- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਿਸੇ ਲਈ ਛੁੱਟੀਆਂ ਦਾ ਅਰਥ ਨਾਨਕੇ ਜਾਣਾ, ਝੂਲੇ ਝੂਟਣਾ, ਖੇਡਣਾ ਅਤੇ ਮੌਜ-ਮਸਤੀ ਕਰਨਾ ਹੈ, ਜਦਕਿ ਕਿਸੇ ਲਈ ਇਹ ਛੁੱਟੀਆਂ ਮਾਪਿਆਂ ਦੇ ਕੰਮ ਵਿੱਚ ਹੱਥ ਵਟਾਉਣ ਦਾ ਸਮਾਂ ਹਨ। ਕਿਸੇ ਦੇ ਸੁਪਨਿਆਂ ’ਚ ਪਹਾੜਾਂ ਦੀ ਸੈਰ ਹੈ ਤੇ ਕਿਸੇ ਦੇ ਹਿੱਸੇ ਖੇਤਾਂ ਦੀਆਂ ਵੱਟਾਂ ਅਤੇ ਪਨੀਰੀ ਦੀਆਂ ਗੁੱਟੀਆਂ ਆਉਂਦੀਆਂ ਹਨ। ਕੋਮਲ ਦੀ ਗੱਲ ’ਚ ਕੋਈ ਸ਼ਿਕਾਇਤ ਨਹੀਂ ਸੀ।

ਮਈ ਮਹੀਨੇ ਦਾ ਆਖ਼ਰੀ ਦਿਨ ਸੀ। ਸਕੂਲ ’ਚ ਗਰਮੀਆਂ ਦੀਆਂ ਛੁੱਟੀਆਂ ਦੀ ਰੌਣਕ ਸੀ। ਬੱਚਿਆਂ ਦੇ ਚਿਹਰਿਆਂ ’ਤੇ ਖ਼ੁਸ਼ੀ ਸਾਫ਼ ਪੜ੍ਹੀ ਜਾ ਸਕਦੀ ਸੀ। ਕਿਸੇ ਨੂੰ ਨਾਨਕੇ ਜਾਣ ਦੀ ਕਾਹਲ ਸੀ, ਕਿਸੇ ਨੂੰ ਭੂਆ ਦੇ ਪਿੰਡ ਦੀਆਂ ਯਾਦਾਂ ਸਤਾ ਰਹੀਆਂ ਸਨ ਤੇ ਕੋਈ ਆਪਣੇ ਦੋਸਤਾਂ ਨਾਲ ਖੇਡਣ ਦੇ ਸੁਪਨੇ ਬੁਣ ਰਿਹਾ ਸੀ। ਮੈਂ ਛੇਵੀਂ ਜਮਾਤ ਦੇ ਬਲੈਕਬੋਰਡ ’ਤੇ ਛੁੱਟੀਆਂ ਦਾ ਕੰਮ ਲਿਖਵਾਉਣ ਤੋਂ ਬਾਅਦ ਬੱਚਿਆਂ ਵੱਲ ਮੁਖ਼ਾਤਬ ਹੁੰਦਿਆਂ ਪੁੱਛਿਆ, ‘ਬੱਚਿਓ! ਦੱਸੋ, ਇਸ ਵਾਰ ਗਰਮੀਆਂ ਦੀਆਂ ਛੁੱਟੀਆਂ ’ਚ ਤੁਸੀਂ ਕਿੱਥੇ-ਕਿੱਥੇ ਜਾਓਗੇ?’ ਮੇਰਾ ਸਵਾਲ ਸੁਣਦਿਆਂ ਹੀ ਸਾਰੀ ਜਮਾਤ ’ਚ ਚਾਅ ਦਾ ਹੜ੍ਹ ਜਿਹਾ ਆ ਗਿਆ। ਹਰ ਕੋਈ ਆਪਣੀ ਗੱਲ ਸਭ ਤੋਂ ਪਹਿਲਾਂ ਦੱਸਣ ਲਈ ਉਤਾਵਲਾ ਸੀ। ਇਕ ਬੱਚਾ ਕਹਿਣ ਲੱਗਾ, ‘ਸਰ ਜੀ, ਮੈਂ ਆਪਣੀ ਭੂਆ ਦੇ ਪਿੰਡ ਜਾਵਾਂਗਾ। ਉੱਥੇ ਮੇਰੇ ਬਹੁਤ ਸਾਰੇ ਦੋਸਤ ਹਨ ਤੇ ਉੱਥੇ ਅਸੀਂ ਸਾਰਾ ਦਿਨ ਖੇਡਦੇ ਹਾਂ ਤੇ ਝੂਲੇ ਵੀ ਝੂਟਦੇ ਹਾਂ।’ ਦੂਜਾ ਬੋਲਿਆ, ‘ਮੈਂ ਨਾਨਕੇ ਜਾਵਾਂਗਾ। ਮਾਮੇ ਦਾ ਮੁੰਡਾ ਮੈਨੂੰ ਮੋਟਰ ’ਤੇ ਨਹਾਉਣ ਲੈ ਕੇ ਜਾਂਦਾ ਹੈ ਜੀ।’ ਕੋਈ ਹੋਰ ਆਪਣੇ ਨਾਨਕੇ ਘਰ ਦੀਆਂ ਮਿੱਠੀਆਂ ਯਾਦਾਂ ਸੁਣਾ ਰਿਹਾ ਸੀ ਤੇ ਕੋਈ ਮਾਸੀ ਦੇ ਪਿੰਡ ਦੇ ਮੇਲੇ ’ਚ ਜਾਣ ਦੀਆਂ ਵਿਉਂਤਾਂ ਬਣਾ ਰਿਹਾ ਸੀ। ਮੈਂ ਬੱਚਿਆਂ ਦੇ ਚਿਹਰਿਆਂ ’ਤੇ ਖਿੜੇ ਹੋਏ ਚਾਅ ਨੂੰ ਦੇਖ ਕੇ ਮਨ ਹੀ ਮਨ ਖ਼ੁਸ਼ ਹੋ ਰਿਹਾ ਸੀ ਪਰ ਇਸੇ ਦੌਰਾਨ ਮੇਰੀ ਨਿਗ੍ਹਾ ਜਮਾਤ ਦੇ ਪਿਛਲੇ ਬੈਂਚ ’ਤੇ ਬੈਠੇ ਕੋਮਲ ਵੱਲ ਗਈ। ਉਹ ਬਾਕੀ ਬੱਚਿਆਂ ਵਾਂਗ ਨਾ ਹੱਸ ਰਿਹਾ ਸੀ ਤੇ ਨਾ ਹੀ ਕਿਸੇ ਗੱਲ ’ਚ ਹਿੱਸਾ ਲੈ ਰਿਹਾ ਸੀ। ਉਹ ਚੁੱਪਚਾਪ ਆਪਣੀ ਕਿਤਾਬ ਦੇ ਵਰਕੇ ਫਰੋਲ ਰਿਹਾ ਸੀ। ਮੈਂ ਉਸ ਨੂੰ ਪਿਆਰ ਨਾਲ ਪੁੱਛਿਆ, ‘ਕੋਮਲ, ਤੂੰ ਕਿੱਥੇ ਜਾਵੇਂਗਾ ਛੁੱਟੀਆਂ ’ਚ? ਤੂੰ ਤਾਂ ਬਿਲਕੁਲ ਚੁੱਪ ਬੈਠਾ ਹੈਂ।’ ਹ ਹੌਲੀ ਜਿਹੀ ਆਪਣੀ ਥਾਂ ਤੋਂ ਉੱਠਿਆ ਤੇ ਬੜੀ ਸਹਿਜਤਾ ਨਾਲ ਬੋਲਿਆ, ‘ਸਰ ਜੀ, ਮੈਂ ਕਿਤੇ ਨਹੀਂ ਜਾਣਾ। ਮੈਂ ਤਾਂ ਜੂਨ ਦੀਆਂ ਛੁੱਟੀਆਂ ’ਚ ਆਪਣੇ ਬੇਬੇ-ਬਾਪੂ ਨਾਲ ਝੋਨਾ ਲਵਾਵਾਂਗਾ। ਉਹ ਖੇਤ ’ਚ ਝੋਨਾ ਲਾਉਣਗੇ ਤੇ ਮੈਂ ਉਨ੍ਹਾਂ ਨੂੰ ਪਨੀਰੀ ਦੀਆਂ ਗੁੱਟੀਆਂ ਫੜਾਉਂਦਾ ਰਹਾਂਗਾ। ਸਰ ਜੀ, ਝੋਨੇ ਵਾਲੇ ਖੇਤ ਦੇ ਪਾਣੀ ’ਚ ਨਹਾਉਣ ਦਾ ਬਹੁਤ ਮਜ਼ਾ ਆਉਂਦਾ ਹੈ।’ ਉਸ ਦੀ ਗੱਲ ਸੁਣ ਕੇ ਮੇਰੇ ਬੁੱਲ੍ਹਾਂ ’ਤੇ ਆਈ ਮੁਸਕਰਾਹਟ ਜਿਵੇਂ ਉੱਥੇ ਹੀ ਰੁਕ ਗਈ। ਕੁਝ ਪਲਾਂ ਲਈ ਮੈਂ ਉਸ ਨੂੰ ਦੇਖਦਾ ਹੀ ਰਹਿ ਗਿਆ। ਜਮਾਤ ’ਚ ਬਾਕੀ ਬੱਚਿਆਂ ਦੀਆਂ ਗੱਲਾਂ ਅਜੇ ਵੀ ਚੱਲ ਰਹੀਆਂ ਸਨ ਪਰ ਮੇਰੇ ਅੰਦਰ ਅਜੀਬ ਜਿਹੀ ਚੁੱਪ ਪਸਰ ਗਈ ਸੀ। ਮੈਂ ਸੋਚਣ ਲੱਗਾ ਕਿ ਇੱਕੋ ਜਮਾਤ ’ਚ ਬੈਠੇ ਇਨ੍ਹਾਂ ਬੱਚਿਆਂ ਦੇ ਬਚਪਨ ਕਿੰਨੇ ਵੱਖਰੇ ਹਨ। ਕਿਸੇ ਲਈ ਛੁੱਟੀਆਂ ਦਾ ਅਰਥ ਨਾਨਕੇ ਜਾਣਾ, ਝੂਲੇ ਝੂਟਣਾ, ਖੇਡਣਾ ਅਤੇ ਮੌਜ-ਮਸਤੀ ਕਰਨਾ ਹੈ, ਜਦਕਿ ਕਿਸੇ ਲਈ ਇਹ ਛੁੱਟੀਆਂ ਮਾਪਿਆਂ ਦੇ ਕੰਮ ਵਿੱਚ ਹੱਥ ਵਟਾਉਣ ਦਾ ਸਮਾਂ ਹਨ। ਕਿਸੇ ਦੇ ਸੁਪਨਿਆਂ ’ਚ ਪਹਾੜਾਂ ਦੀ ਸੈਰ ਹੈ ਤੇ ਕਿਸੇ ਦੇ ਹਿੱਸੇ ਖੇਤਾਂ ਦੀਆਂ ਵੱਟਾਂ ਅਤੇ ਪਨੀਰੀ ਦੀਆਂ ਗੁੱਟੀਆਂ ਆਉਂਦੀਆਂ ਹਨ। ਕੋਮਲ ਦੀ ਗੱਲ ’ਚ ਕੋਈ ਸ਼ਿਕਾਇਤ ਨਹੀਂ ਸੀ। ਉਸ ਨੇ ਆਪਣੀ ਮਜਬੂਰੀ ਨੂੰ ਵੀ ਖ਼ੁਸ਼ੀ ਦੇ ਲਿਬਾਸ ’ਚ ਲਪੇਟਿਆ ਹੋਇਆ ਸੀ। ਸ਼ਾਇਦ ਉਸ ਨੂੰ ਇਹ ਅਹਿਸਾਸ ਵੀ ਨਹੀਂ ਸੀ ਕਿ ਜੂਨ ਦੀ ਤਪਦੀ ਧੁੱਪ ’ਚ ਖੇਤਾਂ ਅੰਦਰ ਕੰਮ ਕਰਨਾ ਕਿੰਨਾ ਔਖਾ ਹੁੰਦਾ ਹੈ। ਉਸ ਲਈ ਤਾਂ ਮਾਪਿਆਂ ਦੇ ਨਾਲ ਰਹਿਣਾ ਅਤੇ ਪਾਣੀ ਨਾਲ ਭਰੇ ਖੇਤ ’ਚ ਨਹਾਉਣਾ ਹੀ ਛੁੱਟੀਆਂ ਦਾ ਸਭ ਤੋਂ ਵੱਡਾ ਆਨੰਦ ਸੀ। ਉਸ ਦਿਨ ਮੈਨੂੰ ਮਹਿਸੂਸ ਹੋਇਆ ਕਿ ਬਚਪਨ ਸਿਰਫ਼ ਉਮਰ ਦਾ ਨਾਂ ਨਹੀਂ, ਸਗੋਂ ਮੌਕਿਆਂ ਅਤੇ ਹਾਲਾਤਾਂ ਦਾ ਵੀ ਨਾਂ ਹੈ। ਹਰ ਬੱਚੇ ਨੂੰ ਆਪਣਾ ਬਚਪਨ ਇੱਕੋ ਜਿਹਾ ਨਸੀਬ ਨਹੀਂ ਹੁੰਦਾ। ਕਈ ਬੱਚਿਆਂ ਦੇ ਬਸਤੇ ਛੁੱਟੀਆਂ ’ਚ ਅਲਮਾਰੀਆਂ ’ਚ ਸਾਂਭ ਦਿੱਤੇ ਜਾਂਦੇ ਹਨ ਪਰ ਕਈਆਂ ਦੇ ਮੋਢਿਆਂ ’ਤੇ ਜ਼ਿੰਮੇਵਾਰੀਆਂ ਦਾ ਬੋਝ ਹੋਰ ਵਧ ਜਾਂਦਾ ਹੈ। ਕੋਮਲ ਦੀ ਉਹ ਮਾਸੂਮ ਆਵਾਜ਼ ਅੱਜ ਵੀ ਮੇਰੇ ਮਨ ’ਚ ਗੂੰਜਦੀ ਹੈ। ਉਸ ਦਿਨ ਉਸ ਨੇ ਮੈਨੂੰ ਬਿਨਾਂ ਕੋਈ ਸਵਾਲ ਪੁੱਛੇ ਬਹੁਤ ਵੱਡਾ ਸਵਾਲ ਦੇ ਦਿੱਤਾ ਸੀ ਕੀ ਸਾਡੇ ਸਮਾਜ ’ਚ ਹਰ ਬੱਚੇ ਨੂੰ ਬੇਫ਼ਿਕਰ ਹੋ ਕੇ ਆਪਣਾ ਬਚਪਨ ਜਿਊਣ ਦਾ ਹੱਕ ਮਿਲ ਸਕਿਆ ਹੈ?
ਮਨਜੀਤ ਮਾਨ, ਮਾਨਸਾ। ਸੰਪਰਕ : 7009898044