- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਰਾਨ ਨਾਲ ਇਜਰਾਇਲ ਦੀ ਚੁੱਕ ’ਚ ਆ ਕੇ ਬੇਲੋੜੀ ਜੰਗ ਸ਼ੁਰੂ ਕਰ ਦਿੱਤੀ ਸੀ। ਇਰਾਨ ਨਾਲ ਸ਼ੁਰੂ ਕੀਤੀ ਜੰਗ ਦਾ ਅਮਰੀਕਾ ’ਚ ਵਿਰੋਧ ਵੀ ਹੋਇਆ। ਅਮਰੀਕਾ ਦੇ ਉਪ ਰਾਸ਼ਟਰਪਤੀ ਵਾਂਸ ਨੇ ਤਾਂ ਇਹ ਮੰਨ ਹੀ ਲਿਆ ਹੈ ਕਿ ਇਰਾਨ ਨਾਲ ਯੁੱਧ ਕਰ ਕੇ ਉਨ੍ਹਾਂ ਦੀ ਪਾਰਟੀ ਦੀ ਇੰਨੀ ਵੱਡੀ ਹਾਰ ਹੋਈ ਹੈ ਪਰ ਟਰੰਪ ਜ਼ਿੱਦੀ ਬੰਦਾ ਹੈ। ਉਹ ਕਿਸੇ ਦੀ ਪ੍ਰਵਾਹ ਨਹੀਂ ਕਰਦਾ। ਇਸ ਜੰਗ ਦਾ ਸਾਰੀ ਦੁਨੀਆਂ ’ਤੇ ਬਹੁਤ ਮਾਰੂ ਅਸਰ ਪਿਆ।

ਸਰਬਜੀਤ ਧਾਲੀਵਾਲ
ਜਦੋਂ ਵੋਟਰਾਂ ਨੂੰ ਗੁੱਸਾ ਆਉਂਦਾ ਹੈ ਤਾਂ ਫਿਰ ਉਹ ਵੱਡੇ ਤੋਂ ਵੱਡੇ ਖੱਬੀਖ਼ਾਨ ਦੀ ਗੋਡਣੀ ਲਵਾ ਦਿੰਦੇ ਨੇ। ਫਿਰ ਡਾਲਰਾਂ, ਰੁਪਈਆਂ ਨਾਲ ਭਰੀਆਂ ਬੋਰੀਆਂ ਕੰਮ ਨਹੀਂ ਆਉਂਦੀਆਂ। ਅਮਰੀਕਾ ’ਚ ਹੁਣੇ ਹੀ ਅਜਿਹਾ ਉਥੋਂ ਦੇ ਵੱਡੇ ਚੌਧਰੀ ਡੋਨਾਲਡ ਟਰੰਪ ਨਾਲ ਹੋਇਆ ਹੈ। ਅਮਰੀਕੀ ਵੋਟਰਾਂ ਨੇ ਹਾਲ ’ਚ ਹੀ ਹੋਈਆਂ ਅਮਰੀਕਨ ਕਾਂਗਰਸ ਦੇ ਦੋਨਾਂ ਸਦਨਾਂ-ਪ੍ਰਤੀਨਿਧ ਸਦਨ ਤੇ ਸੈਨੇਟ ਦੀਆਂ ਚੋਣਾਂ ’ਚ ਟਰੰਪ ਤੇ ਉਸ ਦੀ ਰੀਪਬਲੀਕਨ ਪਾਰਟੀ ਬੂਥ ਲਵਾ ਦਿੱਤੀ ਹੈ। ਬਿਲਕੁਲ ਉਵੇਂ ਹੀ ਜਿਵੇਂ ਪੰਜਾਬ ’ਚ ਗੁੱਸੇ ’ਚ ਆਏ ਵੋਟਰਾਂ ਨੇ 2022 ’ਚ ਦੋ ਰਵਾਇਤੀ ਪਾਰਟੀਆਂ ਨੂੰ ਵਿਧਾਨ ਸਭਾ ਚੋਣਾਂ ’ਚ ਮਧੋਲ ਕੇ ਰੱਖ ਦਿੱਤਾ ਸੀ। ਰਾਜਨੀਤੀ ’ਚ ਹੰਕਾਰ, ਦੋਗਲਾਪਣ ਤੇ ਧੋਖੇਬਾਜ਼ੀ ਬਹੁਤ ਦੇਰ ਨਹੀਂ ਚਲਦੀ। ਇਹੀ ਵਜ੍ਹਾ ਸੀ ਕੇ ਟਰੰਪ ਨੂੰ ਮਿਡ-ਟਰਮ ਚੋਣਾਂ ’ਚ ਹਾਰ ਦਾ ਮੂੰਹ ਦੇਖਣਾ ਪਿਆ। ਦੋ ਸਾਲ ਪਹਿਲਾਂ 2024 ’ਚ ਦੂਸਰੀ ਵਾਰ ਰਾਸ਼ਟਰਪਤੀ ਚੁਣੇ ਜਾਣ ਤੋਂ ਬਾਅਦ ਟਰੰਪ ਤੇ ਤਾਨਾਸ਼ਾਹ ਵਾਲੀਆਂ ਬਿਰਤੀਆਂ ਭਾਰੂ ਹੋ ਗਈਆਂ ਸੀ। ਉਸ ਨੇ ਦੁਨੀਆਂ ਦੇ ਵੱਡੇ ਤੋਂ ਛੋਟੇ ਦੇਸ਼ਾਂ ਨੂੰ ਡਰਾਉਣਾ-ਧਮਕਾਉਣਾ ਸ਼ੁਰੂ ਕਰ ਦਿੱਤਾ। ਗਰੀਨਲੈਂਡ ਤੋਂ ਲੈ ਕੇ ਕੈਨੇਡਾ ਵਰਗੇ ਦੇਸ਼ਾ ਨੂੰ ਆਪਣੇ ਦੇਸ਼ ਦਾ ਹਿੱਸਾ ਬਣਾਉਣ ਦਾ ਰਾਗ ਅਲਪਣਾ ਸ਼ੁਰੂ ਕਰ ਦਿੱਤਾ ਸੀ। ਭਾਰਤ ਤੇ ਚੀਨ ਵਰਗੇ ਦੇਸ਼ ਤੇ ਮਨਮਰਜ਼ੀ ਨਾਲ ਟੈਰਿਫ ਲਾਉਣੇ ਸ਼ੁਰੂ ਕਰ ਦਿੱਤੇ ਸੀ।
ਇਰਾਨ ਨਾਲ ਇਜਰਾਇਲ ਦੀ ਚੁੱਕ ’ਚ ਆ ਕੇ ਬੇਲੋੜੀ ਜੰਗ ਸ਼ੁਰੂ ਕਰ ਦਿੱਤੀ ਸੀ। ਇਰਾਨ ਨਾਲ ਸ਼ੁਰੂ ਕੀਤੀ ਜੰਗ ਦਾ ਅਮਰੀਕਾ ’ਚ ਵਿਰੋਧ ਵੀ ਹੋਇਆ। ਅਮਰੀਕਾ ਦੇ ਉਪ ਰਾਸ਼ਟਰਪਤੀ ਵਾਂਸ ਨੇ ਤਾਂ ਇਹ ਮੰਨ ਹੀ ਲਿਆ ਹੈ ਕਿ ਇਰਾਨ ਨਾਲ ਯੁੱਧ ਕਰ ਕੇ ਉਨ੍ਹਾਂ ਦੀ ਪਾਰਟੀ ਦੀ ਇੰਨੀ ਵੱਡੀ ਹਾਰ ਹੋਈ ਹੈ ਪਰ ਟਰੰਪ ਜ਼ਿੱਦੀ ਬੰਦਾ ਹੈ। ਉਹ ਕਿਸੇ ਦੀ ਪ੍ਰਵਾਹ ਨਹੀਂ ਕਰਦਾ। ਇਸ ਜੰਗ ਦਾ ਸਾਰੀ ਦੁਨੀਆਂ ’ਤੇ ਬਹੁਤ ਮਾਰੂ ਅਸਰ ਪਿਆ। ਤੇਲ ਦੀਆਂ ਕੀਮਤਾਂ ਵੱਧ ਗਈਆਂ। ਉਸ ਨਾਲ ਹੀ ਮਹਿੰਗਾਈ ਵੱਧ ਗਈ। ਅਮਰੀਕਾ ਤੇ ਯੂਰਪ ਦਾ ਮਹਿੰਗਾਈ ਕਰ ਕੇ ਬੁਰਾ ਹਾਲ ਹੋ ਗਿਆ। ਸਾਡਾ ਵੀ ਹੋਇਆ। ਤੇਲ ਦੀਆਂ ਕੀਮਤਾਂ ਨੇ ਸਾਡੇ ਵੀ ਨੱਕ ’ਚ ਦਮ ਕਰ ਰੱਖਿਆ ਹੈ। ਇਰਾਨ ਨਾਲ ਯੁੱਧ ਅਤੇ ਇਸ ਕਾਰਨ ਹੋਈ ਮਹਿੰਗਾਈ ਟਰੰਪ ਨੂੰ ਇਨ੍ਹਾਂ ਚੋਣਾਂ ’ਚ ਮਹਿੰਗੀ ਪਈ ਹੈ। ਅਮਰੀਕਾ ’ਚ ਤੇਲ ਦੀਆਂ ਕੀਮਤਾਂ ’ਚ 45 ਫ਼ੀਸਦ ਤੱਕ ਵਾਧਾ ਹੋ ਗਿਆ। ਹਾਰ ਦਾ ਦੂਸਰਾ ਵੱਡਾ ਕਾਰਨ ਹੈ ਅਮਰੀਕਾ ਦੇ ਉਪਰਲੇ ਰਾਜਨੀਤਕ ਵਰਗ ’ਚ ਫੈਲਿਆ ਭ੍ਰਿਸ਼ਟਾਚਾਰ। ਗੈਲਪ ਪੋਲ ਅਨੁਸਾਰ ਅਮਰੀਕਾ ’ਚ 10 ’ਚੋਂ 9 ਵਿਅਕਤੀ ਇਹ ਮੰਨਦੇ ਹਨ ਕਿ ਅਮਰੀਕਾ ਦੀਆਂ ਸੱਤਾਧਾਰੀ ਜਮਾਤਾਂ ਬੁਰੀ ਤਰਾਂ ਭ੍ਰਿਸ਼ਟਚਾਰ ਦੀਆਂ ਸ਼ਿਕਾਰ ਹੋ ਚੁੱਕੀਆਂ ਹਨ ਤੇ ਟਰੰਪ ਦੇ ਰਾਜ ’ਚ ਇਹ ਭ੍ਰਿਸ਼ਟਾਚਾਰ ਬਹੁਤ ਹੀ ਗੰਭੀਰ ਰੂਪ ਧਾਰਨ ਕਰ ਗਿਆ ਹੈ। ਅਮਰੀਕਾ ਦੇ ਲੋਕ ਅਕਸਰ ਇਹ ਦੋਸ਼ ਲਾਉਂਦੇ ਹਨ ਕਿ ਟਰੰਪ ਆਪਣੇ ਅਹੁਦੇ ਦੀ ਵਰਤੋਂ ਆਪਣੇ ਪਰਿਵਾਰਕ ਮੈਂਬਰਾਂ ਦੇ ਕਾਰੋਬਾਰ ’ਚ ਦਿਨ-ਦੁੱਗਣੀ ਤੇ ਰਾਤ ਚੌਗਣੀ ਤਰੱਕੀ ਕਰਨ ਲਈ ਵਰਤ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਉਸ ਦਾ ਪਰਿਵਾਰ ਉਸ ਦੀ ਛਤਰ ਛਾਇਆ ਹੇਠ ਮਾਲਾ-ਮਾਲ ਹੋ ਰਿਹਾ ਹੈ।
ਜਿਸ ਢੰਗ ਨਾਲ ਟਰੰਪ ਪਰਵਾਸੀਆਂ ਦੇ ਮਗਰ ਪਿਆ, ਉਸ ਨੂੰ ਵੀ ਅਮਰੀਕਾ ਦੇ ਬਹੁਤ ਸਾਰੇ ਲੋਕਾਂ ਨੇ ਠੀਕ ਨਹੀਂ ਸਮਝਿਆ। ਖ਼ਾਸਕਰ ਲਾਤੀਨੋ ਮੂਲ ਦੇ ਲੋਕਾਂ ਨੇ। ਕਹਿਣ ਤੋਂ ਭਾਵ ਲੈਟਿਨ ਅਮਰੀਕਾ ਨਾਲ ਸੰਬੰਧਤ ਦੇਸ਼ਾ ’ਚੋਂ ਆ ਕੇ ਅਮਰੀਕਾ ’ਚ ਵਸੇ ਲੋਕਾਂ ਨੇ। ਰਾਸ਼ਟਰਪਤੀ ਦੀ ਚੋਣ ਵੇਲੇ ਲਾਤੀਨੀਆਂ, ਹਿਸਪੈਨਿਕ ਲੋਕਾਂ ਨੇ ਟਰੰਪ ਦੀ ਪੁਰਜ਼ੋਰ ਮਦਦ ਕੀਤੀ ਸੀ ਪਰ ਹੁਣ ਅਮਰੀਕਨ ਕਾਂਗਰਸ ਦੇ ਦੋਨਾਂ ਸਦਨਾਂ ਦੀ ਚੋਣ ’ਚ ਇਹ ਲੋਕ ਵੱਡੀ ਗਿਣਤੀ ’ਚ ਟਰੰਪ ਦੀ ਪਾਰਟੀ ਦੇ ਖ਼ਿਲਾਫ਼ ਭੁਗਤੇ ਹਨ। ਟਰੰਪ ਦੀ ਪਾਰਟੀ ਉੱਥੇ ਵੀ ਚੋਣ ਹਾਰ ਗਈ, ਜਿੱਥੇ ਇਸ ਚੋਣ ਹਾਰਨ ਦਾ ਸੁਪਨਾ ਵੀ ਨਹੀਂ ਲਿਆ ਸੀ। ਡੇਮੋਕ੍ਰੈਟਾਂ ਦੇ ਅਮਰੀਕਾ ’ਚ ਪਿਛਲੇ 50 ਸਾਲਾਂ ’ਚ ਇਸ ਸਭ ਤੋਂ ਵੱਡੀ ਜਿੱਤ ਹੈ ਅਤੇ ਰੀਪਬਲੀਕਨ ਪਾਰਟੀ ਦੀ ਸੱਭ ਤੋਂ ਵੱਡੀ ਹਾਰ। ਅਮਰੀਕਾ ’ਚ ਡੇਮੋਕ੍ਰੈਟਿਕ ਪਾਰਟੀ ਦੀ ਪਛਾਣ ਦਾ ਮੁੱਖ ਚਿੰਨ੍ਹ ਨੀਲਾ (ਬਲੂ) ਰੰਗ ਹੈ ਤੇ ਰੀਪਬਲੀਕਨ ਪਾਰਟੀ ਦੀ ਪਛਾਣ ਲਾਲ ਰੰਗ ਨਾਲ ਜੁੜੀ ਹੋਈ ਹੈ। ਇਸ ਵਾਰ ਡੀਪ ਰੈਡ ਸੂਬਿਆਂ ਜਿਵੇਂ ਕਿ ਕੰਸਾਂਸ, ਸਾਊਥ ਕੈਰੋਲਾਇਨ, ਟੈਕਸਾਸ, ਜਿੱਥੇ ਰੀਪਬਲੀਕਨ ਪਾਰਟੀ ਦੀ ਹਰ ਚੋਣ ’ਚ ਜਿੱਤ ਪਿਛਲੇ ਕਈ ਦਹਾਕਿਆਂ ਤੋਂ ਯਕੀਨੀ ਸਮਝੀ ਜਾਂਦੀ ਸੀ, ’ਚ ਵੀ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਕੰਸਾਂਸ ਪ੍ਰਾਂਤ ’ਚ ਸਾਲ 1932 ਬਾਅਦ ਡੈਮੋਕ੍ਰੇਟਿਕ ਪਾਰਟੀ ਦਾ ਐਡਮ ਹੈਮਿਲਟਨ ਪਹਿਲੀ ਵਾਰ ਚੋਣ ਜਿੱਤਿਆ। ਕਈ ਟਰੰਪ ਦੇ ਮੁੱਛ ਦਾ ਵਾਲ ਸਮਝੇ ਜਾਂਦੇ, ਜਿਨ੍ਹਾਂ ਨੂੰ ਟਰੰਪ ਨੇ ਬੜੇ ਪਾਰਟੀ ਦੇ ਦੂਜੇ ਨੇਤਾਵਾਂ ਨਾਲ ਧੱਕਾ ਕਰਕੇ, ਟਿਕਟ ਦਵਾਈ ਸੀ , ਉਹ ਨੇਤਾ ਵੀ ਇਸ ਚੋਣ ’ਚ ਹਾਰ ਗਏ ਹਨ।
ਰਾਸ਼ਟਰਪਤੀ ਦੇ ਚੋਣ ਸਮੇ ਟਰੰਪ ਨੇ ‘ਮਾਗਾ’ (ਮੇਕ ਅਮਰੀਕਾ ਗ੍ਰੇਟ ਆਗੇਨ) ਦਾ ਨਾਅਰਾ ਦਿੱਤਾ ਸੀ। ਇਸ ਹਾਰ ਤੋਂ ਬਾਅਦ ਇਸ ਨਾਅਰੇ ਦੀ ਫੂਕ ਨਿਕਲ ਗਈ ਹੈ। ਟਰੰਪ ਨੇ ਅਮਰੀਕੀ ਰਾਸ਼ਟਰਵਾਦ ਦਾ ਅੰਨੇਵਾਹ ਪ੍ਰਚਾਰ ਕੀਤਾ ਸੀ ਤੇ ਆਪਣੇ ਕੁਝ ਸਿਆਸੀ ਵਿਰੋਧੀਆਂ ਨੂੰ ਦੇਸ਼ਧਰੋਹੀ ਤੱਕ ਗਰਦਾਨ ਦਿੱਤਾ ਸੀ। ਉਸ ਨੇ ਪ੍ਰਵਾਸੀਆਂ ਨੂੰ ਆਪਣਾ ਨਿਸ਼ਾਨਾ ਬਣਾਇਆ ਤੇ ਅਮਰੀਕਾ ਦੇ ਦਰਵਾਜ਼ੇ ਬਹੁਤ ਸਾਰੇ ਮੁਲਖਾਂ ਲਈ ਬੰਦ ਕਰ ਦਿੱਤੇ। ਟਰੰਪ ਨੇ ਮਿਸ਼ੀਗਨ ਪ੍ਰਾਂਤ ’ਚ ਚੋਣ ਲੜ ਰਹੇ ਅਰਬ ਮੂਲ ਦੇ ਇਕ ਮੁਸਲਮਾਨ ਉਮੀਦਵਾਰ ਡਾਕਟਰ ਅਬਦੁੱਲ-ਅਲ-ਸਈਅਦ, ਜਿਸ ਦੀ ਪਤਨੀ ਕਰਨਾਟਕਾ ਨਾਲ ਸੰਬੰਧਿਤ ਹੈ, ਦੇ ਖ਼ਿਲਾਫ਼ ਵੱਡਾ ਹੋ-ਹਲ੍ਹਾ ਖੜ੍ਹਾ ਕੀਤਾ। ਕਿਹਾ ਕਿ ਤੈਨੂੰ ਸਦਨ ’ਚ ਵੜਨ ਤੋਂ ਪਹਿਲਾਂ ਮੈਟਲ ਡਿਟੈਕਟਰ ਰਾਹੀਂ ਲੰਘਣਾ ਪਿਆ ਕਰੇਗਾ। ਟਰੰਪ ਵੱਲੋਂ ਉਸ ਖ਼ਿਲਾਫ਼ ਕੀਤੇ ਫਿਰਕੂ ਕੂੜ ਪ੍ਰਚਾਰ ਦੇ ਬਾਵਜੂਦ ਉਹ ਸੈਨੇਟਰ ਚੋਣ ਜਿੱਤ ਗਿਆ ਹੈ ਤੇ ਹੁਣ ਉਹ ਕਹਿ ਰਿਹਾ ਕਿ ਟਰੰਪ ਸਾਹਿਬ ਤੁਹਾਡੇ ਲਈ ‘ਲਾਈ-ਡਿਟੈਕਟਰ’ ਤਿਆਰ ਕੀਤਾ ਜਾ ਰਿਹਾ ਹੈ। ਅਬਦੁਲ ਸ਼ਾਇਦ ਮੁਸਲਮਾਨ ਭਾਈਚਾਰੇ ਵਿਚੋਂ ਪਹਿਲਾ ਵਿਆਕਤੀ ਹੈ, ਜੋ ਸੈਨੇਟ ਲਈ ਚੁਣਿਆ ਗਿਆ ਹੈ।
ਇਸ ’ਚ ਕੋਈ ਸ਼ੱਕ ਹੀ ਨਹੀਂ ਕਿ ਟਰੰਪ ਨੂੰ ਇਸ ਹਾਰ ਤੋਂ ਬਾਅਦ ਭਾਰੀ ਨਮੋਸ਼ੀ ਹੋਈ ਹੈ। ਇਸ ਕਰ ਕੇ ਉਹ ਯੱਭਲੀਆਂ ਮਾਰਨ ਲਗ ਪਿਆ ਹੈ। ਕਦੇ ਕਹਿ ਦਿੰਦਾ ਹੈ ਕਿ ਮਹਿੰਗਾਈ ਤੇ ਇਰਾਨ ਯੁੱਧ ਕਰ ਕੇ ਹਾਰ ਨਹੀਂ ਹੋਈ। ਹਾਰ ਇਸ ਕਰ ਕੇ ਹੋਈ ਹੈ ਕਿ ਮੇਰੀ ਬੈਲਟ ਪੇਪਰਾਂ ’ਤੇ ਫੋਟੋ ਨਹੀਂ ਸੀ। ਕਦੇ ਕਹਿ ਦਿੰਦਾ ਹੈ ਕਿ ਇਹ ਉਸ ਦੀ ਨੀਤੀਆਂ ਦੇ ਤੇ ਉਸ ਦੇ ਖ਼ਿਲਾਫ਼ ਫ਼ਤਵਾ ਨਹੀਂ ਸਗੋਂ ਇਹ ਹਾਰ ਤਾਂ ਪਾਰਟੀ ਵਲੋਂ ਖੜ੍ਹੇ ਕੀਤੇ ਗਏ ਨਿਕੰਮੇ ਉਮੀਦਵਾਰਾਂ ਕਰ ਕੇ ਹੋਈ ਹੈ। ਕਦੇ ਉਹ ਕਹਿੰਦਾ ਹੈ ਉਹ ਡੈਮੋਕ੍ਰੇਟਾਂ ਨਾਲ ਮਿਲ ਕੇ ਚੱਲੇਗਾ ਤੇ ਕਦੇ ਆਪਣੀ ਉਹ ਟੋਪੀ ਮੂਹਰੇ ਕਰ ਦਿੰਦਾ ਹੈ, ਜਿਸ ’ਤੇ ‘ਵੀਟੋ’ ਲਿਖਿਆ ਹੋਇਆ ਹੈ। ਟਰੰਪ ਨੇ ਚੋਣਾਂ ਤੋਂ ਪਹਿਲਾਂ ਬਹੁਤ ਜ਼ੋਰ ਨਾਲ ਚੋਣ ਪ੍ਰਚਾਰ ਕੀਤਾ ਸੀ। ਉਸ ਨੇ 25 ਦਿਨਾਂ ’ਚ 30 ਦੇ ਕਰੀਬ ਰੈਲੀਆਂ ਕਰੀਆਂ ਸਨ। ਵੱਡੇ ਏਲੋਨ ਮਸਕ ਵਰਗੇ ਅਰਬਪਤੀਆਂ ਤੋਂ ਕਰੋੜਾਂ ਡਾਲਰ ਇਕੱਠੇ ਕਰ ਕੇ ਚੋਣ ’ਚ ਲਾਏ ਸਨ ਪਰ ਜਦੋਂ ਲੋਕ ਖ਼ਿਲਾਫ਼ ਹੋ ਜਾਣ ਫਿਰ ਕੋਈ ਮੰਤਰ ਕੰਮ ਨਹੀਂ ਕਰਦਾ।
ਹੁਣ ਟਰੰਪ ਕੀ ਕਰੇਗਾ? ਇਹ ਸਵਾਲ ਸੱਭ ਤੋਂ ਪ੍ਰਮੁੱਖ ਹੈ। ਇਸ ਵੇਲੇ ਉਸ ਦੀ ਹਾਲਤ ਜਖਮੀ ਸ਼ੇਰ ਵਰਗੀ ਹੈ। ਜ਼ਖ਼ਮੀ ਸ਼ੇਰ ’ਚ ਬਦਲਾ ਲੈਣ ਦੀ ਭਾਵਨਾਂ ਬਹੁਤ ਹੀ ਤੀਬਰ ਹੋ ਜਾਂਦੀ ਹੈ। ਕੀ ਟਰੰਪ ਇਸ ਹਾਰ ਬਦਲਾ ਲਵੇਗਾ। ਉਸ ਬਾਰੇ ਕੋਈ ਵੀ ਭਵਿੱਖਬਾਣੀ ਕਰਨੀ ਸੌਖਾ ਕੰਮ ਨਹੀਂ ਹੈ। ਉਹ ਬਹੁਤ ਹੀ ਗੁੰਝਲਦਾਰ ਸਿਆਸੀ ਆਗੂ ਹੈ। ਰਾਸ਼ਟਰਪਤੀ ਦੀ ਚੋਣ ਤੋਂ ਪਹਿਲਾਂ ਉਸ ਨੇ ਅਮਰੀਕਨਾਂ ਨੂੰ ਕਿਹਾ ਸੀ ਕੇ ਉਹ ਕੋਈ ਯੁੱਧ ਨਹੀਂ ਕਰੇਗਾ ਪਰ ਉਸ ਨੇ ਬਿਨਾਂ ਕਿਸੇ ਠੋਸ ਕਾਰਨ ਦੇ ਇਰਾਨ ਨਾਲ ਯੁੱਧ ਛੇੜ ਲਿਆ। ਨਾਲੇ ਯੁੱਧ ਛੇੜੀ ਬੈਠਾ ਸੀ ਤੇ ਨਾਲ ਨੋਬਲ ਪੀਸ ਪ੍ਰਾਈਜ਼ ਲਈ ਲਾਬਿੰਗ ਕਰ ਰਿਹਾ ਸੀ। ਅਲੱਗ ਦੇਸ਼ਾਂ ਨੂੰ ਕਹਿ ਰਿਹਾ ਸੀ ਕੇ ਉਸ ਨੂੰ ਪ੍ਰਾਈਜ਼ ਦੇਣ ਲਈ ਨੋਬਲ ਪੀਸ ਕਮੇਟੀ ’ਤੇ ਦਬਾਅ ਪਾਉ। ਇਰਾਨ ਖ਼ਿਲਾਫ਼ ਯੁੱਧ ਛੇੜੀ ਬੈਠਾ ਟਰੰਪ ਦਾਅਵੇ ਕਰਦਾ ਨਹੀਂ ਥੱਕਦਾ ਕਿ ਉਸ ਨੇ ਬਹੁਤ ਸਾਰੇ ਮੁਲਕਾਂ ’ਚ ਹੋ ਰਹੇ ਯੁੱਧ ਬੰਦ ਕਰਵਾਏ ਹਨ।
ਚੋਣਾਂ ’ਚ ਹਾਰ ਕਾਰਨ ਡੇਮੋਕ੍ਰੈਟ ਮਜਬੂਤ ਹੋਏ ਹਨ ਅਤੇ ਉਹ ਰਾਸ਼ਟਰਪਤੀ ਲਈ ਕਾਂਗਰਸ ’ਚ ਬਹੁਤ ਅੜਿੱਕੇ ਖੜ੍ਹੇ ਕਰ ਸਕਦੇ ਹਨ। ਉਸ ਦੇ ਪਰਿਵਾਰ ਖ਼ਿਲਾਫ਼ ਧਨ ਇਕੱਠਾ ਕਰਨ ਦੇ ਦੋਸ਼ਾਂ ਦੀ ਜਾਂਚ ਕਰਵਾ ਸਕਦੇ ਹਨ। ਬਿੱਲ ਪਾਸ ਹੋਣ ਤੋਂ ਰੋਕ ਸਕਦੇ ਹਨ। ਯੁੱਧ ਲਈ ਚਾਹੀਦੇ ਪੈਸੇ ’ਤੇ ਰੋਕ ਲਾ ਸਕਦੇ ਹਨ। ਡੈਮੋਕ੍ਰੇਟ ਜਾਂਚ ਕਰਵਾਉਣ ਦੀ ਗੱਲ ਕਹਿ ਵੀ ਰਹੇ ਹਨ ਪਰ ਅਜੇ ਵੀ ਟਰੰਪ ਕੋਲ ਰਾਸ਼ਟਰਪਤੀ ਦੀ ਹੈਸੀਅਤ ’ਚ ਬਹੁਤ ਅਜਿਹੀਆਂ ਐਗਜ਼ੈਕਟਿਵ ਸ਼ਕਤੀਆਂ ਹਨ, ਜਿਨ੍ਹਾਂ ਦੇ ਸਹਾਰੇ ਉਹ ਆਪਣੀ ਗੱਲ ਪੁਗਾ ਸਕਦਾ ਹੈ ਅਤੇ ਕਾਂਗਰਸ ਦੇ ਫ਼ੈਸਲਿਆਂ ਨੂੰ ਵੀਟੋ ਕਰ ਸਕਦਾ। ਉਹ ਕਮਜ਼ੋਰ ਜ਼ਰੂਰ ਹੋਇਆ ਹੈ ਅਤੇ ਕਈ ਵਾਰੀ ਉਸ ਨੂੰ ਡੈਮੋਕ੍ਰੇਟਾਂ ਦਾ ਮਿਨਤ-ਤਰਲਾ ਵੀ ਕਰਨਾ ਪੈ ਸਕਦਾ ਹੈ।
ਭਾਰਤ ਤੇ ਦੂਜੇ ਦੇਸ਼ਾ ’ਤੇ ਰੂਸ ਤੋਂ ਤੇਲ ਲੈਣ ਕਰ ਕੇ ਮਨਮਰਜ਼ੀ ਨਾਲ ਸਜਾ ਦੇ ਤੌਰ ’ਤੇ ਟੈਰਿਫ ਲਾ ਰਿਹਾ ਸੀ ਤੇ ਆਪ ਹੁਣ ਰੂਸ ਤੋਂ ਤੇਲ ਲੈਣ ਲੱਗ ਪਿਆ ਹੈ। ਭਾਰਤ ਨਾਲ ਉਸ ਨੇ ਟਰੇਡ ਡੀਲ ਕਰਨੀ ਹੈ। ਇਸ ਬਾਰੇ ਗੱਲਬਾਤ ਆਖਰੀ ਦੌਰ ’ਚ ਪਹੁੰਚ ਗਈ ਹੈ। ਭਾਰਤ ਨੂੰ ਹੁਣ ਟਰੰਪ ਦੀ ਹੋਈ ਕਰਾਰੀ ਹਾਰ ਤੋਂ ਫਾਇਦਾ ਉਠਾਣਾ ਚਾਹੀਦਾ ਹੈ। ਆਪਣੇ ਸਟੈਂਡ ’ਤੇ ਅੜੇ ਰਹਿਣਾ ਚਾਹੀਦਾ ਹੈ ਤੇ ਖੇਤੀਬਾੜੀ ਸੈਕਟਰ ਨੂੰ ਬਚਾਅ ਕੇ ਰੱਖਣਾ ਚਾਹੀਂਦਾ ਹੈ। (ਸੰਪਰਕ : 99156-22338)