- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੇਰੇ ਪੁੱਤਰਾਂ ਤੇ ਨੂੰਹਾਂ ਨੇ ਵੀ ਮੇਰੀ ਬਹੁਤ ਸੇਵਾ ਕੀਤੀ, ਪਰ ਉਸ ਦੇ ਸਾਥ ਤੇ ਹੌਸਲੇ ਦਾ ਅਹਿਸਾਸ ਵੱਖਰਾ ਸੀ। ਉਸ ਦੀ ਮੌਜੂਦਗੀ ਮੈਨੂੰ ਇਹ ਭਰੋਸਾ ਦਿੰਦੀ ਸੀ ਕਿ ਮੈਂ ਇਕੱਲਾ ਨਹੀਂ ਹਾਂ। ਅੱਜ ਉਸ ਦੇ ਵਿਛੋੜੇ ਨੇ ਮੇਰੀ ਜ਼ਿੰਦਗੀ ’ਚ ਅਜਿਹਾ ਖ਼ਾਲੀਪਣ ਪੈਦਾ ਕਰ ਦਿੱਤਾ ਹੈ, ਜਿਸ ਨੂੰ ਸ਼ਬਦਾਂ ’ਚ ਬਿਆਨ ਕਰਨਾ ਬਹੁਤ ਔਖਾ ਹੈ। ਘਰ ਦੇ ਹਰ ਕੋਨੇ ’ਚ ਉਸ ਦੀਆਂ ਯਾਦਾਂ ਵੱਸਦੀਆਂ ਹਨ। ਕਦੇ ਉਸ ਦੀ ਆਵਾਜ਼ ਦਾ ਭੁਲੇਖਾ ਪੈਂਦਾ ਹੈ, ਕਦੇ ਉਸ ਦੇ ਹੱਥਾਂ ਦੀ ਛੋਹ ਯਾਦ ਆਉਂਦੀ ਹੈ ਪਰ ਜਦੋਂ ਉਸ ਨੂੰ ਆਵਾਜ਼ ਮਾਰਨ ’ਤੇ ਜਵਾਬ ਨਹੀਂ ਮਿਲਦਾ ਤਾਂ ਦਿਲ ਅੰਦਰੋਂ ਟੁੱਟ ਜਾਂਦਾ ਹੈ। ‘ਉਸ ਦੇ ਤੁਰ ਜਾਣ ਤੋਂ ਬਾਅਦ ਇੰਝ ਲੱਗਦਾ ਹੈ, ਜਿਵੇਂ ਮੇਰ

-ਅੱਜ ਭੋਗ ’ਤੇ ਖ਼ਾਸ
ਮੇਰੀ ਜੀਵਨ-ਸਾਥਣ ਵਿਦਿਆ ਕੌਰ ਇਕ ਬਹੁਤ ਹੀ ਨੇਕਦਿਲ, ਸਚੱਜੀ ਅਤੇ ਸਹਿਣਸ਼ੀਲ ਔਰਤ ਸੀ, ਜਿਸ ਨੇ ਮੇਰੇ ਸੰਘਰਸ਼ਾਂ ਭਰੇ ਜੀਵਨ ਨੂੰ ਆਪਣੇ ਪਿਆਰ, ਸਬਰ ਅਤੇ ਸਮਰਪਣ ਨਾਲ ਬਹੁਤ ਹੀ ਸੁਹਿਰਦ ਤਰੀਕੇ ਨਾਲ ਸਹਾਰਾ ਦਿੱਤਾ। ਉਹ ਸਿਰਫ਼ ਮੇਰੀ ਪਤਨੀ ਹੀ ਨਹੀਂ, ਸਗੋਂ ਮੇਰੀਆਂ ਚਿੰਤਾਵਾਂ ਦੀ ਹਮਰਾਜ਼, ਔਖੇ ਸਮਿਆਂ ਦੀ ਸਾਥਣ ਅਤੇ ਪਰਿਵਾਰ ਦੀ ਬੇਹੱਦ ਮਜ਼ਬੂਤ ਨੀਂਹ ਸੀ। ਇੰਝ ਲੱਗਦਾ ਹੈ ਕਿ ਉਸ ਦੀ ਮਾਂ ਨੇ ਵੀ ਉਸ ਦਾ ਨਾਂ ਬੜਾ ਸੋਹਣਾ ਤੇ ਅਰਥ ਭਰਪੂਰ ਰੱਖਿਆ ਸੀ ਵਿਦਿਆ ਕੌਰ। ਭਾਵੇਂ ਉਹ ਆਪ ਬਹੁਤਾ ਪੜ੍ਹ-ਲਿਖ ਨਹੀਂ ਸਕੀ, ਪਰ ਉਸ ਨੇ ਆਪਣੇ ਬੱਚਿਆਂ ਦੇ ਜੀਵਨ ’ਚ ਵਿੱਦਿਆ ਦਾ ਅਜਿਹਾ ਚਾਨਣ ਜਗਾਇਆ ਕਿ ਅੱਜ ਉਹ ਵੱਖ-ਵੱਖ ਖੇਤਰਾਂ ’ਚ ਆਪਣੀ ਪਛਾਣ ਬਣਾ ਰਹੇ ਹਨ ਤੇ ਉਸ ਵੱਲੋਂ ਦਿੱਤੀਆਂ ਗਈਆਂ ਸਿੱਖਿਆਵਾਂ ਮੁਤਾਬਕ ਜ਼ਿੰਦਗੀ ’ਚ ਅੱਗੇ ਵਧ ਰਹੇ ਹਨ। ਅਗਸਤ 1969 ’ਚ ਜਦੋਂ ਵਿਦਿਆ ਕੌਰ ਵਿਆਹ ਕੇ ਮੇਰੇ ਘਰ ਆਈ, ਉਸ ਵੇਲੇ ਮੈਂ ਫ਼ੌਜ ’ਚ ਸਿਪਾਹੀ ਦੇ ਰੈਂਕ ’ਤੇ ਤਾਇਨਾਤ ਸਾਂ। ਸਾਡੇ ਵਿਆਹੁਤਾ ਜੀਵਨ ਦਾ ਸਫ਼ਰ ਫੁੱਲਾਂ ਦੀ ਸੇਜ ਵਰਗਾ ਨਹੀਂ ਸੀ। ਆਰਥਿਕ ਤੰਗੀਆਂ ਤੇ ਪਰਿਵਾਰਕ ਜ਼ਿੰਮੇਵਾਰੀਆਂ ਸਾਡੇ ਸਾਹਮਣੇ ਵੱਡੀਆਂ ਚੁਣੌਤੀਆਂ ਵਾਂਗ ਖੜ੍ਹੀਆਂ ਸਨ ਪਰ ਉਸ ਨੇ ਹਰ ਔਕੜ ਨੂੰ ਹਿੰਮਤ ਤੇ ਖਿੜੇ ਮੱਥੇ ਨਾਲ ਸਵੀਕਾਰਿਆ। ਕਦੇ ਕਪਾਹਾਂ ਚੁਗੀਆਂ, ਕਦੇ ਕਣਕਾਂ ਵੱਢੀਆਂ, ਕਦੇ ਪਸ਼ੂ ਪਾਲੇ ਅਤੇ ਕਦੇ ਘਰ ਦੀਆਂ ਜ਼ਿੰਮੇਵਾਰੀਆਂ ਨੂੰ ਨਿਭਾਇਆ। ਉਸ ਨੇ ਮਿਹਨਤ ਤਾਂ ਬੇਅੰਤ ਕੀਤੀ ਪਰ ਕਦੇ ਆਪਣੇ ਵੱਲੋਂ ਕੀਤੇ ਤਿਆਗ ਦਾ ਅਹਿਸਾਨ ਨਹੀਂ ਜਤਾਇਆ। ਅੱਜ ਮਹਿਸੂਸ ਹੁੰਦਾ ਹੈ ਕਿ ਸਾਡੇ ਪਰਿਵਾਰ ਦੀ ਤਰੱਕੀ ਪਿੱਛੇ ਉਸ ਦੀਆਂ ਅਣਗਿਣਤ ਕੁਰਬਾਨੀਆਂ ਦਾ ਵੱਡਾ ਯੋਗਦਾਨ ਹੈ। ਵਿਦਿਆ ਕੌਰ ਦੇ ਸੁਭਾਅ ’ਚ ਸਾਦਗੀ, ਨਿਮਰਤਾ ਤੇ ਚੜ੍ਹਦੀ ਕਲਾ ਸੀ। ਉਹ ਮੇਰੀਆਂ ਜ਼ਰੂਰਤਾਂ ਨੂੰ ਮੇਰੇ ਕਹਿਣ ਤੋਂ ਪਹਿਲਾਂ ਸਮਝ ਲੈਂਦੀ ਤੇ ਮੇਰੀ ਸਿਹਤ ਤੇ ਖਾਣ-ਪੀਣ ਦੀ ਰੱਜ ਕੇ ਫ਼ਿਕਰ ਕਰਦੀ ਸੀ। ਜ਼ਿੰਦਗੀ ’ਚ ਗਿਲੇ-ਸ਼ਿਕਵੇ ਵੀ ਆਏ ਪਰ ਉਹ ਨਾਰਾਜ਼ਗੀ ਨੂੰ ਦਿਲ ’ਚ ਥਾਂ ਨਹੀਂ ਦਿੰਦੀ ਸੀ। ਉਸ ਨੇ ਆਪਣੇ ਵਿਹਾਰ ਰਾਹੀਂ ਸਿਖਾਇਆ ਕਿ ਰਿਸ਼ਤਿਆਂ ਨੂੰ ਜਿਊਂਦਾ ਰੱਖਣ ਲਈ ਪਿਆਰ, ਸਬਰ ਤੇ ਇੱਕ-ਦੂਜੇ ਨੂੰ ਸਮਝਣ ਦੀ ਭਾਵਨਾ ਸਭ ਤੋਂ ਜ਼ਰੂਰੀ ਹੈ। ਜਦੋਂ ਮੈਨੂੰ ਸਿਹਤ ਦੀਆਂ ਸਮੱਸਿਆਵਾਂ ਨੇ ਘੇਰਿਆ ਤਾਂ ਵਿਦਿਆ ਮੇਰੇ ਕੋਲ ਮਜ਼ਬੂਤ ਸਹਾਰੇ ਵਾਂਗ ਖੜ੍ਹੀ ਰਹੀ। ਮੇਰੇ ਪੁੱਤਰਾਂ ਤੇ ਨੂੰਹਾਂ ਨੇ ਵੀ ਮੇਰੀ ਬਹੁਤ ਸੇਵਾ ਕੀਤੀ, ਪਰ ਉਸ ਦੇ ਸਾਥ ਤੇ ਹੌਸਲੇ ਦਾ ਅਹਿਸਾਸ ਵੱਖਰਾ ਸੀ। ਉਸ ਦੀ ਮੌਜੂਦਗੀ ਮੈਨੂੰ ਇਹ ਭਰੋਸਾ ਦਿੰਦੀ ਸੀ ਕਿ ਮੈਂ ਇਕੱਲਾ ਨਹੀਂ ਹਾਂ। ਅੱਜ ਉਸ ਦੇ ਵਿਛੋੜੇ ਨੇ ਮੇਰੀ ਜ਼ਿੰਦਗੀ ’ਚ ਅਜਿਹਾ ਖ਼ਾਲੀਪਣ ਪੈਦਾ ਕਰ ਦਿੱਤਾ ਹੈ, ਜਿਸ ਨੂੰ ਸ਼ਬਦਾਂ ’ਚ ਬਿਆਨ ਕਰਨਾ ਬਹੁਤ ਔਖਾ ਹੈ। ਘਰ ਦੇ ਹਰ ਕੋਨੇ ’ਚ ਉਸ ਦੀਆਂ ਯਾਦਾਂ ਵੱਸਦੀਆਂ ਹਨ। ਕਦੇ ਉਸ ਦੀ ਆਵਾਜ਼ ਦਾ ਭੁਲੇਖਾ ਪੈਂਦਾ ਹੈ, ਕਦੇ ਉਸ ਦੇ ਹੱਥਾਂ ਦੀ ਛੋਹ ਯਾਦ ਆਉਂਦੀ ਹੈ ਪਰ ਜਦੋਂ ਉਸ ਨੂੰ ਆਵਾਜ਼ ਮਾਰਨ ’ਤੇ ਜਵਾਬ ਨਹੀਂ ਮਿਲਦਾ ਤਾਂ ਦਿਲ ਅੰਦਰੋਂ ਟੁੱਟ ਜਾਂਦਾ ਹੈ। ‘ਉਸ ਦੇ ਤੁਰ ਜਾਣ ਤੋਂ ਬਾਅਦ ਇੰਝ ਲੱਗਦਾ ਹੈ, ਜਿਵੇਂ ਮੇਰੇ ਸਰੀਰ ਦਾ ਕੋਈ ਅੰਗ ਹੀ ਕੱਟ ਗਿਆ ਹੋਵੇ।’ ਇਹ ਸ਼ਬਦ ਪੰਜਾਹਾਂ ਸਾਲਾਂ ਦੇ ਸਾਥ ਦੀ ਪੀੜ ਨੂੰ ਬਿਆਨ ਕਰਦੇ ਹਨ। ਉਹ ਮੇਰੇ ਜੀਵਨ ਦਾ ਅਜਿਹਾ ਹਿੱਸਾ ਬਣ ਚੁੱਕੀ ਸੀ ਕਿ ਉਸ ਤੋਂ ਬਿਨਾਂ ਆਪਣੇ ਆਪ ਨੂੰ ਅਧੂਰਾ ਮਹਿਸੂਸ ਕਰਦਾ ਹਾਂ। ਵਿਦਿਆ ਕੌਰ ਭਾਵੇਂ ਸਰੀਰਕ ਤੌਰ ’ਤੇ ਸਾਡੇ ਵਿਚਕਾਰ ਨਹੀਂ ਰਹੀ, ਪਰ ਉਸ ਦੇ ਦਿੱਤੇ ਸੰਸਕਾਰ, ਮਿਹਨਤ ਅਤੇ ਪਿਆਰ ਅੱਜ ਵੀ ਸਾਡੇ ਪਰਿਵਾਰ ’ਚ ਜਿਊਂਦੇ ਹਨ। ਮੇਰੇ ਪੁੱਤਰ ਅਤੇ ਨੂੰਹਾਂ ਮੇਰੀ ਸੇਵਾ ਕਰਦੇ ਹਨ, ਜਿਸ ’ਚ ਮੈਨੂੰ ਉਸ ਵੱਲੋਂ ਦਿੱਤੇ ਚੰਗੇ ਸੰਸਕਾਰਾਂ ਦੀ ਝਲਕ ਦਿਖਾਈ ਦਿੰਦੀ ਹੈ। ਵਿਦਿਆ ਕੌਰ ਦਾ ਸਾਥ ਮੁੱਕ ਗਿਆ ਹੈ, ਪਰ ਉਸ ਦਾ ਪਿਆਰ ਮੇਰੀ ਰੂਹ ’ਚ ਸਦਾ ਵੱਸਦਾ ਰਹੇਗਾ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਕੁਝ ਔਰਤਾਂ ਸਿਰਫ਼ ਘਰ ਨਹੀਂ ਵਸਾਉਂਦੀਆਂ, ਸਗੋਂ ਪੂਰੀ ਜ਼ਿੰਦਗੀ ਵਸਾ ਜਾਂਦੀਆਂ ਹਨ। ਉਨ੍ਹਾਂ ਦੀ ਸ਼ਖ਼ਸੀਅਤ ਘਰ ਤੇ ਆਲੇ ਦੁਆਲੇ ਹਮੇਸ਼ਾ ਜਿਉਂਦਾ ਰਹਿੰਦੀ ਹੈ। ਵਿਦਿਆ ਕੌਰ ਵੀ ਅਜਿਹੀ ਹੀ ਔਰਤ ਸੀ, ਜਿਸ ਦੀ ਮਿਹਨਤ, ਤਿਆਗ ਤੇ ਅਪਣੱਤ ਦੀ ਮਹਿਕ ਮੇਰੇ ਆਖ਼ਰੀ ਸਾਹ ਤੱਕ ਮੇਰੇ ਨਾਲ ਰਹੇਗੀ।
-ਤੇਜਾ ਸਿੰਘ ਬਿਲਾਸਪੁਰ, ਸੇਵਾ-ਮੁਕਤ ਮੇਜਰ ਸੂਬੇਦਾਰ।