
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਜੀਵਨ ’ਚ ਦੂਜਿਆਂ ਨਾਲ ਤੁਲਨਾ ਕਰਨ ਦੀ ਬਜਾਏ ਜੇ ਅਸੀਂ ਕੱਲ੍ਹ ਦੇ ਆਪਣੇ ਰੂਪ ਨਾਲੋਂ ਬਿਹਤਰ ਬਣਨ ਦੀ ਕੋਸ਼ਿਸ਼ ਕਰੀਏ ਤਾਂ ਆਤਮ-ਵਿਸ਼ਵਾਸ ਲਗਾਤਾਰ ਮਜ਼ਬੂਤ ਹੁੰਦਾ ਜਾਂਦਾ ਹੈ। ਫ਼ੈਸਲੇ ਦੀ ਸਥਿਤੀ ’ਚ ਕਿਸੇ ਔਖੇ ਫ਼ੈਸਲੇ ਦੇ ਸਮੇਂ, ਕਿਸੇ ਨਵੇਂ ਕੰਮ ਦੀ ਸ਼ੁਰੂਆਤ ’ਚ ਜਾਂ ਵਿਰੋਧੀ ਹਾਲਾਤਾਂ ’ਚ ਸਾਨੂੰ ਆਪਣੇ ਆਪ ਨੂੰ ਕਹਿਣਾ ਚਾਹੀਦਾ ਹੈ, ‘ਮੈਂ ਕੋਸ਼ਿਸ਼ ਕਰਨ, ਸਿੱਖਣ ਅਤੇ ਅੱਗੇ ਵਧਣ ਦੇ ਸਮਰੱਥ ਹਾਂ।’

ਜੀਵਨ ਦੀ ਰਾਹ ਕਦੇ ਵੀ ਪੱਧਰੀ ਨਹੀਂ ਹੁੰਦੀ। ਜੇ ਆਤਮ-ਵਿਸ਼ਵਾਸ ਦਾ ਈਂਧਨ ਹੋਵੇ ਤਾਂ ਅਸੀਂ ਜੀਵਨ ਦੀ ਰਾਹ ਉੱਤੇ ਸਹਿਜਤਾ ਨਾਲ ਅੱਗੇ ਵੱਧ ਸਕਦੇ ਹਾਂ। ਯਾਦ ਰੱਖਣਾ ਚਾਹੀਦਾ ਹੈ ਕਿ ਸਫਲਤਾ ਦਾ ਰਾਜ਼ ਵੱਡੇ ਸੁਪਨੇ ਦੇਖਣ ’ਚ ਨਹੀਂ, ਸਗੋਂ ਸਪੱਸ਼ਟ ਟੀਚਾ ਤੈਅ ਕਰਨ, ਉਸ ਦੀ ਪ੍ਰਾਪਤੀ ਲਈ ਹਿੰਮਤ ਜੁਟਾਉਣ, ਆਪਣੀ ਸਮਰੱਥਾ ’ਤੇ ਵਿਸ਼ਵਾਸ ਰੱਖਣ ਅਤੇ ਨਿਰੰਤਰ ਕਰਮ ਕਰਦੇ ਰਹਿਣ ’ਚ ਲੁਕਿਆ ਹੋਇਆ ਹੈ। ਜੀਵਨ ਦੇ ਕਈ ਪੜਾਵਾਂ ’ਤੇ ਹਾਲਾਤ ਸਾਡੇ ਅਨੁਕੂਲ ਨਹੀਂ ਹੁੰਦੇ। ਅਜਿਹੇ ਪੜਾਅ ਉੱਤੇ ਇਹ ਮਹਿਸੂਸ ਹੋਣ ਲੱਗਦਾ ਹੈ ਕਿ ਸ਼ਾਇਦ ਅਸੀਂ ਅੱਗੇ ਨਹੀਂ ਵੱਧ ਸਕਦੇ, ਪਰ ਅਸਲ ’ਚ ਇਹੀ ਪਲ ਸਾਡੀ ਸ਼ਖ਼ਸੀਅਤ ਅਤੇ ਚਰਿੱਤਰ ਦੀ ਪਰਖ ਕਰਦੇ ਹਨ। ਸਾਨੂੰ ਸਮਝਣਾ ਚਾਹੀਦਾ ਹੈ ਕਿ ਅਸਫਲਤਾ ਅੰਤ ਨਹੀਂ, ਸਗੋਂ ਅਨੁਭਵ ਦਾ ਇਕ ਅਧਿਆਇ ਹੈ। ਜਿਹੜਾ ਵਿਅਕਤੀ ਆਪਣੀਆਂ ਗ਼ਲਤੀਆਂ ਤੋਂ ਸਿੱਖਦਾ ਹੈ, ਆਪਣੀਆਂ ਕਮੀਆਂ ਨੂੰ ਸਵੀਕਾਰ ਕਰਦਾ ਹੈ ਅਤੇ ਮੁੜ ਕੋਸ਼ਿਸ਼ ਕਰਦਾ ਹੈ, ਉਹੀ ਸਫਲਤਾ ਵੱਲ ਅੱਗੇ ਵੱਧਦਾ ਹੈ। ਜੀਵਨ ’ਚ ਦੂਜਿਆਂ ਨਾਲ ਤੁਲਨਾ ਕਰਨ ਦੀ ਬਜਾਏ ਜੇ ਅਸੀਂ ਕੱਲ੍ਹ ਦੇ ਆਪਣੇ ਰੂਪ ਨਾਲੋਂ ਬਿਹਤਰ ਬਣਨ ਦੀ ਕੋਸ਼ਿਸ਼ ਕਰੀਏ ਤਾਂ ਆਤਮ-ਵਿਸ਼ਵਾਸ ਲਗਾਤਾਰ ਮਜ਼ਬੂਤ ਹੁੰਦਾ ਜਾਂਦਾ ਹੈ। ਫ਼ੈਸਲੇ ਦੀ ਸਥਿਤੀ ’ਚ ਕਿਸੇ ਔਖੇ ਫ਼ੈਸਲੇ ਦੇ ਸਮੇਂ, ਕਿਸੇ ਨਵੇਂ ਕੰਮ ਦੀ ਸ਼ੁਰੂਆਤ ’ਚ ਜਾਂ ਵਿਰੋਧੀ ਹਾਲਾਤਾਂ ’ਚ ਸਾਨੂੰ ਆਪਣੇ ਆਪ ਨੂੰ ਕਹਿਣਾ ਚਾਹੀਦਾ ਹੈ, ‘ਮੈਂ ਕੋਸ਼ਿਸ਼ ਕਰਨ, ਸਿੱਖਣ ਅਤੇ ਅੱਗੇ ਵਧਣ ਦੇ ਸਮਰੱਥ ਹਾਂ।’ ਇਹ ਵਿਸ਼ਵਾਸ ਹਾਲਾਤਾਂ ਨੂੰ ਤੁਰੰਤ ਨਹੀਂ ਬਦਲਦਾ ਪਰ ਹਾਲਾਤਾਂ ਨਾਲ ਸੰਘਰਸ਼ ਕਰਨ ਵਾਲਾ ਸਾਡਾ ਨਜ਼ਰੀਆ ਜ਼ਰੂਰ ਬਦਲ ਦਿੰਦਾ ਹੈ। ਸਫਲਤਾ ਨੂੰ ਸਿਰਫ਼ ਧਨ, ਅਹੁਦੇ ਅਤੇ ਮਾਣ-ਸਨਮਾਨ ਦੀ ਕਸੌਟੀ ’ਤੇ ਨਹੀਂ ਮਾਪਣਾ ਚਾਹੀਦਾ। ਅਸਲ ਸਫਲਤਾ ਉਹ ਹੈ, ਜਦੋਂ ਸੰਘਰਸ਼ਾਂ ਦੇ ਵਿਚਕਾਰ ਸਾਡੀ ਸ਼ਖ਼ਸੀਅਤ ਹੋਰ ਪਰਪੱਕ, ਵਿਚਾਰ ਹੋਰ ਵਿਸ਼ਾਲ ਅਤੇ ਮਨ ਹੋਰ ਦ੍ਰਿੜ੍ਹ ਬਣੇ। ਜੇ ਮੁਸ਼ਕਲਾਂ ਨੇ ਸਾਨੂੰ ਕੱਲ੍ਹ ਨਾਲੋਂ ਬਿਹਤਰ ਇਨਸਾਨ ਬਣਾ ਦਿੱਤਾ ਹੈ, ਤਾਂ ਅਸੀਂ ਇਕ ਵੱਡੀ ਜਿੱਤ ਹਾਸਲ ਕਰ ਲਈ ਹੈ। ਆਪਣੇ ਸੁਪਨਿਆਂ ਨੂੰ ਛੋਟਾ ਨਾ ਕਰੋ, ਖ਼ਾਸਕਰ ਰਾਹ ਨੂੰ ਔਖਾ ਸਮਝ ਕੇ। ਆਪਣੇ ਅੰਦਰ ਦੀ ਸ਼ਕਤੀ ਨੂੰ ਪਛਾਣੋ, ਟੀਚਾ ਤੈਅ ਕਰੋ, ਧੀਰਜ ਰੱਖੋ ਅਤੇ ਕਰਮ ਕਰਦੇ ਰਹੋ, ਕਿਉਂਕਿ ਹਿੰਮਤ ਦੀ ਹੀ ਜਿੱਤ ਹੁੰਦੀ ਹੈ। ਮਿਹਨਤ ਹੀ ਸਨਮਾਨ ਅਤੇ ਫਲ ਪ੍ਰਾਪਤ ਕਰਦੀ ਹੈ।
-ਕੁਮਾਰ ਨ੍ਰਿਪੇਂਦਰ।