨੂੰ ਵੀ ਸਮਝਦਾ ਸੀ। ਮੇਰੇ ਸਾਹਮਣੇ ਪਏ ਉਨ੍ਹਾਂ ਚਾਰ ਨਿੱਕੇ ਜੀਵਾਂ ਦੀ ਹਾਲਤ ਮੇਰੇ ਮਨ ਨੂੰ ਕਿਸੇ ਵੀ ਤਰਕ ਨਾਲ ਸਮਝੌਤਾ ਕਰਨ ਨਹੀਂ ਦੇ ਰਹੀ ਸੀ। ਆਖ਼ਰ ਮੈਂ ਉਨ੍ਹਾਂ ਨੂੰ ਚੁੱਕਿਆ ਤੇ ਟ੍ਰੈਪ ਸਮੇਤ ਨੇੜੇ ਪੈਂਦੇ ਇਕ ਗੰਦੇ ਨਾਲੇ ’ਚ ਸੁੱਟ ਆਇਆ। ਮੈਂ ਸਿਰਫ਼ ਉਸ ਦ੍ਰਿਸ਼ ਤੋਂ ਦੂਰ ਹੋਣਾ ਚਾਹੁੰਦਾ ਸੀ, ਜਿਸ ਨੂੰ ਦੇਖਣ ਦੀ ਹਿੰਮਤ ਮੇਰੇ ’ਚ ਨਹੀਂ ਸੀ ਪਰ ਉੱਥੋਂ ਮੁੜ ਆਉਣ ਤੋਂ ਬਾਅਦ ਵੀ ਉਹ ਦ੍ਰਿਸ਼ ਮੇਰੇ ਨਾਲ ਹੀ ਰਿਹਾ।
ਅੱਜ ਤੱਕ ਮੇਰੇ ਮਨ ’ਚ ਇਹ ਗੱਲ ਆਉਂਦੀ ਹੈ ਕਿ ਮੈਂ ਉਨ੍ਹਾਂ ਨੂੰ ਬਚਾ ਕਿਉਂ ਨਾ ਸਕਿਆ? ਕੀ ਮੈਂ ਉਨ੍ਹਾਂ ਨੂੰ ਕਿਸੇ ਹੋਰ ਤਰੀਕੇ ਨਾਲ ਛੁਡਾ ਸਕਦਾ ਸੀ? ਕੀ ਮੈਂ ਆਪਣੀ ਬੇਵਸੀ ਨੂੰ ਉਨ੍ਹਾਂ ਦੀ ਕਿਸਮਤ ਮੰਨ ਕੇ ਉੱਥੋਂ ਮੁੜ ਆਇਆ? ਇਨ੍ਹਾਂ ਘਟਨਾਵਾਂ ਤੋਂ ਬਾਅਦ ਮੈਂ ਫ਼ੈਸਲਾ ਕੀਤਾ ਕਿ ਹੁਣ ਅਜਿਹਾ ਚਿਪਕਣ ਵਾਲਾ ਟ੍ਰੈਪ ਨਹੀਂ ਵਰਤਣ ਦੇਵਾਂਗਾ। ਮੈਂ ਇਕ ਅਜਿਹੀ ਕੁੜਿੱਕੀ ਮੰਗਵਾਈ ਹੈ, ਜਿਸ ’ਚ ਚੂਹੇ ਨੂੰ ਜ਼ਿੰਦਾ ਫੜਿਆ ਜਾ ਸਕੇ। ਮੇਰੀ ਉਮੀਦ ਹੈ ਕਿ ਜੇ ਉਹ ਇਸ ’ਚ ਫਸ ਜਾਣ ਤਾਂ ਅਸੀਂ ਉਨ੍ਹਾਂ ਨੂੰ ਘਰ ਤੋਂ ਦੂਰ ਕਿਸੇ ਢੁਕਵੀਂ ਥਾਂ ਛੱਡ ਸਕਾਂਗੇ। ਇਸ ਦੇ ਨਾਲ ਹੀ ਘਰ ਦੀ ਸਫ਼ਾਈ, ਖਾਣ-ਪੀਣ ਦੀਆਂ ਚੀਜ਼ਾਂ ਦੀ ਸੁਰੱਖਿਆ ਅਤੇ ਚੂਹਿਆਂ ਦੇ ਆਉਣ ਵਾਲੇ ਰਸਤੇ ਬੰਦ ਕਰਨ ਵੱਲ ਵੀ ਧਿਆਨ ਦੇਣਾ ਪਵੇਗਾ ਪਰ ਹੁਣ ਮੇਰੇ ਮਨ ’ਚ ਇਕ ਸਵਾਲ ਵਾਰ-ਵਾਰ ਉੱਠਦਾ ਹੈ। ਕੀ ਸਾਨੂੰ ਕਿਸੇ ਜੀਵ-ਜੰਤੂ ਨੂੰ ਮਾਰਨ ਦਾ ਹੱਕ ਹੈ?
-ਸੰਪਰਕ : 94171-73700