- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦਾਨ ਰਾਸ਼ੀ ਦੇ ਇਸਤੇਮਾਲ ਵਿਚ ਸਰਕਾਰ ਦੀ ਕੋਈ ਦਖ਼ਲਅੰਦਾਜ਼ੀ ਨਹੀਂ ਹੋਣੀ ਚਾਹੀਦੀ ਪਰ ਇਹ ਵੀ ਯਕੀਨੀ ਹੋਣਾ ਚਾਹੀਦਾ ਹੈ ਕਿ ਹਿੰਦੂ ਧਰਮ ਦੇ ਪ੍ਰਚਾਰ ਵਿਚ ਉਸ ਦੀ ਢੁੱਕਵੀਂ ਵਰਤੋਂ ਕਿਵੇਂ ਹੋਵੇ।

ਅਯੁੱਧਿਆ ਦੇ ਰਾਮ ਮੰਦਰ ਵਿਚ ਚੜ੍ਹਾਵਾ ਚੋਰੀ ਦੀ ਘਟਨਾ ਹਿੰਦੂ ਸਮਾਜ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਹੈ ਅਤੇ ਨਾਲ ਹੀ ਇਸ ਮੰਦਰ ਦੇ ਟਰੱਸਟ ਪ੍ਰਤੀ ਲੋਕਾਂ ਦੇ ਭਰੋਸੇ ਨੂੰ ਵੀ ਢਾਹ ਲਾਉਣ ਵਾਲੀ ਹੈ। ਫ਼ਿਲਹਾਲ ਇਹ ਕਹਿਣਾ ਮੁਸ਼ਕਲ ਹੈ ਕਿ ਕਿੰਨੀ ਰਕਮ ਦੀ ਚੋਰੀ ਕੀਤੀ ਗਈ ਅਤੇ ਇਹ ਕਦੋਂ ਤੋਂ ਜਾਰੀ ਸੀ, ਪਰ ਇਹ ਸ਼ਰਮਨਾਕ ਹੈ ਕਿ ਦਾਨ ਰਾਸ਼ੀ ਉਨ੍ਹਾਂ ਲੋਕਾਂ ਨੇ ਹੜੱਪੀ, ਜਿਨ੍ਹਾਂ ’ਤੇ ਉਸ ਦੀ ਦੇਖ-ਰੇਖ ਦੀ ਜ਼ਿੰਮੇਵਾਰੀ ਸੀ।
ਹੁਣ ਤੱਕ ਇਸ ਮਾਮਲੇ ਵਿਚ ਅੱਠ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਵਿਸ਼ੇਸ਼ ਜਾਂਚ ਦਲ ਯਾਨੀ ਐੱਸਆਈਟੀ ਵੱਲੋਂ ਪੁੱਛਗਿੱਛ ਜਾਰੀ ਹੈ। ਮਾਮਲੇ ਦੀ ਗੰਭੀਰਤਾ ਅਤੇ ਵਿਆਪਕਤਾ ਨੂੰ ਦੇਖਦੇ ਹੋਏ ਐੱਸਆਈਟੀ ਦੀ ਸਮਾਂ ਹੱਦ ਵਧਾ ਦਿੱਤੀ ਗਈ ਹੈ। ਹੁਣ ਇਹ ਦੇਖਣਾ ਹੈ ਕਿ ਉਹ ਨਿਰਧਾਰਤ ਸਮੇਂ ਵਿਚ ਆਪਣੀ ਜਾਂਚ ਪੂਰੀ ਕਰ ਪਾਉਂਦੀ ਹੈ ਜਾਂ ਨਹੀਂ?
ਕਿਉਂਕਿ ਰਾਮ ਮੰਦਰ ਸਦੀਆਂ ਦੀ ਉਡੀਕ ਅਤੇ ਸੰਘਰਸ਼ ਤੋਂ ਬਾਅਦ ਬਣਿਆ ਹੈ, ਇਸ ਲਈ ਉਸ ਦੇ ਉਦਘਾਟਨ ਤੋਂ ਬਾਅਦ ਤੋਂ ਹੀ ਦੇਸ਼-ਵਿਦੇਸ਼ ਦੇ ਲੋਕ ਅਯੁੱਧਿਆ ਆ ਰਹੇ ਸਨ ਅਤੇ ਹਰ ਮਹੀਨੇ ਕਰੋੜਾਂ ਦੀ ਦਾਨ ਰਕਮ ਆ ਰਹੀ ਸੀ। ਇਸ ਦਾਨ ਰਕਮ ਦੀ ਵਰਤੋਂ ਦਾ ਅਧਿਕਾਰ ਟਰੱਸਟ ਦੇ ਕੋਲ ਹੈ।
ਦਾਨ ਰਕਮ ਦੇ ਇਸਤੇਮਾਲ ਵਿਚ ਸਰਕਾਰ ਦੀ ਕੋਈ ਦਖ਼ਲਅੰਦਾਜ਼ੀ ਨਹੀਂ ਹੈ ਅਤੇ ਇਹ ਹੋਣੀ ਵੀ ਨਹੀਂ ਚਾਹੀਦੀ ਪਰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਟਰੱਸਟ ਇਸ ਦੀ ਵਰਤੋਂ ਸਹੀ ਤਰੀਕੇ ਨਾਲ ਕਰੇ। ਜਿਵੇਂ ਰਾਮ ਮੰਦਰ ਲਈ ਇਕ ਟਰੱਸਟ ਬਣਾਇਆ ਗਿਆ ਹੈ, ਉਸੇ ਤਰ੍ਹਾਂ ਹੋਰ ਪ੍ਰਮੁੱਖ ਮੰਦਰਾਂ ਲਈ ਵੀ ਹਨ। ਕੁਝ ਮੰਦਰਾਂ ਵਿਚ ਭਗਤ ਕਰੋੜਾਂ ਦਾ ਦਾਨ ਦਿੰਦੇ ਹਨ। ਜਿੱਥੇ ਕੁਝ ਮੰਦਰਾਂ ਦੇ ਟਰੱਸਟ ਵਿਚ ਸਰਕਾਰੀ ਅਧਿਕਾਰੀ ਵੀ ਸ਼ਾਮਲ ਹੁੰਦੇ ਹਨ, ਉੱਥੇ ਹੀ ਕੁਝ ਪੂਰੀ ਤਰ੍ਹਾਂ ਸਰਕਾਰ ਵੱਲੋਂ ਚਲਾਏ ਜਾਂਦੇ ਹਨ।
ਅਜਿਹੇ ਮੰਦਰਾਂ ਨੂੰ ਮਿਲਣ ਵਾਲੀ ਚੜ੍ਹਾਵੇ ਦੀ ਰਕਮ ਦਾ ਇਸਤੇਮਾਲ ਸਰਕਾਰਾਂ ਆਪਣੇ ਹਿਸਾਬ ਨਾਲ ਕਰਦੀਆਂ ਹਨ। ਇਸ ਨੂੰ ਲੈ ਕੇ ਕਈ ਵਾਰ ਸਵਾਲ ਉੱਠ ਚੁੱਕੇ ਹਨ ਕਿ ਕੀ ਮੰਦਰਾਂ ਦਾ ਚੜ੍ਹਾਵਾ ਸਿਰਫ਼ ਹਿੰਦੂ ਧਰਮ ਦੇ ਪ੍ਰਚਾਰ ਅਤੇ ਹਿੰਦੂ ਸਮਾਜ ਦੇ ਕਲਿਆਣ ਲਈ ਹੀ ਹੁੰਦਾ ਹੈ? ਅਜਿਹੇ ਸਵਾਲ ਇਸ ਲਈ ਉੱਠਦੇ ਰਹੇ ਹਨ ਕਿਉਂਕਿ ਕਈ ਮੰਦਰਾਂ ਦੀ ਦਾਨ ਰਕਮ ਦਾ ਇਸਤੇਮਾਲ ਹਿੰਦੂ ਧਰਮ ਦੀ ਭਲਾਈ ਤੋਂ ਇਲਾਵਾ ਹੋਰ ਕੰਮਾਂ ਵਿਚ ਵੀ ਕੀਤੇ ਜਾਣ ਦਾ ਖ਼ਬਰਾਂ ਆਉਂਦੀਆਂ ਰਹੀਆਂ ਹਨ।
ਆਮ ਤੌਰ ’ਤੇ ਜੋ ਛੋਟੇ ਮੰਦਰ ਹਨ, ਉਨ੍ਹਾਂ ਦੇ ਚੜ੍ਹਾਵੇ ਦੀ ਰਕਮ ਤਾਂ ਪੁਜਾਰੀਆਂ, ਸੇਵਾਦਾਰਾਂ ਦੇ ਗੁਜ਼ਾਰੇ ਦੇ ਨਾਲ-ਨਾਲ ਮੰਦਰ ਦੇ ਰੱਖ-ਰਖਾਅ, ਭੰਡਾਰੇ ਆਦਿ ਦੇ ਆਯੋਜਨ ਵਿਚ ਹੀ ਖ਼ਰਚ ਹੋ ਜਾਂਦੀ ਹੈ।
ਕੀ ਇਸ ਸਭ ਨਾਲ ਹਿੰਦੂ ਧਰਮ ਦੇ ਪ੍ਰਚਾਰ ਦੇ ਟੀਚੇ ਦੀ ਪੂਰਤੀ ਹੋ ਜਾਂਦੀ ਹੈ? ਕੁਝ ਵੱਡੇ ਮੰਦਰਾਂ ਦੇ ਟਰੱਸਟ ਸਿੱਖਿਆ ਸੰਸਥਾਵਾਂ, ਹਸਪਤਾਲ, ਧਰਮਸ਼ਾਲਾਵਾਂ ਆਦਿ ਚਲਾਉਂਦੇ ਹਨ ਪਰ ਇਸ ਦਾ ਸਟੀਕ ਅੰਕੜਾ ਸ਼ਾਇਦ ਹੀ ਕਿਸੇ ਕੋਲ ਹੋਵੇ ਕਿ ਦੇਸ਼ ਦੇ ਪ੍ਰਮੁੱਖ ਮੰਦਰਾਂ ਨੂੰ ਹਰ ਸਾਲ ਕਿੰਨਾ ਚੜ੍ਹਾਵਾ ਮਿਲਦਾ ਹੈ ਅਤੇ ਉਸ ਦਾ ਇਸਤੇਮਾਲ ਕਿਹੜੇ-ਕਿਹੜੇ ਕੰਮਾਂ ਵਿਚ ਕੀਤਾ ਜਾਂਦਾ ਹੈ? ਇਸ ਦਾ ਕਾਰਨ ਇਹ ਹੈ ਕਿ ਇਸ ਦੀ ਕੋਈ ਪੱਕੀ ਵਿਵਸਥਾ ਨਹੀਂ ਹੈ ਕਿ ਚੜ੍ਹਾਵੇ ਦੀ ਰਕਮ ਕਿਹੜੇ ਕੰਮਾਂ ਵਿਚ ਖ਼ਰਚ ਕੀਤੀ ਜਾਵੇਗੀ ਅਤੇ ਕਿਹੜੇ ਕੰਮਾਂ ਵਿਚ ਨਹੀਂ?
ਨਿਸ਼ਚਿਤ ਤੌਰ ’ਤੇ ਮੰਦਰਾਂ ਨੂੰ ਮਿਲਣ ਵਾਲੀ ਚੜ੍ਹਾਵੇ ਦੀ ਰਕਮ ਹਿੰਦੂ ਧਰਮ ਦੇ ਪ੍ਰਚਾਰ ਅਤੇ ਭਲਾਈ ਵਿਚ ਹੀ ਖ਼ਰਚ ਹੋਣੀ ਚਾਹੀਦੀ ਹੈ ਪਰ ਇਹ ਵੀ ਸਪਸ਼ਟ ਹੋਣਾ ਚਾਹੀਦਾ ਹੈ ਕਿ ਆਖ਼ਰ ਹਿੰਦੂ ਧਰਮ ਦੇ ਪ੍ਰਚਾਰ-ਪ੍ਰਸਾਰ ਦਾ ਕੰਮ ਪ੍ਰਭਾਵਸ਼ਾਲੀ ਤਰੀਕੇ ਨਾਲ ਕਿਵੇਂ ਕੀਤਾ ਜਾਵੇ? ਕੀ ਸੰਸਕ੍ਰਿਤ ਵਿਦਿਆਲਿਆਂ ਜਾਂ ਗੁਰੂਕੁਲਾਂ ਦਾ ਸੰਚਾਲਨ ਕਰਨ ਨਾਲ ਹੀ ਹਿੰਦੂ ਧਰਮ ਦੇ ਪ੍ਰਚਾਰ-ਪ੍ਰਸਾਰ ਦਾ ਟੀਚਾ ਪੂਰਾ ਹਾਸਲ ਹੋ ਜਾਂਦਾ ਹੈ?
ਕੀ ਹਿੰਦੂ ਧਰਮ ਦੀ ਸ਼ਾਨ ਦਿਖਾਉਣ ਨਾਲ ਧਰਮ ਪ੍ਰਚਾਰ ਦਾ ਟੀਚਾ ਪੂਰਾ ਹੋ ਜਾਂਦਾ ਹੈ? ਸਵਾਲ ਇਹ ਵੀ ਹੈ ਕਿ ਕੀ ਹਿੰਦੂ ਧਰਮ ਦਾ ਪ੍ਰਚਾਰ ਸਿਰਫ਼ ਹਿੰਦੂਆਂ ਦੇ ਵਿਚਕਾਰ ਹੋਣਾ ਚਾਹੀਦਾ ਹੈ? ਤ੍ਰਾਸਦੀ ਇਹ ਹੈ ਕਿ ਇਸ ਨੂੰ ਲੈ ਕੇ ਹਿੰਦੂ ਧਰਮ ਗੁਰੂਆਂ ਅਤੇ ਮੰਦਰ ਟਰੱਸਟਾਂ ਨੂੰ ਚਲਾਉਣ ਵਾਲਿਆਂ ਵਿਚਾਲੇ ਕੋਈ ਸਹਿਮਤੀ ਨਹੀਂ ਹੈ।
ਹਿੰਦੂ ਧਰਮ ਦੀ ਖ਼ਾਸੀਅਤ ਇਹ ਹੈ ਕਿ ਇਹ ਕਿਸੇ ਇਕ ਗ੍ਰੰਥ ਜਾਂ ਦੇਵਤੇ ਦੇ ਦਰਸ਼ਨ ’ਤੇ ਆਧਾਰਤ ਨਹੀਂ ਹੈ। ਹਿੰਦੂਆਂ ਨੂੰ ਇਸ ਦੀ ਆਜ਼ਾਦੀ ਹੈ ਕਿ ਉਹ ਆਪਣੀ ਇੱਛਾ ਮੁਤਾਬਕ ਕਿਸ ਇਸ਼ਟ ਦੀ ਪੂਜਾ-ਅਰਚਨਾ ਕਰਨ। ਹਿੰਦੂ ਧਰਮ ਦੇ ਪੈਰੋਕਾਰਾਂ ਦੇ ਰੀਤੀ-ਰਿਵਾਜ ਵੀ ਵੱਖੋ-ਵੱਖਰੇ ਹਨ ਅਤੇ ਉਹ ਸਾਰੇ ਆਪਣੀ ਆਸਥਾ ਮੁਤਾਬਕ ਉਨ੍ਹਾਂ ਦੀ ਪਾਲਣਾ ਕਰਨ ਲਈ ਆਜ਼ਾਦ ਹਨ। ਕੋਈ ਕਰਮ-ਕਾਂਡਾਂ ਨੂੰ ਮਹੱਤਵ ਦਿੰਦਾ ਹੈ ਤੇ ਕੋਈ ਉਨ੍ਹਾਂ ਦੀ ਜ਼ਰੂਰਤ ਨਹੀਂ ਸਮਝਦਾ। ਹਿੰਦੂ ਧਰਮ ਦੀ ਵਿਸ਼ੇਸ਼ਤਾਵਾਂ ਹੀ ਉਸ ਨੂੰ ਹੋਰ ਧਰਮਾਂ-ਪੰਥਾਂ ਤੋਂ ਵੱਖਰਾ ਕਰਦੀਆਂ ਹਨ ਪਰ ਸੰਭਵ ਤੌਰ ’ਤੇ ਇਸੇ ਕਾਰਨ ਇਸ ਦੀ ਕੋਈ ਰੂਪ-ਰੇਖਾ ਵੀ ਨਹੀਂ ਬਣ ਸਕੀ ਹੈ ਕਿ ਆਖ਼ਰ ਹਿੰਦੂ ਧਰਮ ਦਾ ਵਿਆਪਕ ਪ੍ਰਚਾਰ-ਪ੍ਰਸਾਰ ਕਿਵੇਂ ਹੋਵੇ?
ਇਸ ਦੇ ਉਲਟ ਸਨਾਤਨ ਦੀ ਸ਼ਾਖਾ ਸਮਝੇ ਜਾਣ ਵਾਲੇ ਬੋਧ ਮਤ ਦਾ ਪ੍ਰਚਾਰ-ਪ੍ਰਸਾਰ ਸੁਚੱਜੇ ਤਰੀਕੇ ਨਾਲ ਕੀਤਾ ਗਿਆ। ਇਸ ਦਾ ਨਤੀਜਾ ਇਹ ਹੈ ਕਿ ਅੱਜ ਅਨੇਕ ਦੇਸ਼ਾਂ ਵਿਚ ਬੋਧ ਮਤ ਦੇ ਪੈਰੋਕਾਰ ਹਨ ਪਰ ਸਮੇਂ ਦੇ ਨਾਲ ਬੋਧ ਪੰਥ ਨੂੰ ਹਿੰਦੂ ਧਰਮ ਤੋਂ ਅਲੱਗ ਦੇਖਿਆ ਜਾਣ ਲੱਗਾ। ਜੈਨ ਵੀ ਸਨਾਤਨ ਦੀ ਹੀ ਸ਼ਾਖਾ ਹਨ। ਸਾਰੇ ਆਪੋ-ਆਪਣੇ ਮੁਤਾਬਕ ਆਪਣੇ ਮਤ ਦਾ ਪ੍ਰਚਾਰ-ਪ੍ਰਸਾਰ ਕਰਦੇ ਹਨ ਪਰ ਇਹ ਕਿਸੇ ਤੋਂ ਲੁਕਿਆ ਨਹੀਂ ਕਿ ਈਸਾਈ ਧਰਮ ਅਤੇ ਇਸਲਾਮ ਦਾ ਪ੍ਰਚਾਰ ਕਰਨ ਵਾਲੇ ਕਿਤੇ ਜ਼ਿਆਦਾ ਸੰਗਠਿਤ ਅਤੇ ਸੁਨਿਯੋਜਿਤ ਹਨ। ਇਸੇ ਲਈ ਉਨ੍ਹਾਂ ਨਾਲ ਜੁੜੀਆਂ ਜਥੇਬੰਦੀਆਂ ’ਤੇ ਧਰਮ ਪਰਿਵਰਤਨ ਕਰਵਾਉਣ ਦੇ ਦੋਸ਼ ਲੱਗਦੇ ਰਹਿੰਦੇ ਹਨ।
ਮੰਦਰਾਂ ਦੀ ਸਮੱਸਿਆ ਇਹ ਹੈ ਕਿ ਜਿੱਥੇ ਕਈ ਵੱਡੇ ਮੰਦਰਾਂ ਦੇ ਸੰਚਾਲਨ ਵਿਚ ਸਰਕਾਰੀ ਦਖ਼ਲਅੰਦਾਜ਼ੀ ਰਹਿੰਦੀ ਹੈ, ਉੱਥੇ ਹੋਰ ਧਰਮਾਂ ਦੇ ਪੈਰੋਕਾਰ ਆਪਣੇ ਧਾਰਮਿਕ ਅਸਥਾਨਾਂ ਦਾ ਸੰਚਾਲਨ ਆਪਣੇ ਹਿਸਾਬ ਨਾਲ ਕਰਦੇ ਹਨ ਅਤੇ ਉਸ ਵਿਚ ਸਰਕਾਰ ਦਾ ਕੋਈ ਦਖ਼ਲ ਨਹੀਂ ਰਹਿੰਦਾ। ਇਹ ਇਕ ਊਣਤਾਈ ਹੈ। ਹਿੰਦੂ ਸੰਗਠਨ ਲਗਾਤਾਰ ਇਹ ਮੰਗ ਕਰਦੇ ਆ ਰਹੇ ਹਨ ਕਿ ਮੰਦਰਾਂ ਦਾ ਸੰਚਾਲਨ ਹਿੰਦੂ ਸਮਾਜ ਨੂੰ ਸੌਂਪਿਆ ਜਾਵੇ ਪਰ ਇਸ ਮੰਗ ’ਤੇ ਜ਼ੋਰ ਦੇਣ ਦੇ ਨਾਲ-ਨਾਲ ਇਹ ਵੀ ਜ਼ਰੂਰੀ ਹੈ ਕਿ ਮੰਦਰਾਂ ਦੇ ਸੰਚਾਲਨ ਲਈ ਕੋਈ ਠੋਸ ਜ਼ਾਬਤਾ ਬਣਾਇਆ ਜਾਵੇ।
ਇਹ ਵੀ ਤੈਅ ਕੀਤਾ ਜਾਣਾ ਚਾਹੀਦਾ ਹੈ ਕਿ ਮੰਦਰਾਂ ਨੂੰ ਮਿਲਣ ਵਾਲੀ ਚੜ੍ਹਾਵੇ ਦੀ ਰਕਮ ਦਾ ਇਸਤੇਮਾਲ ਕਿਸ ਤਰ੍ਹਾਂ ਹੋਵੇਗਾ? ਇਸ ਦੀ ਅਣਦੇਖੀ ਨਹੀਂ ਕੀਤੀ ਜਾ ਸਕਦੀ ਕਿ ਦੇਸ਼ ਵਿਚ ਕਈ ਅਜਿਹੇ ਮੰਦਰ ਹਨ, ਜਿਨ੍ਹਾਂ ਵਿਚ ਚੰਗਾ-ਖਾਸਾ ਚੜ੍ਹਾਵਾ ਆਉਂਦਾ ਹੈ ਪਰ ਇਹ ਪਤਾ ਨਹੀਂ ਲੱਗਦਾ ਕਿ ਉਸ ਦਾ ਖ਼ਰਚ ਕਿਹੜੇ ਕੰਮਾਂ ਵਿਚ ਕੀਤਾ ਜਾਂਦਾ ਹੈ? ਟਰੱਸਟ ਚਲਾਉਣ ਵਾਲੇ ਮੰਦਰ ਵੀ ਚੜ੍ਹਾਵੇ ਦੀ ਰਕਮ ਦਾ ਇਸਤੇਮਾਲ ਆਪਣੇ ਹਿਸਾਬ ਨਾਲ ਕਰਦੇ ਹਨ।
ਜਦੋਂ ਵੀ ਕੋਈ ਭਗਤ ਮੰਦਰ ਜਾਂਦਾ ਹੈ ਤਾਂ ਚੜ੍ਹਾਵਾ ਦਿੰਦੇ ਸਮੇਂ ਉਸ ਦੇ ਦਿਮਾਗ ਵਿਚ ਇਹ ਨਹੀਂ ਰਹਿੰਦਾ ਕਿ ਉਸ ਦਾ ਕੀ ਇਸਤੇਮਾਲ ਹੋਵੇਗਾ? ਸਮਾਂ ਆ ਗਿਆ ਹੈ ਕਿ ਇਸ ਦੀ ਕੋਈ ਠੋਸ ਰੂਪ-ਰੇਖਾ ਬਣੇ ਕਿ ਮੰਦਰਾਂ ਦੇ ਪੁਜਾਰੀ ਜਾਂ ਟਰੱਸਟੀ ਚੜ੍ਹਾਵੇ ਦੀ ਰਕਮ ਦੀ ਵਰਤੋਂ ਹਿੰਦੂ ਧਰਮ ਦਾ ਢੁੱਕਵੇਂ ਤਰੀਕੇ ਨਾਲ ਪ੍ਰਚਾਰ ਕਰਨ ਅਤੇ ਹਿੰਦੂ ਸਮਾਜ ਦੀ ਭਲਾਈ ਵਿਚ ਹੀ ਕਰਨ।
ਜਦ ਤੱਕ ਅਜਿਹਾ ਨਹੀਂ ਹੋਵੇਗਾ, ਚੜ੍ਹਾਵੇ ਦੇ ਇਸਤੇਮਾਲ ਬਾਰੇ ਸਵਾਲ ਉੱਠਦੇ ਹੀ ਰਹਿਣਗੇ। ਜਿੰਨਾ ਜ਼ਰੂਰੀ ਇਹ ਹੈ ਕਿ ਰਾਮ ਮੰਦਰ ਵਿਚ ਚੜ੍ਹਾਵਾ ਚੋਰੀ ਦੀ ਘਟਨਾ ਦੀ ਸਹੀ ਤਰੀਕੇ ਨਾਲ ਜਾਂਚ ਹੋਵੇ, ਓਨਾ ਹੀ ਜ਼ਰੂਰੀ ਇਹ ਵੀ ਹੈ ਕਿ ਅਜਿਹੀ ਵਿਵਸਥਾ ਬਣੇ, ਜਿਸ ਨਾਲ ਮੰਦਰਾਂ ਦੇ ਦਾਨ ਦੀ ਰਕਮ ਵਿਚ ਕਿਸੇ ਵੀ ਤਰ੍ਹਾਂ ਦੀ ਹੇਰਾਫੇਰੀ ਨਾ ਹੋ ਸਕੇ। ਇਸ ਵਿਵਸਥਾ ਦੇ ਨਿਰਮਾਣ ਲਈ ਧਰਮ ਗੁਰੂਆਂ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਵਰਗੀਆਂ ਜਥੇਬੰਦੀਆਂ ਨੂੰ ਅੱਗੇ ਆਉਣਾ ਹੋਵੇਗਾ।
-ਸੰਜੇ ਗੁਪਤ
-response@jagran.com